ਰੱਖਿਆ ਮੰਤਰਾਲਾ
azadi ka amrit mahotsav

ਆਪ੍ਰੇਸ਼ਨ ਸਿੰਦੂਰ ਨੇ ਤਿੰਨੋਂ ਸੇਨਾਵਾਂ ਵਿਚਕਾਰ ਤਾਲਮੇਲ ਦਾ ਪ੍ਰਦਰਸ਼ਨ ਕੀਤਾ, ਜਿਸ ਵਿੱਚ ਇੱਕ ਏਕੀਕ੍ਰਿਤ ਸੰਚਾਲਨ ਤਸਵੀਰ, ਸਮੇਂ ਸਿਰ ਫੈਸਲੇ ਲੈਣ ਦੀ ਯੋਗਤਾ, ਸਥਿਤੀ ਸਬੰਧੀ ਜਾਗਰੂਕਤਾ ਵਧਾਉਣਾ ਅਤੇ ਸਵੈ-ਨੁਕਸਾਨ ਦੇ ਜੋਖਮ ਨੂੰ ਘਟਾਉਣਾ ਸ਼ਾਮਲ ਹਨ, ਏਕਤਾ ਦੀ ਇੱਕ ਸੱਚੀ ਉਦਾਹਰਣ: ਰਕਸ਼ਾ ਮੰਤਰੀ


"ਭਾਰਤੀ ਹਵਾਈ ਸੈਨਾ ਦੇ ਆਈਏਸੀਸੀਐੱਸ ਨੇ ਭਾਰਤੀ ਫੌਜ ਦੇ ਆਕਾਸ਼ ਤੀਰ ਅਤੇ ਭਾਰਤੀ ਜਲ ਸੈਨਾ ਦੇ ਤ੍ਰਿਗੁਣ ਨਾਲ ਮਿਲ ਕੇ ਕੰਮ ਕੀਤਾ, ਜੋ ਆਪ੍ਰੇਸ਼ਨ ਦੌਰਾਨ ਇੱਕ ਸਾਂਝੇ ਆਪ੍ਰੇਸ਼ਨ ਦਾ ਅਧਾਰ ਬਣਿਆ"

"ਸਾਡੀ ਸਰਕਾਰ ਦਾ ਉਦੇਸ਼ ਤਿੰਨੋਂ ਸੇਵਾਵਾਂ ਵਿੱਚ ਏਕਤਾ ਅਤੇ ਏਕੀਕਰਣ ਨੂੰ ਹੋਰ ਉਤਸ਼ਾਹਿਤ ਕਰਨਾ ਹੈ; ਇਹ ਸਿਰਫ ਨੀਤੀ ਦਾ ਮਾਮਲਾ ਨਹੀਂ ਹੈ, ਸਗੋਂ ਤੇਜ਼ੀ ਨਾਲ ਬਦਲ ਰਹੇ ਸੁਰੱਖਿਆ ਵਾਤਾਵਰਣ ਵਿੱਚ ਬਚਾਅ ਦਾ ਸਵਾਲ ਹੈ।"

ਏਕਤਾ ਦਾ ਰਸਤਾ ਸੰਵਾਦ, ਸਮਝ ਅਤੇ ਪਰੰਪਰਾਵਾਂ ਦੇ ਸਤਿਕਾਰ ਵਿੱਚ ਹੈ; ਨਵੀਆਂ ਪ੍ਰਣਾਲੀਆਂ ਦਾ ਨਿਰਮਾਣ ਕਰਦੇ ਸਮੇਂ ਤਿੰਨੋਂ ਸੇਵਾਵਾਂ ਨੂੰ ਇੱਕ ਦੂਜੇ ਦੀਆਂ ਚੁਣੌਤੀਆਂ ਦਾ ਸਨਮਾਨ ਕਰਨਾ ਚਾਹੀਦਾ ਹੈ: ਰਕਸ਼ਾ ਮੰਤਰੀ

Posted On: 30 SEP 2025 1:08PM by PIB Chandigarh

ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ 30 ਸਤੰਬਰ, 2025 ਨੂੰ ਨਵੀਂ ਦਿੱਲੀ ਦੇ ਸੁਬਰੋਤੋ ਪਾਰਕ ਵਿਖੇ ਭਾਰਤੀ ਹਵਾਈ ਸੈਨਾ (ਆਈਏਐੱਫ) ਦੁਆਰਾ ਆਯੋਜਿਤ ਇੱਕ ਸੈਮੀਨਾਰ ਦੌਰਾਨ ਕਿਹਾ,"ਆਪ੍ਰੇਸ਼ਨ ਸਿੰਦੂਰ ਦੌਰਾਨ, ਤਿੰਨੋਂ ਸੇਵਾਵਾਂ ਵਿਚਕਾਰ ਤਾਲਮੇਲ ਨੇ ਇੱਕ ਏਕੀਕ੍ਰਿਤ, ਅਸਲ-ਸਮੇਂ ਦੀ ਕਾਰਜਸ਼ੀਲ ਤਸਵੀਰ ਤਿਆਰ ਕੀਤੀ। ਇਸ ਨੇ ਕਮਾਂਡਰਾਂ ਨੂੰ ਸਮੇਂ ਸਿਰ ਫੈਸਲੇ ਲੈਣ, ਸਥਿਤੀ ਸਬੰਧੀ ਜਾਗਰੂਕਤਾ ਵਧਾਉਣ ਅਤੇ ਜਾਨੀ ਨੁਕਸਾਨ ਦੇ ਜੋਖਮ ਨੂੰ ਘੱਟ ਕਰਨ ਦੇ ਯੋਗ ਬਣਾਇਆ। ਇਹ ਏਕਤਾ ਦੀ ਇੱਕ ਜਿਉਂਦੀ ਜਾਗਦੀ ਉਦਾਹਰਣ ਹੈ ਜੋ ਨਿਰਣਾਇਕ ਨਤੀਜੇ ਦਿੰਦੀ ਹੈ ਅਤੇ ਇਹ ਸਫ਼ਲਤਾ ਭਵਿੱਖ ਦੇ ਸਾਰੇ ਕਾਰਜਾਂ ਲਈ ਇੱਕ ਮਾਪਦੰਡ ਬਣ ਜਾਣੀ ਚਾਹੀਦੀ ਹੈ।" ਉਨ੍ਹਾਂ ਨੇ ਭਾਰਤੀ ਹਵਾਈ ਸੈਨਾ ਦੇ ਏਕੀਕ੍ਰਿਤ ਹਵਾਈ ਕਮਾਂਡ ਅਤੇ ਕੰਟਰੋਲ ਸਿਸਟਮ (ਆਈਏਸੀਸੀਐੱਸ) ਦੀ ਮਹੱਤਤਾ 'ਤੇ ਵੀ ਚਾਨਣਾ ਪਾਇਆ, ਜੋ ਕਿ ਭਾਰਤੀ ਫੌਜ ਦੇ ਆਕਾਸ਼ ਤੀਰ ਅਤੇ ਭਾਰਤੀ ਜਲ ਸੈਨਾ ਦੇ ਤ੍ਰਿਗੁਣ ਨਾਲ ਮਿਲ ਕੇ ਕੰਮ ਕਰ ਰਿਹਾ ਹੈ ਅਤੇ ਆਪ੍ਰੇਸ਼ਨ ਦੌਰਾਨ ਸਾਂਝੇ ਆਪ੍ਰੇਸ਼ਨਾਂ ਲਈ ਅਧਾਰ ਬਣਾਉਂਦਾ ਹੈ।

 

'ਨਿਰੀਖਣ ਅਤੇ ਆਡਿਟ, ਹਵਾਬਾਜ਼ੀ ਮਿਆਰਾਂ ਅਤੇ ਏਅਰੋਸਪੇਸ ਸੁਰੱਖਿਆ ਵਿੱਚ ਸਾਂਝੀ ਟ੍ਰੇਨਿੰਗ ਰਾਹੀਂ ਵਧੇਰੇ ‘ਵਧੇਰੇ ਵਿਸਤ੍ਰਿਤ ਸੰਯੁਕਤਤਾ - ਤਾਲਮੇਲ’ ਵਿਸ਼ੇ ’ਤੇ ਸੈਮੀਨਾਰ ਵਿੱਚ ਭਾਰਤ ਦੀਆਂ ਹਥਿਆਰਬੰਦ ਸੈਨਾਵਾਂ ਨੂੰ ਆਧੁਨਿਕ ਯੁੱਧ ਦੀਆਂ ਮੰਗਾਂ ਨੂੰ ਪੂਰਾ ਕਰਨ ਅਤੇ ਰੱਖਿਆ ਤਿਆਰੀ ਨੂੰ ਵੱਧ ਤੋਂ ਵੱਧ ਕਰਨ ਲਈ ਡੂੰਘੇ ਏਕੀਕਰਣ ਨੂੰ ਅਪਣਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਗਿਆ।

ਰਕਸ਼ਾ ਮੰਤਰੀ ਨੇ ਕਿਹਾ ਕਿ ਜੰਗ ਦੀ ਵਿਕਸਿਤ ਹੋ ਰਹੀ ਪ੍ਰਕਿਰਤੀ, ਰਵਾਇਤੀ ਅਤੇ ਗੈਰ-ਰਵਾਇਤੀ ਖਤਰਿਆਂ ਦੇ ਗੁੰਝਲਦਾਰ ਆਪਸੀ ਤਾਲਮੇਲ ਨਾਲ, ਸੰਯੁਕਤਤਾ ਨੂੰ ਇੱਕ ਵਿਕਲਪ ਦੀ ਬਜਾਏ ਇੱਕ ਸੰਚਾਲਨ ਨਾਲ ਜੁੜੀ ਇੱਕ ਮੁੱਖ ਜ਼ਰੂਰਤ ਬਣਾਉਂਦਾ ਹੈ। ਉਨ੍ਹਾਂ ਕਿਹਾ, "ਸੰਯੁਕਤਤਾ ਅੱਜ ਸਾਡੀ ਰਾਸ਼ਟਰੀ ਸੁਰੱਖਿਆ ਅਤੇ ਸੰਚਾਲਨ ਦੀ ਪ੍ਰਭਾਵਸ਼ੀਲਤਾ ਲਈ ਇੱਕ ਬੁਨਿਆਦੀ ਲੋੜ ਬਣ ਗਈ ਹੈ। ਜਦਕਿ ਸਾਡੀ ਹਰੇਕ ਫੌਜ ਸੁਤੰਤਰ ਤੌਰ 'ਤੇ ਜਵਾਬੀ ਕਾਰਵਾਈ ਕਰਨ ਦੀ ਸਮਰੱਥਾ ਰੱਖਦੀ ਹੈ, ਜ਼ਮੀਨ, ਸਮੁੰਦਰ, ਹਵਾ, ਪੁਲਾੜ ਅਤੇ ਸਾਈਬਰਸਪੇਸ ਦੀ ਆਪਸ ਵਿੱਚ ਜੁੜੀ ਪ੍ਰਕ੍ਰਿਤੀ ਸਹਿਯੋਗੀ ਸ਼ਕਤੀ ਨੂੰ ਜਿੱਤ ਦੀ ਸੱਚੀ ਗਰੰਟੀ ਬਣਾਉਂਦੀ ਹੈ।"

ਸ਼੍ਰੀ ਰਾਜਨਾਥ ਸਿੰਘ ਨੇ ਕੋਲਕਾਤਾ ਵਿੱਚ ਹਾਲ ਹੀ ਵਿੱਚ ਹੋਈ ਸੰਯੁਕਤ ਕਮਾਂਡਰਾਂ ਦੀ ਕਾਨਫਰੰਸ ਨੂੰ ਯਾਦ ਕੀਤਾ, ਜਿੱਥੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਖੁਦ ਏਕਤਾ ਅਤੇ ਏਕੀਕਰਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਸੀ। ਉਨ੍ਹਾਂ ਇਹ ਵੀ ਕਿਹਾ ਕਿ ਇਹ ਸਰਕਾਰ ਦੀ ਸਪਸ਼ਟ ਵਚਨਬੱਧਤਾ ਨੂੰ ਦਰਸਾਉਂਦਾ ਹੈ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਹਥਿਆਰਬੰਦ ਸੈਨਾਵਾਂ ਨਾ ਸਿਰਫ਼ ਕਦਰਾਂ-ਕੀਮਤਾਂ ਅਤੇ ਪਰੰਪਰਾਵਾਂ ਦੇ ਮਾਮਲੇ ਵਿੱਚ ਦੁਨੀਆ ਵਿੱਚ ਸਭ ਤੋਂ ਵਧੀਆ ਹਨ, ਸਗੋਂ ਭਵਿੱਖ ਲਈ ਤਿਆਰ ਪ੍ਰਣਾਲੀਆਂ ਦੀਆਂ ਮੋਢੀ ਵੀ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ, "ਸਾਡੀ ਸਰਕਾਰ ਦਾ ਉਦੇਸ਼ ਤਿੰਨੋਂ ਸੇਨਾਵਾਂ ਵਿੱਚ ਏਕਤਾ ਅਤੇ ਏਕੀਕਰਣ ਨੂੰ ਹੋਰ ਉਤਸ਼ਾਹਿਤ ਕਰਨਾ ਹੈ। ਇਹ ਸਿਰਫ਼ ਨੀਤੀ ਦਾ ਮਾਮਲਾ ਨਹੀਂ ਹੈ, ਸਗੋਂ ਤੇਜ਼ੀ ਨਾਲ ਬਦਲ ਰਹੇ ਸੁਰੱਖਿਆ ਵਾਤਾਵਰਣ ਵਿੱਚ ਹੋਂਦ ਦਾ ਸਵਾਲ ਵੀ ਹੈ।"

 

ਡਿਜੀਟਲ ਖੇਤਰ ਵਿੱਚ ਹੋਈ ਪ੍ਰਗਤੀ ਨੂੰ ਉਜਾਗਰ ਕਰਦੇ ਹੋਏ, ਰਕਸ਼ਾ ਮੰਤਰੀ ਨੇ ਫੌਜ ਦੇ ਕੰਪਿਊਟਰਾਈਜ਼ਡ ਇਨਵੈਂਟਰੀ ਕੰਟਰੋਲ ਗਰੁੱਪ (ਸੀਆਈਸੀਜੀ), ਹਵਾਈ ਸੈਨਾ ਦੇ ਇੰਟੀਗ੍ਰੇਟਿਡ ਮਟੀਰੀਅਲ ਮੈਨੇਜਮੈਂਟ ਔਨਲਾਈਨ ਸਿਸਟਮ (ਆਈਐੱਮਐੱਮਓਐੱਲਐੱਸ) ਅਤੇ ਜਲ ਸੈਨਾ ਦੇ ਇੰਟੀਗ੍ਰੇਟਿਡ ਲੌਜਿਸਟਿਕਸ ਮੈਨੇਜਮੈਂਟ ਸਿਸਟਮ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰਣਾਲੀਆਂ ਨੇ ਆਟੋਮੇਸ਼ਨ, ਜਵਾਬਦੇਹੀ ਅਤੇ ਪਾਰਦਰਸ਼ਤਾ ਲਿਆ ਕੇ ਲੌਜਿਸਟਿਕਸ ਸਿਸਟਮ ਨੂੰ ਪਹਿਲਾਂ ਹੀ ਪੂਰੀ ਤਰ੍ਹਾਂ ਬਦਲ ਦਿੱਤਾ ਹੈ। ਉਨ੍ਹਾਂ ਐਲਾਨ ਕੀਤਾ ਕਿ ਤਿੰਨਾਂ ਸੇਵਾਵਾਂ ਲਈ ਇੱਕ ਲੌਜਿਸਟਿਕਸ ਐਪਲੀਕੇਸ਼ਨ 'ਤੇ ਕੰਮ ਸ਼ੁਰੂ ਹੋ ਗਿਆ ਹੈ, ਜੋ ਸਟਾਕ ਦਾ ਸਾਂਝਾ ਵਿਜ਼ਨ ਪ੍ਰਦਾਨ ਕਰਨ, ਵੱਖ-ਵੱਖ ਸੇਵਾਵਾਂ ਵਿੱਚ ਸਰੋਤਾਂ ਨੂੰ ਅਨੁਕੂਲ ਬਣਾਉਣ ਅਤੇ ਬੇਲੋੜੀ ਖਰੀਦ ਨੂੰ ਘਟਾਉਣ ਲਈ ਇਨ੍ਹਾਂ ਪ੍ਰਣਾਲੀਆਂ ਨੂੰ ਏਕੀਕ੍ਰਿਤ ਕਰੇਗਾ।

ਸ਼੍ਰੀ ਰਾਜਨਾਥ ਸਿੰਘ ਨੇ ਦੱਸਿਆ ਕਿ ਦਹਾਕਿਆਂ ਤੋਂ, ਹਰੇਕ ਸੇਵਾ ਨੇ ਵੱਖ-ਵੱਖ ਭੂਗੋਲਿਕ ਖੇਤਰਾਂ ਵਿੱਚ ਆਪਣੇ ਖਾਸ ਤਜ਼ਰਬਿਆਂ ਦੇ ਅਧਾਰ ‘ਤੇ ਸੰਚਾਲਨ ਪ੍ਰਣਾਲੀਆਂ, ਨਿਗਰਾਨੀ ਢਾਂਚੇ ਅਤੇ ਆਡਿਟ ਪ੍ਰਣਾਲੀਆਂ ਵਿਕਸਿਤ ਕੀਤੀਆਂ ਹਨ। ਉਨ੍ਹਾਂ ਨੇ ਬਰਫ਼ ਨਾਲ ਢਕੀਆਂ ਚੋਟੀਆਂ ਤੋਂ ਲੈ ਕੇ ਮਾਰੂਥਲਾਂ, ਸੰਘਣੇ ਜੰਗਲਾਂ, ਡੂੰਘੇ ਸਮੁੰਦਰਾਂ ਅਤੇ ਖੁੱਲ੍ਹੇ ਅਸਮਾਨ ਤੱਕ, ਵਿਭਿੰਨ ਸਥਿਤੀਆਂ ਵਿੱਚ ਉਨ੍ਹਾਂ ਦੀ ਬਹਾਦਰੀ ਲਈ ਹਥਿਆਰਬੰਦ ਸੈਨਾਵਾਂ ਦੀ ਪ੍ਰਸ਼ੰਸਾ ਕੀਤੀਅਤੇ ਕਿਹਾ ਕਿ ਅਜਿਹਾ ਮਿਹਨਤ ਨਾਲ ਪ੍ਰਾਪਤ ਗਿਆਨ ਅਕਸਰ ਇੱਕ ਸੇਵਾ ਤੱਕ ਸੀਮਤ ਰਹਿੰਦਾ ਹੈ। ਉਨ੍ਹਾਂ ਕਿਹਾ, "ਜੇਕਰ ਫੌਜ ਨੇ ਕੁਝ ਵਿਕਸਤ ਕੀਤਾ ਹੈ, ਤਾਂ ਇਹ ਫੌਜ ਕੋਲ ਹੀ ਰਿਹਾ। ਜੇਕਰ ਜਲ ਸੈਨਾ ਜਾਂ ਹਵਾਈ ਸੈਨਾ ਨੇ ਕੁਝ ਵਿਕਸਤ ਕੀਤਾ ਹੈ, ਤਾਂ ਇਹ ਉਨ੍ਹਾਂ ਦੀਆਂ ਆਪਣੀਆਂ ਸਰਹੱਦਾਂ ਦੇ ਅੰਦਰ ਹੀ ਰਿਹਾ। ਇਸ ਵੰਡ ਨੇ ਕੀਮਤੀ ਸਬਕਾਂ ਦੀ ਆਪਸੀ ਸਾਂਝ ਨੂੰ ਸੀਮਤ ਕਰ ਦਿੱਤਾ ਹੈ।"

ਰਕਸ਼ਾ ਮੰਤਰੀ ਨੇ ਮੰਗ ਕੀਤੀ ਕਿ ਅੱਜ ਦੇ ਸੁਰੱਖਿਆ ਮਾਹੌਲ ਵਿੱਚ, ਇਸ ਵੰਡ ਦੀ ਥਾਂ ਖੁੱਲ੍ਹੇ ਅਦਾਨ-ਪ੍ਰਦਾਨ ਅਤੇ ਸਮੂਹਿਕ ਸਿੱਖਿਆ ਨੂੰ ਥਾਂ ਮਿਲਣੀ ਚਾਹੀਦੀ ਹੈ। ਉਨ੍ਹਾਂ ਕਿਹਾ, "ਦੁਨੀਆ ਤੇਜ਼ੀ ਨਾਲ ਬਦਲ ਰਹੀ ਹੈ। ਖ਼ਤਰੇ ਬਹੁਤ ਜ਼ਿਆਦਾ ਗੁੰਝਲਦਾਰ ਹੋ ਗਏ ਹਨ ਅਤੇ ਸਾਨੂੰ ਇਹ ਮੰਨਣਾ ਚਾਹੀਦਾ ਹੈ ਕਿ ਕੋਈ ਵੀ ਇੱਕਲੀ ਫੌਜ ਇਕੱਲਿਆਂ ਕੰਮ ਨਹੀਂ ਕਰ ਸਕਦੀ। ਕਿਸੇ ਵੀ ਸੰਘਰਸ਼ ਵਿੱਚ ਸਫਲਤਾ ਲਈ ਅੰਤਰ-ਕਾਰਜਸ਼ੀਲਤਾ ਅਤੇ ਏਕਤਾ ਹੁਣ ਜ਼ਰੂਰੀ ਹਨ।"

 

 ਸ਼੍ਰੀ ਰਾਜਨਾਥ ਸਿੰਘ ਨੇ ਚੇਤਾਵਨੀ ਦਿੱਤੀ ਕਿ ਹਵਾਬਾਜ਼ੀ ਸੁਰੱਖਿਆ ਅਤੇ ਸਾਈਬਰ ਯੁੱਧ ਵਰਗੇ ਮਹੱਤਵਪੂਰਨ ਖੇਤਰਾਂ ਵਿੱਚ ਮਿਆਰਾਂ ਵਿੱਚ ਭਿੰਨਤਾ ਵਿਨਾਸ਼ਕਾਰੀ ਸਾਬਤ ਹੋ ਸਕਦੀ ਹੈ। ਉਨ੍ਹਾਂ ਕਿਹਾ, "ਨਿਰੀਖਣ ਵਿੱਚ ਇੱਕ ਛੋਟੀ ਜਿਹੀ ਗਲਤੀ ਵੀ ਵਿਆਪਕ ਪ੍ਰਭਾਵ ਪੈਦਾ ਕਰ ਸਕਦੀ ਹੈ। ਜੇਕਰ ਸਾਡੇ ਸਾਈਬਰ ਰੱਖਿਆ ਪ੍ਰਣਾਲੀਆਂ ਵੱਖ-ਵੱਖ ਬਲਾਂ ਵਿੱਚ ਵੱਖ-ਵੱਖ ਹੁੰਦੀਆਂ ਹਨ, ਤਾਂ ਵਿਰੋਧੀ ਇਸ ਅੰਤਰ ਦਾ ਫਾਇਦਾ ਉਠਾ ਸਕਦੇ ਹਨ। ਸਾਨੂੰ ਇਨ੍ਹਾਂ ਕਮਜ਼ੋਰੀਆਂ ਨੂੰ ਆਪਣੇ ਮਿਆਰਾਂ ਅਨੁਸਾਰ ਢਾਲ ਕੇ ਬੰਦ ਕਰਨਾ ਚਾਹੀਦਾ ਹੈ।” ਇਸ ਤੋਂ ਇਲਾਵਾ, ਸ਼੍ਰੀ ਰਾਜਨਾਥ ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਏਕੀਕਰਣ ਨੂੰ ਹਰੇਕ ਸੈਨਾ ਦੀ ਵਿਲੱਖਣਤਾ ਦਾ ਸਤਿਕਾਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ, "ਹਿਮਾਲਿਆ ਦੀ ਠੰਢ ਮਾਰੂਥਲ ਦੀ ਗਰਮੀ ਤੋਂ ਵੱਖਰੀ ਹੈ। ਜਲ ਸੈਨਾ ਨੂੰ ਫੌਜ ਅਤੇ ਹਵਾਈ ਸੈਨਾ ਤੋਂ ਵੱਖ-ਵੱਖ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਸੀਂ ਅਜਿਹੀ ਇਕਸੁਰਤਾ ਨਹੀਂ ਲਗਾ ਸਕਦੇ ਜਿੱਥੇ ਇਹ ਫਿੱਟ ਨਾ ਹੋਵੇ। ਸਾਡਾ ਕੰਮ ਇੱਕ ਸਾਂਝੀ ਅਧਾਰਲਾਈਨ ਬਣਾਉਣਾ ਹੈ ਜੋ ਅੰਤਰ-ਕਾਰਜਸ਼ੀਲਤਾ ਅਤੇ ਵਿਸ਼ਵਾਸ ਬਣਾਉਂਦੇ ਹੋਏ ਵਿਲੱਖਣਤਾ ਨੂੰ ਸੁਰੱਖਿਅਤ ਰੱਖੇ।"

ਰਕਸ਼ਾ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਏਕੀਕਰਣ ਨੂੰ ਪ੍ਰਾਪਤ ਕਰਨ ਲਈ ਨਾ ਸਿਰਫ਼ ਢਾਂਚਾਗਤ ਸੁਧਾਰਾਂ ਦੀ ਲੋੜ ਹੈ, ਸਗੋਂ ਮਾਨਸਿਕਤਾ ਵਿੱਚ ਵੀ ਤਬਦੀਲੀ ਦੀ ਲੋੜ ਹੈ। ਉਨ੍ਹਾਂ ਨੇ ਸਾਰੇ ਪੱਧਰਾਂ 'ਤੇ ਸੀਨੀਅਰ ਲੀਡਰਸ਼ਿਪ ਨੂੰ ਆਪਣੀਆਂ ਟੀਮਾਂ ਨੂੰ ਏਕੀਕਰਣ ਦੇ ਮਹੱਤਵ ਨੂੰ ਨਿਰੰਤਰ ਸੰਚਾਰਿਤ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਮੰਨਿਆ ਕਿ ਅਜਿਹਾ ਬਦਲਾਅ ਅਸਾਨ ਨਹੀਂ ਹੋਵੇਗਾ ਅਤੇ ਇਸ ਲਈ ਪੁਰਾਣੀਆਂ ਆਦਤਾਂ ਅਤੇ ਸੰਸਥਾਗਤ ਸੀਮਾਵਾਂ ਨੂੰ ਦੂਰ ਕਰਨ ਦੀ ਲੋੜ ਹੋਵੇਗੀ। ਉਨ੍ਹਾਂ ਇਸ ਗੱਲ ‘ਤੇ ਜ਼ੋਰ ਦੇ ਕੇ ਕਿਹਾ, "ਜਦੋਂ ਅਸੀਂ ਸਾਂਝੇਦਾਰੀ ਵੱਲ ਵਧਦੇ ਹਾਂ ਤਾਂ ਸਾਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ। ਪਰ ਸੰਵਾਦ, ਸਮਝ ਅਤੇ ਪਰੰਪਰਾਵਾਂ ਦੇ ਸਤਿਕਾਰ ਰਾਹੀਂ, ਅਸੀਂ ਇਨ੍ਹਾਂ ਰੁਕਾਵਟਾਂ ਨੂੰ ਦੂਰ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਹਰੇਕ ਸੇਵਾ ਨੂੰ ਇਹ ਮਹਿਸੂਸ ਕਰਨਾ ਚਾਹੀਦਾ ਹੈ ਕਿ ਦੂਸਰੇ ਆਪਣੀਆਂ ਚੁਣੌਤੀਆਂ ਨੂੰ ਸਮਝਦੇ ਹਨ ਅਤੇ ਹਰੇਕ ਪਰੰਪਰਾ ਨੂੰ ਸਨਮਾਨ ਦੇਣਾ ਚਾਹੀਦਾ ਹੈ ਕਿਉਂਕਿ ਅਸੀਂ ਮਿਲ ਕੇ ਨਵੀਆਂ ਪ੍ਰਣਾਲੀਆਂ ਬਣਾਉਂਦੇ ਹਾਂ।

 

ਸ਼੍ਰੀ ਰਾਜਨਾਥ ਸਿੰਘ ਨੇ ਹਥਿਆਰਬੰਦ ਬਲਾਂ ਨੂੰ ਤਾਕੀਦ ਕੀਤੀ ਕਿ ਉਹ ਅੰਤਰਰਾਸ਼ਟਰੀ ਪੱਧਰ ‘ਤੇ ਬਿਹਤਰੀਨ ਅਭਿਆਸਾਂ ਦਾ ਅਧਿਐਨ ਜਾਰੀ ਰੱਖਣ ਅਤੇ ਉਨ੍ਹਾਂ ਨੂੰ ਭਾਰਤੀ ਸੰਦਰਭ ਦੇ ਅਨੁਸਾਰ ਢਾਲਣ। ਉਨ੍ਹਾਂ ਇਹ ਵੀ ਕਿਹਾ, "ਅਸੀਂ ਦੂਜਿਆਂ ਤੋਂ ਸਿੱਖ ਸਕਦੇ ਹਾਂ, ਪਰ ਸਾਡੇ ਜਵਾਬਾਂ ਦਾ ਉੱਤਰ ਭਾਰਤੀ ਹੋਣਾ ਚਾਹੀਦਾ ਹੈ ਜੋ ਸਾਡੇ ਭੂਗੋਲ, ਸਾਡੀਆਂ ਜ਼ਰੂਰਤਾਂ ਅਤੇ ਸਾਡੇ ਸਭਿਆਚਾਰ ਅਨੁਸਾਰ ਹੋਣ। ਕੇਵਲ ਓਦੋਂ ਹੀ ਅਸੀਂ ਅਜਿਹੀਆਂ ਪ੍ਰਣਾਲੀਆਂ ਬਣਾ ਸਕਦੇ ਹਾਂ ਜੋ ਸੱਚਮੁੱਚ ਟਿਕਾਊ ਅਤੇ ਭਵਿੱਖ ਲਈ ਤਿਆਰ ਹੋਣ।"


 

ਰਕਸ਼ਾ ਮੰਤਰੀ ਨੇ ਹਰ ਸੰਭਵ ਤਰੀਕੇ ਨਾਲ ਸਾਂਝੇਦਾਰੀ ਦਾ ਸਮਰਥਨ ਕਰਨ ਦੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ ਅਤੇ ਭਾਰਤੀ ਤਟ ਰੱਖਿਅਕ (ਆਈਸੀਜੀ), ਸੀਮਾ ਸੁਰੱਖਿਆ ਬਲ (ਬੀਐੱਸਐੱਫ) ਅਤੇ ਸਿਵਿਲ ਐਵੀਏਸ਼ਨ ਡਾਇਰੈਕਟੋਰੇਟ ਜਨਰਲ (ਡੀਜੀਸੀਏ) ਸਮੇਤ ਸਾਰੀਆਂ ਫੌਜਾਂ ਅਤੇ ਸੰਸਥਾਵਾਂ ਨੂੰ ਇਸ ਦਿਸ਼ਾ ਵਿੱਚ ਫੈਸਲਾਕੁੰਨ ਕਦਮ ਚੁੱਕਣ ਦਾ ਸੱਦਾ ਦਿੱਤਾ। ਉਨ੍ਹਾਂ ਜ਼ੋਰ ਦੇ ਕੇ ਕਿਹਾ, "ਜਦੋਂ ਸਾਡੀਆਂ ਹਥਿਆਰਬੰਦ ਸੈਨਾਵਾਂ ਏਕਤਾ, ਸਦਭਾਵਨਾ ਅਤੇ ਸੰਪੂਰਨ ਤਾਲਮੇਲ ਨਾਲ ਕੰਮ ਕਰਨਗੀਆਂ ਤਾਂ ਹੀ ਅਸੀਂ ਸਾਰੇ ਖੇਤਰਾਂ ਵਿੱਚ ਵਿਰੋਧੀਆਂ ਦਾ ਮੁਕਾਬਲਾ ਕਰਨ ਦੇ ਯੋਗ ਹੋਵਾਂਗੇ ਅਤੇ ਭਾਰਤ ਦੀ ਸ਼ਾਨ ਨੂੰ ਨਵੀਆਂ ਉਚਾਈਆਂ 'ਤੇ ਲੈ ਜਾਵਾਂਗੇ। ਇਹ ਸਮੇਂ ਦੀ ਲੋੜ ਹੈ ਅਤੇ ਮੈਨੂੰ ਵਿਸ਼ਵਾਸ ਹੈ ਕਿ ਅਸੀਂ ਇਸ ਨੂੰ ਪ੍ਰਾਪਤ ਕਰਾਂਗੇ।"

 

ਆਪਣੇ ਸੰਬੋਧਨ ਤੋਂ ਪਹਿਲਾਂ, ਸ਼੍ਰੀ ਰਾਜਨਾਥ ਸਿੰਘ ਨੇ ਟੈਰੀਟੋਰੀਅਲ ਆਰਮੀ ਦੇ ਡਾਇਰੈਕਟਰ ਜਨਰਲ ਲੈਫਟੀਨੈਂਟ ਜਨਰਲ ਰਾਜੂ ਬੈਜਲ ਪ੍ਰਤੀ ਸੰਵੇਦਨਾ ਪ੍ਰਗਟ ਕੀਤੀ, ਜਿਨ੍ਹਾਂ ਦਾ ਅੱਜ ਸਵੇਰੇ ਦੇਹਾਂਤ ਹੋ ਗਿਆ।

 

ਇਸ ਮੌਕੇ ਚੀਫ਼ ਆਫ਼ ਡਿਫੈਂਸ ਸਟਾਫ਼ ਅਨਿਲ ਚੌਹਾਨ, ਚੀਫ਼ ਆਫ਼ ਨਵਲ ਸਟਾਫ਼ ਐਡਮਿਰਲ ਦਿਨੇਸ਼ ਕੇ. ਤ੍ਰਿਪਾਠੀ, ਚੀਫ਼ ਆਫ਼ ਏਅਰ ਸਟਾਫ਼ ਏਅਰ ਚੀਫ਼ ਮਾਰਸ਼ਲ ਏਪੀ ਸਿੰਘ, ਡਾਇਰੈਕਟਰ ਜਨਰਲ (ਨਿਰੀਖਣ ਅਤੇ ਸੁਰੱਖਿਆ) ਏਅਰ ਮਾਰਸ਼ਲ ਮਕਰੰਦ ਰਾਨਾਡੇ, ਹਥਿਆਰਬੰਦ ਸੈਨਾਵਾਂ, ਆਈਸੀਜੀ, ਬੀਐੱਸਐੱਫ, ਡੀਜੀਸੀਏ ਦੇ ਸੀਨੀਅਰ ਅਧਿਕਾਰੀ ਅਤੇ ਸਾਬਕਾ ਸੈਨਿਕ ਮੌਜੂਦ ਸਨ।

 

 

ਸੈਮੀਨਾਰ ਦੇ ਮੁੱਖ ਨਤੀਜੇ ਨਿਰੀਖਣ ਪ੍ਰਕਿਰਿਆਵਾਂ ਵਿੱਚ ਵਧੇਰੇ ਇਕਸਾਰਤਾ ਦੀ ਜ਼ਰੂਰਤ ਅਤੇ ਹਵਾਬਾਜ਼ੀ ਖੇਤਰ ਵਿੱਚ ਫੌਜਾਂ ਵਿਚਕਾਰ ਅੰਤਰ-ਕਾਰਜਸ਼ੀਲਤਾ ਨੂੰ ਵਧਾਉਣ ਲਈ ਮੌਕਿਆਂ ਦੀ ਖੋਜ 'ਤੇ ਸਹਿਮਤੀ ਸਨ। ਸੰਯੁਕਤ ਏਅਰੋਸਪੇਸ ਸੁਰੱਖਿਆ 'ਤੇ ਇੱਕ ਸੈਸ਼ਨ ਨੇ ਸੁਰੱਖਿਆ ਮਿਆਰਾਂ ਨੂੰ ਬਿਹਤਰ ਬਣਾਉਣ ਅਤੇ ਉੱਭਰ ਰਹੀਆਂ ਚੁਣੌਤੀਆਂ ਨੂੰ ਹੱਲ ਕਰਨ ਲਈ ਇੱਕ ਏਕੀਕ੍ਰਿਤ ਪਹੁੰਚ ਦੀ ਮਹੱਤਤਾ ਨੂੰ ਉਜਾਗਰ ਕੀਤਾ। ਸੈਮੀਨਾਰ ਦੀ ਸਮਾਪਤੀ ਆਪਸੀ ਸਹਿਯੋਗ ਵਧਾਉਣ ਅਤੇ ਮੁਹਾਰਤ ਸਾਂਝੇ ਕਰਨ ਲਈ ਇੱਕ ਅਹਿਮ ਕਦਮ ਵਜੋਂ ਹੋਈ।

****

ਵੀਕੇ/ਐੱਸਆਰ/ਕੇਬੀ/ਏਕੇ


(Release ID: 2174146) Visitor Counter : 3
Read this release in: English , Urdu , Hindi , Tamil