ਆਯੂਸ਼
azadi ka amrit mahotsav

ਆਯੁਸ਼ ਮੰਤਰਾਲੇ ਨੇ ਗੋਆ ਦੇ ਆਲ ਇੰਡੀਆ ਇੰਸਟੀਟਿਊਟ ਆਫ ਆਯੁਰਵੇਦ ਵਿਖੇ ਦੇਸ਼ ਦੇ ਪਹਿਲੇ ਏਕੀਕ੍ਰਿਤ ਓਨਕੋਲੋਜੀ ਖੋਜ ਅਤੇ ਦੇਖਭਾਲ ਕੇਂਦਰ ਦਾ ਉਦਘਾਟਨ ਕੀਤਾ


ਇਹ ਕੇਂਦਰ ਸੰਪੂਰਨ ਕੈਂਸਰ ਪੁਨਰਵਾਸ ਲਈ ਆਯੁਰਵੇਦ, ਯੋਗਾ, ਪੰਚਕਰਮਾ ਅਤੇ ਆਧੁਨਿਕ ਓਨਕੋਲੋਜੀ ਦਾ ਏਕੀਕ੍ਰਿਤ ਦ੍ਰਿਸ਼ਟੀਕੋਣ ਪੇਸ਼ ਕਰਦਾ ਹੈ

ਸਬੂਤ-ਅਧਾਰਿਤ ਏਕੀਕ੍ਰਿਤ ਸਿਹਤ ਸੰਭਾਲ ਸੇਵਾਵਾਂ ਨੂੰ ਉਤਸ਼ਾਹਿਤ ਕਰਨ ਲਈ 10ਵੇਂ ਰਾਸ਼ਟਰੀ ਆਯੁਰਵੇਦ ਦਿਵਸ 'ਤੇ ਇੱਕ ਇਤਿਹਾਸਕ ਪਹਿਲ ਕੀਤੀ ਗਈ

ਏਸੀਟੀਆਰਈਸੀ-ਟਾਟਾ ਮੈਮੋਰੀਅਲ ਸੈਂਟਰ ਨਾਲ ਸਹਿਯੋਗ ਦਾ ਮੁੱਖ ਉਦੇਸ਼ ਸਿਹਤ ਲਾਭਾਂ ਨੂੰ ਵਧਾਉਣਾ, ਇਲਾਜ ਨਾਲ ਸਬੰਧਿਤ ਮਾੜੇ ਪ੍ਰਭਾਵਾਂ ਨੂੰ ਘਟਾਉਣਾ ਅਤੇ ਮਰੀਜ਼ਾਂ ਦੇ ਜੀਵਨ ਦੀ ਗੁਣਵੱਤਾ ਵਿੱਚ ਮਹੱਤਵਪੂਰਨ ਸੁਧਾਰ ਲਿਆਉਣਾ ਹੈ

ਇਹ ਸਹੂਲਤ ਏਕੀਕ੍ਰਿਤ ਓਨਕੋਲੋਜੀ ਦੇ ਖੇਤਰ ਵਿੱਚ ਰਿਸਰਚ, ਟ੍ਰੇਨਿੰਗ ਅਤੇ ਮਰੀਜ਼-ਕੇਂਦ੍ਰਿਤ ਦੇਖਭਾਲ ਲਈ ਇੱਕ ਪ੍ਰਮੁੱਖ ਸੰਸਥਾ ਵਜੋਂ ਕੰਮ ਕਰੇਗੀ

Posted On: 27 SEP 2025 4:49PM by PIB Chandigarh

ਏਕੀਕ੍ਰਿਤ ਮੈਡਿਸਨ ਰਾਹੀਂ ਕੈਂਸਰ ਦੀ ਦੇਖਭਾਲ ਨੂੰ ਬਦਲਣ ਦੀ ਦਿਸ਼ਾ ਵਿੱਚ ਇੱਕ ਇਤਿਹਾਸਕ ਪਹਿਲਕਦਮੀ ਵਿੱਚ, ਆਯੁਸ਼ ਮੰਤਰਾਲੇ ਨੇ 10ਵੇਂ ਰਾਸ਼ਟਰੀ ਆਯੁਰਵੇਦ ਦਿਵਸ 'ਤੇ ਗੋਆ ਦੇ ਧਾਰਗਲ ਸਥਿਤ ਆਲ ਇੰਡੀਆ ਇੰਸਟੀਟਿਊਟ ਆਫ਼ ਆਯੁਰਵੇਦ (ਏਆਈਆਈਏ) ਵਿਖੇ ਏਕੀਕ੍ਰਿਤ ਓਨਕੋਲੋਜੀ ਖੋਜ ਅਤੇ ਦੇਖਭਾਲ ਕੇਂਦਰ (ਆਈਓਆਰਸੀਸੀ) ਦਾ ਉਦਘਾਟਨ ਕੀਤਾ। ਇਹ ਅਤਿ-ਆਧੁਨਿਕ ਕੇਂਦਰ ਭਾਰਤ ਵਿੱਚ ਆਪਣੀ ਕਿਸਮ ਦਾ ਪਹਿਲਾ ਸੰਸਥਾਨ ਹੈ, ਜਿਸ ਦੀ ਸਥਾਪਨਾ ਰਵਾਇਤੀ ਗਿਆਨ ਅਤੇ ਆਧੁਨਿਕ ਡਾਕਟਰੀ ਪ੍ਰਣਾਲੀਆਂ ਦੇ ਏਕੀਕਰਣ ਰਾਹੀਂ ਮਰੀਜ਼-ਕੇਂਦ੍ਰਿਤ ਅਤੇ ਸਬੂਤ-ਅਧਾਰਿਤ ਕੈਂਸਰ ਇਲਾਜ ਵਿਗਿਆਨ ਅਤੇ ਪੁਨਰਵਾਸ ਪ੍ਰਦਾਨ ਕਰਨ ਦੇ ਉਦੇਸ਼ ਨਾਲ ਕੀਤੀ ਗਈ ਹੈ।

ਇਸ ਕੇਂਦਰ ਦਾ ਉਦਘਾਟਨ ਗੋਆ ਦੇ ਰਾਜਪਾਲ ਸ਼੍ਰੀ ਪੁਸਾਪਤੀ ਅਸ਼ੋਕ ਗਜਾਪਤੀ ਰਾਜੂ ਨੇ ਵਰਚੁਅਲੀ ਤੌਰ ‘ਤੇ ਕੀਤਾ। ਇਸ ਮੌਕੇ ਗੋਆ ਦੇ ਮੁੱਖ ਮੰਤਰੀ ਡਾ. ਪ੍ਰਮੋਦ ਸਾਵੰਤ; ਕੇਂਦਰੀ ਆਯੁਸ਼ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਪ੍ਰਤਾਪਰਾਓ ਜਾਧਵ, ਜੋ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵਿੱਚ ਰਾਜ ਮੰਤਰੀ ਵੀ ਹਨ; ਕੇਂਦਰੀ ਬਿਜਲੀ ਅਤੇ ਨਵੀਂ ਤੇ ਨਵਿਆਉਣਯੋਗ ਊਰਜਾ ਮੰਤਰਾਲੇ ‘ਚ ਰਾਜ ਮੰਤਰੀ ਸ਼੍ਰੀ ਸ਼੍ਰੀਪਦ ਯੈਸੋ ਨਾਇਕ; ਪੇਰਨੇਮ ਦੇ ਵਿਧਾਇਕ ਸ਼੍ਰੀ ਪ੍ਰਵੀਨ ਆਰਲੇਕਰ; ਅਤੇ ਆਯੁਸ਼ ਮੰਤਰਾਲੇ ਦੇ ਸਕੱਤਰ ਵੈਦਯ ਰਾਜੇਸ਼ ਕੋਟੇਚਾ ਦੀ ਸਨਮਾਨਜਨਕ ਮੌਜੂਦਗੀ ਰਹੀ।

ਭਾਰਤ ਵਿੱਚ ਆਪਣੀ ਕਿਸਮ ਦਾ ਇਹ ਪਹਿਲਾ ਕੇਂਦਰ 

ਆਈਓਆਰਸੀਸੀ ਦੇਸ਼ ਦੇ ਮੋਹਰੀ ਬਹੁ-ਅਨੁਸ਼ਾਸਨੀ ਕੇਂਦਰਾਂ ਵਿੱਚੋਂ ਇੱਕ ਹੈ, ਜੋ ਆਯੁਰਵੇਦ, ਯੋਗਾ, ਫਿਜ਼ੀਓਥੈਰੇਪੀ, ਡਾਈਟ ਥੈਰੇਪੀ, ਪੰਚਕਰਮਾ ਅਤੇ ਆਧੁਨਿਕ ਓਨਕੋਲੋਜੀ ਵਿਗਿਆਨ ਨੂੰ ਇੱਕ ਛੱਤ ਹੇਠ ਜੋੜਦਾ ਹੈ। ਇਸ ਨੂੰ ਵਿਸ਼ੇਸ਼ ਤੌਰ 'ਤੇ ਸੰਪੂਰਨ ਅਤੇ ਮਰੀਜ਼-ਵਿਸ਼ੇਸ਼ ਦੇਖਭਾਲ ਪ੍ਰਦਾਨ ਕਰਨ ਲਈ ਵਿਕਸਿਤ ਕੀਤਾ ਗਿਆ ਹੈ,, ਜਿੱਥੇ ਵਿਆਪਕ ਪੁਨਰਵਾਸ ਸੇਵਾਵਾਂ ਰਾਹੀਂ ਕੈਂਸਰ ਦੇ ਮਰੀਜ਼ਾਂ ਨੂੰ ਪੂਰੀ ਸਹਾਇਤਾ ਅਤੇ ਜੀਵਨ ਦੀ ਬਿਹਤਰ ਗੁਣਵੱਤਾ ਪ੍ਰਦਾਨ ਕਰਨ 'ਤੇ ਵਿਸ਼ੇਸ਼ ਜ਼ੋਰ ਦਿੱਤਾ ਜਾਂਦਾ ਹੈ।

ਇਸ ਸਮਾਗਮ ਵਿੱਚ ਗੋਆ ਦੇ ਮੁੱਖ ਮੰਤਰੀ ਡਾ. ਪ੍ਰਮੋਦ ਸਾਵੰਤ ਨੇ ਆਪਣੇ ਸੰਬੋਧਨ ਵਿੱਚ ਕਿਹਾ:

ਏਆਈਆਈਏ ਗੋਆ ਵਿਖੇ ਸੈਂਟਰ ਫਾਰ ਇੰਟੀਗ੍ਰੇਟਿਡ ਓਨਕੋਲੋਜੀ ਰਿਸਰਚ ਐਂਡ ਕੇਅਰ ਕੈਂਸਰ ਵਿਰੁੱਧ ਸਾਡੀ ਲੜਾਈ ਵਿੱਚ ਇੱਕ ਇਤਿਹਾਸਿਕ ਕਦਮ ਹੈ। ਗੋਆ ਸਰਕਾਰ, ਏਆਈਆਈਏ ਗੋਆ ਅਤੇ ਟਾਟਾ ਮੈਮੋਰੀਅਲ ਸੈਂਟਰ ਵਿਖੇ ਏਸੀਟੀਆਰਈਸੀ ਦੇ ਸਹਿਯੋਗ ਨਾਲ ਵਿਕਸਿਤ ਕੀਤਾ ਗਿਆ, ਇਹ ਸੈਂਟਰ ਇੱਕ ਕੇਅਰ ਮਾਡਲ ਪੇਸ਼ ਕਰਦਾ ਹੈ ਜੋ ਸਰਜਰੀ, ਕੀਮੋਥੈਰੇਪੀ ਅਤੇ ਰੇਡੀਏਸ਼ਨ ਵਰਗੇ ਆਧੁਨਿਕ ਇਲਾਜਾਂ ਨੂੰ ਸਬੂਤ-ਅਧਾਰਿਤ ਆਯੁਰਵੈਦਿਕ ਅਭਿਆਸਾਂ ਨਾਲ ਜੋੜਦਾ ਹੈ। ਇਸ ਪਹਿਲਕਦਮੀ ਦਾ ਉਦੇਸ਼ ਸਿਹਤ ਲਾਭਾਂ ਨੂੰ ਵਧਾਉਣਾ, ਮਾੜੇ ਪ੍ਰਭਾਵਾਂ ਨੂੰ ਘਟਾਉਣਾ ਅਤੇ ਮਰੀਜ਼ਾਂ ਦੀ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣਾ ਹੈ, ਜਿਸ ਨਾਲ ਨਾ ਸਿਰਫ਼ ਭਾਰਤ ਵਿੱਚ ਸਗੋਂ ਵਿਸ਼ਵ ਪੱਧਰ 'ਤੇ ਏਕੀਕ੍ਰਿਤ ਕੈਂਸਰ ਕੇਅਰ ਲਈ ਇੱਕ ਨਵਾਂ ਮਿਆਰ ਸਥਾਪਿਤ ਹੋ ਸਕੇ।

ਹੈਲਥ ਕੇਅਰ ਇਨੋਵੇਸ਼ਨ ਲਈ ਇੱਕ ਉਤਪ੍ਰੇਰਕ ਵਜੋਂ ਆਯੁਸ਼

ਕੇਂਦਰੀ ਮੰਤਰੀ ਸ਼੍ਰੀ ਪ੍ਰਤਾਪਰਾਓ ਜਾਧਵ ਨੇ ਮੰਤਰਾਲੇ ਦੇ ਵਿਆਪਕ ਦ੍ਰਿਸ਼ਟੀਕੋਣ ਨੂੰ ਦਰਸਾਇਆ:

ਆਯੁਸ਼ ਮੰਤਰਾਲਾ ਉੱਤਮਤਾ ਕੇਂਦਰਾਂ ਦੀ ਸਥਾਪਨਾ ਲਈ ਵਚਨਬੱਧ ਹੈ ਜੋ ਰਵਾਇਤੀ ਗਿਆਨ ਪ੍ਰਣਾਲੀਆਂ ਨੂੰ ਆਧੁਨਿਕ ਬਾਇਓ ਮੈਡੀਕਲ ਸਾਇੰਸ ਨਾਲ ਜੋੜਦੇ ਹਨ। ਆਈਓਆਰਸੀਸੀ ਇਸ ਪਹੁੰਚ ਦੀ ਇੱਕ ਸ਼ਕਤੀਸ਼ਾਲੀ ਉਦਾਹਰਣ ਹੈ, ਜੋ ਸਬੂਤ-ਅਧਾਰਿਤ ਏਕੀਕ੍ਰਿਤ ਪੁਨਰਵਾਸ ਪ੍ਰਦਾਨ ਕਰਦਾ ਹੈ। ਇਹ ਪਹਿਲ ਰਵਾਇਤੀ ਕੈਂਸਰ ਕੇਅਰ ਨੂੰ ਪੂਰਾ ਕਰਦੀ ਹੈ ਅਤੇ ਮਰੀਜ਼ਾਂ ਦੇ ਜੀਵਨ ਦੀ ਗੁਣਵੱਤਾ ਅਤੇ ਮਨੋ-ਸਮਾਜਿਕ ਤੰਦਰੁਸਤੀ ਨੂੰ ਮਹੱਤਵਪੂਰਨ ਤੌਰ 'ਤੇ ਵਧਾਉਂਦੀ ਹੈ।

ਸ਼੍ਰੀ ਸ਼੍ਰੀਪਾਦ ਯੈਸੋ ਨਾਇਕ ਨੇ ਇਸ ਦ੍ਰਿਸ਼ਟੀਕੋਣ ਦੀ ਪੁਸ਼ਟੀ ਕਰਦੇ ਹੋਏ ਕਿਹਾ:

ਏਆਈਆਈਏ ਗੋਆ ਵਿਖੇ ਅਪਣਾਇਆ ਗਿਆ ਇਹ ਇਨੋਵੇਟਿਵ ਮਾਡਲ ਗੁੰਝਲਦਾਰ ਸਿਹਤ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਅਣਗਿਣਤ ਪਰਿਵਾਰਾਂ ਲਈ ਨਵੀਂ ਉਮੀਦ ਦਾ ਸਰੋਤ ਹੈ। ਇਸ ਦੀਆਂ ਪੁਨਰਵਾਸ ਸੇਵਾਵਾਂ ਨਾ ਸਿਰਫ਼ ਕੈਂਸਰ, ਸਗੋਂ ਤੰਤੂ ਵਿਗਿਆਨ ਅਤੇ ਵਿਕਾਸ ਸਬੰਧੀ ਵਿਕਾਰਾਂ ਦੇ ਪ੍ਰਬੰਧਨ ਵਿੱਚ ਵੀ ਮਹੱਤਵਪੂਰਨ ਯੋਗਦਾਨ ਪਾਉਂਦੀਆਂ ਹਨ।

ਲੀਡਰਸ਼ਿਪ ਅਤੇ ਕਲੀਨਿਕਲ ਮੁਹਾਰਤ

ਕੇਂਦਰ ਦੀ ਪ੍ਰਧਾਨਗੀ ਏਆਈਆਈਏ ਗੋਆ ਦੇ ਡੀਨ ਪ੍ਰੋਫੈਸਰ ਡਾ. ਸੁਜਾਤਾ ਕਦਮ ਕਰਨਗੇ, ਅਤੇ ਡਾ. ਸੰਜੇ ਖੇਡੇਕਰ ਕੋਆਰਡੀਨੇਟਰ ਵਜੋਂ ਸੇਵਾ ਨਿਭਾਉਣਗੇ। ਇਸਦੀ ਕਲੀਨਿਕਲ ਅਤੇ ਅਕਾਦਮਿਕ ਟੀਮ ਵਿੱਚ ਪ੍ਰਸਿੱਧ ਓਨਕੋਲੋਜਿਸਟ ਅਤੇ ਏਕੀਕ੍ਰਿਤ ਮੈਡੀਸਿਨ ਮਾਹਰ ਸ਼ਾਮਲ ਹਨ, ਜਿਨ੍ਹਾਂ ਵਿੱਚ ਡਾ. ਸ਼ੇਖਰ ਸਾਲਕਰ ਅਤੇ ਏਆਈਆਈਏ ਗੋਆ ਦੇ ਹੋਰ ਫੈਕਲਟੀ ਮੈਂਬਰ ਵੀ ਮਹੱਤਵਪੂਰਨ ਯੋਗਦਾਨ ਪਾ ਰਹੇ ਹਨ।

ਏਆਈਆਈਏ ਦਿੱਲੀ ਦੇ ਡਾਇਰੈਕਟਰ ਪ੍ਰੋਫੈਸਰ ਪੀ.ਕੇ. ਪ੍ਰਜਾਪਤੀ ਨੇ ਕੇਂਦਰ ਦੇ ਖੋਜ ਉਦੇਸ਼ਾਂ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ:

ਆਈਓਆਰਸੀਸੀ ਸੱਚਮੁੱਚ ਸਬੂਤ-ਅਧਾਰਿਤ ਏਕੀਕ੍ਰਿਤ ਸਿਹਤ ਸੰਭਾਲ ਸੇਵਾਵਾਂ ਨੂੰ ਉਤਸ਼ਾਹਿਤ ਕਰਨ ਲਈ ਏਆਈਆਈਏ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਕੇਂਦਰ ਦਾ ਉਦੇਸ਼ ਪ੍ਰਮਾਣਿਤ ਪ੍ਰੋਟੋਕੋਲ ਵਿਕਸਿਤ ਕਰਨਾ ਹੈ ਜੋ ਆਯੁਰਵੇਦ, ਯੋਗਾ ਅਤੇ ਆਧੁਨਿਕ ਪੁਨਰਵਾਸ ਵਿਗਿਆਨ ਨੂੰ ਏਕੀਕ੍ਰਿਤ ਕਰਦੇ ਹਨ ਤਾਂ ਜੋ ਕੈਂਸਰ ਦੇਖਭਾਲ ਦੀ ਸੁਰੱਖਿਆ, ਪ੍ਰਭਾਵਸ਼ੀਲਤਾ ਅਤੇ ਸਮੁੱਚੇ ਨਤੀਜਿਆਂ ਵਿੱਚ ਸੁਧਾਰ ਯਕੀਨੀ ਬਣਾਇਆ ਜਾ ਸਕੇ।

ਏਆਈਆਈਏ ਗੋਆ ਦੇ ਡੀਨ, ਪ੍ਰੋਫੈਸਰ ਡਾ. ਸੁਜਾਤਾ ਕਦਮ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ:

ਆਈਓਆਰਸੀਸੀ ਨਾ ਸਿਰਫ਼ ਬਹੁ-ਅਨੁਸ਼ਾਸਨੀ ਕਲੀਨਿਕਲ ਕੇਅਰ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ ਹੈ, ਸਗੋਂ ਏਕੀਕ੍ਰਿਤ ਓਨਕੋਲੋਜੀ ਵਿੱਚ ਉੱਨਤ ਖੋਜ, ਟ੍ਰੇਨਿੰਗ ਅਤੇ  ਇਨੋਵੇਸ਼ਨ ਲਈ ਇੱਕ ਕੇਂਦਰ ਬਣਨ ਲਈ ਵੀ ਤਿਆਰ ਕੀਤਾ ਗਿਆ ਹੈ। ਇਹ ਕੇਂਦਰ ਆਯੁਸ਼-ਅਧਾਰਿਤ ਕੈਂਸਰ ਪੁਨਰਵਾਸ ਵਿੱਚ ਸਮਰੱਥਾ ਨਿਰਮਾਣ ਵਿੱਚ ਮਹੱਤਵਪੂਰਨ ਯੋਗਦਾਨ ਦੇਵੇਗਾ।

ਰਾਸ਼ਟਰੀ ਸਿਹਤ ਏਕੀਕਰਣ ਦੀ ਦਿਸ਼ਾ ਵੱਲ ਇੱਕ ਕਦਮ

ਉਦਘਾਟਨ ਸਮਾਰੋਹ ਵਿੱਚ ਆਯੁਸ਼ ਮੰਤਰਾਲੇ ਦੇ ਸੀਨੀਅਰ ਅਧਿਕਾਰੀ, ਏਆਈਆਈਏ ਦੇ ਅਕਾਦਮਿਕ ਸਟਾਫ਼ ਅਤੇ ਏਕੀਕ੍ਰਿਤ ਓਨਕੋਲੋਜੀ ਟੀਮ ਦੇ ਪ੍ਰਮੁੱਖ ਡਾਕਟਰ ਮੌਜੂਦ ਸਨ। ਆਈਓਆਰਸੀਸੀ ਦੀ ਸਥਾਪਨਾ ਦੇ ਨਾਲ, ਆਯੁਸ਼ ਮੰਤਰਾਲੇ ਨੇ ਭਾਰਤ ਦੀ ਰਾਸ਼ਟਰੀ ਸਿਹਤ ਨੀਤੀ ਅਤੇ ਵਿਸ਼ਵਵਿਆਪੀ ਸਭ ਤੋਂ ਵਧੀਆ ਅਭਿਆਸਾਂ ਦੇ ਅਨੁਸਾਰ ਇੱਕ ਏਕੀਕ੍ਰਿਤ ਸਿਹਤ ਸੰਭਾਲ ਬੁਨਿਆਦੀ ਢਾਂਚਾ ਵਿਕਸਿਤ ਕਰਨ ਦੇ ਆਪਣੇ ਦ੍ਰਿਸ਼ਟੀਕੋਣ ਨੂੰ ਹੋਰ ਮਜ਼ਬੂਤ ​​ਕੀਤਾ ਹੈ।

ਇਹ ਪਹਿਲਕਦਮੀ ਭਾਰਤ ਦੇ ਸਿਹਤ ਸੰਭਾਲ ਵਾਤਾਵਰਣ ਨੂੰ ਮਜ਼ਬੂਤ ​​ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ, ਜਿਸ ਵਿੱਚ ਰਵਾਇਤੀ ਡਾਕਟਰੀ ਪ੍ਰਣਾਲੀਆਂ ਦੇ ਗਿਆਨ ਨੂੰ ਆਧੁਨਿਕ ਦਵਾਈਆਂ ਦੇ ਖੇਤਰ ਵਿੱਚ ਕਠੋਰਤਾ ਨਾਲ ਸਬੂਤ-ਅਧਾਰਿਤ ਤਰੀਕਿਆਂ ਨਾਲ ਜੋੜਿਆ ਗਿਆ ਹੈ। ਇਹ ਇੱਕ ਅਜਿਹਾ ਮਾਡਲ ਪੇਸ਼ ਕਰਦਾ ਹੈ ਜਿਸ ਨੂੰ ਦੇਸ਼ ਭਰ ਵਿੱਚ ਅਪਣਾਇਆ ਅਤੇ ਦੁਹਰਾਇਆ ਜਾ ਸਕਦਾ ਹੈ।

************

ਆਰਟੀ/ਜੀਐੱਸ/ਐੱਸਜੀ


(Release ID: 2172558) Visitor Counter : 8