ਯੁਵਾ ਮਾਮਲੇ ਤੇ ਖੇਡ ਮੰਤਰਾਲਾ
azadi ka amrit mahotsav

“ਹਰੇਕ ਪ੍ਰਭਾਵਿਤ ਪਰਿਵਾਰ ਨੂੰ ਮਦਦ ਮਿਲੇਗੀ, ਹਰ ਕਿਸਾਨ ਦੀ ਗੱਲ ਸੁਣੀ ਜਾਵੇਗੀ ਅਤੇ ਇੱਕ ਸਥਾਈ ਹੱਲ ਮੁਹੱਈਆ ਕਰਵਾਇਆ ਜਾਵੇਗਾ” – ਰਕਸ਼ਾ ਨਿਖਿਲ ਖਡਸੇ


ਕੇਂਦਰੀ ਰਾਜ ਮੰਤਰੀ ਰਕਸ਼ਾ ਨਿਖਿਲ ਖਡਸੇ ਨੇ ਸਾਬਕਾ ਕੇਂਦਰੀ ਮੰਤਰੀ ਪ੍ਰਨੀਤ ਕੌਰ ਦੇ ਨਾਲ ਸਮਾਣਾ ਅਤੇ ਸਨੌਰ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਜਾਇਜ਼ਾ ਲਿਆ

Posted On: 16 SEP 2025 5:45PM by PIB Chandigarh

ਕੇਂਦਰੀ ਯੁਵਾ ਮਾਮਲੇ ਅਤੇ ਖੇਡ ਰਾਜ ਮੰਤਰੀ, ਸ਼੍ਰੀਮਤੀ ਰਕਸ਼ਾ ਨਿਖਿਲ ਖਡਸੇ ਨੇ ਸਾਬਕਾ ਕੇਂਦਰੀ ਮੰਤਰੀ ਸ਼੍ਰੀਮਤੀ ਪ੍ਰਨੀਤ ਕੌਰ ਦੇ ਨਾਲ ਅੱਜ ਜ਼ਮੀਨੀ ਹਾਲਾਤ ਦਾ ਜਾਇਜ਼ਾ ਲੈਣ ਅਤੇ ਪ੍ਰਭਾਵਿਤ ਪਰਿਵਾਰਾਂ ਨਾਲ ਗੱਲਬਾਤ ਕਰਨ ਲਈ ਸਮਾਣਾ ਅਤੇ ਸਨੌਰ ਹਲਕਿਆਂ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ।

ਇਸ ਦੌਰਾ ਦੁੱਧਣ ਗੁੱਜਰਾਂ, ਬੁੱਧਮੋਰ, ਮਹਿਮੂਦਪੁਰ, ਜਾਲਨ ਖੇੜੀ, ਸੱਸੀ ਗੁੱਜਰਾਂ ਅਤੇ ਧਰਮਹੇੜੀ ਪਿੰਡਾਂ ਤੱਕ ਹੋਇਆ ਜੋ ਟਾਂਗਰੀ, ਮਾਰਕੰਡਾ ਅਤੇ ਘੱਗਰ ਨਦੀਆਂ ਕਾਰਨ ਆਏ ਹੜ੍ਹਾਂ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹਨ।

ਸਮੀਖਿਆ ਦੌਰਾਨ, ਮੰਤਰੀ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਇੱਕ ਢੁਕਵੀਂ ਨੁਕਸਾਨ ਰਿਪੋਰਟ ਤਿਆਰ ਕਰਨ ਦਾ ਨਿਰਦੇਸ਼ ਦਿੱਤਾ ਤਾਂ ਜੋ ਸਮੇਂ ਸਿਰ ਮੁਆਵਜ਼ਾ ਦਿੱਤਾ ਜਾ ਸਕੇ। ਕਿਸਾਨਾਂ ਨੇ ਦਰਿਆਵਾਂ ਵਿੱਚੋਂ ਗਾਦ ਕੱਢਣ, ਸਥਾਈ ਬੰਨ੍ਹਾਂ ਦੀ ਉਸਾਰੀ ਅਤੇ ਪਟਿਆਲਾ-ਪਹੇਵਾ ਸੜਕ ਦੀ ਤੁਰੰਤ ਮੁਰੰਮਤ ਦੀ ਮੰਗ 'ਤੇ ਜ਼ੋਰ ਦਿੱਤਾ, ਜੋ ਕੁਰੂਕਸ਼ੇਤਰ ਲਈ ਇੱਕ ਅਹਿਮ ਲਾਈਫਲਾਈਨ ਹੈ।

ਸ਼੍ਰੀਮਤੀ ਖਡਸੇ ਨੇ ਭਰੋਸਾ ਦਿੱਤਾ ਕਿ ਇਨ੍ਹਾਂ ਮਾਮਲਿਆਂ ਨੂੰ ਪ੍ਰਧਾਨ ਮੰਤਰੀ ਦਫ਼ਤਰ, ਕੇਂਦਰੀ ਜਲ ਕਮਿਸ਼ਨ ਅਤੇ ਸੜਕ ਆਵਾਜਾਈ ਮੰਤਰਾਲੇ ਕੋਲ ਉਠਾਇਆ ਜਾਵੇਗਾ, ਤਾਂ ਜੋ ਤੁਰੰਤ ਰਾਹਤ ਅਤੇ ਲੰਬੇ ਸਮੇਂ ’ਚ ਹੜ੍ਹ ਦੀ ਰੋਕਥਾਮ ਦੇ ਉਪਾਅ ਦੋਵੇਂ ਯਕੀਨੀ ਬਣਾਏ ਜਾ ਸਕਣ।

ਸਾਬਕਾ ਕੇਂਦਰੀ ਮੰਤਰੀ ਸ਼੍ਰੀਮਤੀ ਪ੍ਰਨੀਤ ਕੌਰ ਨੇ ਯਾਦ ਕਰਵਾਇਆ ਕਿ ਪਟਿਆਲਾ ਨੇ 2023 ਵਿੱਚ ਵੀ ਇਸੇ ਤਰ੍ਹਾਂ ਦੀ ਤਬਾਹੀ ਦਾ ਸਾਹਮਣਾ ਕੀਤਾ ਸੀ ਅਤੇ ਪੰਜਾਬ, ਹਰਿਆਣਾ ਅਤੇ ਰਾਜਸਥਾਨ ਨੂੰ ਸ਼ਾਮਲ ਕਰਦੇ ਹੋਏ ਤਾਲਮੇਲ ਵਾਲੇ ਅੰਤਰ-ਸੂਬਾਈ ਹੱਲਾਂ ਦੀ ਤੁਰੰਤ ਜ਼ਰੂਰਤ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਸਾਰੇ ਕੇਂਦਰੀ ਰਾਜ ਮੰਤਰੀਆਂ ਨੂੰ ਪੰਜਾਬ ਵਿੱਚ ਜ਼ਮੀਨੀ ਮੁਲਾਂਕਣ ਕਰਨ ਦਾ ਨਿਰਦੇਸ਼ ਦਿੱਤਾ ਹੈ, ਜੋ ਸੰਕਟ ਨੂੰ ਹੱਲ ਕਰਨ ਵਿੱਚ ਕੇਂਦਰ ਦੀ ਗੰਭੀਰਤਾ ਨੂੰ ਦਰਸਾਉਂਦਾ ਹੈ।

ਦੋਵਾਂ ਆਗੂਆਂ ਨੇ ਆਪਣੇ ਲਗਾਤਾਰ ਮਾਰਗਦਰਸ਼ਨ ਅਤੇ ਸਮਰਥਨ ਦੇਣ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਧੰਨਵਾਦ ਕੀਤਾ, ਜਿਸ ਨਾਲ ਪਰਿਵਾਰਾਂ ਨੂੰ ਸਮੇਂ ਸਿਰ ਰਾਹਤ ਅਤੇ ਲਚਕੀਲੇਪਣ ਲਈ ਲੰਬੇ ਸਮੇਂ ਦੀਆਂ ਰਣਨੀਤੀਆਂ ਯਕੀਨੀ ਬਣਾਈਆਂ ਗਈਆਂ।

ਇਹ ਦੌਰਾ ਧਰਮਹੇੜੀ ਪਿੰਡ ਵਿੱਚ ਸਮਾਪਤ ਹੋਇਆ, ਜਿੱਥੇ ਕਿਸਾਨ ਹਾਂਸੀ-ਬੁਟਾਣਾ ਨਹਿਰ ਦੇ ਮੁੱਦੇ 'ਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਸਨ। ਦੋਵਾਂ ਆਗੂਆਂ ਵੱਲੋਂ ਦਿੱਤੇ ਗਏ ਭਰੋਸੇ ਤੋਂ ਬਾਅਦ, ਕਿਸਾਨਾਂ ਨੇ ਕੇਂਦਰ ਸਰਕਾਰ ਦੀ ਉਨ੍ਹਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਦੀ ਵਚਨਬੱਧਤਾ ਨੂੰ ਮੰਨਦੇ ਹੋਏ ਆਪਣਾ ਵਿਰੋਧ ਪ੍ਰਦਰਸ਼ਨ ਖਤਮ ਕਰ ਦਿੱਤਾ।

ਇਸ ਦੌਰੇ ਦੌਰਾਨ ਜ਼ਿਲ੍ਹਾ ਪ੍ਰਧਾਨ ਜਸਪਾਲ ਸਿੰਘ ਗਗਰੋਲੀ, ਹਰਮੇਸ਼ ਗੋਇਲ, ਸਨੌਰ ਇੰਚਾਰਜ ਵਿਕਰਮ ਇੰਦਰਜੀਤ ਸਿੰਘ ਚਾਹਲ ਅਤੇ ਸਮਾਣਾ ਇੰਚਾਰਜ ਸੁਰੇਂਦਰ ਸਿੰਘ ਖੇੜਕੀ ਸਮੇਤ ਸਥਾਨਕ ਆਗੂ ਵੀ ਮੌਜੂਦ ਸਨ।

************

ਪੀਕੇ/ ਕੇਸੀ/ ਐੱਸਕੇ/ ਐੱਸਐੱਸ


(Release ID: 2167463) Visitor Counter : 16