ਰੇਲ ਮੰਤਰਾਲਾ
ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ 'ਤੇ ਭਾਰਤੀ ਰੇਲਵੇ ਨੌਜਵਾਨ ਪੀੜ੍ਹੀ ਨੂੰ ਉਨ੍ਹਾਂ ਦੀਆਂ ਸਿੱਖਿਆਵਾਂ ਅਤੇ ਕੁਰਬਾਨੀਆਂ ਤੋਂ ਕਰਵਾਏਗਾ ਜਾਣੂ
ਗੁਰੂ ਤੇਗ ਬਹਾਦਰ ਜੀ ਦੀ ਸਮ੍ਰਿੱਧ ਅਤੇ ਪ੍ਰੇਰਨਾਦਾਇਕ ਵਿਰਾਸਤ ਨੂੰ ਅੱਗੇ ਵਧਾਉਣ ਲਈ ਪ੍ਰਮੁੱਖ ਸਿੱਖ ਸੰਸਥਾਵਾਂ ਦੇ ਨੁਮਾਇੰਦਿਆਂ ਨਾਲ ਉੱਚ ਪੱਧਰੀ ਮੀਟਿੰਗ
ਭਾਰਤੀ ਰੇਲਵੇ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਮਨਾਉਣ ਲਈ ਸਿੱਖ ਆਗੂਆਂ ਦੇ ਸੁਝਾਵਾਂ ਦਾ ਸੁਆਗਤ ਕਰਦਾ ਹੈ: ਸ਼੍ਰੀ ਰਵਨੀਤ ਸਿੰਘ
ਗੁਰੂ ਤੇਗ ਬਹਾਦਰ ਜੀ ਨੂੰ ਰੇਲਵੇ ਵਲੋਂ ਸਤਿਕਾਰ ਵਜੋਂ ਪੰਜਾਬੀ ਸੰਕੇਤ ਬੋਰਡ, ਬਿਹਤਰ ਸਾਫ਼ - ਸਫ਼ਾਈ, ਰੇਲ ਵਿੱਚ ਲੰਗਰ ਅਤੇ ਬਿਹਤਰ ਤੀਰਥ ਯਾਤਰੀ ਰੇਲ ਸਹੂਲਤਾਂ
Posted On:
29 AUG 2025 6:44PM by PIB Chandigarh
ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਭਾਰਤੀ ਰੇਲਵੇ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਤਿਕਾਰਯੋਗ ਢੰਗ ਨਾਲ ਮਨਾਉਣ ਜਾ ਰਿਹਾ ਹੈ। ਇਸ ਪਹਿਲ ਦਾ ਮੰਤਵ ਨੌਜਵਾਨ ਪੀੜ੍ਹੀ ਵਿੱਚ ਸਤਿਕਾਰਯੋਗ ਸਿੱਖ ਗੁਰੂ ਦੀਆਂ ਸਿੱਖਿਆਵਾਂ ਅਤੇ ਕੁਰਬਾਨੀਆਂ ਬਾਰੇ ਜਾਗਰੂਕਤਾ ਫੈਲਾਉਣਾ ਹੈ।
ਨਵੀਂ ਦਿੱਲੀ ਵਿਖੇ ਅੱਜ ਰੇਲ ਭਵਨ ਵਿੱਚ ਹੋਈ ਇੱਕ ਉੱਚ-ਪੱਧਰੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ, ਮਾਣਯੋਗ ਕੇਂਦਰੀ ਰੇਲਵੇ ਅਤੇ ਫੂਡ ਪ੍ਰੋਸੈੱਸਿੰਗ ਉਦਯੋਗ ਰਾਜ ਮੰਤਰੀ ਸ਼੍ਰੀ ਰਵਨੀਤ ਸਿੰਘ ਨੇ ਕਿਹਾ ਕਿ ਭਾਰਤੀ ਰੇਲਵੇ ਇਸ ਇਤਿਹਾਸਕ ਪਲ ਦੀ ਯਾਦ ਵਿੱਚ ਵੱਖ-ਵੱਖ ਸਿੱਖ ਸੰਸਥਾਵਾਂ ਦੇ ਆਗੂਆਂ ਵਲੋਂ ਦਿੱਤੇ ਗਏ ਕੀਮਤੀ ਸੁਝਾਵਾਂ ਦਾ ਸੁਆਗਤ ਕਰਦਾ ਹੈ। ਇਹ ਪਹਿਲਕਦਮੀ ਨੌਵੇਂ ਸਿੱਖ ਗੁਰੂ, ਗੁਰੂ ਤੇਗ ਬਹਾਦਰ ਜੀ ਦੀ ਵਿਰਾਸਤ ਦਾ ਸਨਮਾਨ ਕਰਨ ਲਈ ਭਾਰਤੀ ਰੇਲਵੇ ਅਤੇ ਸਿੱਖ ਭਾਈਚਾਰੇ ਦਰਮਿਆਨ ਇੱਕ ਇਤਿਹਾਸਕ ਸਹਿਯੋਗ ਦੀ ਨਿਸ਼ਾਨਦੇਹੀ ਕਰਦੀ ਹੈ, ਜਿਨ੍ਹਾਂ ਦੀ ਧਾਰਮਿਕ ਆਜ਼ਾਦੀ ਲਈ ਸਰਵਉੱਚ ਕੁਰਬਾਨੀ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ।
ਸ਼੍ਰੀ ਰਵਨੀਤ ਸਿੰਘ ਨੇ ਦੱਸਿਆ ਕਿ ਇਹ ਪਹਿਲੀ ਵਾਰ ਸੀ ਜਦੋਂ ਆਉਣ ਵਾਲੇ ਸ਼ਤਾਬਦੀ ਸਮਾਗਮਾਂ ਲਈ ਸਾਰੇ ਪ੍ਰਮੁੱਖ ਸਿੱਖ ਸੰਗਠਨਾਂ ਦੀਆਂ ਜ਼ਰੂਰਤਾਂ ਅਤੇ ਸੁਝਾਵਾਂ 'ਤੇ ਚਰਚਾ ਕਰਨ ਲਈ ਰੇਲ ਭਵਨ ਵਿਖੇ ਇੱਕ ਸਮਰਪਿਤ ਮੀਟਿੰਗ ਕੀਤੀ ਗਈ। ਸਮੁੱਚੇ ਭਾਰਤ ਦੇ ਸਾਰੇ ਰੇਲਵੇ ਸਟੇਸ਼ਨਾਂ ਅਤੇ ਟ੍ਰੇਨਾਂ 'ਤੇ ਗੁਰੂ ਤੇਗ ਬਹਾਦਰ ਜੀ ਦੇ ਸ਼ਲੋਕਾਂ ਨੂੰ ਪ੍ਰਦਰਸ਼ਿਤ ਕਰਨ; ਸ਼ਤਾਬਦੀ ਕਾਲ ਦੌਰਾਨ ਵੱਖ-ਵੱਖ ਥਾਵਾਂ ਤੋਂ ਚਲਾਈਆਂ ਜਾਣ ਵਾਲੀਆਂ ਵਿਸ਼ੇਸ਼ ਯਾਦਗਾਰੀ ਟ੍ਰੇਨਾਂ; ਹਰਿਆਣਾ, ਪਟਨਾ ਅਤੇ ਹਜ਼ੂਰ ਸਾਹਿਬ ਦੇ ਸਾਰੇ ਰੇਲਵੇ ਸਟੇਸ਼ਨਾਂ 'ਤੇ ਪੰਜਾਬੀ ਸੰਕੇਤ ਬੋਰਡ ਲਗਾਏ ਜਾਣ; ਸੱਚਖੰਡ ਐਕਸਪ੍ਰੈੱਸ ਵਰਗੀਆਂ ਟ੍ਰੇਨਾਂ ਵਿੱਚ ਸਫਾਈ ਅਤੇ ਸਫਾਈ ਵਿੱਚ ਵਾਧੇ; ਰੇਲ ਵਿੱਚ ਲੰਗਰ (ਸਮੁਦਾਇਕ ਭੋਜਨ) ਦੀ ਵਿਵਸਥਾ; ਸਾਰੀਆਂ ਤੀਰਥ ਯਾਤਰਾ ਟ੍ਰੇਨਾਂ ਦੀਆਂ ਸਹੂਲਤਾਂ ਵਿੱਚ ਸੁਧਾਰ ਅਤੇ ਪ੍ਰਮੁੱਖ ਸਿੱਖ ਤੀਰਥ ਸਥਾਨਾਂ, ਖਾਸ ਕਰਕੇ ਦਿੱਲੀ ਨਾਲ ਸੰਪਰਕ ਵਧਾਉਣ 'ਤੇ ਚਰਚਾ ਕੀਤੀ ਗਈ। ਦਿੱਲੀ ਰੇਲਵੇ ਸਟੇਸ਼ਨ ਦਾ ਨਾਮ ਗੁਰੂ ਤੇਗ ਬਹਾਦਰ ਰੇਲਵੇ ਸਟੇਸ਼ਨ ਰੱਖਣ; ਤਖ਼ਤ ਸ੍ਰੀ ਪਟਨਾ ਸਾਹਿਬ ਲਈ ਰੋਜ਼ਾਨਾ ਰੇਲ ਸੇਵਾਵਾਂ, ਪੈਂਟਰੀ ਕਾਰ ਸਹੂਲਤਾਂ ਅਤੇ ਪਟਨਾ ਸਾਹਿਬ ਸਟੇਸ਼ਨ 'ਤੇ ਲਿਫਟਾਂ ਅਤੇ ਐਸਕੇਲੇਟਰਾਂ ਸਮੇਤ ਬਿਹਤਰ ਬੁਨਿਆਦੀ ਢਾਂਚੇ; ਤੀਰਥ ਸਟੇਸ਼ਨਾਂ 'ਤੇ ਸਫਾਈ ਵਿੱਚ ਸੁਧਾਰ ਅਤੇ ਵੰਦੇ ਭਾਰਤ ਐਕਸਪ੍ਰੈੱਸ ਰਾਹੀਂ ਪਟਨਾ ਸਾਹਿਬ ਤੱਕ ਬਿਹਤਰ ਪਹੁੰਚਯੋਗਤਾ; ਤਿੰਨ ਮਹੀਨਿਆਂ ਦੀ ਮਿਆਦ ਲਈ ਪੰਜ ਤਖ਼ਤਾਂ ਨੂੰ ਜੋੜਨ ਵਾਲੀ ਇੱਕ ਵਿਸ਼ੇਸ਼ ਟ੍ਰੇਨ ਦੀ ਸ਼ੁਰੂਆਤ; ਕਰਨਾਲ ਅਤੇ ਕੁਰੂਕਸ਼ੇਤਰ ਵਰਗੇ ਮੁੱਖ ਸਥਾਨਾਂ 'ਤੇ ਰੇਲ ਠਹਿਰਾਅ ਵਿੱਚ ਵਾਧਾ; ਵੰਦੇ ਭਾਰਤ ਅਤੇ ਅੰਮ੍ਰਿਤ ਭਾਰਤ ਐਕਸਪ੍ਰੈੱਸ ਵਰਗੀਆਂ ਆਧੁਨਿਕ ਟ੍ਰੇਨਾਂ ਰਾਹੀਂ ਹਜ਼ੂਰ ਸਾਹਿਬ ਅਤੇ ਹੋਰ ਤਖ਼ਤਾਂ ਨਾਲ ਸੰਪਰਕ ਵਧਾਉਣ ਸਮੇਤ ਕਈ ਪ੍ਰਸਤਾਵ ਪੇਸ਼ ਕੀਤੇ ਗਏ।
ਰੇਲਵੇ ਬੋਰਡ ਦੇ ਚੇਅਰਮੈਨ ਸ਼੍ਰੀ ਸਤੀਸ਼ ਕੁਮਾਰ ਨੇ ਸਾਰੇ ਪ੍ਰਤੀਨਿਧੀਆਂ ਨੂੰ ਭਰੋਸਾ ਦਿੱਤਾ ਕਿ ਭਾਰਤੀ ਰੇਲਵੇ ਸੁਝਾਵਾਂ 'ਤੇ ਢੁਕਵਾਂ ਵਿਚਾਰ ਕਰੇਗਾ ਅਤੇ ਸ਼ਤਾਬਦੀ ਸਮਾਗਮਾਂ ਦੀ ਸਫ਼ਲਤਾ ਨੂੰ ਯਕੀਨੀ ਬਣਾਉਣ ਲਈ ਢੁਕਵੇਂ ਕਦਮ ਚੁੱਕੇਗਾ। ਮੀਟਿੰਗ ਵਿੱਚ ਪ੍ਰਮੁੱਖ ਸਿੱਖ ਆਗੂਆਂ ਅਤੇ ਪ੍ਰਤੀਨਿਧੀਆਂ ਨੇ ਸ਼ਿਰਕਤ ਕੀਤੀ, ਜਿਨ੍ਹਾਂ ਵਿੱਚ ਦਿੱਲੀ ਦੇ ਐੱਨਸੀਟੀ ਦੇ ਕੈਬਨਿਟ ਮੰਤਰੀ ਸ. ਮਨਜਿੰਦਰ ਸਿੰਘ ਸਿਰਸਾ, ਜਨਰਲ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ. ਗੁਰਚਰਨ ਗਰੇਵਾਲ, ਪ੍ਰਧਾਨ ਤਖ਼ਤ ਸ੍ਰੀ ਪਟਨਾ ਸਾਹਿਬ ਸ. ਜਗਜੋਤ ਸਿੰਘ ਸੋਹੀ , ਪ੍ਰਧਾਨ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸ. ਜਗਦੀਸ਼ ਸਿੰਘ ਝੀਂਡਾ, ਹਜ਼ੂਰ ਸਾਹਿਬ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕ ਵਿਜੇ ਡਾ. ਸਤਬੀਰ ਸਿੰਘ, ਰਾਜ ਸਭਾ ਦੇ ਸਾਬਕਾ ਮੈਂਬਰ ਸ. ਤਰਲੋਚਨ ਸਿੰਘ, ਰਾਜ ਸਭਾ ਮੈਂਬਰ ਅਤੇ ਪ੍ਰਧਾਨ, ਵਿਸ਼ਵ ਪੰਜਾਬੀ ਸੰਸਥਾ ਸ. ਵਿਕਰਮਜੀਤ ਸਿੰਘ ਸਾਹਨੀ ਸ਼ਾਮਲ ਸਨ।
ਮੀਟਿੰਗ ਵਿੱਚ ਸ਼ਾਮਲ ਹੋਏ ਸੀਨੀਅਰ ਰੇਲਵੇ ਅਧਿਕਾਰੀਆਂ ਵਿੱਚ ਮੈਂਬਰ (ਬੁਨਿਆਦੀ ਢਾਂਚਾ) ਸ਼੍ਰੀ ਨਵੀਨ ਗੁਲਾਟੀ, ਮੈਂਬਰ (ਸੰਚਾਲਨ ਅਤੇ ਕਾਰੋਬਾਰ ਵਿਕਾਸ) ਸ਼੍ਰੀ ਹਿਤੇਂਦਰ ਮਲਹੋਤਰਾ, ਉੱਤਰੀ ਰੇਲਵੇ ਦੇ ਜਨਰਲ ਮੈਨੇਜਰ ਸ਼੍ਰੀ ਅਸ਼ੋਕ ਕੁਮਾਰ ਵਰਮਾ, ਆਈਆਰਸੀਟੀਸੀ ਦੇ ਸੀਐੱਮਡੀ ਸ਼੍ਰੀ ਸੰਜੇ ਕੁਮਾਰ ਜੈਨ ਅਤੇ ਰੇਲ ਮੰਤਰਾਲੇ ਵਿੱਚ ਕਾਰਜਕਾਰੀ ਨਿਦੇਸ਼ਕ (ਪੀਜੀ) ਸ਼੍ਰੀ ਧਨੰਜੈ ਸਿੰਘ ਸ਼ਾਮਲ ਸਨ।
*****
ਧਰਮੇਂਦਰ ਤਿਵਾਰੀ/ਡਾ. ਨਯਨ ਸੋਲੰਕੀ/ਰਿਤੂ ਰਾਜ
(Release ID: 2162230)
Visitor Counter : 11