ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਕੇਂਦਰੀ ਮੰਤਰੀ ਸ਼੍ਰੀ ਹਰਸ਼ ਮਲਹੋਤਰਾ ਨੇ ਗੁਰੂਗ੍ਰਾਮ ਵਿੱਚ ਰਾਸ਼ਟਰੀ ਰਾਜਮਾਰਗ-48 'ਤੇ 4 ਫਲਾਈਓਵਰਾਂ ਅਤੇ 9 ਫੁੱਟ ਓਵਰ ਬ੍ਰਿਜਾਂ ਦਾ ਨੀਂਹ ਪੱਥਰ ਰੱਖਿਆ
ਹਾਈਵੇ ਨੈੱਟਵਰਕ 2014 ਵਿੱਚ 91,000 ਕਿਲੋਮੀਟਰ ਤੋਂ ਵਧ ਕੇ 2024 ਵਿੱਚ 1.46 ਲੱਖ ਕਿਲੋਮੀਟਰ; ਨਿਰਮਾਣ ਦੀ ਗਤੀ ਪ੍ਰਤੀ ਦਿਨ 2.8 ਗੁਣਾ ਵਧ ਕੇ 33.8 ਕਿਲੋਮੀਟਰ ਹੋਈ
ਚਾਰ ਜਾਂ ਵੱਧ ਲੇਨਾਂ ਵਾਲੇ ਰਾਸ਼ਟਰੀ ਰਾਜਮਾਰਗਾਂ ਦੀ ਲੰਬਾਈ 2.6 ਗੁਣਾ ਵਧ ਕੇ 48,422 ਕਿਲੋਮੀਟਰ ਹੋਈ; 2014 ਤੋਂ ਸੜਕ ਖੇਤਰ ਲਈ ਬਜਟ ਵੰਡ ਵਿੱਚ 570 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ
Posted On:
26 AUG 2025 5:41PM by PIB Chandigarh
ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਅਤੇ ਕਾਰਪੋਰੇਟ ਮਾਮਲੇ ਰਾਜ ਮੰਤਰੀ, ਸ਼੍ਰੀ ਹਰਸ਼ ਮਲਹੋਤਰਾ ਨੇ ਅੱਜ ਹੀਰੋ ਕੰਪਨੀ ਦੇ ਨੇੜੇ ਪੰਚਗਾਓਂ ਚੌਕ, ਰਾਠੀਵਾਸ ਅਤੇ ਸਹਲਾਵਾਸ ਵਿਖੇ 4 ਨਵੇਂ ਫਲਾਈਓਵਰ, ਐੱਨਐੱਚ-48 ਦੇ ਗੁੜਗਾਓਂ-ਕੋਟਪੁਤਲੀ-ਜੈਪੁਰ ਸੈਕਸ਼ਨ 'ਤੇ 9 ਰਣਨੀਤਕ ਸਥਾਨਾਂ - ਸ਼ਿਕੋਹਪੁਰ, ਮਾਨੇਸਰ, ਬਿਨੌਲਾ, ਰਾਠੀਵਾਸ, ਮਾਲਪੁਰਾ, ਜੈਸਿੰਘਪੁਰਖੇੜਾ, ਸਿਧਰਾਵਲੀ, ਖਰਖੜਾ ਅਤੇ ਖਿਜੂਰੀ - 'ਤੇ ਫੁੱਟ ਓਵਰ ਬ੍ਰਿਜ (ਐੱਫਓਬੀ) ਅਤੇ ਹੋਰ ਇੰਜੀਨੀਅਰਿੰਗ ਕਾਰਜਾਂ ਦਾ ਨੀਂਹ ਪੱਥਰ ਰੱਖਿਆ,ਜਿਸ ਦੀ ਅਨੁਮਾਨਤ ਲਾਗਤ 282 ਕਰੋੜ ਰੁਪਏ ਹੈ। ਇਸ ਮੌਕੇ 'ਤੇ ਅੰਕੜਾ ਅਤੇ ਯੋਜਨਾ ਮੰਤਰੀ ਅਤੇ ਸੱਭਿਆਚਾਰ ਰਾਜ ਮੰਤਰੀ ਡਾ. ਇੰਦਰਜੀਤ ਯਾਦਵ, ਮਾਨੇਸਰ ਦੀ ਮੇਅਰ ਸ਼੍ਰੀਮਤੀ ਰਾਜ ਰਾਣੀ ਮਲਹੋਤਰਾ, ਗੁਰੂਗ੍ਰਾਮ ਦੇ ਮੇਅਰ ਸ਼੍ਰੀ ਤਿਲਕ ਰਾਜ ਮਲਹੋਤਰਾ, ਸਥਾਨਕ ਕੌਂਸਲਰ ਅਤੇ ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਿਟੀ (ਐੱਨਐੱਚਏਆਈ) ਦੇ ਅਧਿਕਾਰੀ ਵੀ ਮੌਜੂਦ ਸਨ।
ਸ਼੍ਰੀ ਮਲਹੋਤਰਾ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਕੇਂਦਰੀ ਮੰਤਰੀ ਸ਼੍ਰੀ ਨਿਤਿਨ ਗਡਕਰੀ ਦੇ ਧੰਨਵਾਦੀ ਹਨ ਕਿ ਉਨ੍ਹਾਂ ਨੇ ਇੱਕ ਵਿਕਸਿਤ ਭਾਰਤ ਦੇ ਦ੍ਰਿਸ਼ਟੀਕੋਣ ਵਿੱਚ ਯੋਗਦਾਨ ਪਾਇਆ ਜਿੱਥੇ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ ਇੱਕ ਸੁਪਨਾ ਨਹੀਂ ਸਗੋਂ ਇੱਕ ਹਕੀਕਤ ਹੈ।
ਸ਼੍ਰੀ ਮਲਹੋਤਰਾ ਨੇ ਕਿਹਾ ਕਿ ਬੀਤੇ 11 ਵਰ੍ਹਿਆਂ ਵਿੱਚ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਦੂਰਦਰਸ਼ੀ ਅਗਵਾਈ ਅਤੇ ਸ਼੍ਰੀ ਨਿਤਿਨ ਗਡਕਰੀ ਦੇ ਮਾਰਗਦਰਸ਼ਨ ਵਿੱਚ, ਸਰਕਾਰ ਨੇ ਪੂਰੇ ਭਾਰਤ ਵਿੱਚ ਸੰਪਰਕ ਨੂੰ ਮਜ਼ਬੂਤ ਕਰਨ ਲਈ ਵੱਡੇ ਪੱਧਰ 'ਤੇ ਅਤੇ ਤਾਲਮੇਲ ਵਾਲੇ ਯਤਨ ਕੀਤੇ ਹਨ, ਅਤੇ ਇੱਕ ਸੰਪੂਰਨ, ਭਵਿੱਖ ਦੇ ਲਈ ਤਿਆਰ ਦ੍ਰਿਸ਼ਟੀਕੋਣ ਨਾਲ ਕਈ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ ਪ੍ਰੋਜੈਕਟ ਪੂਰੇ ਕੀਤੇ ਹਨ।
ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਦੇਸ਼ ਵਿੱਚ ਰਾਸ਼ਟਰੀ ਰਾਜਮਾਰਗ ਨੈੱਟਵਰਕ 2014 ਵਿੱਚ 91,000 ਕਿਲੋਮੀਟਰ ਤੋਂ ਵਧ ਕੇ 1.46 ਲੱਖ ਕਿਲੋਮੀਟਰ ਤੋਂ ਜ਼ਿਆਦਾ ਹੋ ਗਿਆ ਹੈ, ਜਿਸ ਨਾਲ ਇਹ ਵਿਸ਼ਵ ਪੱਧਰ 'ਤੇ ਦੂਜਾ ਸਭ ਤੋਂ ਵੱਡਾ ਸੜਕ ਨੈੱਟਵਰਕ ਬਣ ਗਿਆ ਹੈ, ਹਾਈ-ਸਪੀਡ ਕੌਰੀਡੋਰ ਸਿਰਫ਼ 93 ਕਿਲੋਮੀਟਰ ਤੋਂ ਵਧ ਕੇ 2,474 ਕਿਲੋਮੀਟਰ ਹੋ ਗਏ ਹਨ, ਅਤੇ ਚਾਰ ਲੇਨ ਅਤੇ ਇਸ ਤੋਂ ਵੱਧ ਵਾਲੇ ਹਾਈਵੇਅ ਪਿਛਲੇ ਦਹਾਕੇ ਵਿੱਚ 2.5 ਗੁਣਾ ਵਧੇ ਹਨ।
ਸ਼੍ਰੀ ਮਲਹੋਤਰਾ ਨੇ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਭਾਰਤ ਹੁਣ 34 ਕਿਲੋਮੀਟਰ ਪ੍ਰਤੀ ਦਿਨ ਦੀ ਰਿਕਾਰਡ ਰਫ਼ਤਾਰ ਨਾਲ ਸੜਕਾਂ ਬਣਾ ਰਿਹਾ ਹੈ, ਜਿਸ ਦਾ ਸਮਰਥਨ ਮੰਤਰਾਲੇ ਦੇ ਖਰਚੇ ਵਿੱਚ 6.4 ਗੁਣਾ ਵਾਧਾ ਅਤੇ 2014 ਤੋਂ ਬਜਟ ਵੰਡ ਵਿੱਚ 570 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਚਾਰ ਜਾਂ ਵੱਧ ਲੇਨ ਵਾਲੇ ਰਾਸ਼ਟਰੀ ਰਾਜਮਾਰਗ ਸੈਕਸ਼ਨ 2014 ਵਿੱਚ 18,371 ਕਿਲੋਮੀਟਰ ਤੋਂ 2.6 ਗੁਣਾ ਵਧ ਕੇ 2024 ਵਿੱਚ 48,422 ਕਿਲੋਮੀਟਰ ਹੋ ਗਏ ਹਨ, ਜਦਕਿ ਰਾਸ਼ਟਰੀ ਰਾਜਮਾਰਗ ਨਿਰਮਾਣ ਦੀ ਗਤੀ 2014-15 ਵਿੱਚ 12.1 ਕਿਲੋਮੀਟਰ ਪ੍ਰਤੀ ਦਿਨ ਤੋਂ 2.8 ਗੁਣਾ ਵਧ ਕੇ 2023-24 ਵਿੱਚ 33.8 ਕਿਲੋਮੀਟਰ ਪ੍ਰਤੀ ਦਿਨ ਹੋ ਗਈ ਹੈ।
ਮੰਤਰੀ ਨੇ ਕਿਹਾ ਕਿ ਪਿਛਲੇ 11 ਵਰ੍ਹਿਆਂ ਵਿੱਚ, ਸਰਕਾਰ ਨੇ ਗੁਰੂਗ੍ਰਾਮ ਨੂੰ ਇੱਕ ਗਤੀਸ਼ੀਲ ਸ਼ਹਿਰੀ ਅਤੇ ਆਰਥਿਕ ਪਾਵਰਹਾਊਸ ਵਿੱਚ ਬਦਲਣ ਵਿੱਚ ਮੁੱਖ ਭੂਮਿਕਾ ਨਿਭਾਈ ਹੈ। ਦਵਾਰਕਾ ਐਕਸਪ੍ਰੈਸਵੇਅ, ਅਰਬਨ ਐਕਸਟੈਂਸ਼ਨ ਰੋਡ-II (ਯੂਈਆਰ-II), ਮੈਟਰੋ ਰੇਲ ਐਕਸਟੈਂਸ਼ਨ, ਗੁਰੂਗ੍ਰਾਮ-ਸੋਹਨਾ ਐਲੀਵੇਟਿਡ ਕੌਰੀਡੋਰ, ਦਿੱਲੀ-ਮੁੰਬਈ ਐਕਸਪ੍ਰੈੱਸਵੇਅ ਵਰਗੇ ਮਹੱਤਵਪੂਰਨ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਨੇ ਦਿੱਲੀ-ਐੱਨਸੀਆਰ ਵਿੱਚ ਖੇਤਰੀ ਸੰਪਰਕ ਵਿੱਚ ਮਹੱਤਵਪੂਰਨ ਵਾਧਾ ਕੀਤਾ ਹੈ।
ਸ਼੍ਰੀ ਮਲਹੋਤਰਾ ਨੇ ਗੁੜਗਾਓਂ ਦੇ ਵਿਕਾਸ ਵਿੱਚ ਮੰਤਰੀ ਸ਼੍ਰੀ ਰਾਓ ਇੰਦਰਜੀਤ ਸਿੰਘ ਦੇ ਯੋਗਦਾਨ 'ਤੇ ਚਾਨਣਾ ਪਾਇਆ, ਜੋ ਗੁਰੂਗ੍ਰਾਮ ਨੂੰ ਇੱਕ ਆਧੁਨਿਕ ਸ਼ਹਿਰੀ ਹੱਬ ਵਿੱਚ ਬਦਲਣ ਅਤੇ ਗੁੜਗਾਓਂ ਨੂੰ ਇੱਕ ਮੋਹਰੀ ਆਰਥਿਕ ਅਤੇ ਤਕਨੀਕੀ ਹੱਬ ਵਜੋਂ ਸਥਾਪਿਤ ਕਰਨ ਵਿੱਚ ਮੁੱਖ ਭੂਮਿਕਾ ਨਿਭਾ ਰਹੇ ਹਨ।
ਸ਼੍ਰੀ ਮਲਹੋਤਰਾ ਨੇ ਕਿਹਾ ਕਿ ਜਿਨ੍ਹਾਂ ਪ੍ਰੋਜੈਕਟਾਂ ਦਾ ਅੱਜ ਨੀਂਹ ਪੱਥਰ ਰੱਖਿਆ ਜਾ ਰਿਹਾ ਹੈ, ਉਹ ਗੁਰੂਗ੍ਰਾਮ, ਰੇਵਾੜੀ ਅਤੇ ਨਜ਼ਦੀਕੀ ਖੇਤਰਾਂ ਦੇ ਨਿਵਾਸੀਆਂ ਅਤੇ ਯਾਤਰੀਆਂ, ਖਾਸ ਕਰਕੇ ਸੇਵਾ ਪੇਸ਼ੇਵਰਾਂ ਲਈ ਇੱਕ ਸੁਰੱਖਿਅਤ ਅਤੇ ਸੁਚਾਰੂ ਯਾਤਰਾ ਅਨੁਭਵ ਨੂੰ ਯਕੀਨੀ ਬਣਾਉਣਗੇ ਅਤੇ ਖੇੜਕੀ ਧੌਲਾ ਤੋਂ ਹਰਿਆਣਾ-ਰਾਜਸਥਾਨ ਸਰਹੱਦ ਤੱਕ ਐੱਨਐੱਚ-48 ਕੌਰੀਡੋਰ 'ਤੇ ਟ੍ਰੈਫਿਕ ਜਾਮ, ਜਲ-ਭਰਾਅ ਅਤੇ ਸੜਕ ਸੁਰੱਖਿਆ ਦੀਆਂ ਲੰਬੇ ਸਮੇਂ ਤੋਂ ਚੱਲੀਆਂ ਆ ਰਹੀਆਂ ਚੁਣੌਤੀਆਂ ਨੂੰ ਹੱਲ ਕਰਨਗੇ। ਹੀਰੋ ਕੰਪਨੀ ਦੇ ਨੇੜੇ ਪੰਚਗਾਓਂ ਚੌਕ, ਰਾਠੀਵਾਸ ਅਤੇ ਸਾਹਲਾਵਾਸ ਵਿਖੇ 4 ਫਲਾਈਓਵਰ ਪ੍ਰੋਜੈਕਟਾਂ ਦਾ ਉਦੇਸ਼ ਸੜਕੀ ਟੱਕਰਾਂ ਨੂੰ ਖਤਮ ਕਰਨਾ ਅਤੇ ਦੁਰਘਟਨਾ ਸੰਭਾਵਿਤ ਬਲੈਕ ਸਪੌਟਸ ਨੂੰ ਹੱਲ ਕਰਨਾ ਹੈ।
ਮੰਤਰੀ ਨੇ ਅੱਗੇ ਦੱਸਿਆ ਕਿ ਐੱਨਐੱਚ-48 ਦੇ ਗੁੜਗਾਓਂ-ਕੋਟਪੁਤਲੀ-ਜੈਪੁਰ ਸੈਕਸ਼ਨ 'ਤੇ ਨੌਂ ਰਣਨੀਤਕ ਸਥਾਨਾਂ 'ਤੇ ਫੁੱਟ ਓਵਰ ਬ੍ਰਿਜ (ਐੱਫਓਬੀ) 'ਤੇ ਰੈਂਪ ਅਤੇ ਪੌੜੀਆਂ ਲਗਾਈਆਂ ਜਾਣਗੀਆਂ ਤਾਂ ਜੋ ਲੋੜ ਪੈਣ 'ਤੇ ਦੋਪਹੀਆ ਵਾਹਨਾਂ ਸਮੇਤ ਸਾਰਿਆਂ ਲਈ ਪਹੁੰਚਯੋਗਤਾ ਨੂੰ ਯਕੀਨੀ ਬਣਾਇਆ ਜਾ ਸਕੇ। ਇਸ ਤੋਂ ਇਲਾਵਾ, ਰਾਤ ਦੇ ਸਮੇਂ ਸੁਰੱਖਿਆ ਅਤੇ ਵਰਤੋਂ ਯੋਗਤਾ ਨੂੰ ਵਧਾਉਣ ਲਈ, ਪੁਲਾਂ 'ਤੇ ਵਿਸ਼ੇਸ਼ ਰੌਸ਼ਨੀ ਹੋਵੇਗੀ, ਜੋ ਪੈਦਲ ਯਾਤਰੀਆਂ ਨਾਲ ਸਬੰਧਿਤ ਹਾਦਸਿਆਂ ਅਤੇ ਮੌਤਾਂ ਨੂੰ ਕਾਫ਼ੀ ਘਟਾਏਗੀ ਅਤੇ ਨਾਲ ਹੀ ਸਮੁੱਚੇ ਹਾਈਵੇਅ ਸੁਰੱਖਿਆ ਅਤੇ ਸੰਪਰਕ ਵਿੱਚ ਸੁਧਾਰ ਕਰੇਗੀ।
ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਹ ਪ੍ਰੋਜੈਕਟ ਖੇਤਰ ਵਿੱਚ ਖੁਸ਼ਹਾਲੀ ਲਈ ਇੱਕ ਮਹੱਤਵਪੂਰਨ ਕਦਮ ਸਾਬਤ ਹੋਣਗੇ, ਜਿਸ ਨਾਲ ਨਾ ਸਿਰਫ ਸੜਕ ਸੁਰੱਖਿਆ ਯਕੀਨੀ ਬਣੇਗੀ ਸਗੋਂ ਖੇਤਰ ਵਿੱਚ ਮਹੱਤਵਪੂਰਨ ਯੋਗਦਾਨ ਵੀ ਹੋਵੇਗਾ ਅਤੇ ਸਮਾਜਿਕ ਅਤੇ ਆਰਥਿਕ ਖੁਸ਼ਹਾਲੀ ਨੂੰ ਪ੍ਰੋਤਸਾਹਨ ਮਿਲੇਗਾ।
ਸ਼੍ਰੀ ਮਲਹੋਤਰਾ ਨੇ ਕਿਹਾ ਕਿ ਦਿੱਲੀ-ਐੱਨਸੀਆਰ ਨੂੰ ਰਣਨੀਤਕ ਤੌਰ 'ਤੇ ਭੀੜ-ਭੜੱਕੇ ਤੋਂ ਮੁਕਤ ਕਰਨ ਲਈ 80,545 ਕਰੋੜ ਰੁਪਏ ਦੇ ਪ੍ਰੋਜੈਕਟ ਪੂਰੇ ਕੀਤੇ ਗਏ ਹਨ, ਜੋ ਕਿ 1,679 ਕਿਲੋਮੀਟਰ ਦੀ ਲੰਬਾਈ ਵਿੱਚ ਫੈਲੇ ਹੋਏ ਹਨ, ਅਤੇ 7,084 ਕਰੋੜ ਰੁਪਏ ਦੇ ਵਾਧੂ ਬੁਨਿਆਦੀ ਢਾਂਚੇ ਦਾ ਨਿਰਮਾਣ ਅਧੀਨ ਹੈ। ਇਸ ਤੋਂ ਇਲਾਵਾ, 23,850 ਕਰੋੜ ਰੁਪਏ ਦੇ ਪ੍ਰੋਜੈਕਟ ਯੋਜਨਾਬੰਦੀ ਦੇ ਪੜਾਅ 'ਤੇ ਹਨ, ਜਿਸ ਵਿੱਚ ਯੂਈਆਰ-II ਰਾਹੀਂ ਦਿੱਲੀ-ਅੰਮ੍ਰਿਤਸਰ-ਕਟੜਾ ਅਤੇ ਦਿੱਲੀ-ਦੇਹਰਾਦੂਨ ਐਕਸਪ੍ਰੈੱਸਵੇਅ ਦਾ ਵਿਸਥਾਰ, ਨੋਇਡਾ, ਗਾਜ਼ੀਆਬਾਦ ਅਤੇ ਫਰੀਦਾਬਾਦ ਤੱਕ ਯੂਈਆਰ-II ਦਾ ਪੂਰਬੀ ਵਿਸਥਾਰ, ਦਵਾਰਕਾ ਐਕਸਪ੍ਰੈੱਸਵੇਅ ਤੋਂ ਨੈਲਸਨ ਮੰਡੇਲਾ ਮਾਰਗ ਤੱਕ 5 ਕਿਲੋਮੀਟਰ ਲੰਬੀ ਸੜਕ ਸੁਰੰਗ, ਏਮਸ ਤੋਂ ਮਹੀਪਾਲਪੁਰ ਬਾਈਪਾਸ ਤੱਕ 20 ਕਿਲੋਮੀਟਰ ਲੰਬਾ ਐਲੀਵੇਟਿਡ ਕੌਰੀਡੋਰ ਜੋ ਗੁੜਗਾਓਂ-ਫਰੀਦਾਬਾਦ ਸੜਕ ਤੱਕ ਫੈਲਿਆ ਹੋਇਆ ਹੈ ਅਤੇ ਓਖਲਾ ਬੈਰਾਜ ਦੇ ਨੇੜੇ ਕਾਲਿੰਦੀ ਕੁੰਜ ਵਿਖੇ 0.5 ਕਿਲੋਮੀਟਰ ਲੰਬਾ ਇੰਟਰਚੇਂਜ ਸ਼ਾਮਲ ਹੈ।
ਸ਼੍ਰੀ ਹਰਸ਼ ਮਲਹੋਤਰਾ ਨੇ ਅੱਗੇ ਕਿਹਾ ਕਿ ਜਨਤਕ ਬੁਨਿਆਦੀ ਢਾਂਚਾ ਆਰਥਿਕ ਵਿਕਾਸ, ਸੰਪਰਕ, ਕਾਰੋਬਾਰ ਅਤੇ ਜੀਵਨ ਦੀ ਸਮੁੱਚੀ ਗੁਣਵੱਤਾ ਵਿੱਚ ਸੁਧਾਰ ਦੀ ਰੀੜ੍ਹ ਦੀ ਹੱਡੀ ਹੈ। ਦੁਨੀਆ ਦੀ ਚੌਥੀ ਸਭ ਤੋਂ ਵੱਡੀ ਅਰਥਵਿਵਸਥਾ, ਭਾਰਤ ਨੇ ਪਿਛਲੇ ਦਹਾਕੇ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਸ਼ਾਨਦਾਰ ਤਰੱਕੀ ਕੀਤੀ ਹੈ, ਅਤੇ ਬੁਨਿਆਦੀ ਢਾਂਚੇ 'ਤੇ ਖਰਚ ਕੀਤੇ ਗਏ ਹਰ ਰੁਪਏ ਦਾ ਦੇਸ਼ ਦੇ ਜੀਡੀਪੀ 'ਤੇ 3.2 ਗੁਣਾ ਪ੍ਰਭਾਵ ਪੈਂਦਾ ਹੈ।
ਮੰਤਰੀ ਨੇ ਕਿਹਾ ਕਿ ਇਹ ਬੁਨਿਆਦੀ ਢਾਂਚਾ ਪਰਿਵਰਤਨ ਏਕੀਕ੍ਰਿਤ ਵਿਕਾਸ, ਆਰਥਿਕ ਸਸ਼ਕਤੀਕਰਣ ਅਤੇ ਖੇਤਰੀ ਸੰਤੁਲਨ ਲਈ ਹੈ ਅਤੇ ਪ੍ਰਧਾਨ ਮੰਤਰੀ ਗਤੀ ਸ਼ਕਤੀ ਮਾਸਟਰ ਪਲਾਨ ਦੇ ਤਹਿਤ, ਨਿਰਵਿਘਨ ਗਤੀਸ਼ੀਲਤਾ ਨੂੰ ਯਕੀਨੀ ਬਣਾਉਣ ਲਈ ਅਤੇ ਆਰਥਿਕ ਸੰਭਾਵਨਾਵਾਂ ਨੂੰ ਉਜਾਗਰ ਕਰਨ ਲਈ ਲੌਜਿਸਟਿਕਸ, ਰੇਲਵੇ, ਬੰਦਰਗਾਹਾਂ ਅਤੇ ਸ਼ਹਿਰੀ ਯੋਜਨਾਬੰਦੀ ਦੇ ਨਾਲ ਤਾਲਮੇਲ ਸਥਾਪਿਤ ਕਰਕੇ ਬੁਨਿਆਦੀ ਢਾਂਚੇ ਦਾ ਵਿਕਾਸ ਕੀਤਾ ਜਾ ਰਿਹਾ ਹੈ। ਸ਼੍ਰੀ ਮਲਹੋਤਰਾ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਪ੍ਰੋਜੈਕਟਾਂ ਨੂੰ ਤੇਜ਼ ਕਰਨ ਤਾਂ ਜੋ ਇਨ੍ਹਾਂ ਨੂੰ ਸਮੇਂ ਸਿਰ ਆਮ ਲੋਕਾਂ ਲਈ ਖੋਲ੍ਹਿਆ ਜਾ ਸਕੇ।
ਮੰਤਰੀ ਸ਼੍ਰੀ ਹਰਸ਼ ਮਲਹੋਤਰਾ ਨੇ ਅੰਤ ਵਿੱਚ ਕਿਹਾ ਕਿ ਬੁਨਿਆਦੀ ਢਾਂਚੇ ਦਾ ਵਿਕਾਸ ਸਿਰਫ਼ ਸੜਕਾਂ ਬਣਾਉਣ ਬਾਰੇ ਨਹੀਂ ਹੈ, ਸਗੋਂ ਇਹ ਭਾਰਤ ਨੂੰ ਇੱਕ ਆਰਥਿਕ ਪਾਵਰਹਾਊਸ ਵਿੱਚ ਬਦਲਣ ਦੀ ਨੀਂਹ ਰੱਖੇਗਾ ਅਤੇ ਬਾਅਦ ਵਿੱਚ ਵਿਕਸਿਤ ਭਾਰਤ ਵੱਲ ਇੱਕ ਮੁੱਖ ਮਾਪਦੰਡ ਹੋਵੇਗਾ।



***********
ਐੱਸਆਰ/ਜੀਡੀਐੱਚ/ਪੀਐੱਨ/ਐੱਚਕੇ
(Release ID: 2161105)
Visitor Counter : 11