ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਦੱਖਣੀ ਅਤੇ ਦੱਖਣ-ਪੂਰਬੀ ਏਸ਼ੀਆਈ ਦੇਸ਼ ਸਹਿਯੋਗ ਰਾਹੀਂ ਸਿਹਤ ਖੋਜ ਪ੍ਰਣਾਲੀਆਂ ਨੂੰ ਮਜ਼ਬੂਤ ਕਰਨ ਲਈ ਇੱਕਜੁਟ ਹੋਏ
ਭੂਟਾਨ, ਨੇਪਾਲ, ਸ੍ਰੀਲੰਕਾ, ਤਿਮੋਰ-ਲੇਸਤੇ ਅਤੇ ਭਾਰਤ ਦੇ ਪ੍ਰਤੀਨਿਧੀਆਂ ਨੇ ਸਹਿਯੋਗ ਨੂੰ ਉਤਸ਼ਾਹਿਤ ਕਰਨ, ਸਿਹਤ ਖੋਜ ਨੂੰ ਨੀਤੀ ਨਾਲ ਜੋੜਨ ਅਤੇ ਦੱਖਣ ਅਤੇ ਦੱਖਣ-ਪੂਰਬੀ ਏਸ਼ੀਆ ਵਿੱਚ ਟਿਕਾਊ ,ਭਵਿੱਖ ਲਈ ਤਿਆਰ ਸਿਹਤ ਪ੍ਰਣਾਲੀਆਂ ਦਾ ਨਿਰਮਾਣ ਕਰਨ ਦੇ ਲਈ ਮੁਲਾਕਾਤ ਕੀਤੀ
ਦੇਸ਼ਾਂ ਨੇ ਖੇਤਰੀ ਸਿਹਤ ਤਰਜੀਹਾਂ 'ਤੇ ਸਾਂਝੀ ਕਾਰਵਾਈ ਲਈ ਵਚਨਬੱਧਤਾ ਪ੍ਰਗਟਾਈ ਹੈ, ਜਿਸ ਵਿੱਚ ਵਨ ਹੈਲਥ, ਮਹਾਮਾਰੀ ਦੀ ਤਿਆਰੀ, ਛੂਤ ਦੀਆਂ ਬਿਮਾਰੀਆਂ, ਐੱਨਸੀਡੀ, ਮਾਵਾਂ ਦੀ ਸਿਹਤ ਅਤੇ ਮੈਡੀਕਲ ਇਨੋਵੇਸ਼ਨ ਜਿਹੇ ਖੇਤਰਾਂ ਵਿੱਚ ਮੋਹਰੀ ਭੂਮਿਕਾਵਾਂ ਨਿਭਾਉਣਾ ਸ਼ਾਮਲ ਹਨ
ਆਈਸੀਐੱਮਆਰ ਉੱਭਰ ਰਹੀਆਂ ਖੋਜ ਪ੍ਰਣਾਲੀਆਂ ਨੂੰ ਮਜ਼ਬੂਤ ਕਰਨ ਲਈ ਸਾਂਝੇ ਉਪਕਰਣ ਅਤੇ ਸਿਖਲਾਈ ਪ੍ਰਦਾਨ ਕਰਵਾਉਂਦਾ ਹੈ, ਇਸ ਕ੍ਰਮ ਵਿੱਚ ਦੇਸ਼ਾਂ ਨੇ ਨਿਯਮਤ ਮੀਟਿੰਗਾਂ, ਆਦਾਨ-ਪ੍ਰਦਾਨ ਯਾਤਰਾਵਾਂ ਅਤੇ ਪ੍ਰਮੁੱਖ ਖੋਜ ਖੇਤਰਾਂ ਵਿੱਚ ਸਾਂਝੇ ਸਮਰੱਥਾ ਨਿਰਮਾਣ ਰਾਹੀਂ ਢਾਂਚਾਗਤ ਸਹਿਯੋਗ 'ਤੇ ਸਹਿਮਤੀ ਜਤਾਈ ਹੈ।
प्रविष्टि तिथि:
23 AUG 2025 10:28AM by PIB Chandigarh
ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐੱਮਾਰ) ਦੇ ਸਿਹਤ ਖੋਜ ਵਿਭਾਗ (ਡੀਐੱਚਆਰ) ਨੇ ਕੱਲ੍ਹ ਨਵੀਂ ਦਿੱਲੀ ਸਥਿਤ ਸੁਸ਼ਮਾ ਸਵਰਾਜ ਭਵਨ ਵਿਖੇ ਸਿਹਤ ਖੋਜ ਪ੍ਰਣਾਲੀਆਂ ਨੂੰ ਮਜ਼ਬੂਤ ਕਰਨ ਲਈ ਇੱਕ ਉੱਚ-ਪੱਧਰੀ ਖੇਤਰੀ ਗੱਲਬਾਤ ਲਈ ਭੂਟਾਨ, ਨੇਪਾਲ,ਸ੍ਰੀਲੰਕਾ, ਤਿਮੋਰ-ਲੇਸਤੇ ਅਤੇ ਭਾਰਤ ਦੇ ਪ੍ਰਤੀਨਿਧੀਆਂ ਨੂੰ ਬੁਲਾਇਆ। ਇਹ ਮੀਟਿੰਗ ਦੱਖਣ ਅਤੇ ਦੱਖਣ-ਪੂਰਬੀ ਏਸ਼ੀਆ ਵਿੱਚ ਸਹਿਯੋਗ ਨੂੰ ਉਤਸ਼ਾਹਿਤ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਵਜੋਂ ਦਰਸਾਈ ਗਈ। ਇਸ ਪਹਿਲਕਦਮੀ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਸਿਹਤ ਖੋਜ ਸਿੱਧੇ ਤੌਰ 'ਤੇ ਨੀਤੀ ਨਿਰਮਾਣ ਨੂੰ ਪ੍ਰਭਾਵਿਤ ਕਰੇ, ਖੇਤਰੀ ਤਰਜੀਹਾਂ ਨੂੰ ਸਮਾਧਾਨ ਕਰੇ ਅਤੇ ਭਵਿੱਖ ਲਈ ਦੀਰਘਾਕਾਲੀ ਪ੍ਰਣਾਲੀਆਂ ਦੇ ਨਿਰਮਾਣ ਵਿੱਚ ਸਹਾਇਕ ਬਣੇ।

ਵਿਚਾਰ-ਵਟਾਂਦਰੇ ਵਿੱਚ ਉੱਘੇ ਮਾਹਿਰਾਂ ਅਤੇ ਪਤਵੰਤਿਆਂ ਨੇ ਸ਼ਿਰਕਤ ਕੀਤੀ। ਇਨ੍ਹਾਂ ਸੈਸ਼ਨਾਂ ਦੀ ਪ੍ਰਧਾਨਗੀ ਡਾ. ਵੀ.ਕੇ. ਪਾਲ, ਮੈਂਬਰ, ਨੀਤੀ ਆਯੋਗ, ਸ਼੍ਰੀ ਅਮਿਤ ਅਗਰਵਾਲ, ਸਕੱਤਰ ਫਾਰਮਾਸਿਊਟੀਕਲ ਵਿਭਾਗ, ਡਾ. ਰਾਜੀਵ ਸਿੰਘ ਰਘੂਵੰਸ਼ੀ, ਡਰੱਗਜ਼ ਕੰਟਰੋਲਰ ਜਨਰਲ ਆਫ਼ ਇੰਡੀਆ, ਪ੍ਰੋਫੈਸਰ ਡਾ. ਕੇ. ਸ਼੍ਰੀਨਾਥ ਰੈੱਡੀ, ਆਨਰੇਰੀ ਡਿਸਟਿੰਗੂਇਸ਼ਡ ਪ੍ਰੋਫੈਸਰ, ਪਬਲਿਕ ਹੈਲਥ ਫਾਊਂਡੇਸ਼ਨ ਆਫ਼ ਇੰਡੀਆ (ਪੀਐੱਚਐੱਫਆਈ), ਡਾ. ਸ਼ਮਿਕਾ ਰਵੀ, ਮੈਂਬਰ, ਪ੍ਰਧਾਨ ਮੰਤਰੀ ਆਰਥਿਕ ਸਲਾਹਕਾਰ ਪਰਿਸ਼ਦ (ਈਏਸੀ-ਪੀਐੱਮ), ਡਾ. ਸ਼ਿਵਕੁਮਾਰ ਕਲਿਆਣਰਮਣ, ਸੀਈਓ, ਅਨੁਸੰਧਾਨ ਰਾਸ਼ਟਰੀ ਅਨੁੰਸਧਾਨ ਫਾਊਂਡੇਸ਼ਨ (ਏਐੱਨਆਰਐੱਫ), ਸ਼੍ਰੀ ਰਾਜੇਸ਼ ਭੂਸ਼ਣ, ਸਾਬਕਾ ਸਕੱਤਰ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਅਤੇ ਡਾ. ਰੇਣੂ ਸਵਰੂਪ, ਸਾਬਕਾ ਸਕੱਤਰ, ਬਾਇਓਟੈਕਨੋਲੋਜੀ ਵਿਭਾਗ ਨੇ ਕੀਤੀ।
ਮੈਡ-ਟੈਕ ਇਨੋਵੇਸ਼ਨ ਵਿੱਚ ਭਾਰਤ ਦੀ ਪ੍ਰਗਤੀ ਨੂੰ ਸਾਂਝਾ ਕਰਦੇ ਹੋਏ, ਇਸ ਵਿਸ਼ੇ 'ਤੇ ਇੱਕ ਸੈਸ਼ਨ ਦੀ ਪ੍ਰਧਾਨਗੀ ਕਰਦੇ ਹੋਏ, ਸ਼੍ਰੀ ਅਮਿਤ ਅਗਰਵਾਲ, ਸਕੱਤਰ, ਫਾਰਮਾਸਿਊਟੀਕਲ ਵਿਭਾਗ ਨੇ ਕਿਹਾ, "ਭਾਰਤ ਅੱਜ ਸਿਹਤ ਲਈ ਵਿਗਿਆਨਕ ਖੋਜ ਅਤੇ ਇਨੋਵੇਸ਼ਨ ਵਿੱਚ ਸਭ ਤੋਂ ਅੱਗੇ ਹੈ। ਮੈਂ ਆਪਣੇ ਖੋਜ ਪਲੈਟਫਾਰਮ ਭਾਈਵਾਲਾਂ ਨੂੰ ਭਾਰਤ ਦੇ ਓਪਨ ਇਨੋਵੇਸ਼ਨ ਪਲੈਟਫਾਰਮਾਂ ਨਾਲ ਸਰਗਰਮੀ ਨਾਲ ਜੁੜਨ ਦੀ ਬੇਨਤੀ ਕਰਦਾ ਹਾਂ, ਤਾਂ ਜੋ ਅਸੀਂ ਮਿਲ ਕੇ ਸਟਾਰਟ-ਅੱਪਸ ਨੂੰ ਉਤਸ਼ਾਹਿਤ ਕਰ ਸਕੀਏ, ਮੈਡ-ਟੈਕ ਦੀਆਂ ਸਫਲਤਾਵਾਂ ਨੂੰ ਗਤੀ ਦੇ ਸਕੀਏ, ਅਤੇ ਅਜਿਹੇ ਕਿਫਾਇਤੀ ਹੱਲ ਪ੍ਰਦਾਨ ਕਰ ਸਕੀਏ ਜੋ ਆਰਥਿਕ ਵਿਕਾਸ ਅਤੇ ਵਿਆਪਕ ਜਨਤਕ ਹਿਤ ਦੋਵਾਂ ਲਈ ਉਪਯੋਗੀ ਹੋਵੇ।"

ਮੀਟਿੰਗ ਦੇ ਫਾਰਵਰਡ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ, ਡਾ. ਰਾਜੀਵ ਬਹਿਲ, ਸਕੱਤਰ, ਡੀਐੱਚਆਰ ਅਤੇ ਡਾਇਰੈਕਟਰ ਜਨਰਲ, ਆਈਸੀਐੱਮਆਰ, ਨੇ ਕਿਹਾ ਕਿ "ਗਲੋਬਲ ਭਾਈਵਾਲੀ ਅਤੇ ਵਿਗਿਆਨ ਕੂਟਨੀਤੀ ਹਮੇਸ਼ਾ ਭਾਰਤ ਦੀ ਰਣਨੀਤੀ ਦਾ ਕੇਂਦਰ ਰਹੀ ਹੈ। ਦੱਖਣ-ਦੱਖਣ ਸਹਿਯੋਗ ਸਾਡੀ ਤਰਜੀਹ ਹੈ ਜਿਸ ਨੂੰ ਸਾਂਝੇ ਪ੍ਰੋਜੈਕਟਾਂ ਅਤੇ ਸਮਰੱਥਾ ਨਿਰਮਾਣ ਰਾਹੀਂ ਅੱਗੇ ਵਧਾਇਆ ਜਾ ਰਿਹਾ ਹੈ ਤਾਂ ਜੋ ਖੇਤਰ ਇੱਕ ਦੂਜੇ ਦੀ ਮੁਹਾਰਤ ਤੋਂ ਲਾਭ ਪ੍ਰਾਪਤ ਕਰ ਸਕੇ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਵਿਗਿਆਨ ਅਤੇ ਖੋਜ ਦੇ ਲਾਭ ਸਿੱਧੇ ਲੋਕਾਂ ਤੱਕ ਪਹੁੰਚਣ।"

ਡੈਲੀਗੇਟਾਂ ਨੇ ਕਈ ਮੁੱਖ ਨੁਕਤਿਆਂ 'ਤੇ ਸਹਿਮਤੀ ਬਣਾਈ:
-
ਦੱਖਣ-ਦੱਖਣ ਸਹਿਯੋਗ: ਸਾਰੇ ਦੇਸ਼ ਇਸ ਗੱਲ 'ਤੇ ਸਹਿਮਤ ਹੋਏ ਕਿ ਐਂਟੀਮਾਈਕਰੋਬਾਇਲ ਪ੍ਰਤੀਰੋਧ (ਏਐੱਮਆਰ), ਗੈਰ-ਸੰਚਾਰੀ ਬਿਮਾਰੀਆਂ (ਐੱਨਸੀਡੀ) ਅਤੇ ਵਨ ਹੈਲਥ ਵਰਗੀਆਂ ਸਾਂਝੀਆਂ ਚੁਣੌਤੀਆਂ ਦਾ ਹੱਲ ਕਰਨ ਲਈ ਖੇਤਰੀ ਸਹਿਯੋਗ ਜ਼ਰੂਰੀ ਹੈ।
-
ਸਰੋਤਾਂ ਅਤੇ ਮੁਹਾਰਤਾਂ ਨੂੰ ਇਕੱਠਾ ਕਰਨਾ: ਮੈਡੀਕਲ ਟੈਕਨੋਲੋਜੀ ਇਨੋਵੇਸ਼ਨ, ਖੇਤਰੀ ਮਹਾਮਾਰੀ ਵਿਗਿਆਨ ਟ੍ਰੇਨਿੰਗ, ਨੈਤਿਕਤਾ ਅਤੇ ਗੁਣਵੱਤਾ ਭਰੋਸੇ ਵਿੱਚ ਸਾਂਝੇ ਯਤਨਾਂ ਨੂੰ ਤਰਜੀਹੀ ਖੇਤਰਾਂ ਵਜੋਂ ਪਛਾਣਿਆ ਗਿਆ।
-
ਖੋਜ ਅਤੇ ਨੀਤੀ ਨੂੰ ਜੋੜਨਾ: ਭਾਗੀਦਾਰ ਖੋਜ-ਨੀਤੀ ਸੰਵਾਦ ਲਈ ਰਸਮੀ ਵਿਧੀਆਂ ਲਈ ਵਚਨਬੱਧ ਹਨ, ਅਤੇ ਇਹ ਯਕੀਨੀ ਬਣਾਉਂਦੇ ਹਨ ਕਿ ਵਿਗਿਆਨਕ ਸਬੂਤ ਪ੍ਰਭਾਵਸ਼ਾਲੀ ਪ੍ਰੋਗਰਾਮਾਂ ਵਿੱਚ ਅਨੁਵਾਦ ਕੀਤਾ ਜਾਏ।
ਆਈਸੀਐੱਮਆਰ ਨੇ ਆਪਣੇ ਸਾਧਨਾਂ ਅਤੇ ਸਰੋਤਾਂ ਨੂੰ ਸਾਂਝਾ ਕਰਨ ਦੀ ਪੇਸ਼ਕਸ਼ ਕੀਤੀ, ਜਿਸ ਵਿੱਚ ਆਮ ਨੈਤਿਕਤਾ ਸਮੀਖਿਆ ਫਾਰਮ ਅਤੇ ਮੁਫ਼ਤ ਔਨਲਾਈਨ ਟ੍ਰੇਨਿੰਗ ਕੋਰਸ ਸ਼ਾਮਲ ਹਨ, ਤਾਂ ਜੋ ਉਹ ਦੇਸ਼ ਜੋ ਖੋਜ ਪ੍ਰਣਾਲੀਆਂ ਦੇ ਨਿਰਮਾਣ ਦੇ ਸ਼ੁਰੂਆਤੀ ਪੜਾਵਾਂ ਵਿੱਚ ਹਨ, ਉਨ੍ਹਾਂ ਨੂੰ ਸ਼ੁਰੂ ਤੋਂ ਸ਼ੁਰੂ ਕੀਤੇ ਬਿਨਾਂ ਅਪਣਾ ਸਕਣ। ਅੱਗੇ ਦੇਖਦੇ ਹੋਏ, ਦੇਸ਼ ਸਹਿਯੋਗ ਲਈ ਢਾਂਚਾਗਤ ਵਿਧੀਆਂ ਸਥਾਪਿਤ ਕਰਨ ਲਈ ਸਹਿਮਤ ਹੋਏ, ਜਿਸ ਵਿੱਚ ਸਾਲਾਨਾ/ਸੈਮੀਨਲ ਕਾਨਫਰੰਸਾਂ, ਐਕਸਚੇਂਜ ਮੁਲਾਕਾਤਾਂ, ਅਤੇ ਖੋਜ ਵਿਧੀਆਂ, ਨੈਤਿਕਤਾ, ਗ੍ਰਾਂਟ ਰਾਈਟਿੰਗ ਅਤੇ ਵਿਗਿਆਨ ਸੰਚਾਰ ਵਿੱਚ ਸਾਂਝੇ ਸਮਰੱਥਾ ਨਿਰਮਾਣ ਪ੍ਰੋਗਰਾਮ ਸ਼ਾਮਲ ਹਨ।
ਇਹ ਮੀਟਿੰਗ ਗਿਆਨ-ਸਾਂਝਾਕਰਣ ਤੋਂ ਸਾਂਝੀ ਕਾਰਵਾਈ ਵੱਲ ਵਧਣ ਦੀ ਸਮੂਹਿਕ ਵਚਨਬੱਧਤਾ ਨਾਲ ਸਮਾਪਤ ਹੋਈ, ਜਿਸ ਵਿੱਚ ਹਰੇਕ ਦੇਸ਼ ਵਨ ਹੈਲਥ, ਮਹਾਮਾਰੀ ਦੀ ਤਿਆਰੀ, ਛੂਤ ਦੀਆਂ ਬਿਮਾਰੀਆਂ, ਵੈਕਟਰ-ਜਨਿਤ ਬਿਮਾਰੀਆਂ, ਗੈਰ-ਸੰਚਾਰੀ ਬਿਮਾਰੀਆਂ, ਮਾਵਾਂ ਦੀ ਸਿਹਤ ਅਤੇ ਮੈਡੀਕਲ ਇਨੋਵੇਸ਼ਨ ਜਿਹੇ ਖਾਸ ਥੀਮੈਟਿਕ ਖੇਤਰਾਂ ਵਿੱਚ ਅਗਵਾਈ ਕਰਨ ਦੇ ਮੌਕਿਆਂ ਦੀ ਖੋਜ ਕਰੇਗਾ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਖੇਤਰ ਭਰ ਵਿੱਚ ਸਿਹਤ ਖੋਜ ਸਿੱਧੇ ਤੌਰ 'ਤੇ ਖੇਤਰੀ ਜ਼ਰੂਰਤਾਂ ਅਤੇ ਤਰਜੀਹਾਂ ਦਾ ਜਵਾਬ ਦੇਵੇ।

ਇਸ ਸਮਾਗਮ ਵਿੱਚ ਕਮਿਊਨਿਟੀ ਐਂਪਾਵਰਮੈਂਟ ਲੈਬ ਦੇ ਸੰਸਥਾਪਕ ਅਤੇ ਸੀਈਓ ਡਾ. ਵਿਸ਼ਵਜੀਤ ਕੁਮਾਰ ਅਤੇ ਆਈਸੀਐੱਮਆਰ ਦੇ ਕਈ ਸੀਨੀਅਰ ਆਗੂ ਵੀ ਸ਼ਾਮਲ ਹੋਏ, ਜਿਨ੍ਹਾਂ ਵਿੱਚ ਡਾ. ਸੰਘਮਿੱਤਰਾ ਪਤੀ, ਸ਼੍ਰੀਮਤੀ ਮਨੀਸ਼ਾ ਸਕਸੈਨਾ, ਡਾ. ਆਰਐੱਸ ਧਾਲੀਵਾਲ, ਡਾ. ਰੋਲੀ ਮਾਥੁਰ, ਡਾ. ਤਰੁਣਾ ਮਦਾਨ, ਡਾ. ਤਨਵੀਰ ਕੌਰ ਅਤੇ ਡਾ. ਨਿਵੇਦਿਤਾ ਗੁਪਤਾ ਸ਼ਾਮਲ ਸਨ, ਜਿਨ੍ਹਾਂ ਨੇ ਬਤੌਰ ਸੰਚਾਲਕ ਚਰਚਾ ਦਾ ਸੰਚਾਲਨ ਕੀਤਾ।
****
ਐੱਮਵੀ
(रिलीज़ आईडी: 2160329)
आगंतुक पटल : 31