ਆਯੂਸ਼
ਆਯੁਸ਼ ਮੰਤਰਾਲੇ ਦੀ ਇੱਕ ਸੰਸਥਾ, ਰਾਸ਼ਟਰੀਯ ਆਯੁਰਵੇਦ ਵਿਦਿਆਪੀਠ "ਆਯੁਰਵੇਦ ਰਾਹੀਂ ਬਾਲ ਚਿਕਿਤਸਾ ਵਿੱਚ ਬਿਮਾਰੀ ਅਤੇ ਸਿਹਤ ਪ੍ਰਬੰਧਨ" ਵਿਸ਼ੇ 'ਤੇ 30ਵੇਂ ਰਾਸ਼ਟਰੀ ਸੈਮੀਨਾਰ ਦੀ ਮੇਜ਼ਬਾਨੀ ਕਰੇਗਾ
ਆਯੁਰਵੇਦ-ਅਧਾਰਿਤ ਬਾਲ ਚਿਕਿਤਸਾ ਸਿਹਤ 'ਤੇ ਦੋ-ਦਿਨਾਂ ਸੈਮੀਨਾਰ ਕੱਲ੍ਹ ਤੋਂ ਸ਼ੁਰੂ ਹੋਵੇਗਾ
ਆਰਏਵੀ (RAV) ਸੈਮੀਨਾਰ ਗਿਆਨ, ਇਨੋਵੇਸ਼ਨ ਅਤੇ ਸਹਿਯੋਗਾਤਮਕ ਬਾਲ ਚਿਕਿਤਸਾ ਸਿਹਤ ਸੰਭਾਲ ਖੋਜ ਨੂੰ ਅੱਗੇ ਵਧਾਉਣ ਲਈ ਆਯੁਰਵੇਦ ਮਾਹਿਰਾਂ ਲਈ ਗਤੀਸ਼ੀਲ ਪਲੈਟਫਾਰਮ ਵਜੋਂ ਕੰਮ ਕਰੇਗਾ
ਆਉਣ ਵਾਲਾ ਸੈਮੀਨਾਰ ਸੰਪੂਰਨ ਬਾਲ ਸਿਹਤ ਸੰਭਾਲ ਦੀ ਨੀਂਹ ਵਜੋਂ ਆਯੁਰਵੇਦ ਦੀ ਸੰਭਾਵਨਾ ਨੂੰ ਸਾਬਤ ਕਰੇਗਾ: ਕੇਂਦਰੀ ਮੰਤਰੀ ਸ਼੍ਰੀ ਪ੍ਰਤਾਪਰਾਓ ਜਾਧਵ
Posted On:
17 AUG 2025 11:21AM by PIB Chandigarh
ਰਾਸ਼ਟਰੀਯ ਆਯੁਰਵੇਦ ਵਿਦਿਆਪੀਠ (RAV), ਆਯੁਸ਼ ਮੰਤਰਾਲੇ ਦੇ ਅਧੀਨ ਇੱਕ ਖੁਦਮੁਖਤਿਆਰ ਸੰਗਠਨ, 18-19 ਅਗਸਤ 2025 ਨੂੰ ਨਵੀਂ ਦਿੱਲੀ ਵਿੱਚ ਲੋਧੀ ਰੋਡ ਵਿਖੇ ਸਕੋਪ ਕੰਪਲੈਕਸ ਆਡੀਟੋਰੀਅਮ ਵਿੱਚ "ਆਯੁਰਵੇਦ ਰਾਹੀਂ ਬਾਲ ਚਿਕਿਤਸਾ ਵਿੱਚ ਬਿਮਾਰੀ ਅਤੇ ਸਿਹਤ ਪ੍ਰਬੰਧਨ" ਵਿਸ਼ੇ 'ਤੇ ਆਪਣਾ 30ਵਾਂ ਰਾਸ਼ਟਰੀ ਸੈਮੀਨਾਰ ਆਯੋਜਿਤ ਕਰੇਗਾ।
ਇਹ ਦੋ-ਦਿਨਾਂ ਸੈਮੀਨਾਰ ਪ੍ਰਸਿੱਧ ਵਿਦਵਾਨਾਂ, ਪ੍ਰੈਕਟੀਸ਼ਨਰ, ਖੋਜਕਰਤਾਵਾਂ ਅਤੇ ਵਿਦਿਆਰਥੀਆਂ ਨੂੰ ਬੱਚਿਆਂ ਦੀ ਸਿਹਤ ਅਤੇ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਲਈ ਰਵਾਇਤੀ ਆਯੁਰਵੈਦਿਕ ਪਹੁੰਚਾਂ ਅਤੇ ਸਮਕਾਲੀ ਸਬੂਤ-ਅਧਾਰਿਤ ਅਭਿਆਸਾਂ 'ਤੇ ਵਿਚਾਰ-ਵਟਾਂਦਰਾ ਕਰਨ ਲਈ ਇੱਕ ਪਲੈਟਫਾਰਮ ‘ਤੇ ਇਕੱਠੇ ਕਰੇਗਾ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵਾਰ-ਵਾਰ ਇੱਕ ਸਿਹਤਮੰਦ ਸਮਾਜ ਦੇ ਨਿਰਮਾਣ ਵਿੱਚ ਰਵਾਇਤੀ ਦਵਾਈ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ, "ਆਯੁਸ਼ ਸਿਰਫ਼ ਦਵਾਈ ਦੀ ਇੱਕ ਪ੍ਰਣਾਲੀ ਨਹੀਂ ਹੈ, ਇਹ ਜੀਵਨ ਪ੍ਰਤੀ ਇੱਕ ਸੰਪੂਰਨ ਪਹੁੰਚ ਹੈ। ਆਯੁਰਵੇਦ ਅਤੇ ਹੋਰ ਪਰੰਪਰਾਗਤ ਅਭਿਆਸਾਂ ਨੂੰ ਆਧੁਨਿਕ ਸਿਹਤ ਸੰਭਾਲ ਨਾਲ ਜੋੜ ਕੇ, ਅਸੀਂ ਸਮਾਜ ਦੇ ਹਰ ਵਰਗ, ਖਾਸ ਕਰਕੇ ਸਾਡੇ ਬੱਚਿਆਂ ਜੋ ਦੇਸ਼ ਦਾ ਭਵਿੱਖ ਹਨ, ਉਨ੍ਹਾਂ ਲਈ ਤੰਦਰੁਸਤੀ ਯਕੀਨੀ ਬਣਾ ਸਕਦੇ ਹਾਂ"
ਆਯੁਸ਼ ਮੰਤਰਾਲੇ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਰਾਜ ਮੰਤਰੀ ਸ਼੍ਰੀ ਪ੍ਰਤਾਪਰਾਓ ਗਣਪਤਰਾਓ ਜਾਧਵ ਨੇ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਆਯੁਰਵੇਦ ਰਾਹੀਂ ਸੰਪੂਰਨ ਬਾਲ ਸਿਹਤ ਸੰਭਾਲ ਨੂੰ ਉਤਸ਼ਾਹਿਤ ਕਰਨ ਵਾਲੀਆਂ ਪਹਿਲਕਦਮੀਆਂ ਲਈ ਮਜ਼ਬੂਤ ਸਮਰਥਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ, "ਆਯੁਰਵੇਦ ਨੇ ਹਮੇਸ਼ਾ ਸਿਹਤਮੰਦ ਸਮਾਜ ਦੀ ਨੀਂਹ ਵਜੋਂ ਬੱਚਿਆਂ ਦੀ ਸਿਹਤ 'ਤੇ ਜ਼ੋਰ ਦਿੱਤਾ ਹੈ। ਬਾਲ ਦੇਖਭਾਲ 'ਤੇ ਆਰਏਵੀ (RAV) ਦਾ ਆਉਣ ਵਾਲਾ ਰਾਸ਼ਟਰੀ ਸੈਮੀਨਾਰ ਬੱਚਿਆਂ ਵਿੱਚ ਬਿਮਾਰੀ ਪ੍ਰਬੰਧਨ ਅਤੇ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਲਈ ਆਯੁਰਵੇਦ ਦੇ ਸੰਪੂਰਨ ਦ੍ਰਿਸ਼ਟੀਕੋਣ ਨੂੰ ਉਜਾਗਰ ਕਰਨ ਲਈ ਇੱਕ ਸਮੇਂ ਸਿਰ ਪਹਿਲ ਹੈ। ਮੈਨੂੰ ਵਿਸ਼ਵਾਸ ਹੈ ਕਿ ਕੱਲ੍ਹ ਅਤੇ ਪਰਸੋਂ ਹੋਣ ਵਾਲੇ ਵਿਚਾਰ-ਵਟਾਂਦਰੇ ਪ੍ਰੈਕਟੀਸ਼ਨਰਾਂ, ਖੋਜਕਰਤਾਵਾਂ ਅਤੇ ਵਿਦਿਆਰਥੀਆਂ ਨੂੰ ਸਮ੍ਰਿਧ ਬਣਾਉਣਗੇ, ਅਤੇ ਆਯੁਰਵੇਦ ਰਾਹੀਂ ਬਾਲ ਸਿਹਤ ਸੰਭਾਲ ਨੂੰ ਅੱਗੇ ਵਧਾਉਣ ਵਿੱਚ ਯੋਗਦਾਨ ਪਾਉਣਗੇ।"
ਆਯੂਸ਼ ਮੰਤਰਾਲੇ ਦੇ ਸਕੱਤਰ, ਪਦਮ ਸ਼੍ਰੀ ਪੁਰਸਕਾਰ ਜੇਤੂ, ਵੈਦਯ ਰਾਜੇਸ਼ ਕੋਟੇਚਾ ਨੇ ਅਕਾਦਮਿਕ ਆਦਾਨ-ਪ੍ਰਦਾਨ ਅਤੇ ਪੇਸ਼ੇਵਰ ਵਿਕਾਸ ਲਈ ਪਲੈਟਫਾਰਮ ਬਣਾਉਣ ਲਈ ਆਰਏਵੀ ਦੇ ਯਤਨਾਂ ਨੂੰ ਲਗਾਤਾਰ ਉਤਸ਼ਾਹਿਤ ਕੀਤਾ ਹੈ। ਉਨ੍ਹਾਂ ਨੇ ਟਿੱਪਣੀ ਕੀਤੀ, "ਰਾਸ਼ਟਰੀਯ ਆਯੁਰਵੇਦ ਵਿਦਿਆਪੀਠ ਦੇ 30ਵੇਂ ਰਾਸ਼ਟਰੀ ਸੈਮੀਨਾਰ ਆਯੁਰਵੇਦ ਭਾਈਚਾਰੇ ਨੂੰ ਇੱਕ ਪਲੈਟਫਾਰਮ 'ਤੇ ਲਿਆਉਣ ਦਾ ਇੱਕ ਮਹੱਤਵਪੂਰਨ ਮੌਕਾ ਹੈ। ਜਿਵੇਂ ਕਿ ਅਸੀਂ ਕੱਲ੍ਹ ਤੋਂ ਸ਼ੁਰੂ ਹੋਣ ਵਾਲੇ ਸੈਮੀਨਾਰ ਦੀ ਉਡੀਕ ਕਰ ਰਹੇ ਹਾਂ, ਮੈਨੂੰ ਉਮੀਦ ਹੈ ਕਿ ਚਰਚਾਵਾਂ ਨਵੇਂ ਦ੍ਰਿਸ਼ਟੀਕੋਣਾਂ ਨੂੰ ਪ੍ਰੇਰਿਤ ਕਰਨਗੀਆਂ, ਸਬੂਤ-ਅਧਾਰਿਤ ਅਭਿਆਸਾਂ ਨੂੰ ਮਜ਼ਬੂਤ ਕਰਨਗੀਆਂ, ਅਤੇ ਬਾਲ ਆਯੁਰਵੇਦ ਦੇ ਖੇਤਰ ਵਿੱਚ ਵਧੇਰੇ ਸਹਿਯੋਗ ਨੂੰ ਉਤਸ਼ਾਹਿਤ ਕਰਨਗੀਆਂ। ਅਜਿਹੀਆਂ ਪਹਿਲਕਦਮੀਆਂ ਪ੍ਰਾਚੀਨ ਗਿਆਨ ਅਤੇ ਆਧੁਨਿਕ ਸਿਹਤ ਸੰਭਾਲ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਮਦਦ ਕਰਦੀਆਂ ਹਨ।"
ਪਦਮ ਸ਼੍ਰੀ ਅਤੇ ਪਦਮ ਭੂਸ਼ਣ ਪੁਰਸਕਾਰ ਜੇਤੂ ਅਤੇ ਗਵਰਨਿੰਗ ਬਾਡੀ, ਆਰਏਵੀ ਦੇ ਪ੍ਰਧਾਨ, ਵੈਦਿਆ ਦੇਵਿੰਦਰ ਤ੍ਰਿਗੁਣਾ, ਵੀ ਵਿਚਾਰ-ਵਟਾਂਦਰੇ ਵਿੱਚ ਸ਼ਾਮਲ ਹੋਣਗੇ।
-
ਸੈਮੀਨਾਰ ਦੀਆਂ ਮੁੱਖ ਵਿਸ਼ੇਸ਼ਤਾਵਾਂ ਵਿੱਚ ਸ਼ਾਮਲ ਹਨ:
-
ਆਯੁਰਵੇਦ ਵਿੱਚ ਬਾਲ ਸਿਹਤ ਬਾਰੇ ਵਿਗਿਆਨਕ ਖੋਜ ਪੱਤਰ ਪੇਸ਼ਕਾਰੀਆਂ।
-
ਨੌਜਵਾਨ ਵਿਦਵਾਨਾਂ ਅਤੇ ਅਭਿਆਸੀਆਂ ਦੁਆਰਾ ਪੋਸਟਰ ਪੇਸ਼ਕਾਰੀਆਂ।
-
ਬੱਚਿਆਂ ਵਿੱਚ ਰੋਕਥਾਮ ਅਤੇ ਪ੍ਰੋਤਸਾਹਨ ਸਿਹਤ ਸੰਭਾਲ 'ਤੇ ਇੰਟਰਐਕਟਿਵ ਸੈਸ਼ਨ।
-
ਭਾਗੀਦਾਰਾਂ ਲਈ ਸੋਵੀਨਾਰ ਅਤੇ ਸੈਮੀਨਾਰ ਕਿੱਟ।
-
ਰਜਿਸਟਰਡ ਡੈਲੀਗੇਟਾਂ ਲਈ ਕ੍ਰੈਡਿਟ ਪੁਆਇੰਟ ਅਤੇ ਭਾਗੀਦਾਰੀ ਸਰਟੀਫਿਕੇਟ।
ਇਹ ਸੈਮੀਨਾਰ ਬਾਲ ਆਯੁਰਵੇਦ ਵਿੱਚ ਗਿਆਨ ਨੂੰ ਅੱਗੇ ਵਧਾਉਣ, ਇਨੋਵੇਸ਼ਨਸ ਨੂੰ ਸਾਂਝਾ ਕਰਨ ਅਤੇ ਸਹਿਯੋਗੀ ਖੋਜ ਨੂੰ ਉਤਸ਼ਾਹਿਤ ਕਰਨ ਲਈ ਇੱਕ ਵਿਆਪਕ ਪਲੈਟਫਾਰਮ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰਦਾ ਹੈ।
ਰਜਿਸਟ੍ਰੇਸ਼ਨ ਲਾਜ਼ਮੀ ਹੈ। ਦਿਲਚਸਪੀ ਰੱਖਣ ਵਾਲੇ ਭਾਗੀਦਾਰ ਇੱਥੇ ਰਜਿਸਟਰ ਕਰ ਸਕਦੇ ਹਨ: https://forms.gle/1dosxPcMsPC6zkRT7
ਆਰਏਵੀ ਆਯੁਰਵੇਦ ਦੇ ਸਿੱਖਿਆ ਸ਼ਾਸਤਰੀਆਂ, ਖੋਜਕਰਤਾਵਾਂ, ਪ੍ਰੈਕਟੀਸ਼ਨਰਾਂ ਅਤੇ ਵਿਦਿਆਰਥੀਆਂ ਨੂੰ ਇਸ ਰਾਸ਼ਟਰੀ ਯਤਨ ਵਿੱਚ ਸ਼ਾਮਲ ਹੋਣ ਅਤੇ ਆਯੁਰਵੇਦ ਰਾਹੀਂ ਬਾਲ ਸਿਹਤ ਸੰਭਾਲ ਦੇ ਭਵਿੱਖ ਨੂੰ ਆਕਾਰ ਦੇਣ ਵਿੱਚ ਯੋਗਦਾਨ ਪਾਉਣ ਲਈ ਸੱਦਾ ਦਿੰਦਾ ਹੈ।

******
ਐੱਮਵੀ/ਜੀਐੱਸ/ਐੱਸਜੀ
(Release ID: 2157324)