ਇਸਪਾਤ ਮੰਤਰਾਲਾ
‘ਸੈਕੰਡਰੀ ਸਟੀਲ ਉਦਯੋਗਾਂ ਦੇ ਮੁੱਦੇ’ ‘ਤੇ ਵਿਗਿਆਨ ਭਵਨ, ਨਵੀਂ ਦਿੱਲੀ ਵਿੱਚ ਅੱਜ ਵਰਕਸ਼ਾਪ ਦਾ ਆਯੋਜਨ
Posted On:
13 AUG 2025 8:03PM by PIB Chandigarh
ਸਟੀਲ ਮੰਤਰਾਲੇ ਨੇ ਅੱਜ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿਖੇ "ਸੈਕੰਡਰੀ ਸਟੀਲ ਉਦਯੋਗਾਂ ਦੇ ਮੁੱਦੇ" 'ਤੇ ਇੱਕ ਵਿਆਪਕ ਵਰਕਸ਼ਾਪ ਦਾ ਆਯੋਜਨ ਕੀਤਾ ਤਾਂ ਜੋ ਸੈਕੰਡਰੀ ਸਟੀਲ ਸੈਕਟਰ ਵਿੱਚ ਮੁੱਖ ਚੁਣੌਤੀਆਂ ਅਤੇ ਅਵਸਰਾਂ 'ਤੇ ਵਿਚਾਰ-ਵਟਾਂਦਰਾ ਕੀਤਾ ਜਾ ਸਕੇ। ਵਰਕਸ਼ਾਪ ਵਿੱਚ ਪ੍ਰਮੁੱਖ ਉਦਯੋਗ ਸੰਗਠਨਾਂ - ਮਟੀਰੀਅਲ ਰੀਸਾਈਕਲਿੰਗ ਐਸੋਸੀਏਸ਼ਨ ਆਫ ਇੰਡੀਆ (ਐੱਮਆਰਏਆਈ), ਸਪੰਜ ਆਇਰਨ ਮੈਨੂਫੈਕਚਰਿੰਗ ਐਸੋਸੀਏਸ਼ਨ (ਐੱਸਆਈਐੱਮਏ), ਆਲ ਇੰਡੀਆ ਇੰਡਕਸ਼ਨ ਫਰਨੈੱਸ ਐਸੋਸੀਏਸ਼ਨ (ਏਆਈਆਈਐੱਫਏ), ਛੱਤੀਸਗੜ੍ਹ ਸਪੰਜ ਆਇਰਨ ਮੈਨੂਫੈਕਚਰਿੰਗ ਐਸੋਸੀਏਸ਼ਨ (ਸੀਡੀਐੱਸਆਈਐੱਮਏ), ਅਤੇ ਪੈਲੇਟਸ ਮੈਨੂਫੈਕਚਰਰਜ਼ ਐਸੋਸੀਏਸ਼ਨ ਆਫ ਇੰਡੀਆ (ਪੀਐੱਮਏਆਈ) ਦੇ ਪ੍ਰਤੀਨਿਧੀਆਂ ਦੇ ਨਾਲ-ਨਾਲ ਸੈਕੰਡਰੀ ਸਟੀਲ ਇੰਡਸਟਰੀਜ਼ (ਐੱਸਐੱਸਆਈਜ਼) ਦੇ ਸਟੀਲ ਉਤਪਾਦਕ, ਨੀਤੀ ਨਿਰਮਾਤਾ, ਮਾਹਿਰ ਅਤੇ ਉਦਯੋਗ ਹਿੱਸੇਦਾਰ ਸ਼ਾਮਲ ਹੋਏ।
ਵਰਕਸ਼ਾਪ ਦਾ ਉਦਘਾਟਨ ਮਾਣਯੋਗ ਕੇਂਦਰੀ ਸਟੀਲ ਮੰਤਰੀ, ਸ਼੍ਰੀ ਐੱਚ.ਡੀ. ਕੁਮਾਰਸਵਾਮੀ ਨੇ ਕੀਤਾ। ਉਨ੍ਹਾਂ ਨੇ ਉਦਯੋਗਿਕ ਖੇਤਰੀਕਰਣ ਦੀ ਰੀੜ੍ਹ ਦੀ ਹੱਡੀ ਵਜੋਂ ਇਸ ਖੇਤਰ ਦੀ ਭੂਮਿਕਾ 'ਤੇ ਜ਼ੋਰ ਦਿੱਤਾ, ਜੋ ਰੋਜ਼ਗਾਰ ਅਤੇ ਆਰਥਿਕ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਦਿੰਦਾ ਹੈ। ਉਨ੍ਹਾਂ ਨੇ 2047 ਤੱਕ 500 ਮਿਲੀਅਨ ਟਨ ਸਟੀਲ ਉਤਪਾਦਨ ਦੇ ਰਾਸ਼ਟਰੀ ਟੀਚੇ ਨੂੰ ਦੁਹਰਾਇਆ ਅਤੇ ਘੱਟ-ਕਾਰਬਨ ਸਟੀਲ ਵਿੱਚ ਵਿਸ਼ਵ ਪੱਧਰ 'ਤੇ ਮੋਹਰੀ ਬਣਨ ਦੀ ਭਾਰਤ ਦੀ ਇੱਛਾ ਨੂੰ ਉਜਾਗਰ ਕੀਤਾ। ਸਟੀਲ ਰਿਸਰਚ ਅਤੇ ਟੈਕਨੋਲੋਜੀ ਮਿਸ਼ਨ ਆਫ ਇੰਡੀਆ (ਐੱਸਆਰਟੀਐੱਮਆਈ) ਅਧੀਨ ਸਟੀਲ ਸਹਿਯੋਗ ਪੋਰਟਲ ਅਤੇ ਗ੍ਰੀਨ ਸਟੀਲ ਵਰਗੀਕਰਣ ਜਿਹੀਆਂ ਮੁੱਖ ਪਹਿਲਕਦਮੀਆਂ ‘ਤੇ ਵੀ ਚਾਨਣਾ ਪਾਇਆ ਗਿਆ।
ਸਟੀਲ ਮੰਤਰਾਲੇ ਵਿੱਚ ਸਕੱਤਰ, ਸ਼੍ਰੀ ਸੰਦੀਪ ਪੌਂਡ੍ਰਿਕ ਨੇ ਵਿਸ਼ਵਵਿਆਪੀ ਮੰਦੀ ਦੇ ਦਰਮਿਆਨ ਭਾਰਤ ਵਿੱਚ ਸਟੀਲ ਉਤਪਾਦਨ ਵਿੱਚ 12% ਤੋਂ ਵੱਧ ਦੇ ਮਜ਼ਬੂਤ ਵਾਧੇ ਨੂੰ ਉਜਾਗਰ ਕੀਤਾ ਅਤੇ ਕਿਹਾ ਕਿ ਪ੍ਰਤੀ ਵਿਅਕਤੀ ਖਪਤ 100 ਕਿਲੋਗ੍ਰਾਮ ਤੋਂ ਵੱਧ ਹੋ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਉਤਪਾਦਨ ਦਾ 47% ਸੈਕੰਡਰੀ ਸੈਕਟਰ ਤੋਂ ਆਉਂਦਾ ਹੈ। ਉਨ੍ਹਾਂ ਨੇ ਖੋਜ ਅਤੇ ਵਿਕਾਸ, ਕੱਚੇ ਮਾਲ ਦੀ ਟਿਕਾਊ ਸਪਲਾਈ ਅਤੇ ਲੌਜਿਸਟਿਕਸ ਸੁਵਿਧਾ ਲਈ ਮੰਤਰਾਲੇ ਦੇ ਸਹਿਯੋਗ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਅਧਿਐਨ ਦਰਸਾਉਂਦੇ ਹਨ ਕਿ ਅਗਲੇ ਪੰਜ ਵਰ੍ਹਿਆਂ ਵਿੱਚ ਹਾਈਡ੍ਰੋਜਨ ਦੀ ਕੀਮਤ 2.5 ਡਾਲਰ ਪ੍ਰਤੀ ਕਿਲੋਗ੍ਰਾਮ ਤੱਕ ਰਹਿ ਜਾਣ ਦੀ ਸੰਭਾਵਨਾ ਹੈ, ਜਿਸ ਨਾਲ ਘੱਟ ਕਾਰਬਨ ਨਿਕਾਸੀ ਨੂੰ ਅਪਣਾਉਣ ਦੀ ਤਾਕੀਦ ਕੀਤੀ ਜਾ ਸਕੇ।
ਰਾਸ਼ਟਰੀ ਅਤੇ ਰਾਜ ਪੱਧਰੀ ਐਸੋਸੀਏਸ਼ਨਾਂ ਦੁਆਰਾ ਉਦਯੋਗ ਦੀਆਂ ਮੁੱਖ ਚਿੰਤਾਵਾਂ ਜਿਵੇਂ ਕਿ ਕੱਚੇ ਮਾਲ ਦੀ ਸਪਲਾਈ, ਲੌਜਿਸਟਿਕਸ ਰੁਕਾਵਟਾਂ, ਅਸਥਿਰ ਕੀਮਤਾਂ ਅਤੇ ਬਿਜਲੀ ਦਰਾਂ ਸਬੰਧੀ ਮੁੱਦਿਆਂ 'ਤੇ ਚਰਚਾ ਕੀਤੀ ਗਈ। ਮੰਤਰਾਲੇ ਦੁਆਰਾ ਪ੍ਰਸਤਾਵਿਤ ਨੈਸ਼ਨਲ ਮਿਸ਼ਨ ਔਨ ਸਸਟੇਨੇਬਲ ਸਟੀਲ (ਐੱਨਐੱਮਐੱਸਐੱਸ) 'ਤੇ ਇੱਕ ਸੈਸ਼ਨ ਵੀ ਆਯੋਜਿਤ ਕੀਤਾ ਗਿਆ ਅਤੇ ਉਦਯੋਗਾਂ ਦੇ ਦ੍ਰਿਸ਼ਟੀਕੋਣਾਂ 'ਤੇ ਚਰਚਾ ਕੀਤੀ ਗਈ।
ਹੋਰ ਸੈਸ਼ਨਾਂ ਵਿੱਚ ਨੈਸ਼ਨਲ ਗ੍ਰੀਨ ਹਾਈਡ੍ਰੋਜਨ ਮਿਸ਼ਨ ਅਧੀਨ ਸਟੀਲ ਸੈਕਟਰ ਵਿੱਚ ਗ੍ਰੀਨ ਹਾਈਡ੍ਰੋਜਨ ਪਾਇਲਟ ਪ੍ਰੋਜੈਕਟਾਂ ਲਈ ਦਿਲਚਸਪੀ ਦਾ ਪ੍ਰਗਟਾਵਾ, ਸੈਕੰਡਰੀ ਸਟੀਲ ਉਦਯੋਗ (ਐੱਸਐੱਮਆਈ) ਦੇ ਬੇਸਲਾਈਨ ਕਾਰਬਨ ਨਿਕਾਸ ਅਤੇ ਐੱਸਐੱਸਆਈਜ਼ ਲਈ ਖੋਜ ਅਤੇ ਵਿਕਾਸ ਪਹਿਲਕਦਮੀਆਂ ‘ਤੇ ਚਰਚਾ ਕੀਤੀ ਗਈ।
ਭਾਰਤੀ ਸਟੀਲ ਖੇਤਰ ਵਿੱਚ ਇੱਕ ਇਤਿਹਾਸਕ ਪਲ ਵਜੋਂ, ਤਿੰਨ ਸਟੀਲ ਕੰਪਨੀਆਂ ਨੂੰ ਗ੍ਰੀਨ ਸਟੀਲ ਟੈਕਸੋਨੌਮੀ ਦੇ ਤਹਿਤ ਕਾਰਬਨ ਨਿਕਾਸ ਨੂੰ ਘਟਾਉਣ ਦੇ ਉਨ੍ਹਾਂ ਦੇ ਯਤਨਾਂ ਲਈ ਪਹਿਲਾ ਗ੍ਰੀਨ ਸਟੀਲ ਸਰਟੀਫਿਕੇਟ ਦਿੱਤਾ ਗਿਆ। ਮੰਤਰਾਲੇ ਨੇ ਆਉਣ ਵਾਲੇ ਅੰਤਰਰਾਸ਼ਟਰੀ ਪ੍ਰੋਗਰਾਮ "ਭਾਰਤ ਸਟੀਲ" ਲਈ ਲੋਗੋ, ਬ੍ਰੋਸ਼ਰ ਅਤੇ ਵੈੱਬਸਾਈਟ ਦਾ ਵੀ ਉਦਘਾਟਨ ਕੀਤਾ। ਵਰਕਸ਼ਾਪ ਦਾ ਸਮਾਪਨ ਸੈਕੰਡਰੀ ਸਟੀਲ ਖੇਤਰ ਵਿੱਚ ਟਿਕਾਊ, ਪ੍ਰਤੀਯੋਗੀ ਵਿਕਾਸ ਲਈ ਸਮੂਹਿਕ ਵਚਨਬੱਧਤਾ ਨਾਲ ਹੋਇਆ।
****
ਟੀਪੀਜੇ
(Release ID: 2156346)