ਵਿੱਤ ਮੰਤਰਾਲਾ
ਆਰਬੀਆਈ ਨੇ ਦਿਸ਼ਾ-ਨਿਰਦੇਸ਼ਾਂ ਰਾਹੀਂ ਗਾਹਕਾਂ ਨਾਲ ਬਹੁਭਾਸ਼ਾਈ ਸੰਚਾਰ ਅਤੇ ਬੈਂਕਾਂ ਦੁਆਰਾ ਸ਼ਿਕਾਇਤਾਂ ਦੇ ਤੁਰੰਤ ਨਿਪਟਾਰੇ ਨੂੰ ਯਕੀਨੀ ਬਣਾਇਆ
Posted On:
12 AUG 2025 4:24PM by PIB Chandigarh
ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਸਮੇਂ-ਸਮੇਂ 'ਤੇ ਇਸ ਗੱਲ 'ਤੇ ਜ਼ੋਰ ਦਿੱਤਾ ਹੈ ਕਿ ਬੈਂਕਾਂ ਨੂੰ ਸਪਸ਼ਟਤਾ ਅਤੇ ਸੁਵਿਧਾ ਨੂੰ ਯਕੀਨੀ ਬਣਾਉਣ ਲਈ ਗਾਹਕਾਂ ਨਾਲ ਉਨ੍ਹਾਂ ਦੀ ਪਸੰਦੀਦਾ ਭਾਸ਼ਾ ਵਿੱਚ ਸੰਵਾਦ ਕਰਨਾ ਚਾਹੀਦਾ ਹੈ। ਬੈਂਕਾਂ ਵਿੱਚ ਗਾਹਕ ਸੇਵਾ ‘ਤੇ ਆਰਬੀਆਈ ਦੇ ਮਾਸਟਰ ਸਰਕੂਲਰ ਵਿੱਚ, ਹੋਰ ਦੂਸਰੀਆਂ ਗੱਲਾਂ ਦੇ ਨਾਲ-ਨਾਲ, ਇਹ ਵੀ ਕਿਹਾ ਗਿਆ ਹੈ ਕਿ ਅਨੁਸੂਚਿਤ ਵਪਾਰਕ ਬੈਂਕਾਂ ਦੀਆਂ ਸ਼ਾਖਾਵਾਂ ਵਿੱਚ ਗਾਹਕਾਂ ਨਾਲ ਸਬੰਧਿਤ ਸਾਰੀ ਜਾਣਕਾਰੀ ਹਿੰਦੀ, ਅੰਗ੍ਰੇਜ਼ੀ ਅਤੇ ਇਸ ਨਾਲ ਜੁੜੀ ਖੇਤਰੀ ਭਾਸ਼ਾ ਵਿੱਚ ਉਪਲਬਧ ਕਰਵਾਈ ਜਾਣੀ ਚਾਹੀਦੀ ਹੈ। ਇਸ ਤੋਂ ਇਲਾਵਾ, ਆਰਬੀਆਈ ਨੇ 30 ਸਤੰਬਰ, 2024 ਦੇ ਆਪਣੇ ਪੱਤਰ ਵਿੱਚ ਦੁਹਰਾਇਆ ਕਿ ਗਾਹਕਾਂ ਨਾਲ ਸਾਰੇ ਸੰਵਾਦ ਲਾਜ਼ਮੀ ਤੌਰ ‘ਤੇ ਤ੍ਰਿਭਾਸ਼ੀ ਫਾਰਮੈਟ- ਹਿੰਦੀ, ਅੰਗ੍ਰੇਜ਼ੀ ਅਤੇ ਖੇਤਰੀ ਭਾਸ਼ਾ- ਵਿੱਚ ਜਾਰੀ ਕੀਤੇ ਜਾਣੇ ਚਾਹੀਦੇ ਹਨ।
ਸਾਰੇ ਬੈਂਕਾਂ ਕੋਲ ਸ਼ਿਕਾਇਤਾਂ ਦੇ ਸਮਾਧਾਨ ਲਈ ਇੱਕ ਮਜ਼ਬੂਤ ਬੋਰਡ-ਪ੍ਰਵਾਨਿਤ ਸ਼ਿਕਾਇਤ ਨਿਵਾਰਣ ਵਿਧੀ ਉਪਲਬਧ ਹੈ। ਇਸ ਤੋਂ ਇਲਾਵਾ, ਰਿਜ਼ਰਵ ਬੈਂਕ - ਇੰਟੀਗ੍ਰੇਟਿਡ ਓਮਬਡਸਮੈਨ ਸਕੀਮ (Integrated Ombudsman Scheme)(ਆਰਬੀ-ਆਈਓਐੱਸ), 2021, ਸੇਵਾ ਵਿੱਚ ਕਮੀ ਨਾਲ ਸਬੰਧਿਤ ਮਾਮਲਿਆਂ ਵਿੱਚ ਆਰਬੀਆਈ- ਨਿਯੰਤ੍ਰਿਤ ਇਕਾਈਆਂ (ਆਰਈ) ਦੇ ਖਿਲਾਫ ਸ਼ਿਕਾਇਤਾਂ ਦੇ ਨਿਵਾਰਣ ਲਈ ਇੱਕ ਮੁਫਤ ਪਲੈਟਫਾਰਮ ਪ੍ਰਦਾਨ ਕਰਦੀ ਹੈ, ਜੇਕਰ ਸ਼ਿਕਾਇਤ ਦਾ ਨਿਵਾਰਣ ਨਹੀਂ ਕੀਤਾ ਜਾਂਦਾ ਹੈ ਜਾਂ ਆਰਈ ਦੁਆਰਾ ਨਿਰਧਾਰਤ ਸਮੇਂ ਸੀਮਾ ਦੇ ਅੰਦਰ ਜਵਾਬ ਨਹੀਂ ਦਿੱਤਾ ਜਾਂਦਾ ਹੈ।
ਸਰਕਾਰ ਨੇ ਕੇਂਦਰੀਕ੍ਰਿਤ ਜਨਤਕ ਸ਼ਿਕਾਇਤ ਨਿਵਾਰਣ ਅਤੇ ਨਿਗਰਾਨੀ ਪ੍ਰਣਾਲੀ (ਸੀਪੀਜੀਆਰਏਐੱਮਐੱਸ) ਪੋਰਟਲ ਰਾਹੀਂ ਜੂਨ 2022 ਤੋਂ ਇੱਕ ਫੀਡਬੈਕ ਕਾਲ ਸੈਂਟਰ ਸ਼ੁਰੂ ਕੀਤਾ ਹੈ, ਤਾਂ ਜੋ ਸ਼ਿਕਾਇਤਾਂ ਦੇ ਨਿਪਟਾਰੇ ਤੋਂ ਬਾਅਦ ਨਾਗਰਿਕਾਂ ਦੀ ਸੰਤੁਸ਼ਟੀ ਦਾ ਮੁਲਾਂਕਣ ਕੀਤਾ ਜਾ ਸਕੇ। ਫੀਡਬੈਕ ਡੇਟਾ ਆਖਿਰਕਾਰ ਉਚਿਤ ਕਾਰਵਾਈ ਲਈ ਸਬੰਧਿਤ ਬੈਂਕਾਂ ਨੂੰ ਭੇਜ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ, ਆਰਬੀਆਈ ਦਾ ਟੋਲ-ਫ੍ਰੀ ਸੰਪਰਕ ਕੇਂਦਰ (14448), ਜੋ ਨਵੰਬਰ 2021 ਤੋਂ ਕਾਰਜਸ਼ੀਲ ਹੈ, ਸ਼ਿਕਾਇਤ ਨਿਵਾਰਣ ਪ੍ਰਣਾਲੀ, ਸ਼ਿਕਾਇਤਾਂ ਦਰਜ ਕਰਨ ਵਿੱਚ ਸਹਾਇਤਾ ਅਤੇ ਮੌਜੂਦਾ ਮਾਮਲਿਆਂ ਬਾਰੇ ਅਪਡੇਟ ਪ੍ਰਦਾਨ ਕਰਦਾ ਹੈ। ਸੰਪਰਕ ਕੇਂਦਰ (ਸੀਸੀ) ਇੰਟਰਐਕਟਿਵ ਵੌਇਸ ਰਿਸਪੌਂਸ ਸਿਸਟਮ (ਆਈਵੀਆਰਐੱਸ) ਰਾਹੀਂ 24*7 ਉਪਲਬਧ ਹੈ, ਉੱਥੇ ਹੀ ਸੀਸੀ ਸਟਾਫ ਨਾਲ ਜੁੜਨ ਦੀ ਸੁਵਿਧਾ ਸੋਮਵਾਰ ਤੋਂ ਸ਼ਨੀਵਾਰ (ਰਾਸ਼ਟਰੀ ਛੁੱਟੀਆਂ ਨੂੰ ਛੱਡ ਕੇ) ਸਵੇਰੇ 8:00 ਵਜੇ ਤੋਂ ਰਾਤ 10:00 ਵਜੇ ਤੱਕ ਹਿੰਦੀ, ਅੰਗ੍ਰੇਜ਼ੀ ਅਤੇ ਦਸ ਖੇਤਰੀ ਭਾਸ਼ਾਵਾਂ ਵਿੱਚ ਉਪਲਬਧ ਹੈ।
ਇਹ ਜਾਣਕਾਰੀ ਵਿੱਤ ਰਾਜ ਮੰਤਰੀ ਸ਼੍ਰੀ ਪੰਕਜ ਚੌਧਰੀ ਨੇ ਅੱਜ ਰਾਜ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਦਿੱਤੀ।
*****
ਐੱਨਬੀ/ਏਡੀ
(Release ID: 2155960)