ਰੇਲ ਮੰਤਰਾਲਾ
ਰੇਲਵੇ ਸੁਰੱਖਿਆ ਬਲ ਅਤੇ ਰਾਸ਼ਟਰੀ ਮਹਿਲਾ ਕਮਿਸ਼ਨ ਨੇ ਮਨੁੱਖੀ ਤਸਕਰੀ ਵਿਰੁੱਧ ਸੰਕਲਪ ਨੂੰ ਮਜ਼ਬੂਤ ਕੀਤਾ
ਰੇਲਵੇ ਸੁਰੱਖਿਆ ਬਲ ਅਤੇ ਰਾਸ਼ਟਰੀ ਮਹਿਲਾ ਕਮਿਸ਼ਨ ਨੇ ਮਨੁੱਖੀ ਤਸਕਰੀ ਨੂੰ ਰੋਕਣ ਲਈ ਹੱਥ ਮਿਲਾਇਆ; ਸ਼੍ਰੀ ਅਸ਼ਵਨੀ ਵੈਸ਼ਣਵ ਦੀ ਮੌਜੂਦਗੀ ਵਿੱਚ ਵਿਸ਼ਵ ਮਨੁੱਖੀ ਤਸਕਰੀ ਵਿਰੁੱਧ ਦਿਵਸ 'ਤੇ ਸਹਿਮਤੀ ਪੱਤਰ 'ਤੇ ਦਸਤਖਤ ਕੀਤੇ
ਰੇਲਵੇ ਸੁਰੱਖਿਆ ਬਲ ਨੇ ਪਿਛਲੇ ਸਾਢੇ ਚਾਰ ਸਾਲਾਂ ਵਿੱਚ 65,000 ਤੋਂ ਵੱਧ ਬੱਚਿਆਂ ਨੂੰ ਮਨੁੱਖੀ ਤਸਕਰੀ ਤੋਂ ਬਚਾਇਆ, ਭਗੌੜੇ ਬੱਚਿਆਂ ਦਾ ਵੀ ਬਚਾਅ ਕੀਤਾ
Posted On:
30 JUL 2025 6:10PM by PIB Chandigarh
ਮਨੁੱਖੀ ਤਸਕਰੀ ਰੋਕਥਾਮ ਵਿਸ਼ਵ ਦਿਵਸ ਦੇ ਮੌਕੇ 'ਤੇ, ਕੇਂਦਰੀ ਰੇਲ ਮੰਤਰੀ ਸ਼੍ਰੀ ਅਸ਼ਵਨੀ ਵੈਸ਼ਣਵ ਦੀ ਹਾਜ਼ਰੀ ਵਿੱਚ ਰੇਲਵੇ ਸੁਰੱਖਿਆ ਬਲ (ਆਰਪੀਐੱਫ) ਅਤੇ ਰਾਸ਼ਟਰੀ ਮਹਿਲਾ ਕਮਿਸ਼ਨ (ਐੱਨਸੀਡਬਲਿਊ) ਵਿਚਕਾਰ ਇੱਕ ਨਵੇਂ ਸਮਝੌਤੇ 'ਤੇ ਹਸਤਾਖਰ ਕੀਤੇ ਗਏ।

ਸੋਸ਼ਲ ਮੀਡੀਆ 'ਤੇ ਇਸ ਪ੍ਰਗਤੀ ਨੂੰ ਸਾਂਝਾ ਕਰਦੇ ਹੋਏ, ਕੇਂਦਰੀ ਮੰਤਰੀ ਨੇ ਕਿਹਾ ਕਿ ਇਸ ਸਮਝੌਤੇ ਦਾ ਉਦੇਸ਼ ਮਹਿਲਾਵਾਂ ਅਤੇ ਬੱਚਿਆਂ ਦੀ ਤਸਕਰੀ ਦੇ ਨਾਲ-ਨਾਲ ਮਹਿਲਾਵਾਂ ਦੇ ਖਿਲਾਫ ਹੋਰ ਅਪਰਾਧਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਰੋਕਣ ਲਈ ਆਰਪੀਐੱਫ ਕਰਮਚਾਰੀਆਂ ਦੀ ਸਮਰੱਥਾ ਨੂੰ ਮਜ਼ਬੂਤ ਕਰਨਾ ਹੈ ।
ਇਸ ਸਮਝੌਤੇ 'ਤੇ ਰਾਸ਼ਟਰੀ ਮਹਿਲਾ ਕਮਿਸ਼ਨ ਦੀ ਡਿਪਟੀ ਸਕੱਤਰ, ਸ਼੍ਰੀਮਤੀ ਸ਼ਿਵਾਨੀ ਦੇਅ (Shivani Dey) ਅਤੇ ਆਰਪੀਐੱਫ ਦੇ ਡੀਆਈਜੀ/ਪ੍ਰੋਜੈਕਟ, ਸ਼੍ਰੀ ਐੱਸ. ਸੁਧਾਕਰ ਨੇ ਹਸਤਾਖਰ ਕੀਤੇ। ਇਸ ਮੌਕੇ 'ਤੇ, ਰਾਸ਼ਟਰੀ ਮਹਿਲਾ ਕਮਿਸ਼ਨ ਦੁਆਰਾ ਮਨੁੱਖੀ ਤਸਕਰੀ ਦੀ ਰੋਕਥਾਮ ਦੇ ਵਿਸ਼ੇ 'ਤੇ ਤਿਆਰ ਕੀਤੀ ਗਈ ਇੱਕ ਵਿਸ਼ੇਸ਼ ਬੁੱਕਲੇਟ ਵੀ ਜਾਰੀ ਕੀਤੀ ਗਈ।

ਰਾਸ਼ਟਰੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ, ਸ਼੍ਰੀਮਤੀ ਵਿਜਯਾ ਕਿਸ਼ੋਰ ਰਹਾਟਕਰ ਨੇ ਇਸ ਮੁੱਦੇ ਦੀ ਗੰਭੀਰਤਾ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਮਨੁੱਖੀ ਤਸਕਰੀ ਮਨੁੱਖੀ ਅਧਿਕਾਰਾਂ ਦੀ ਸਭ ਤੋਂ ਗੰਭੀਰ ਉਲੰਘਣਾਵਾਂ ਵਿੱਚੋਂ ਇੱਕ ਬਣੀ ਹੋਈ ਹੈ, ਅਤੇ ਮਹਿਲਾਵਾਂ ਅਤੇ ਲੜਕੀਆਂ ਇਸ ਤੋਂ ਸਭ ਤੋਂ ਵੱਧ ਸ਼ਿਕਾਰ ਹੁੰਦੀਆਂ ਹਨ। ਉਨ੍ਹਾਂ ਨੇ ਜਲਦੀ ਪਤਾ ਲਗਾਉਣ ਅਤੇ ਦਖਲਅੰਦਾਜ਼ੀ ਵਿੱਚ ਆਰਪੀਐੱਫ ਦੀ ਮਹੱਤਵਪੂਰਨ ਭੂਮਿਕਾ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਦੇਸ਼ ਭਰ ਤੋਂ ਤਸਕਰੀ ਕੀਤੇ ਅਤੇ ਗੁੰਮ/ਭਗੌੜੇ ਬੱਚਿਆਂ ਨੂੰ ਬਚਾਉਣ ਵਿੱਚ ਆਰਪੀਐਫ ਦੇ ਅਣਥੱਕ ਦੇਸ਼ ਵਿਆਪੀ ਯਤਨਾਂ ਦੀ ਵੀ ਸ਼ਲਾਘਾ ਕੀਤੀ, ਜਿਸ ਦੇ ਨਤੀਜੇ ਵਜੋਂ ਪਿਛਲੇ ਸਾਢੇ ਚਾਰ ਸਾਲਾਂ ਵਿੱਚ 65,000 ਤੋਂ ਵੱਧ ਅਜਿਹੇ ਬੱਚਿਆਂ ਨੂੰ ਬਚਾਇਆ ਗਿਆ।
ਆਰਪੀਐੱਫ ਦੇ ਡਾਇਰੈਕਟਰ ਜਨਰਲ ਸ਼੍ਰੀ ਮਨੋਜ ਯਾਦਵ ਨੇ ਇਸ ਉਦੇਸ਼ ਪ੍ਰਤੀ ਆਰਪੀਐਫ ਦੀ ਵਚਨਬੱਧਤਾ ਨੂੰ ਦੁਹਰਾਇਆ। ਉਨ੍ਹਾਂ ਕਿਹਾ ਕਿ ਆਪਣੀ ਵਿਸ਼ਾਲ ਪਹੁੰਚ ਦੇ ਨਾਲ, ਭਾਰਤੀ ਰੇਲਵੇ ਕੋਲ ਮਨੁੱਖੀ ਤਸਕਰੀ ਦੇ ਵਿਰੁੱਧ ਇੱਕ ਫਰੰਟਲਾਈਨ ਰੋਕਥਾਮ ਵਜੋਂ ਕੰਮ ਕਰਨ ਦਾ ਮੌਕਾ ਅਤੇ ਜ਼ਿੰਮੇਵਾਰੀ ਦੋਵੇਂ ਹਨ। ਰਾਸ਼ਟਰੀ ਮਹਿਲਾ ਕਮਿਸ਼ਨ ਨਾਲ ਸਾਂਝੇਦਾਰੀ ਆਰਪੀਐੱਫ ਦੇ ਸੰਚਾਲਨ ਪ੍ਰਤੀਕਿਰਿਆ ਅਤੇ ਭਾਈਚਾਰਕ ਪਹੁੰਚ ਨੂੰ ਹੋਰ ਮਜ਼ਬੂਤ ਕਰੇਗੀ।

ਇਹ ਸਮਝੌਤਾ ਆਰਪੀਐੱਫ ਕਰਮਚਾਰੀਆਂ ਲਈ ਸੁਚੱਜੇ ਢੰਗ ਨਾਲ ਸੰਗਠਿਤ ਸਿਖਲਾਈ ਪ੍ਰੋਗਰਾਮਾਂ ਅਤੇ ਜਾਗਰੂਕਤਾ ਪਹਿਲਕਦਮੀਆਂ ਦਾ ਆਯੋਜਨ ਕਰਨ ਵਿੱਚ ਮਦਦ ਕਰੇਗਾ। ਰੇਲਵੇ ਸਟੇਸ਼ਨਾਂ ਅਤੇ ਰੇਲਗੱਡੀਆਂ ਵਿੱਚ ਜਾਣਕਾਰੀ ਸਮੱਗਰੀ ਦੇ ਪ੍ਰਸਾਰ ਸਹਿਤ ਜਨਤਕ ਜਾਗਰੂਕਤਾ ਮੁਹਿੰਮਾਂ ਵੀ ਚਲਾਈਆਂ ਜਾਣਗੀਆਂ । ਇਸ ਤੋਂ ਇਲਾਵਾ, 750 ਤੋਂ ਵੱਧ ਥਾਵਾਂ 'ਤੇ ਪਹਿਲਾਂ ਤੋਂ ਹੀ ਕਾਰਜਸ਼ੀਲ ਮਨੁੱਖੀ ਤਸਕਰੀ ਰੋਕਥਾਮ ਇਕਾਈਆਂ ਦੀ ਵਰਤੋਂ ਨਿਗਰਾਨੀ ਨੂੰ ਮਜ਼ਬੂਤ ਕਰਨ ਅਤੇ ਸ਼ੱਕੀ ਮਾਮਲਿਆਂ 'ਤੇ ਤੁਰੰਤ ਕਾਰਵਾਈ ਨੂੰ ਯਕੀਨੀ ਬਣਾਉਣ ਲਈ ਕੀਤੀ ਜਾਵੇਗੀ।
ਇਹ ਸਹਿਯੋਗੀ ਯਤਨ ਕਮਜ਼ੋਰ ਭਾਈਚਾਰਿਆਂ ਦੀ ਰੱਖਿਆ ਲਈ ਸਾਂਝੀ ਰਾਸ਼ਟਰੀ ਵਚਨਬੱਧਤਾ ਨੂੰ ਦਰਸਾਉਂਦਾ ਹੈ ਅਤੇ ਦੇਸ਼ ਦੇ ਸਭ ਤੋਂ ਮਹੱਤਵਪੂਰਨ ਜਨਤਕ ਸੇਵਾ ਪ੍ਰਣਾਲੀਆਂ ਵਿੱਚੋਂ ਇੱਕ - ਭਾਰਤੀ ਰੇਲਵੇ ਰਾਹੀਂ ਮਨੁੱਖੀ ਤਸਕਰੀ ਪ੍ਰਤੀ ਜ਼ੀਰੋ-ਸਹਿਣਸ਼ੀਲਤਾ ਦੇ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਂਦਾ ਹੈ।
*****
ਧਰਮੇਂਦਰ ਤਿਵਾਰੀ/ਡਾ. ਨਯਨ ਸੋਲੰਕੀ/ਰਿਤੂ ਰਾਜ
(Release ID: 2151668)