ਸੱਭਿਆਚਾਰ ਮੰਤਰਾਲਾ
ਸੱਭਿਆਚਾਰ ਮੰਤਰਾਲੇ ਦੁਆਰਾ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੀ 125ਵੀਂ ਜਨਮ ਵਰ੍ਹੇਗੰਢ ਦਾ ਦੋ ਵਰ੍ਹਿਆਂ ਦਾ ਯਾਦਗਾਰੀ ਉਤਸਵ
ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਜਾਰੀ
“ਅੱਜ ਕਸ਼ਮੀਰ ਦੇ ਲਾਲ ਚੌਕ 'ਤੇ ਨਿਡਰਤਾ ਨਾਲ ਤਿਰੰਗਾ ਯਾਤਰਾਵਾਂ ਦੇਖ ਕੇ ਉਨ੍ਹਾਂ ਦੀ ਆਤਮਾ ਨੂੰ ਸੰਤੋਸ਼ ਹੋਇਆ ਹੋਵੇਗਾ” – ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ
“ਉਹ ਬਹੁਤ ਨਿਸ਼ਠਾਵਾਨ ਵਿਅਕਤੀ ਸਨ, ਉਹ ਸਰਕਾਰ ਤੋਂ ਵਿਚਾਰਧਾਰਕ ਤੌਰ 'ਤੇ ਅਸਹਿਮਤ ਹੋਣ 'ਤੇ ਅਸਤੀਫਾ ਦੇਣ ਤੋਂ ਨਹੀਂ ਝਿਜਕੇ। ਇਸ ਤਰ੍ਹਾਂ ਦੀ ਹਿੰਮਤ ਅਤੇ ਦ੍ਰਿੜ੍ਹਤਾ ਬਹੁਤ ਘੱਟ ਹੁੰਦੀ ਹੈ, ਅਤੇ ਇਹ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੀ ਵਿਰਾਸਤ ਨੂੰ ਪਰਿਭਾਸ਼ਿਤ ਕਰਦੀ ਹੈ” – ਡਾ. ਜਿਤੇਂਦਰ ਸਿੰਘ
Posted On:
10 JUL 2025 9:44AM by PIB Chandigarh
ਸੱਭਿਆਚਾਰਕ ਮੰਤਰਾਲੇ ਨੇ ਭਾਰਤ ਕੇਸਰੀ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੀ 125ਵੀਂ ਜਨਮ ਵਰ੍ਹੇਗੰਢ ਦੇ ਦੋ ਵਰ੍ਹਿਆਂ ਦੇ ਅਧਿਕਾਰਤ ਯਾਦਗਾਰੀ ਉਤਸਵ ਦਾ ਐਲਾਨ ਕੀਤਾ, ਜੋ ਕਿ ਭਾਰਤ ਦੀ ਰਾਜਨੀਤਿਕ, ਸੱਭਿਆਚਾਰਕ, ਵਿਦਿਅਕ ਅਤੇ ਉਦਯੋਗਿਕ ਯਾਤਰਾ ਨੂੰ ਆਕਾਰ ਦੇਣ ਵਾਲੇ ਦੂਰਦਰਸ਼ੀ ਨੇਤਾ ਦੀ ਵਿਰਾਸਤ ਦਾ ਸਨਮਾਨ ਨੂੰ ਦਰਸਾਉਂਦਾ ਹੈ।


ਦਿੱਲੀ ਦੇ ਸਾਰੇ ਹਿੱਸਿਆਂ ਤੋਂ ਆਏ ਲੋਕਾਂ ਦੀ ਮੌਜੂਦਗੀ ਵਿੱਚ ਇਸ ਸਮਾਗਮ ਦੇ ਮੁੱਖ ਮਹਿਮਾਨ ਕੇਂਦਰੀ ਸੱਭਿਆਚਾਰ ਅਤੇ ਟੂਰਿਜ਼ਮ ਮੰਤਰੀ, ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਰਾਸ਼ਟਰੀ ਏਕਤਾ ਲਈ ਡਾ. ਮੁਖਰਜੀ ਦੇ ਜੀਵਨ ਭਰ ਦੇ ਯਤਨਾਂ ਨੂੰ ਯਾਦ ਕਰਦੇ ਹੋਏ ਦੱਸਿਆ ਕਿ ਕਿਵੇਂ ਅੱਜ ਦਾ ਭਾਰਤ ਉਸ ਸੁਪਨੇ ਨੂੰ ਪੂਰਾ ਕਰ ਰਿਹਾ ਹੈ ਜਿਸ ਦੀ ਉਹ ਕਦੇ ਕਲਪਨਾ ਕਰਦੇ ਸਨ - ਉਹ ਸਾਨੂੰ ਆਸ਼ੀਰਵਾਦ ਦੇ ਰਹੇ ਹੋਣਗੇ, ਇਹ ਦੇਖ ਕੇ ਕਿ ਭਾਰਤ ਦਾ ਵਿਮਾਨ ਚੰਦਰਮਾ 'ਤੇ ਪਹੁੰਚ ਗਿਆ ਹੈ, ਅਤੇ ਭਾਰਤ ਦਾ ਇੱਕ ਸਪੂਤ ਪੁਲਾੜ ਵਿੱਚ ਬੈਠ ਕੇ ਪ੍ਰਧਾਨ ਮੰਤਰੀ ਨਾਲ ਸਪਸ਼ਟ ਤੌਰ 'ਤੇ ਵਾਰਤਾਲਾਪ ਕਰਦਾ ਹੈ।" ਉਨ੍ਹਾਂ ਅੱਗੇ ਕਿਹਾ ਕਿ, “ਉਨ੍ਹਾਂ ਦੀ ਆਤਮਾ ਨੂੰ ਇਹ ਦੇਖ ਕੇ ਸੰਤੁਸ਼ਟੀ ਮਹਿਸੂਸ ਹੋ ਰਹੀ ਹੋਵੇਗੀ ਕਿ ਅੱਜ ਕਸ਼ਮੀਰ ਦੇ ਲਾਲ ਚੌਕ 'ਤੇ ਤਿਰੰਗਾ ਯਾਤਰਾਵਾਂ ਨਿਡਰਤਾ ਨਾਲ ਕੱਢੀਆਂ ਜਾਂਦੀਆਂ ਹਨ। ਯਕੀਨਨ, ਉਨ੍ਹਾਂ ਦੀ ਆਤਮਾ ਨੂੰ ਇਹ ਦੇਖ ਕੇ ਸ਼ਾਂਤੀ ਮਹਿਸੂਸ ਹੋ ਰਹੀ ਹੋਵੇਗੀ ਕਿ ਭਾਰਤ ਦੇ ਸਾਰੇ ਕਾਨੂੰਨ ਹੁਣ ਕਸ਼ਮੀਰ ਵਿੱਚ ਪੂਰੀ ਤਰ੍ਹਾਂ ਲਾਗੂ ਹਨ। ਅੱਜ, ਇੱਕ ਰਾਸ਼ਟਰ, ਇੱਕ ਝੰਡਾ ਅਤੇ ਇੱਕ ਸੰਵਿਧਾਨ ਹੈ।"
ਉਨ੍ਹਾਂ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਮੌਜੂਦਾ ਸਰਕਾਰ, ਡਾ. ਮੁਖਰਜੀ ਦੁਆਰਾ ਇੱਕ ਸਵੈ-ਨਿਰਭਰ, ਇਕਜੁੱਟ ਅਤੇ ਵਿਕਸਿਤ ਭਾਰਤ ਲਈ ਰੱਖੇ ਗਏ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਲਈ ਇੱਕ ਸਪਸ਼ਟ ਦਿਸ਼ਾ ਨਾਲ ਕੰਮ ਕਰ ਰਹੀ ਹੈ - "ਆਜ਼ਾਦੀ ਤੋਂ ਬਾਅਦ, ਭਾਰਤ ਦਾ ਨਿਰਮਾਣ ਕਿਵੇਂ ਹੋਣਾ ਚਾਹੀਦਾ ਹੈ ਅਤੇ ਇਸ ਨੂੰ ਇੱਕ ਵਿਕਸਿਤ ਰਾਸ਼ਟਰ ਕਿਵੇਂ ਬਣਾਇਆ ਜਾਣਾ ਚਾਹੀਦਾ ਹੈ - ਉਸ ਦ੍ਰਿਸ਼ਟੀਕੋਣ ਨੂੰ ਆਕਾਰ ਦੇਣ ਲਈ, ਮੌਜੂਦਾ ਮੋਦੀ ਸਰਕਾਰ ਉਨ੍ਹਾਂ ਦੁਆਰਾ ਦਿਖਾਏ ਗਏ ਮਾਰਗ 'ਤੇ ਲਗਾਤਾਰ ਅੱਗੇ ਵਧ ਰਹੀ ਹੈ।"
ਸੱਭਿਆਚਾਰਕ ਮੰਤਰਾਲੇ ਦੇ ਸਕੱਤਰ ਸ਼੍ਰੀ ਵਿਵੇਕ ਅਗਰਵਾਲ ਨੇ ਆਪਣੇ ਉਦਘਾਟਨੀ ਭਾਸ਼ਣ ਵਿੱਚ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੇ ਆਦਰਸ਼ਾਂ ਦੀ ਮੌਜੂਦਾ ਭਾਰਤ ਵਿੱਚ ਸਥਾਈ ਸਾਰਥਕਤਾ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ "ਉਹ ਇੱਕ ਮਹਾਨ ਦੇਸ਼ਭਗਤ, ਇੱਕ ਦੂਰਦਰਸ਼ੀ ਸਿੱਖਿਆ ਸ਼ਾਸਤਰੀ ਅਤੇ ਭਾਰਤ ਦੀ ਏਕਤਾ ਅਤੇ ਅਖੰਡਤਾ ਨੂੰ ਸੁਰੱਖਿਅਤ ਰੱਖਣ ਲਈ ਡੂੰਘਾਈ ਨਾਲ ਵਚਨਬੱਧ ਵਿਅਕਤੀ ਸਨ।" ਉਨ੍ਹਾਂ ਕਿਹਾ ਕਿ ਡਾ. ਮੁਖਰਜੀ ਨੇ ਇਸ ਵਿਸ਼ਵਾਸ ਨੂੰ ਠੋਸ ਰੂਪ ਦਿੱਤਾ ਕਿ ਸਾਡੇ ਰਾਸ਼ਟਰ ਦੀ ਪਹਿਚਾਣ ਇਸ ਦੇ ਲੋਕਾਂ ਦੀ ਹਿੰਮਤ ਅਤੇ ਦ੍ਰਿੜ੍ਹਤਾ 'ਤੇ ਟਿਕੀ ਹੋਈ ਹੈ - "ਡਾ. ਮੁਖਰਜੀ ਦਾ ਦ੍ਰਿੜ੍ਹ ਵਿਸ਼ਵਾਸ ਸੀ ਕਿ ਜੇਕਰ ਕਦੇ ਕੋਈ ਚੁਣੌਤੀ ਆਉਂਦੀ ਹੈ, ਤਾਂ ਇਹ ਸਾਡੀ ਏਕਤਾ ਅਤੇ ਸਾਡੇ ਲੋਕਤੰਤਰੀ ਕਦਰਾਂ-ਕੀਮਤਾਂ ਹਨ ਜੋ ਸਾਡੀ ਸਭ ਤੋਂ ਵੱਡੀ ਤਾਕਤ ਹੋਣਗੇ। ਇਨ੍ਹਾਂ ਕਦਰਾਂ-ਕੀਮਤਾਂ ਦੀ ਵਾਰ-ਵਾਰ, ਵੱਖ-ਵੱਖ ਹਾਲਤਾਂ ਅਤੇ ਵੱਖ-ਵੱਖ ਲੋਕਾਂ ਦੁਆਰਾ ਪਰਖ ਕੀਤੀ ਜਾਂਦੀ ਹੈ। ਅਤੇ ਇੱਕ ਰਾਸ਼ਟਰ ਦੇ ਰੂਪ ਵਿੱਚ, ਅਸੀਂ ਇਨ੍ਹਾਂ ਪ੍ਰੀਖਿਆਵਾਂ ਦਾ ਸਾਹਮਣਾ ਸੰਕਲਪ ਅਤੇ ਦ੍ਰਿੜ੍ਹਤਾ ਨਾਲ ਕੀਤਾ ਹੈ।
ਉਨ੍ਹਾਂ ਨੇ ਸੱਭਿਆਚਾਰਕ ਮੰਤਰਾਲੇ ਦੁਆਰਾ ਕੀਤੇ ਜਾ ਰਹੇ ਯਾਦਗਾਰੀ ਸਮਾਰੋਹ ਦੇ ਰਾਸ਼ਟਰੀ ਪੱਧਰ ਅਤੇ ਭਾਵਨਾ 'ਤੇ ਵੀ ਜ਼ੋਰ ਦਿੰਦੇ ਹੋਏ ਕਿਹਾ ਕਿ "ਇਹ ਯਾਦਗਾਰੀ ਉਤਸਵ ਸਿਰਫ਼ ਦਿੱਲੀ ਤੱਕ ਸੀਮਤ ਨਹੀਂ ਹੈ। ਇਹ ਦੇਸ਼ ਭਰ ਦੇ ਹਰ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਮਨਾਇਆ ਜਾਂਦਾ ਹੈ ਅਤੇ ਇਹ ਅਗਲੇ ਦੋ ਸਾਲਾਂ ਤੱਕ ਇੱਕ ਅਜਿਹੇ ਨੇਤਾ ਨੂੰ ਨਿਰੰਤਰ ਸ਼ਰਧਾਂਜਲੀ ਦੇਣ ਦੇ ਰੂਪ ਵਿੱਚ ਜਾਰੀ ਰਹੇਗਾ ਜਿਸ ਦਾ ਜੀਵਨ ਭਾਰਤੀਆਂ ਦੀ ਹਰ ਪੀੜ੍ਹੀ ਨੂੰ ਪ੍ਰੇਰਿਤ ਕਰਦਾ ਹੈ,"।
ਜੰਮੂ ਕਸ਼ਮੀਰ ਦੇ ਉਧਮਪੁਰ ਹਲਕੇ ਦੀ ਪ੍ਰਤੀਨਿਧਤਾ ਸੰਭਾਲ ਰਹੇ, ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ, ਧਰਤੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਜ), ਅਤੇ ਪ੍ਰਧਾਨ ਮੰਤਰੀ ਦਫ਼ਤਰ, ਪਰਮਾਣੂ ਊਰਜਾ ਵਿਭਾਗ, ਪੁਲਾੜ ਵਿਭਾਗ ਵਿੱਚ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਆਪਣੇ ਸੰਬੋਧਨ ਵਿੱਚ ਡਾ. ਮੁਖਰਜੀ ਦੀ ਇੱਕ ਵਿਦਵਾਨ, ਵਿਗਿਆਨੀ ਅਤੇ ਰਾਜਨੇਤਾ ਵਜੋਂ ਬਹੁਪੱਖੀ ਵਿਰਾਸਤ 'ਤੇ ਪ੍ਰਤੀਬਿੰਬਤ ਕੀਤਾ - "ਉਹ ਆਜ਼ਾਦੀ ਤੋਂ ਪਹਿਲਾਂ ਦੇ ਯੁੱਗ ਦੇ ਮਹਾਨ ਵਿਦਵਾਨਾਂ, ਸਿੱਖਿਆ ਸ਼ਾਸਤਰੀਆਂ ਅਤੇ ਬੁੱਧੀਜੀਵੀਆਂ ਵਿੱਚੋਂ ਇੱਕ ਸਨ। ਅੰਗਰੇਜ਼ਾਂ ਨੇ ਵੀ ਉਨ੍ਹਾਂ ਦੀ ਅਸਾਧਾਰਣ ਪ੍ਰਤਿਭਾ ਅਤੇ ਸਮਰੱਥਾ ਨੂੰ ਸਵੀਕਾਰ ਕੀਤਾ ਹੋਵੇਗਾ। ਪਰ ਜਿਸ ਚੀਜ਼ ਨੇ ਉਨ੍ਹਾਂ ਨੂੰ ਸਚਮੁੱਚ ਵੱਖਰਾ ਕੀਤਾ ਉਹ ਸੀ ਉਨ੍ਹਾਂ ਦੀ ਵਿਲੱਖਣ ਸ਼ਖਸੀਅਤ ਦੀ ਵਿਸ਼ਾਲਤਾ।"
ਉਨ੍ਹਾਂ ਅੱਗੇ ਕਿਹਾ ਕਿ ਡਾ. ਮੁਖਰਜੀ ਨਾ ਸਿਰਫ਼ ਇੱਕ ਮਹਾਨ ਸਿੱਖਿਆ ਸ਼ਾਸਤਰੀ ਸਨ, ਸਗੋਂ ਸਿਧਾਂਤਾਂ ਦੇ ਮਾਲਕ ਵੀ ਸਨ - "ਉਹ ਮਹਾਨ ਨਿਸ਼ਠਾਵਾਨ ਵਿਅਕਤੀ ਸਨ, ਇੱਕ ਅਜਿਹਾ ਵਿਅਕਤੀ ਜੋ ਆਪਣੇ ਆਪ ਨੂੰ ਵਿਚਾਰਧਾਰਕ ਦੇ ਤੌਰ 'ਤੇ ਅਸਹਿਮਤ ਹੋਣ 'ਤੇ ਸਰਕਾਰ ਤੋਂ ਅਸਤੀਫਾ ਦੇਣ ਤੋਂ ਨਹੀਂ ਝਿਜਕਿਆ। ਇਸ ਤਰ੍ਹਾਂ ਦੀ ਹਿੰਮਤ ਅਤੇ ਦ੍ਰਿੜ੍ਹਤਾ ਬਹੁਤ ਘੱਟ ਹੁੰਦੀ ਹੈ, ਅਤੇ ਇਹ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੀ ਵਿਰਾਸਤ ਨੂੰ ਪਰਿਭਾਸ਼ਿਤ ਕਰਦੀ ਹੈ।"
ਏਕਾਤਮ ਮਾਨਵ ਦਰਸ਼ਨ ਅਨੁਸੰਧਾਨ ਐਵਮ ਵਿਕਾਸ ਪ੍ਰਤਿਸ਼ਠਾਨ (Ekatma Manav Darshan Anusandhan Evam Vikas Pratishthan,) ਦੇ ਪ੍ਰਧਾਨ ਡਾ. ਮਹੇਸ਼ ਚੰਦਰ ਸ਼ਰਮਾ ਨੇ ਵੰਡ ਦੇ ਸਮੇਂ ਅਤੇ ਭਾਰਤ ਦੇ ਮੁਢਲੇ ਸੰਵਿਧਾਨਕ ਇਤਿਹਾਸ ਵਿੱਚ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੀ ਭੂਮਿਕਾ 'ਤੇ ਡੂੰਘਾ ਪ੍ਰਤੀਬਿੰਬਤ ਦ੍ਰਿਸ਼ਟੀਕੋਣ ਪੇਸ਼ ਕੀਤਾ। ਉਨ੍ਹਾਂ ਦੱਸਿਆ ਕਿ ਜਦੋਂ ਭਾਰਤ ਨੂੰ ਆਜ਼ਾਦੀ ਮਿਲੀ, ਤਾਂ ਇਸ ਨੇ ਵੰਡ ਦੀ ਤ੍ਰਾਸਦੀ ਦਾ ਵੀ ਅਨੁਭਵ ਕੀਤਾ ਅਤੇ ਫਿਰ ਵੀ, ਜੇਕਰ ਅੱਜ ਕੋਈ ਇਹ ਪੁੱਛੇ ਕਿ ਵੰਡ ਦਾ ਵਿਰੋਧ ਕਰਨ ਵਾਲੀਆਂ ਆਵਾਜ਼ਾਂ ਕੌਣ ਸਨ, ਤਾਂ ਜ਼ਿਆਦਾਤਰ ਲੋਕ ਪੰਜ ਵਿਅਕਤੀਆਂ ਦੇ ਨਾਮ ਲੈਣ ਵਿੱਚ ਵੀ ਜੱਦੋ-ਜਹਿਦ ਕਰਨਗੇ। "ਅਜਿਹਾ ਕਿਉਂ ਹੈ?" ਉਨ੍ਹਾਂ ਪੁੱਛਿਆ। "ਕਿਉਂਕਿ ਸੱਤਾ ਵਿੱਚ ਬੈਠੇ ਲੋਕਾਂ ਵਿੱਚ ਸ਼ਾਇਦ ਅਪਰਾਧ ਦੀ ਭਾਵਨਾ ਸੀ। ਉਨ੍ਹਾਂ ਨੂੰ ਡਰ ਸੀ ਕਿ ਜੇਕਰ ਆਉਣ ਵਾਲੀਆਂ ਪੀੜ੍ਹੀਆਂ ਨੇ ਵੰਡ ਬਾਰੇ ਪੂਰੀ ਸੱਚਾਈ ਜਾਣ ਲਈ, ਤਾਂ ਉਨ੍ਹਾਂ ਨੂੰ ਕਿਸੇ ਦਿਨ ਜਵਾਬਦੇਹ ਠਹਿਰਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਵੰਡ ਤੋਂ ਪਹਿਲਾਂ ਦੇ ਮਹੱਤਵਪੂਰਨ ਸਾਲਾਂ ਦੌਰਾਨ, ਅੰਗਰੇਜ਼ ਅਤੇ ਕਾਂਗਰਸ ਦੋਵਾਂ ਨੇ ਹੀ ਮੁਸਲਿਮ ਲੀਗ ਨਾਲ ਗੱਲਬਾਤ ਕੀਤੀ। ਪਰ ਇਸ ਦੇ ਉਲਟ, ਡਾ. ਮੁਖਰਜੀ ਉਨ੍ਹਾਂ ਆਗੂਆਂ ਨਾਲ ਮਜ਼ਬੂਤੀ ਨਾਲ ਖੜ੍ਹੇ ਸਨ ਜਿਨ੍ਹਾਂ ਨੇ ਵੰਡ ਦੇ ਵਿਚਾਰ ਦਾ ਵਿਰੋਧ ਕੀਤਾ ਅਤੇ ਵੰਡ ਵਾਲੀ ਰਾਜਨੀਤੀ ਨੂੰ ਰੱਦ ਕਰ ਦਿੱਤਾ। ਉਨ੍ਹਾਂ ਕਿਹਾ ਕਿ "ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਇਸ ਵੰਡ ਦੇ ਵਿਰੁੱਧ ਮਜ਼ਬੂਤੀ ਨਾਲ ਖੜ੍ਹੇ ਸਨ," ਅਤੇ ਜਦੋਂ ਵੰਡ ਨੂੰ ਅੰਤ ਵਿੱਚ ਸਵੀਕਾਰ ਕਰ ਲਿਆ ਗਿਆ, ਤਾਂ ਇਹ ਡਾ. ਮੁਖਰਜੀ ਹੀ ਸਨ ਜਿਨ੍ਹਾਂ ਨੇ ਬੰਗਾਲ ਅਤੇ ਅਸਾਮ ਦੇ ਕੁਝ ਹਿੱਸਿਆਂ ਨੂੰ ਪਾਕਿਸਤਾਨ ਨੂੰ ਸੌਂਪੇ ਜਾਣ ਤੋਂ ਬਚਾਉਣ ਲਈ ਅੱਗੇ ਵਧਿਆ।"
ਸ਼ਿਆਮਾ ਪ੍ਰਸਾਦ ਮੁਖਰਜੀ ਰਿਸਰਚ ਫਾਊਂਡੇਸ਼ਨ ਦੇ ਚੇਅਰਮੈਨ ਡਾ. ਅਨਿਰਬਨ ਗਾਂਗੁਲੀ ਨੇ ਡਾ. ਮੁਖਰਜੀ ਦੇ ਜੀਵਨ, ਵਿਰਾਸਤ ਅਤੇ ਸਦੀਵੀ ਸਾਰਥਕਤਾ ਦੀ ਇੱਕ ਵਿਆਪਕ ਸੰਖੇਪ ਜਾਣਕਾਰੀ ਪੇਸ਼ ਕੀਤੀ। ਸ਼ੁਰੂਆਤੀ ਅਕਾਦਮਿਕ ਪ੍ਰਤਿਭਾ ਤੋਂ ਲੈ ਕੇ ਰਾਸ਼ਟਰੀ ਰਾਜਨੀਤੀ 'ਤੇ ਉਨ੍ਹਾਂ ਦੇ ਸਥਾਈ ਪ੍ਰਭਾਵ ਤੱਕ ਦੇ ਉਨ੍ਹਾਂ ਦੇ ਸਫ਼ਰ ਨੂੰ ਦਰਸਾਉਂਦੇ ਹੋਏ, ਡਾ. ਗਾਂਗੁਲੀ ਨੇ ਡਾ. ਮੁਖਰਜੀ ਦੀ ਰਾਸ਼ਟਰੀ ਏਕਤਾ ਅਤੇ ਸੰਵਿਧਾਨਕ ਅਖੰਡਤਾ ਪ੍ਰਤੀ ਵਚਨਬੱਧਤਾ ਨੂੰ ਉਜਾਗਰ ਕੀਤਾ। ਉਨ੍ਹਾਂ ਯਾਦ ਕੀਤਾ ਕਿ ਕਿਵੇਂ ਡਾ. ਮੁਖਰਜੀ ਧਾਰਾ 370 ਦੇ ਵਿਰੁੱਧ ਦ੍ਰਿੜ੍ਹਤਾ ਨਾਲ ਖੜੇ ਸਨ ਅਤੇ ਇਤਿਹਾਸਕ ਸ਼ਬਦਾਂ ਨਾਲ ਆਪਣਾ ਵਿਰੋਧ ਪ੍ਰਗਟ ਕੀਤਾ: "ਏਕ ਦੇਸ਼ ਮੇਂ ਦੋ ਵਿਧਾਨ, ਦੋ ਪ੍ਰਧਾਨ, ਔਰ ਦੋ ਨਿਸ਼ਾਨ ਨਹੀਂ ਚਲੇਂਗੇ।"
ਡਾ. ਗਾਂਗੁਲੀ ਨੇ ਅੱਗੇ ਯਾਦ ਕੀਤਾ, "ਉਹ 33 ਸਾਲ ਦੀ ਉਮਰ ਵਿੱਚ ਵਾਈਸ ਚਾਂਸਲਰ ਬਣੇ - ਇੱਕ ਰਿਕਾਰਡ ਜੋ ਅਜੇ ਵੀ ਕਾਇਮ ਹੈ। ਉਹ 45 ਸਾਲ ਦੀ ਉਮਰ ਵਿੱਚ ਕੇਂਦਰੀ ਕੈਬਨਿਟ ਵਿੱਚ ਸ਼ਾਮਲ ਹੋਏ, 50 ਸਾਲ ਦੀ ਉਮਰ ਵਿੱਚ ਭਾਰਤੀ ਜਨਸੰਘ ਦੀ ਸਥਾਪਨਾ ਕੀਤੀ, ਅਤੇ ਸਿਰਫ਼ 52 ਸਾਲ ਦੀ ਉਮਰ ਵਿੱਚ ਆਪਣੀ ਜਾਨ ਕੁਰਬਾਨ ਕਰ ਦਿੱਤੀ," ਉਨ੍ਹਾਂ ਇਹ ਵੀ ਕਿਹਾ, "ਕਈ ਤਰੀਕਿਆਂ ਨਾਲ, ਡਾ. ਮੁਖਰਜੀ ਨੌਜਵਾਨਾਂ ਦੇ ਪ੍ਰਤੀਕ ਸਨ, ਉਨ੍ਹਾਂ ਨੇ ਨੌਜਵਾਨ ਭਾਰਤ ਦੀਆਂ ਇੱਛਾਵਾਂ ਦੀ ਨੁਮਾਇੰਦਗੀ ਕੀਤੀ ਅਤੇ ਇੱਕ ਆਤਮਵਿਸ਼ਵਾਸੀ, ਸਵੈ-ਨਿਰਭਰ ਰਾਸ਼ਟਰ ਦੀ ਨੀਂਹ ਰੱਖੀ।"
ਮੁੱਖ ਵਿਸ਼ੇਸ਼ਤਾ
ਇਸ ਸਮਾਗਮ ਵਿੱਚ ਵਿਸ਼ੇਸ਼ ਹਿੱਸੇ ਪੇਸ਼ ਕੀਤੇ ਗਏ ਜਿਨ੍ਹਾਂ ਨੇ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੇ ਜੀਵਨ ਅਤੇ ਵਿਰਾਸਤ ਨੂੰ ਦਰਸ਼ਕਾਂ ਲਈ ਵਿਲੱਖਣ ਅਤੇ ਅਰਥਪੂਰਨ ਤਰੀਕਿਆਂ ਨਾਲ ਪੇਸ਼ ਕੀਤਾ ਗਿਆ।


ਇੱਕ ਵਿਸ਼ੇਸ਼ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ ਗਿਆ, ਜਿਸ ਵਿੱਚ ਡਾ. ਮੁਖਰਜੀ ਦੇ ਨਿਜੀ ਸਫ਼ਰ, ਵਿਚਾਰਧਾਰਕ ਯੋਗਦਾਨ ਅਤੇ ਭਾਰਤ ਦੇ ਲੋਕਤੰਤਰੀ ਅਤੇ ਉਦਯੋਗਿਕ ਦ੍ਰਿਸ਼ ਨੂੰ ਆਕਾਰ ਦੇਣ ਵਿੱਚ ਉਨ੍ਹਾਂ ਦੀ ਭੂਮਿਕਾ ਬਾਰੇ ਡੂੰਘੀ ਅਤੇ ਦਿਲਚਸਪ ਆਕਰਸ਼ਕ ਪੇਸ਼ਕਾਰੀ ਦਿੱਤੀ ਗਈ। ਦੁਰਲਭ ਤਸਵੀਰਾਂ, ਪੁਰਾਲੇਖ ਦਸਤਾਵੇਜ਼ਾਂ ਅਤੇ ਮਲਟੀ-ਮੀਡੀਆ ਪ੍ਰਦਰਸ਼ਨੀਆਂ ਰਾਹੀਂ, ਪ੍ਰਦਰਸ਼ਨੀ ਨੇ ਉਨ੍ਹਾਂ ਦੇ ਸ਼ੁਰੂਆਤੀ ਪ੍ਰਭਾਵਾਂ, ਵਿਦਿਅਕ ਸੁਧਾਰਾਂ ਅਤੇ ਰਾਜਨੀਤਿਕ ਦ੍ਰਿਸ਼ਟੀਕੋਣ ਨੂੰ ਬਿਆਨ ਕੀਤਾ।
ਡਾ. ਮੁਖਰਜੀ ਦੇ ਰਾਸ਼ਟਰ ਪ੍ਰਤੀ ਵਡਮੁੱਲੇ ਯੋਗਦਾਨ ਨੂੰ ਸ਼ਰਧਾਂਜਲੀ ਵਜੋਂ ਮੰਤਰਾਲੇ ਵੱਲੋਂ ਇੱਕ ਯਾਦਗਾਰੀ ਡਾਕ ਟਿਕਟ ਅਤੇ ਸਿੱਕਾ ਵੀ ਜਾਰੀ ਕੀਤਾ ਗਿਆ। ਇਹ ਪ੍ਰਤੀਕਾਤਮਕ ਰਿਲੀਜ਼ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੇ ਜੀਵਨ ਅਤੇ ਵਿਰਾਸਤ ਦੀ ਯਾਦ ਅਤੇ ਰਾਸ਼ਟਰੀ ਮਾਨਤਾ ਦੇ ਸਥਾਈ ਪ੍ਰਤੀਕਾਂ ਵਜੋਂ ਕੰਮ ਕਰਦੇ ਹਨ।


ਨੈਸ਼ਨਲ ਸਕੂਲ ਆਫ਼ ਡਰਾਮਾ (ਐੱਨਐੱਸਡੀ) ਨੇ ਡਾ. ਮੁਖਰਜੀ ਦੇ ਜੀਵਨ ਅਤੇ ਸਮੇਂ 'ਤੇ ਅਧਾਰਿਤ ਇੱਕ ਸ਼ਕਤੀਸ਼ਾਲੀ ਨਾਟਕੀ ਪੇਸ਼ਕਾਰੀ ਪੇਸ਼ ਕੀਤੀ। ਇਸ ਪ੍ਰਦਰਸ਼ਨ ਨੂੰ ਵਿਸ਼ੇਸ਼ ਤੌਰ 'ਤੇ ਇਸ ਮੌਕੇ ਲਈ ਤਿਆਰ ਕੀਤਾ ਗਿਆ ਸੀ ਅਤੇ ਇਸ ਵਿੱਚ ਉਨ੍ਹਾਂ ਦੇ ਜੀਵਨ ਦੇ ਮੁੱਖ ਮੋੜਾਂ ਨੂੰ ਦਰਸਾਇਆ ਗਿਆ ਸੀ, ਇੱਕ ਸਿੱਖਿਆ ਸ਼ਾਸਤਰੀ ਅਤੇ ਵਾਈਸ ਚਾਂਸਲਰ ਵਜੋਂ ਉਨ੍ਹਾਂ ਦੀ ਭੂਮਿਕਾ ਤੋਂ ਲੈ ਕੇ ਰਾਸ਼ਟਰੀ ਮੁੱਦਿਆਂ 'ਤੇ ਉਨ੍ਹਾਂ ਦੇ ਸਿਧਾਂਤਕ ਸਟੈਂਡ ਤੱਕ ਸਭ ਕੁਝ ਸ਼ਾਮਲ ਸੀ।

ਇਸ ਮੌਕੇ 'ਤੇ ਸੈਂਟਰ ਫਾਰ ਕਲਚਰਲ ਰਿਸੋਰਸਿਜ਼ ਐਂਡ ਟ੍ਰੇਨਿੰਗ (ਸੀ.ਸੀ.ਆਰ.ਟੀ.) ਦੇ 17 ਨੌਜਵਾਨ ਵਿਦਵਾਨਾਂ ਦੁਆਰਾ ਇੱਕ ਭਾਵੁਕ ਸਾਜ਼ ਵਾਲਾ ਸੰਗੀਤ ਪੇਸ਼ ਕੀਤਾ ਗਿਆ। ਉੱਘੇ ਬੰਸਰੀਵਾਦਕ ਅਤੇ ਸੰਗੀਤ ਨਾਟਕ ਅਕਾਦਮੀ ਪੁਰਸਕਾਰ ਜੇਤੂ ਪੰਡਿਤ ਚੇਤਨ ਜੋਸ਼ੀ ਦੀ ਅਗਵਾਈ ਹੇਠ ਸਿਖਲਾਈ ਪ੍ਰਾਪਤ, ਨੌਜਵਾਨ ਸੰਗੀਤਕਾਰਾਂ ਨੇ ਡਾ. ਮੁਖਰਜੀ ਨੂੰ ਇੱਕ ਭਾਵਪੂਰਨ ਸ਼ਰਧਾਂਜਲੀ ਦਿੱਤੀ। ਇਸ ਪ੍ਰਦਰਸ਼ਨ ਨੂੰ ਦਿਲੋਂ ਸਰਾਹਿਆ ਗਿਆ।
ਸੀਸੀਆਰਟੀ ਟੀਮ ਨੇ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੇ ਜੀਵਨ ਨੂੰ ਸਮਰਪਿਤ ਇੱਕ ਨਾਟਕ ਵੀ ਪੇਸ਼ ਕੀਤਾ।


ਦੋ ਵਰ੍ਹਿਆਂ ਦੇ ਯਾਦਗਾਰੀ ਸਮਾਰੋਹ (6 ਜੁਲਾਈ, 2025 - 6 ਜੁਲਾਈ, 2027) ਵਿੱਚ ਭਾਰਤ ਭਰ ਵਿੱਚ ਕਈ ਸਮਾਗਮਾਂ, ਪ੍ਰਦਰਸ਼ਨੀਆਂ ਅਤੇ ਆਊਟਰੀਚ ਪ੍ਰੋਗਰਾਮਾਂ ਦੀ ਇੱਕ ਲੜੀ ਹੋਵੇਗੀ ਤਾਂ ਜੋ ਰਾਸ਼ਟਰ ਨਿਰਮਾਣ ਅਤੇ ਸਿੱਖਿਆ ਤੋਂ ਲੈ ਕੇ ਉਦਯੋਗਿਕ ਵਿਕਾਸ ਅਤੇ ਸੱਭਿਆਚਾਰਕ ਕੂਟਨੀਤੀ ਤੱਕ ਡਾ. ਮੁਖਰਜੀ ਦੀ ਬਹੁਪੱਖੀ ਵਿਰਾਸਤ ਨੂੰ ਉਜਾਗਰ ਕੀਤਾ ਜਾ ਸਕੇ।
****************
ਸੁਨੀਲ ਕੁਮਾਰ ਤਿਵਾਰੀ
ਪੀਆਈਬੀਕਲਚਰ[at]gmail[dot]com
(Release ID: 2143925)
Visitor Counter : 3