ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਪ੍ਰਧਾਨ ਮੰਤਰੀ ਨੇ 11ਵੇਂ ਅੰਤਰਰਾਸ਼ਟਰੀ ਯੋਗਾ ਦਿਵਸ 'ਤੇ ਰਾਸ਼ਟਰ ਨੂੰ ਸੰਬੋਧਨ ਕੀਤਾ


11 ਵਰ੍ਹਿਆਂ ਵਿੱਚ, ਯੋਗ ਦੁਨੀਆ ਭਰ ਦੇ ਲੱਖਾਂ ਲੋਕਾਂ ਦੀ ਜੀਵਨ ਸ਼ੈਲੀ ਦਾ ਇੱਕ ਅਨਿੱਖੜਵਾਂ ਅੰਗ ਬਣ ਗਿਆ ਹੈ: ਪ੍ਰਧਾਨ ਮੰਤਰੀ

"ਯੋਗ, ਸਾਰਿਆਂ ਲਈ ਹੈ, ਭਾਵੇਂ ਸੀਮਾਵਾਂ, ਪਿਛੋਕੜ, ਉਮਰ ਜਾਂ ਯੋਗਤਾਵਾਂ ਕੁਝ ਵੀ ਹੋਣ"

“ਯੋਗ ਇੱਕ ਗਹਿਨ ਵਿਅਕਤੀਗਤ ਅਨੁਸ਼ਾਸਨ ਹੈ, ਜੋ ਇੱਕ ਹੀ ਸਮੇਂ ‘ਤੇ ਸਮੂਹਿਕ ਪ੍ਰਣਾਲੀ ਵਜੋਂ ਕੰਮ ਕਰਦਾ ਹੈ ਅਤੇ ਜੋ ਲੋਕਾਂ ਨੂੰ ਮੈਂ ਤੋਂ ਅਸੀਂ ਵਿੱਚ ਪਰਿਵਰਤਿਤ ਕਰਦਾ ਹੈ।

“ਭਾਰਤ ‘ਸਰਵੇ ਭਵਨਤੁ ਸੁਖਿਨ:’ ਦੀਆਂ ਕਦਰਾਂ-ਸਿਖਾਉਂਦਾ ਹੈ - ਸਾਰਿਆਂ ਦੀ ਖ਼ੁਸ਼ੀ ਅਤੇ ਤੰਦਰੁਸਤੀ ਦੀ ਅਹਿਮੀਅਤ ਇੱਕ ਪਵਿੱਤਰ ਜ਼ਿੰਮੇਵਾਰੀ ਹੈ।

"ਯੋਗ ਨੂੰ ਵਿਸ਼ਵ ਨੂੰ ਸੰਘਰਸ਼ ਤੋਂ ਸਹਿਯੋਗ ਅਤੇ ਤਣਾਓ ਤੋਂ ਲੈ ਕੇ ਸਮਾਧਾਨ ਤੱਕ ਦਾ ਮਾਰਗ ਦਰਸ਼ਨ ਕਰਨਾ ਚਾਹੀਦਾ ਹੈ।"

ਕੇਂਦਰੀ ਸਿਹਤ ਮੰਤਰੀ ਸ਼੍ਰੀ ਜੇਪੀ ਨੱਡਾ ਨੇ ਨਵੀਂ ਦਿੱਲੀ ਦੇ ਕਰਤਵਯ ਪਥ ਵਿਖੇ ਆਯੋਜਿਤ ਇੱਕ ਸਮੂਹਿਕ ਯੋਗਾ ਪ੍ਰਦਰਸ਼ਨ ਦੇ ਨਾਲ ਅੰਤਰਰਾਸ਼ਟਰੀ ਯੋਗਾ ਦਿਵਸ ਸਮਾਰੋਹ ਦੀ ਅਗਵਾਈ ਕੀਤੀ

ਵਰ੍ਹੇ 2014 ਵਿੱਚ ਸੰਯੁਕਤ ਰਾਸ਼ਟਰ ਮਹਾਸਭਾ ਨੂੰ ਆਪਣੇ ਸੰਬੋਧਨ ਦੌਰਾਨ, ਮਾਣਯੋਗ ਪ੍ਰਧਾਨ ਮੰਤਰੀ ਨੇ ਹਰ ਵਰ੍ਹੇ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣ ਦਾ ਪ੍ਰਸਤਾਵ ਰੱਖਿਆ ਸੀ, ਜਿਸਦਾ 170 ਤੋਂ ਵੱਧ ਦੇਸ਼ਾਂ ਨੇ ਸਮਰਥਨ ਕੀਤਾ: ਸ਼੍ਰੀ ਜੇ.ਪੀ. ਨੱਡਾ

"2015 ਤੋਂ, ਯੋਗ ਨੂੰ ਸਿਹਤ ਪ੍ਰਤੀ ਇੱਕ ਸੰਪੂਰਨ ਪਹੁੰਚ ਵਜੋਂ ਵਿਸ਼ਵਵਿਆਪੀ

Posted On: 21 JUN 2025 9:55AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 11ਵੇਂ ਅੰਤਰਰਾਸ਼ਟਰੀ ਯੋਗ ਦਿਵਸ 'ਤੇ ਭਾਰਤ ਅਤੇ ਦੁਨੀਆ ਭਰ ਦੇ ਲੋਕਾਂ ਨੂੰ ਆਪਣੀਆਂ ਨਿੱਘੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ। ਪ੍ਰਧਾਨ ਮੰਤਰੀ ਨੇ ਅੱਜ ਆਂਧਰ ਪ੍ਰਦੇਸ਼ ਦੇ ਵਿਸ਼ਾਖਾਪਟਨਮ ਵਿੱਚ ਯੋਗਾ ਦਿਵਸ ਸਮਾਰੋਹ ਦੀ ਅਗਵਾਈ ਕੀਤੀ ਅਤੇ ਇੱਕ ਪ੍ਰੋਗਰਾਮ ਦੌਰਾਨ ਯੋਗਾ ਸੈਸ਼ਨ ਵਿੱਚ ਹਿੱਸਾ ਲਿਆ। ਉਨ੍ਹਾਂ ਕਿਹਾ, "11 ਵਰ੍ਹਿਆਂ ਵਿੱਚ, ਯੋਗ ਦੁਨੀਆ ਭਰ ਦੇ ਲੱਖਾਂ ਲੋਕਾਂ ਦੀ ਜੀਵਨ ਸ਼ੈਲੀ ਦਾ ਇੱਕ ਅਨਿੱਖੜਵਾਂ ਅੰਗ ਬਣ ਗਿਆ ਹੈ।"

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਦਿਵਯਾਂਗਜਨਾਂ ਨੂੰ ਵੀ ਬ੍ਰੇਲ ਲਿਪੀ ਵਿੱਚ ਯੋਗ ਸ਼ਾਸਤਰ ਪੜ੍ਹਦੇ ਦੇਖ ਕੇ ਤਸੱਲੀ ਪ੍ਰਗਟਾਈ ਅਤੇ ਪੁਲਾੜ ਵਿੱਚ ਵੀ ਯੋਗ ਅਭਿਆਸ ਕਰਨ ਵਾਲੇ ਵਿਗਿਆਨੀਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਯੋਗ ਓਲੰਪਿਆਡ ਵਿੱਚ ਦੇਹਾਤੀ ਇਲਾਕਿਆਂ ਦੇ ਨੌਜਵਾਨਾਂ ਦੀ ਸਰਗਰਮ ਭਾਗੀਦਾਰੀ ਨੂੰ ਉਜਾਗਰ ਕੀਤਾ ਅਤੇ ਸਿਡਨੀ ਓਪੇਰਾ ਹਾਊਸ ਵਰਗੇ ਪ੍ਰਸਿੱਧ ਸਥਾਨਾਂ ਤੋਂ ਲੈ ਕੇ ਮਾਉਂਟ ਐਵਰੈਸਟ ਦੇ ਸਿਖਰ ਤੱਕ ਅਤੇ ਸਮੁੰਦਰ ਦੇ ਵਿਸ਼ਾਲ ਪਸਾਰ ਜਿਹੇ ਮਹੱਤਵਪੂਰਨ ਸਥਾਨਾਂ ਤੱਕ ਇਕਸਾਰ ਸੰਦੇਸ਼ ਉੱਤੇ ਜ਼ੋਰ ਦਿੱਤਾ:"ਯੋਗ, ਸਾਰਿਆਂ ਲਈ ਹੈ, ਭਾਵੇਂ ਸੀਮਾਵਾਂ, ਪਿਛੋਕੜ, ਉਮਰ ਜਾਂ ਯੋਗਤਾਵਾਂ ਕੁਝ ਵੀ ਹੋਣ"

ਉਨ੍ਹਾਂ ਕਿਹਾ ਕਿ ਦੋ ਕਰੋੜ ਤੋਂ ਵੱਧ ਲੋਕ ਯੋਗਾਂਧਰਾ ਅਭਿਆਨ ਵਿੱਚ ਸ਼ਾਮਲ ਹੋਏ ਹਨ, ਜਿਸ ਨੂੰ ਉਨ੍ਹਾਂ ਨੇ ਜਨਤਕ ਸ਼ਮੂਲੀਅਤ ਦਾ ਇੱਕ ਜੀਵੰਤ ਪ੍ਰਦਰਸ਼ਨ ਦੱਸਿਆ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਅਜਿਹੇ ਉਤਸ਼ਾਹੀ ਨਾਗਰਿਕਾਂ ਦੀ ਸ਼ਮੂਲੀਅਤ ਇੱਕ ਵਿਕਾਸਸ਼ੀਲ ਭਾਰਤ ਦੀ ਨੀਂਹ ਬਣਦੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜਦੋਂ ਲੋਕ ਪਹਿਲ ਕਰਦੇ ਹਨ ਅਤੇ ਕਿਸੇ ਉਦੇਸ਼ ਦੀ ਮਲਕੀਅਤ ਹੁੰਦੇ ਹਨ,ਤਾਂ ਕੋਈ ਵੀ ਟੀਚਾ ਪ੍ਰਾਪਤ ਕਰਨਾ ਸੰਭਵ ਹੋ ਜਾਂਦਾ ਹੈ।

ਇਸ ਵਰ੍ਹੇ ਦੇ ਅੰਤਰਰਾਸ਼ਟਰੀ ਯੋਗਾ ਦਿਵਸ ਦੇ ਥੀਮ, "ਇੱਕ ਧਰਤੀ, ਇੱਕ ਸਿਹਤ ਲਈ ਯੋਗ" ਬਾਰੇ ਬੋਲਦਿਆਂ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਇੱਕ ਬੁਨਿਆਦੀ ਸੱਚਾਈ ਨੂੰ ਦਰਸਾਉਂਦਾ ਹੈ - ਧਰਤੀ 'ਤੇ ਹਰ ਜੀਵ ਦੀ ਭਲਾਈ ਆਪਸ ਵਿੱਚ ਜੁੜੀ ਹੋਈ ਹੈ। ਉਨ੍ਹਾਂ ਦੱਸਿਆ ਕਿ ਮਨੁੱਖੀ ਸਿਹਤ ਮਿੱਟੀ ਦੀ ਗੁਣਵੱਤਾ, ਪਾਣੀ ਦੀ ਸ਼ੁੱਧਤਾ, ਜਾਨਵਰਾਂ ਦੀ ਭਲਾਈ ਅਤੇ ਪੌਦਿਆਂ ਤੋਂ ਮਿਲਣ ਵਾਲੇ ਪੋਸ਼ਣ ਨਾਲ ਜੁੜੀ ਹੋਈ ਹੈ। ਉਨ੍ਹਾਂ ਕਿਹਾ ਕਿ ਯੋਗ ਇਸ ਡੂੰਘੇ ਸਬੰਧਾਂ ਨੂੰ ਜਗਾਉਣ ਵਿੱਚ ਸਾਡੀ ਮਦਦ ਕਰਦਾ ਹੈ ਅਤੇ ਸਾਨੂੰ ਦੁਨੀਆ ਨਾਲ ਏਕਤਾ ਵੱਲ ਲੈ ਜਾਂਦਾ ਹੈ। ਉਨ੍ਹਾਂ ਕਿਹਾ, "ਯੋਗ ਸਾਨੂੰ ਸਿਖਾਉਂਦਾ ਹੈ ਕਿ ਅਸੀਂ ਵੱਖਰੇ ਵਿਅਕਤੀ ਨਹੀਂ ਹਾਂ, ਸਗੋਂ ਕੁਦਰਤ ਦੇ ਅਨਿੱਖੜਵੇਂ ਅੰਗ ਹਾਂ। ਸ਼ੁਰੂ ਵਿੱਚ, ਅਸੀਂ ਆਪਣੀ ਸਿਹਤ ਅਤੇ ਤੰਦਰੁਸਤੀ ਦੀ ਦੇਖਭਾਲ ਕਰਨਾ ਸਿੱਖਦੇ ਹਾਂ, ਪਰ ਹੌਲੀ-ਹੌਲੀ, ਇਹ ਭਾਵਨਾ ਸਾਡੇ ਵਾਤਾਵਰਣ, ਸਮਾਜ ਅਤੇ ਪੂਰੇ ਗ੍ਰਹਿ ਵਿੱਚ ਲੀਨ ਹੋ ਜਾਂਦੀ ਹੈ। ਯੋਗ ਇੱਕ ਗਹਿਨ ਵਿਅਕਤੀਗਤ ਅਨੁਸ਼ਾਸਨ ਹੈ, ਜੋ ਇਕ ਹੀ ਸਮੇਂ ‘ਤੇ ਇੱਕ ਸਮੂਹਿਕ ਪ੍ਰਣਾਲੀ ਵਜੋਂ ਵੀ ਕੰਮ ਕਰਦਾ ਹੈ - ਲੋਕਾਂ ਨੂੰ ਮੈਂ ਤੋਂ ਅਸੀਂ ਵਿੱਚ ਬਦਲਦਾ ਹੈ।"

ਉਨ੍ਹਾਂ ਅੱਗੇ ਕਿਹਾ, “‘ਮੈਂ’ ਤੋਂ ‘ਅਸੀਂ’ ਦੀ ਭਾਵਨਾ ਨੇ ਭਾਰਤ ਦੀ ਆਤਮਾ ਨੂੰ ਸਮੇਟਿਆ ਹੋਇਆ ਹੈ”। ਉਨ੍ਹਾਂ ਨੇ ਭਾਰਤੀ ਕਦਰਾਂ-ਕੀਮਤਾਂ 'ਤੇ ਵੀ ਵਿਚਾਰ ਕੀਤਾ ਜੋ ਲੋਕਾਂ ਨੂੰ ਨਿਜੀ ਹਿਤਾਂ ਤੋਂ ਉੱਪਰ ਉੱਠਣ ਅਤੇ ਸਾਰਿਆਂ ਦੀ ਭਲਾਈ ਨੂੰ ਅਪਣਾਉਣ ਲਈ ਉਤਸ਼ਾਹਿਤ ਕਰਦੀਆਂ ਹਨ। ਸੱਭਿਆਚਾਰਕ ਲੋਕਾਚਾਰ ਦਾ ਹਵਾਲਾ ਦਿੰਦੇ ਹੋਏ, ਉਨ੍ਹਾਂ ਕਿਹਾ ਕਿ ਭਾਰਤ ‘ਸਰਵੇ ਭਵਨਤੁ ਸੁਖਿਨ:’ ਬਾਰੇ ਸਿਖਾਉਂਦਾ ਹੈ - ਸਾਰਿਆਂ ਦੀ ਖ਼ੁਸ਼ੀ ਅਤੇ ਤੰਦਰੁਸਤੀ ਦੀ ਅਹਿਮੀਅਤ ਇੱਕ ਪਵਿੱਤਰ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਇਹ ਦਰਸ਼ਨ ਸੇਵਾ, ਨਿਰਸੁਆਰਥ ਅਤੇ ਸਦਭਾਵਨਾ ਦੀ ਨੀਂਹ ਰੱਖਦਾ ਹੈ।

ਪ੍ਰਧਾਨ ਮੰਤਰੀ ਨੇ ਦੁਨੀਆ ਭਰ ਵਿੱਚ ਵਧ ਰਹੇ ਤਣਾਓ, ਅਸਥਿਰਤਾ ਅਤੇ ਟਕਰਾਵਾਂ ਬਾਰੇ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਯੋਗ ਨੂੰ ਇੱਕ ਹੱਲ ਵਜੋਂ ਦਰਸਾਉਂਦੇ ਹੋਏ ਕਿਹਾ ਕਿ "ਯੋਗ ਮਨੁੱਖਤਾ ਲਈ ਸਾਹ ਲੈਣ, ਸੰਤੁਲਨ ਲੱਭਣ ਅਤੇ ਦੁਬਾਰਾ ਤੰਦਰੁਸਤ ਹੋਣ ਲਈ ਬਹੁਤ ਜ਼ਰੂਰੀ ਵਿਰਾਮ ਬਟਨ ਹੈ"। ਉਨ੍ਹਾਂ ਨੇ ਵਿਸ਼ਵ ਭਾਈਚਾਰੇ ਨੂੰ ਦਿਲੋਂ ਅਪੀਲ ਕੀਤੀ ਕਿ "ਇਹ ਯੋਗਾ ਦਿਵਸ ਮਨੁੱਖਤਾ ਲਈ ਯੋਗ 2.0 ਦੀ ਸ਼ੁਰੂਆਤ ਨੂੰ ਦਰਸਾਉਂਦਾ ਹੈ, ਜਿੱਥੇ ਅੰਦਰੂਨੀ ਸ਼ਾਂਤੀ ਵਿਸ਼ਵ ਨੀਤੀ ਬਣ ਜਾਂਦੀ ਹੈ"। ਉਨ੍ਹਾਂ ਨੇ ਯੋਗ ਨੂੰ ਸਿਰਫ਼ ਇੱਕ ਵਿਅਕਤੀਗਤ ਰੂਟੀਨ ਤੋਂ ਵੱਧ ਬਣਾਉਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਇਸ ਨੂੰ ਵਿਸ਼ਵ ਭਾਈਵਾਲੀ ਲਈ ਇੱਕ ਉਤਪ੍ਰੇਰਕ ਬਣਨਾ ਚਾਹੀਦਾ ਹੈ। ਸ਼੍ਰੀ ਮੋਦੀ ਨੇ ਸਾਰੇ ਦੇਸ਼ਾਂ ਅਤੇ ਸਮਾਜਾਂ ਨੂੰ ਰੋਜ਼ਾਨਾ ਜੀਵਨ ਅਤੇ ਜਨਤਕ ਨੀਤੀ ਵਿੱਚ ਯੋਗ ਨੂੰ ਸ਼ਾਮਲ ਕਰਨ ਦਾ ਸੱਦਾ ਦਿੱਤਾ ਅਤੇ ਇੱਕ ਵਧੇਰੇ ਸ਼ਾਂਤੀਪੂਰਣ, ਸੰਤੁਲਿਤ ਅਤੇ ਟਿਕਾਊ ਗ੍ਰਹਿ ਬਣਾਉਣ ਲਈ ਇੱਕ ਸੰਯੁਕਤ ਯਤਨ ਲਈ ਆਪਣਾ ਦ੍ਰਿਸ਼ਟੀਕੋਣ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ "ਯੋਗ ਨੂੰ ਵਿਸ਼ਵ ਨੂੰ ਸੰਘਰਸ਼ ਤੋਂ ਸਹਿਯੋਗ ਅਤੇ ਤਣਾਓ ਤੋਂ ਲੈ ਕੇ ਸਮਾਧਾਨ ਤੱਕ ਦਾ ਮਾਰਗ ਦਰਸ਼ਨ ਕਰਨਾ ਚਾਹੀਦਾ ਹੈ।"

ਮੋਟਾਪੇ ਦੀ ਵਿਸ਼ਵਵਿਆਪੀ ਚੁਣੌਤੀ ਬਾਰੇ ਜਾਗਰੂਕਤਾ ਪੈਦਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਆਪਣੇ ਪਿਛਲੇ ਮਨ ਕੀ ਬਾਤ ਭਾਸ਼ਣ ਨੂੰ ਫਿਰ ਤੋਂ ਦੁਹਰਾਇਆ ਜਿਸ ਵਿੱਚ ਉਨ੍ਹਾਂ ਨੇ ਰੋਜਾਨਾ ਤੇਲ ਦੀ ਖਪਤ ਨੂੰ 10 ਪ੍ਰਤੀਸ਼ਤ ਘਟਾਉਣ ਲਈ ਇੱਕ ਮੁਹਿੰਮ ਸ਼ੁਰੂ ਕੀਤੀ ਸੀ। ਉਨ੍ਹਾਂ ਨੇ ਭਾਰਤ ਅਤੇ ਦੁਨੀਆ ਭਰ ਦੇ ਲੋਕਾਂ ਨੂੰ ਇਸ ਪਹਿਲਕਦਮੀ ਵਿੱਚ ਹਿੱਸਾ ਲੈਣ ਦੀ ਆਪਣੀ ਅਪੀਲ ਦੁਹਰਾਈ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਤੇਲ ਦੀ ਖਪਤ ਨੂੰ ਘਟਾਉਣਾ, ਨੁਕਸਾਨਦੇਹ ਖੁਰਾਕੀ ਆਦਤਾਂ ਤੋਂ ਬਚਣਾ ਅਤੇ ਰੋਜ਼ਾਨਾ ਜੀਵਨ ਵਿੱਚ ਯੋਗ ਨੂੰ ਸ਼ਾਮਲ ਕਰਨਾ ਬਿਹਤਰ ਸਿਹਤ ਲਈ ਜ਼ਰੂਰੀ ਹੈ।

 

ਆਪਣੇ ਭਾਸ਼ਣ ਦੀ ਸਮਾਪਤੀ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਸਾਰਿਆਂ ਨੂੰ ਯੋਗ ਨੂੰ ਜਨ ਅੰਦੋਲਨ ਬਣਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਯੋਗ ਦੀ ਸ਼ਕਤੀ ਤੋਂ ਪ੍ਰੇਰਿਤ ਹੋ ਕੇ ਸ਼ਾਂਤੀ, ਸਿਹਤ ਅਤੇ ਸਦਭਾਵਨਾ ਦੀ ਇੱਕ ਵਿਸ਼ਵਵਿਆਪੀ ਲਹਿਰ ਦੀ ਕਲਪਨਾ ਕੀਤੀ। ਉਨ੍ਹਾਂ ਨੇ ਲੋਕਾਂ ਨੂੰ ਨਿਜੀ ਸੰਤੁਲਨ ਲਈ ਹਰ ਰੋਜ਼ ਯੋਗ ਸ਼ੁਰੂ ਕਰਨ ਦੀ ਅਪੀਲ ਕੀਤੀ ਅਤੇ ਸਮੂਹਿਕ ਤਣਾਅ ਨੂੰ ਘਟਾਉਣ ਲਈ ਸਮਾਜ ਨੂੰ ਯੋਗ ਅਪਣਾਉਣ ਲਈ ਉਤਸ਼ਾਹਿਤ ਕੀਤਾ। ਆਪਣੇ ਸੰਬੋਧਨ ਨੂੰ ਇੱਕ ਉਮੀਦ ਭਰੇ ਨੋਟ 'ਤੇ ਸਮਾਪਤ ਕਰਦੇ ਹੋਏ, ਉਨ੍ਹਾਂ ਕਿਹਾ, "ਯੋਗ ਨੂੰ ਮਨੁੱਖਤਾ ਨਾਲ ਜੋੜਨ ਵਾਲੇ ਇੱਕ ਧਾਗੇ ਵਜੋਂ ਕੰਮ ਕਰਨਾ ਚਾਹੀਦਾ ਹੈ। ਯੋਗ ਨੂੰ ਇੱਕ ਧਰਤੀ, ਇੱਕ ਸਿਹਤ ਲਈ ਇੱਕ ਵਿਸ਼ਵਵਿਆਪੀ ਸੰਕਲਪ ਬਣਨਾ ਚਾਹੀਦਾ ਹੈ।"

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ, ਸ਼੍ਰੀ ਜਗਤ ਪ੍ਰਕਾਸ਼ ਨੱਡਾ ਨੇ ਨਵੀਂ ਦਿੱਲੀ ਦੇ ਕਰਤਵਯ ਪਥ ਵਿਖੇ ਸੈਂਕੜੇ ਭਾਗੀਦਾਰਾਂ ਨਾਲ ਇੱਕ ਸਮੂਹਿਕ ਯੋਗ ਪ੍ਰਦਰਸ਼ਨ ਦੀ ਅਗਵਾਈ ਕਰਕੇ 11ਵੇਂ ਅੰਤਰਰਾਸ਼ਟਰੀ ਯੋਗਾ ਦਿਵਸ ਸਮਾਰੋਹ ਦੀ ਸ਼ੁਰੂਆਤ ਕੀਤੀ।

ਇਸ ਮੌਕੇ 'ਤੇ, ਸ਼੍ਰੀ ਨੱਡਾ ਨੇ ਕਿਹਾ, "ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਯਤਨਾਂ ਸਦਕਾ ਹੀ ਅੱਜ ਅੰਤਰਰਾਸ਼ਟਰੀ ਪੱਧਰ 'ਤੇ ਯੋਗਾ ਦਿਵਸ ਮਨਾਇਆ ਜਾ ਰਿਹਾ ਹੈ। 2014 ਵਿੱਚ ਸੰਯੁਕਤ ਰਾਸ਼ਟਰ ਮਹਾਸਭਾ ਨੂੰ ਆਪਣੇ ਸੰਬੋਧਨ ਦੌਰਾਨ, ਮਾਣਯੋਗ ਪ੍ਰਧਾਨ ਮੰਤਰੀ ਨੇ ਹਰ ਵਰ੍ਹੇ 21 ਜੂਨ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਯੋਗ ਮਨਾਉਣ ਦਾ ਪ੍ਰਸਤਾਵ ਰੱਖਿਆ ਸੀ, ਜਿਸ ਦਾ 170 ਤੋਂ ਵੱਧ ਦੇਸ਼ਾਂ ਨੇ ਸਮਰਥਨ ਕੀਤਾ।"

ਸ਼੍ਰੀ ਨੱਡਾ ਨੇ ਕਿਹਾ, "2015 ਤੋਂ, ਯੋਗ ਨੂੰ ਸਿਹਤ ਪ੍ਰਤੀ ਇੱਕ ਸੰਪੂਰਨ ਪਹੁੰਚ ਵਜੋਂ ਵਿਸ਼ਵਵਿਆਪੀ ਤੌਰ 'ਤੇ ਸਵੀਕਾਰ ਕੀਤਾ ਗਿਆ ਹੈ। ਯੋਗ ਨਾ ਸਿਰਫ਼ ਲੋਕਾਂ ਦੀ ਸਿਹਤ ਅਤੇ ਤੰਦਰੁਸਤੀ ਨੂੰ ਬਿਹਤਰ ਬਣਾਉਂਦਾ ਹੈ, ਸਗੋਂ ਮਾਨਸਿਕ ਸਪਸ਼ਟਤਾ ਅਤੇ ਭਾਵਨਾਤਮਕ ਕਾਰਜਸ਼ੀਲਤਾ ਨੂੰ ਵੀ ਵਧਾਉਂਦਾ ਹੈ, ਜਿਸ ਨਾਲ ਇੱਕ ਵਧੇਰੇ ਸੰਤੁਲਿਤ ਅਤੇ ਸੰਪੂਰਨ ਜੀਵਨ ਜਿਉਣ ਵਿੱਚ ਮਦਦ ਮਿਲਦੀ ਹੈ।"

ਕੇਂਦਰੀ ਸਿਹਤ ਮੰਤਰੀ ਨੇ ਦੱਸਿਆ ਕਿ 11ਵੇਂ ਅੰਤਰਰਾਸ਼ਟਰੀ ਯੋਗ ਦਿਵਸ 'ਤੇ ਭਾਰਤ ਭਰ ਵਿੱਚ ਲੱਖਾਂ ਥਾਵਾਂ ਤੋਂ ਕਰੋੜਾਂ ਭਾਗੀਦਾਰ ਯੋਗ ਕਰਨਗੇ। ਉਨ੍ਹਾਂ ਕਿਹਾ, "ਇਹ ਇੱਕ ਮਾਣ ਵਾਲੀ ਗੱਲ ਹੈ ਕਿ ਅਸੀਂ ਸਾਰੇ ਇੱਥੇ ਇਸ ਪ੍ਰਾਚੀਨ ਭਾਰਤੀ ਗਿਆਨ ਪ੍ਰਣਾਲੀ ਦਾ ਜਸ਼ਨ ਮਨਾਉਣ, ਇਸ ਪ੍ਰਕਿਰਿਆ ਵਿੱਚ ਆਪਣੇ ਸਰੀਰ ਅਤੇ ਮਨ ਨੂੰ ਬਿਹਤਰ ਬਣਾਉਣ ਅਤੇ ਯੋਗ ਦੇ ਤੋਹਫ਼ੇ ਰਾਹੀਂ ਆਪਣੇ ਆਪ ਨੂੰ ਬਿਹਤਰ ਢੰਗ ਨਾਲ ਸਮਝਣ ਲਈ ਇਕੱਠੇ ਹੋਏ ਹਾਂ।"

ਸ਼੍ਰੀ ਨੱਡਾ ਨੇ ਕਿਹਾ ਕਿ ਸਿਹਤ ਸੰਭਾਲ ਲਈ ਇੱਕ ਵਧੇਰੇ ਸੰਪੂਰਨ ਅਤੇ ਪਹੁੰਚਯੋਗ ਪਹੁੰਚ ਪ੍ਰਦਾਨ ਕਰਨ ਲਈ ਰਾਸ਼ਟਰੀ ਸਿਹਤ ਨੀਤੀ 2017 ਦੇ ਤਹਿਤ ਯੋਗ ਨੂੰ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸਿਹਤ ਚਿੰਤਾਵਾਂ ਨੂੰ ਦੂਰ ਕਰਨ ਲਈ ਯੋਗ ਅਤੇ ਆਧੁਨਿਕ ਦਵਾਈਆਂ ਵਰਗੀਆਂ ਰਵਾਇਤੀ ਮੈਡੀਕਲ ਪ੍ਰਣਾਲੀਆਂ ਨੂੰ ਸ਼ਾਮਲ ਕਰਦੇ ਹੋਏ ਏਕੀਕ੍ਰਿਤ ਸਮਾਧਾਨ ਪ੍ਰਦਾਨ ਕਰਨ ਲਈ ਏਮਸ ਦਿੱਲੀ ਵਿਖੇ ਇੱਕ ਨਵਾਂ ਸੈਂਟਰ ਫਾਰ ਇੰਟੀਗ੍ਰੇਟਿਵ ਮੈਡੀਸਨ ਐਂਡ ਰਿਸਰਚ ਸੈਂਟਰ ਸਥਾਪਿਤ ਕੀਤਾ ਗਿਆ ਹੈ।

ਉਨ੍ਹਾਂ ਨੇ ਆਪਣੇ ਭਾਸ਼ਣ ਦੀ ਸਮਾਪਤੀ ਸਾਰੇ ਭਾਗੀਦਾਰਾਂ ਨੂੰ ਯੋਗ ਨੂੰ ਆਪਣੇ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਉਣ ਅਤੇ ਇੱਕ ਸਿਹਤਮੰਦ ਰਾਸ਼ਟਰ ਲਈ ਕੰਮ ਕਰਨ ਲਈ ਉਤਸ਼ਾਹਿਤ ਕਰਦੇ ਹੋਏ ਕੀਤੀ।

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਸ਼੍ਰੀ ਪ੍ਰਤਾਪਰਾਓ ਜਾਧਵ ਨੇ ਕਿਹਾ, "ਯੋਗ ਭਾਰਤ ਦੀ ਆਤਮਾ ਤੋਂ ਨਿਕਲਣ ਵਾਲੀ ਵਿਸ਼ਵਵਿਆਪੀ ਚੇਤਨਾ ਦਾ ਜਸ਼ਨ ਹੈ ਅਤੇ ਇਸ ਨੇ ਨਾ ਸਿਰਫ਼ ਲੱਖਾਂ ਲੋਕਾਂ ਦੇ ਜੀਵਨ ਨੂੰ ਛੂਹਿਆ ਹੈ ਸਗੋਂ ਵਿਸ਼ਵਵਿਆਪੀ ਸਿਹਤ ਅਤੇ ਸਮੂਹਿਕ ਸ਼ਾਂਤੀ ਲਈ ਇੱਕ ਸਥਾਈ ਰਸਤਾ ਵੀ ਤਿਆਰ ਕੀਤਾ ਹੈ"।

ਉਨ੍ਹਾਂ ਇਹ ਵੀ ਕਿਹਾ, "ਪਿਛਲੇ ਦਸ ਵਰ੍ਹਿਆਂ ਵਿੱਚ, ਪ੍ਰਧਾਨ ਮੰਤਰੀ ਦੀ ਅਗਵਾਈ ਹੇਠ, ਭਾਰਤ ਨੇ ਯੋਗ ਨੂੰ ਸਿਰਫ਼ ਇੱਕ 'ਕਸਰਤ' ਜਾਂ 'ਵਿਕਲਪਿਕ ਦਵਾਈ' ਵਜੋਂ ਹੀ ਨਹੀਂ, ਸਗੋਂ ਜੀਵਨ ਦੇ ਇੱਕ ਢੰਗ ਵਜੋਂ ਸਥਾਪਿਤ ਕੀਤਾ ਹੈ। ਇਹ ਯੋਗ ਦੀ ਅਧਿਆਤਮਿਕ ਡੂੰਘਾਈ, ਵਿਗਿਆਨਕ ਪ੍ਰਮਾਣਿਕਤਾ ਅਤੇ ਸਮਾਜਿਕ ਸਦਭਾਵਨਾ ਨੂੰ ਜੋੜ ਕੇ ਅੱਗੇ ਵਧਣ ਦਾ ਯੁੱਗ ਹੈ।"

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਸ਼੍ਰੀਮਤੀ ਅਨੁਪ੍ਰਿਆ ਸਿੰਘ ਪਟੇਲ ਨੇ ਕਿਹਾ ਕਿ "ਯੋਗ ਭਾਰਤੀ ਸੱਭਿਆਚਾਰ ਦਾ ਇੱਕ ਅਨਮੋਲ ਤੋਹਫ਼ਾ ਹੈ, ਜਿਸ ਨੇ ਪੂਰੀ ਦੁਨੀਆ ਨੂੰ ਸਿਹਤਮੰਦ ਜੀਵਨ ਜਿਉਣ ਲਈ ਇੱਕ ਨਵੀਂ ਦਿਸ਼ਾ ਦਿੱਤੀ ਹੈ"। ਉਨ੍ਹਾਂ ਕਿਹਾ ਕਿ "ਇਹ ਇੱਕ ਸ਼ਾਨਦਾਰ ਵਿਗਿਆਨ ਹੈ ਜੋ ਸਰੀਰ, ਮਨ ਅਤੇ ਆਤਮਾ ਨੂੰ ਜੋੜਦਾ ਹੈ"।

 

*****

HFW/PM-HFM- 11th IDY Celebrations/21June2025/1


(Release ID: 2138786)