ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
azadi ka amrit mahotsav

ਕੇਂਦਰੀ ਰੋਡ, ਟ੍ਰਾਂਸਪੋਰਟ ਅਤੇ ਹਾਈਵੇਅਜ਼ ਤੇ ਕਾਰਪੋਰੇਟ ਮਾਮਲਿਆਂ ਦੇ ਰਾਜ ਮੰਤਰੀ ਸ਼੍ਰੀ ਹਰਸ਼ ਮਲਹੋਤਰਾ ਨੇ ਕੁਸ਼ੀਨਗਰ ਦੇ ਮਾਣਯੋਗ ਸਾਂਸਦ ਸ਼੍ਰੀ ਵਿਜੈ ਕੁਮਾਰ ਦੁਬੇ ਦੇ ਨਾਲ ਮਿਲ ਕੇ ਉੱਤਰ ਪ੍ਰਦੇਸ਼ ਵਿੱਚ ਵਾਹਨਾਂ ਦੇ ਲਈ 5 ਅੰਡਰਪਾਸ ਦਾ ਨੀਂਹ ਪੱਥਰ ਰੱਖਿਆ


ਭਾਰਤ ਕੋਲ ਹੁਣ ਦੂਜਾ ਸਭ ਤੋਂ ਵੱਡਾ ਰੋਡ ਨੈੱਟਵਰਕ ਹੈ ਅਤੇ ਨੈਸ਼ਨਲ ਹਾਈਵੇਅਜ਼ (ਐੱਨਐੱਚ) ਨੈੱਟਵਰਕ ਵਿੱਚ 60% ਦਾ ਵਾਧਾ ਹੋਇਆ ਹੈ: ਹਰਸ਼ ਮਲਹੋਤਰਾ

ਕੁਸ਼ੀਨਗਰ ਜਾਣ ਵਾਲੇ ਮਾਰਗ ‘ਤੇ 1780 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ ਬਣਨ ਵਾਲੇ 75 ਕਿਲੋਮੀਟਰ ਲੰਬੇ ਗੋਰਖਪੁਰ ਰਿੰਗ ਰੋਡ ਦਾ ਨਿਰੀਖਣ ਕੀਤਾ

ਪੂਰਬੀ ਉੱਤਰ ਪ੍ਰਦੇਸ਼ ਵਿੱਚ ਐੱਨਐੱਚਏਆਈ ਦੁਆਰਾ ਜਾਰੀ ਪ੍ਰੋਜੈਕਟਾਂ ਦੀ ਸਮੀਖਿਆ ਕੀਤੀ

ਜਨਤਕ ਬੁਨਿਆਦੀ ਢਾਂਚਾ ਆਰਥਿਕ ਵਿਕਾਸ, ਸੰਪਰਕ, ਵਪਾਰ ਅਤੇ ਸਮੁੱਚੇ ਜੀਵਨ ਦੀ ਗੁਣਵੱਤਾ ਨੂੰ ਵਧਾਉਣ ਲਈ ਬਹੁਤ ਜ਼ਰੂਰੀ ਹੈ: ਹਰਸ਼ ਮਲਹੋਤਰਾ

Posted On: 20 MAY 2025 7:18PM by PIB Chandigarh

ਕੇਂਦਰੀ ਰੋਡ, ਟ੍ਰਾਂਸਪੋਰਟ ਅਤੇ ਹਾਈਵੇਅ ਅਤੇ ਕਾਰਪੋਰੇਟ ਮਾਮਲਿਆਂ ਦੇ ਰਾਜ ਮੰਤਰੀ ਸ਼੍ਰੀ ਹਰਸ਼ ਮਲਹੋਤਰਾ ਨੇ ਅੱਜ ਕੁਸ਼ੀਨਗਰ ਵਿੱਚ ਵਾਹਨਾਂ ਦੇ ਲਈ 5 ਅੰਡਰਪਾਸ –ਬਾਘਨਾਥ, ਕੇਨ ਯੂਨੀਅਨ ਚੌਕ, ਫਾਜ਼ਿਲਨਗਰ, ਸਲੇਮਗੜ੍ਹ ਅਤੇ ਪਥੇਰੀਆ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ‘ਤੇ ਉੱਤਰ ਪ੍ਰਦੇਸ਼ ਸਰਕਾਰ ਵਿੱਚ ਗ੍ਰਾਮੀਣ ਵਿਕਾਸ ਰਾਜ ਮੰਤਰੀ ਸ਼੍ਰੀਮਤੀ ਵਿਜੈ ਲਕਸ਼ਮੀ ਗੌਤਮ, ਕੁਸ਼ੀਨਗਰ ਦੇ ਮਾਣਯੋਗ ਸਾਂਸਦ ਸ਼੍ਰੀ ਵਿਜੈ ਕੁਮਾਰ ਦੁਬੇ, ਵਿਧਾਇਕ ਸ਼੍ਰੀ ਮੋਹਨ ਵਰਮਾ, ਵਿਧਾਇਕ ਡਾ. ਅਸੀਮ ਕੁਮਾਰ, ਵਿਧਾਇਕ ਸ਼੍ਰੀ ਸੁਰੇਂਦਰ ਕੁਮਾਰ ਕੁਸ਼ਵਾਹਾ ਅਤੇ ਐੱਮਐੱਲਸੀ ਡਾ. ਰਤਨ ਪਾਲ ਸਿੰਘ ਅਤੇ ਨੈਸ਼ਨਲ ਹਾਈਵੇਅਜ਼ ਅਥਾਰਿਟੀ ਆਫ ਇੰਡੀਆ (ਐੱਨਐੱਚਏਆਈ) ਦੇ ਅਧਿਕਾਰੀ ਮੌਜੂਦ ਸਨ।

ਭੀੜ-ਭੜੱਕੇ ਨੂੰ ਘਟਾਉਣ ਅਤੇ ਸੜਕ ਦੁਰਘਟਨਾਵਾਂ ਨੂੰ ਘੱਟ ਕਰਨ ਦੇ ਯਤਨਾਂ ਦੇ ਤਹਿਤ ਬਣਾਏ ਜਾ ਰਹੇ ਇਨ੍ਹਾਂ ਵਾਹਨ ਅੰਡਰਪਾਸਾਂ ਨੂੰ ਕੁੱਲ 111 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ ਤਿਆਰ ਕੀਤਾ ਜਾ ਰਿਹਾ ਹੈ ਅਤੇ ਇਨ੍ਹਾਂ ਨੂੰ ਸਾਲ 2026 ਦੇ ਅੰਤ ਤੱਕ ਪੂਰਾ ਕਰ ਲਿਆ ਜਾਵੇਗਾ। 

ਮਾਣਯੋਗ ਮੰਤਰੀ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਇਹ ਪ੍ਰੋਜੈਕਟਸ ਇਸ ਖੇਤਰ ਵਿੱਚ ਨਾ ਸਿਰਫ਼ ਸੜਕ ਸੁਰੱਖਿਆ ਨੂੰ ਯਕੀਨੀ ਬਣਾਉਣਗੇ, ਸਗੋਂ ਖੇਤਰ ਦੇ ਵਿਕਾਸ ਵਿੱਚ ਵੀ ਅਹਿਮ ਯੋਗਦਾਨ ਦੇਣਗੇ ਅਤੇ ਨਾਲ ਹੀ ਸਮਾਜਿਕ ਅਤੇ ਆਰਥਿਕ ਭਲਾਈ ਨੂੰ ਵੀ ਉਤਸ਼ਾਹਿਤ ਕਰਨਗੇ।

ਸ਼੍ਰੀ ਮਲਹੋਤਰਾ ਨੇ ਕਿਹਾ ਕਿ ਇਹ ਅੰਡਰਪਾਸ ਸ਼ਹਿਰ ਵਿੱਚ ਆਵਾਜਾਈ ਦੀ ਭੀੜ ਦੀ ਸਮੱਸਿਆ ਨੂੰ ਹੱਲ ਕਰਨਗੇ ਅਤੇ ਇਨ੍ਹਾਂ ਨਾਲ ਦੁਰਘਟਨਾਵਾਂ ਵਿੱਚ ਵੀ ਕਮੀ ਆਵੇਗੀ। ਇਸ ਦੇ ਨਾਲ ਹੀ ਲੋਕਾਂ ਦੀ ਯਾਤਰਾ ਸੁਰੱਖਿਅਤ ਹੋਵੇਗੀ ਅਤੇ ਸਮੇਂ ਅਤੇ ਈਂਧਣ ਦੀ ਬੱਚਤ ਹੋਵੇਗੀ, ਜਿਸ ਨਾਲ ਖੇਤਰ ਵਿੱਚ ਪ੍ਰਦੂਸ਼ਣ ਨੂੰ ਘਟਾਉਣ ਵਿੱਚ ਮਦਦ ਮਿਲੇਗੀ।

ਸ਼੍ਰੀ ਹਰਸ਼ ਮਲਹੋਤਰਾ ਨੇ ਇਸ ਗੱਲ ਉੱਪਰ ਚਾਣਨਾ ਪਾਇਆ ਕਿ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਦੂਰਦਰਸ਼ੀ ਅਗਵਾਈ ਵਿੱਚ, ਭਾਰਤ ਹੁਣ ਦੂਜਾ ਸਭ ਤੋਂ ਵੱਡਾ ਰੋਡ ਨੈੱਟਵਰਕ ਹੈ ਅਤੇ ਨੈਸ਼ਨਲ ਹਾਈਵੇਅਜ਼ (ਐੱਨਐੱਚ) ਨੈੱਟਵਰਕ ਵਿੱਚ 60% ਦਾ ਵਾਧਾ ਦੇਖਣ ਨੂੰ ਮਿਲਿਆ ਹੈ, ਜੋ ਕਿ ਸਾਲ 2014 ਵਿੱਚ 91,287 ਕਿਲੋਮੀਟਰ ਤੋਂ ਵਧ ਕੇ 1,46,195 ਕਿਲੋਮੀਟਰ ਹੋ ਗਿਆ ਹੈ। ਸ਼੍ਰੀ ਮਲਹੋਤਰਾ ਨੇ ਇਹ ਵੀ ਕਿਹਾ ਕਿ ਪਿਛਲੇ ਇੱਕ ਦਹਾਕੇ ਵਿੱਚ ਉੱਤਰ ਪ੍ਰਦੇਸ਼ ਵਿੱਚ 4300 ਕਿਲੋਮੀਟਰ ਤੋਂ ਵੱਧ ਨੈਸ਼ਨਲ ਹਾਈਵੇਅਜ਼ ਵਿਕਸਿਤ ਕੀਤੇ ਗਏ ਹਨ, ਜਿਸ ਸਦਕਾ ਇਹ ਦੇਸ਼ ਦਾ ਦੂਜਾ ਸਭ ਤੋਂ ਵੱਡਾ ਨੈਸ਼ਨਲ ਹਾਈਵੇਅ ਵਾਲਾ ਰਾਜ ਬਣ ਗਿਆ ਹੈ। 

ਰਾਜ ਮੰਤਰੀ ਸ਼੍ਰੀ ਹਰਸ਼ ਮਲਹੋਤਰਾ ਨੇ ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ਦੇ ਮਾਰਗ ਵਿੱਚ 75 ਕਿਲੋਮੀਟਰ ਲੰਬੇ ਗੋਰਖਪੁਰ ਰਿੰਗ ਰੋਡ ਦਾ ਵੀ ਨਿਰੀਖਣ ਕੀਤਾ, ਜਿਸ ਦਾ ਨਿਰਮਾਣ 1780 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ ਕੀਤਾ ਜਾ ਰਿਹਾ ਹੈ। ਅਧਿਕਾਰੀਆਂ ਨੇ ਉਨ੍ਹਾਂ ਨੂੰ ਪ੍ਰੋਜੈਕਟਾਂ ਦੇ ਬਾਕੀ 26 ਕਿਲੋਮੀਟਰ ਦੇ ਹਿੱਸੇ ਬਾਰੇ ਵੀ ਜਾਣਕਾਰੀ ਦਿੱਤੀ। ਸ਼੍ਰੀ ਮਲਹੋਤਰਾ ਨੇ ਅਧਿਕਾਰੀਆਂ ਨੂੰ ਬਾਕੀ ਪ੍ਰੋਜੈਕਟਾਂ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ, ਤਾਂ ਜੋ ਇਸ ਨੂੰ ਤੈਅ ਸਮੇਂ ਦੇ ਮੁਤਾਬਕ ਆਮ ਜਨਤਾ ਲਈ ਖੋਲ੍ਹਿਆ ਜਾ ਸਕੇ। 

ਸ਼੍ਰੀ ਹਰਸ਼ ਮਲਹੋਤਰਾ ਨੇ ਪੂਰਬੀ ਉੱਤਰ ਪ੍ਰਦੇਸ਼ ਵਿੱਚ ਚੱਲ ਰਹੇ ਐੱਨਐੱਚਏਆਈ ਪ੍ਰੋਜੈਕਟਾਂ ਦੀ ਵੀ ਸਮੀਖਿਆ ਕੀਤੀ। ਮਾਣਯੋਗ ਮੰਤਰੀ ਨੇ ਕਿਹਾ ਕਿ ਸ਼੍ਰੀ ਨਰੇਂਦਰ ਮੋਦੀ ਜੀ ਦੀ ਕੁਸ਼ਲ ਅਗਵਾਈ ਤੇ ਸ਼੍ਰੀ ਨਿਤਿਨ ਗਡਕਰੀ ਜੀ ਦੇ ਮਾਰਗਦਰਸ਼ਨ ਵਿੱਚ ਵਿਕਾਸ ਅਤੇ ਵਿਰਾਸਤ ਇਕੱਠੇ ਚੱਲ ਰਹੇ ਹਨ ਅਤੇ ਅਯੁੱਧਿਆ, ਗੋਰਖਪੁਰ, ਪ੍ਰਯਾਗਰਾਜ, ਚਿੱਤਰਕੂਟ, ਵਾਰਾਣਸੀ ਵਰਗੇ ਸਾਰੇ ਧਾਰਮਿਕ ਸਥਾਨਾਂ ਨੂੰ ਇਨ੍ਹਾਂ ਰਾਜਮਾਰਗਾਂ ਰਾਹੀ ਆਪਸ ਵਿੱਚ ਜੋੜਿਆ ਜਾ ਰਿਹਾ ਹੈ। ਗੋਰਖਪੁਰ, ਅਯੁੱਧਿਆ, ਵਾਰਾਣਸੀ ਅਤੇ ਪ੍ਰਯਾਗਰਾਜ ਵਿੱਚ ਚਾਰ ਰਿੰਗ ਰੋਡ, ਇਨ੍ਹਾਂ ਸ਼ਹਿਰਾਂ ਵਿੱਚ ਵਾਹਨਾਂ ਦੇ ਭੀੜ ਭੜੱਕੇ ਨੂੰ ਘਟਾਉਣ ਵਿੱਚ ਸਹਾਇਕ ਸਾਬਿਤ ਹੋਵੇਗਾ। ਸ਼੍ਰੀ ਮਲਹੋਤਰਾ ਨੇ ਅਧਿਕਾਰੀਆਂ ਨੂੰ ਮੌਜੂਦਾ ਸਮੇਂ ਵਿੱਚ ਜਾਰੀ ਪ੍ਰੋਜੈਕਟਾਂ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ। 

ਸ਼੍ਰੀ ਹਰਸ਼ ਮਲਹੋਤਰਾ ਨੇ ਅੱਗੇ ਕਿਹਾ ਕਿ ਜਨਤਕ ਬੁਨਿਆਦੀ ਢਾਂਚਾ ਆਰਥਿਕ ਵਿਕਾਸ, ਸੰਪਰਕ, ਵਪਾਰ ਅਤੇ ਜੀਵਨ ਦੀ ਗੁਣਵੱਤਾ ਨੂੰ ਵਧਾਉਣ ਲਈ ਬਹੁਤ ਜ਼ਰੂਰੀ ਹੈ। ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਭਾਰਤ ਨੇ ਪਿਛਲੇ ਇੱਕ ਦਹਾਕੇ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਸ਼ਾਨਦਾਰ ਤਰੱਕੀ ਕੀਤੀ ਹੈ ਅਤੇ ਬੁਨਿਆਦੀ ਢਾਂਚੇ ‘ਤੇ ਖਰਚ ਕੀਤੇ ਗਏ ਹਰੇਕ ਰੁਪਏ ਦਾ ਦੇਸ਼ ਦੇ ਕੁੱਲ ਘਰੇਲੂ ਉਤਪਾਦ ਵਿੱਚ 3.2 ਗੁਣਾ ਦਾ ਪ੍ਰਭਾਵ ਦੇਖਿਆ ਗਿਆ ਹੈ। 

ਚਾਰ ਜਾਂ ਵੱਧ ਲੇਨ ਵਾਲੇ ਨੈਸ਼ਨਲ ਹਾਈਵੇਅਜ਼ ਦੀ ਗਿਣਤੀ 2014 ਵਿੱਚ 18,371 ਕਿਲੋਮੀਟਰ ਤੋਂ 2.6 ਗੁਣਾ ਵਧ ਕੇ ਸਾਲ 2024 ਵਿੱਚ 48,422 ਕਿਲੋਮੀਟਰ ਹੋ ਗਈ, ਜਦਕਿ ਨੈਸ਼ਨਲ ਹਾਈਵੇਅਜ਼ ਨਿਰਮਾਣ ਦੀ ਰਫ਼ਤਾਰ 2014-15 ਵਿੱਚ 12.1 ਕਿਲੋਮੀਟਰ /ਦਿਨ ਨਾਲੋਂ 2.8 ਗੁਣਾ ਵਧ ਕੇ 2023-24 ਵਿੱਚ 33.8 ਕਿਲੋਮੀਟਰ/ਦਿਨ ਹੋ ਗਈ ਹੈ। 

ਸ਼੍ਰੀ ਮਲਹੋਤਰਾ ਨੇ ਰੋਡ, ਟ੍ਰਾਂਸਪੋਰਟ ਅਤੇ ਹਾਈਵੇਅਜ਼ ਮੰਤਰਾਲੇ ਦੁਆਰਾ ਸ਼ੁਰੂ ਕੀਤੀਆਂ ਗਈਆਂ ਪਹਿਲਕਦਮੀਆਂ ਦਾ ਜ਼ਿਕਰ ਕੀਤਾ, ਜਿਵੇਂ ਕਿ ਸੜਕ ਦੁਰਘਟਨਾ ਦੇ ਪੀੜਤਾਂ ਲਈ ‘ਕੈਸ਼ਲੈੱਸ ਗੋਲਡਨ ਔਵਰ’ ਯੋਜਨਾ, ਜਿਸ ਦੇ ਤਹਿਤ ਉਹ ਪ੍ਰਤੀ ਦੁਰਘਟਨਾ ਪ੍ਰਤੀ ਵਿਅਕਤੀ ਵੱਧ ਤੋਂ ਵੱਧ 1.5 ਲੱਖ ਰੁਪਏ ਦੇ ਕੈਸ਼ਲੈੱਸ ਇਲਾਜ ਦੇ ਹੱਕਦਾਰ ਹੋਣਗੇ,  ‘ਗੁੱਡ ਸੇਮੇਰਿਟਨਸ’ ਯੋਜਨਾ, ਜਿਸ ਦੇ ਤਹਿਤ ਸੜਕ ਦੁਰਘਟਨਾ ਪੀੜਤਾਂ ਦੀ ਸਹਾਇਤਾ ਕਰਨ ਵਾਲੇ ਲੋਕਾਂ ਨੂੰ 25,000 ਰੁਪਏ ਦਾ ਨਗਦ ਇਨਾਮ ਦਿੱਤਾ ਜਾਂਦਾ ਹੈ, ਟਰੱਕ ਡਰਾਈਵਰਾਂ ਦੀ ਭਲਾਈ ਲਈ ‘ਅਭਯ ਸਾਰਥੀ’ ਪ੍ਰੋਗਰਾਮ, ਜਿਸ ਦੇ ਤਹਿਤ ਉਨ੍ਹਾਂ ਨੂੰ ਚਿਕਿਤਸਾ ਜਾਂਚ ਪ੍ਰਦਾਨ ਕੀਤੀ ਜਾਂਦੀ ਹੈ ਅਤੇ ‘ਰਾਜਮਾਰਗ’ ਅਤੇ ‘ਸੁਖਦ’ ਐਪ, ਜੋ ਨੈਸ਼ਨਲ ਹਾਈਵੇਅਜ਼ ‘ਤੇ ਅਸਲ ਸਮੇਂ ਵਿੱਚ ਅੱਪਡੇਟ ਪ੍ਰਦਾਨ ਕਰਦੇ ਹਨ।

ਮਾਣਯੋਗ ਮੰਤਰੀ ਸ਼੍ਰੀ ਹਰਸ਼ ਮਲਹੋਤਰਾ ਨੇ ਕਿਹਾ ਕਿ ਬੁਨਿਆਦੀ ਢਾਂਚੇ ਦਾ ਵਿਕਾਸ, ਸਿਰਫ਼ ਸੜਕਾਂ ਤੱਕ ਹੀ ਸੀਮਤ ਨਹੀਂ ਹੈ, ਸਗੋਂ ਇਹ ਭਾਰਤ ਨੂੰ ਇੱਕ ਆਰਥਿਕ ਮਹਾਸ਼ਕਤੀ ਵਿੱਚ ਬਦਲਣ ਦੀ ਨੀਂਹ ਰੱਖੇਗਾ ਅਤੇ ਇਸ ਤੋਂ ਬਾਅਦ ਵਿਕਸਿਤ ਭਾਰਤ ਦੀ ਦਿਸ਼ਾ ਵਿੱਚ ਇੱਕ ਪ੍ਰਮੁੱਖ ਮਾਪਦੰਡ ਵੀ ਹੋਵੇਗਾ। 

************

ਜੀਡੀਐੱਚ/ਐੱਸਆਰ/ਏਕੇ


(Release ID: 2130705)
Read this release in: English , Urdu , Hindi