ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲਾ
azadi ka amrit mahotsav

ਸੁਫਲਾਮ 2025: ਫੂਡ ਪ੍ਰੋਸੈੱਸਿੰਗ ਸੈਕਟਰ ਵਿੱਚ ਇਨੋਵੇਸ਼ਨ ਨੂੰ ਹੁਲਾਰਾ ਦੇਣ ਲਈ ਤਿਆਰ

Posted On: 24 APR 2025 5:13PM by PIB Chandigarh

ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰਾਲਾ, ਰਾਸ਼ਟਰੀ ਫੂਡ ਟੈਕਨੋਲੋਜੀ ਉੱਦਮਤਾ ਅਤੇ ਪ੍ਰਬੰਧਨ ਸੰਸਥਾਨ (ਨਿਫਟਮ) ਕੁੰਡਲੀ ਦੇ ਸਹਿਯੋਗ ਨਾਲ, ਸੁਫਲਾਮ (ਅਕਾਂਖੀ ਦਿੱਗਜਾਂ ਅਤੇ ਸਲਾਹਕਾਰਾਂ ਦੇ ਲਈ ਸਟਾਰਟ-ਅੱਪ ਫੋਰਮ) ਦਾ ਦੂਸਰਾ ਸੰਸਕਰਣ 25-26 ਅਪ੍ਰੈਲ, 2025 ਨੂੰ ਨਿਫਟਮ-ਕੁੰਡਲੀ ਕੈਂਪਸ ਵਿੱਚ ਆਯੋਜਿਤ ਕੀਤਾ ਜਾਵੇਗਾ। ਉਦਘਾਟਨ ਸੰਸਕਰਣ ਦੀ ਸਫ਼ਲਤਾ ਦੇ ਅਧਾਰ ‘ਤੇ ਇਸ ਵਰ੍ਹੇ ਦਾ ਸੰਮੇਲਨ ‘ਆਤਮਨਿਰਭਰ ਭਾਰਤ’ ਦੇ ਦ੍ਰਿਸ਼ਟੀਕੋਣ ਦੇ ਅਨੁਰੂਪ ਇੱਕ ਜੀਵੰਤ ਸਟਾਰਟਅੱਪ ਵਿਧੀ ਨੂੰ ਹੁਲਾਰਾ ਦੇਣ ਲਈ ਭਾਰਤ ਸਰਕਾਰ ਦੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ। ਇਸ ਆਯੋਜਨ ਦਾ ਉਦੇਸ਼ ਲਕਸ਼ਿਤ ਪਹਿਲਕਦਮੀਆਂ ਦੇ ਮਾਧਿਅਮ ਨਾਲ ਇਨੋਵੇਸ਼ਨ, ਸਥਿਰਤਾ ਅਤੇ ਉੱਦਮਸ਼ੀਲਤਾ ਨੂੰ ਹੁਲਾਰਾ ਦੇ ਕੇ ਫੂਡ ਪ੍ਰੋਸੈੱਸਿੰਗ ਖੇਤਰ ਨੂੰ ਮਜ਼ਬੂਤ ਕਰਨਾ ਹੈ।

 

ਦੋ ਦਿਨਾਂ ਪ੍ਰੋਗਰਾਮ ਵਿੱਚ ਸਟਾਰਟਅੱਪ ਨੂੰ ਸਸ਼ਕਤ ਬਣਾਉਣ, ਗਿਆਨ ਸਾਂਝਾ ਕਰਨ ਦੀ ਸੁਵਿਧਾ ਪ੍ਰਦਾਨ ਕਰਨ ਅਤੇ ਨੈੱਟਵਰਕਿੰਗ ਦੇ ਅਵਸਰ ਪੈਦਾ ਕਰਨ ਲਈ ਵਿਭਿੰਨ ਗਤੀਵਿਧੀਆਂ ਦੀ ਇੱਕ ਲੜੀ ਹੋਵੇਗੀ। ਕੇਂਦਰੀ ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰੀ ਸ਼੍ਰੀ ਚਿਰਾਗ ਪਾਸਵਾਨ ਸਰਕਾਰੀ ਯੋਜਨਾਵਾਂ ਅਤੇ ਸਬਸਿਡੀ ਰਾਹੀਂ ਯੁਵਾ ਉੱਦਮੀਆਂ ਲਈ ਵਪਾਰ ਕਰਨ ਵਿੱਚ ਅਸਾਨੀ ਵਧਾਉਣ ‘ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਇਸ ਸੰਮੇਲਨ ਦਾ ਉਦਘਾਟਨ ਕਰਨਗੇ। ਨਿਫਟਮ- ਕੁੰਡਲੀ ਉਭਰਦੇ ਸਟਾਰਟਅਪ ਨੂੰ ਸਹਾਰਾ ਦੇਣ ਦੇ ਲਈ ਮਾਰਗਦਰਸ਼ਕ, ਸਲਾਹ-ਮਸ਼ਵਰਾ ਸੇਵਾਵਾਂ ਅਤੇ ਅਤਿਆਧੁਨਿਕ ਬੁਨਿਆਦੀ ਢਾਂਚੇ ਤੱਕ ਪਹੁੰਚ ਪ੍ਰਦਾਨ ਕਰਕੇ ਇੱਕ ਮਹੱਤਵਪੂਰਨ ਭੂਮਿਕਾ ਨਿਭਾਏਗਾ।

ਪ੍ਰੋਗਰਾਮ ਦੀ ਸ਼ੁਰੂਆਤ ਆਈਆਈਟੀ ਦਿੱਲੀ ਦੇ ਪ੍ਰੋਫੈਸਰ ਹਰਪਾਲ ਸਿੰਘ ਦੇ ਮੁੱਖ ਭਾਸ਼ਣ ਨਾਲ ਹੋਵੇਗੀ, ਜੋ ਆਪਣੀ ਉੱਦਮਸ਼ੀਲਤਾ ਯਾਤਰਾ ਨਾਲ ਜੁੜੀ ਜਾਣਕਾਰੀ ਸਾਂਝਾ ਕਰਨਗੇ। ਇਸ ਮੌਕੇ ‘ਤੇ ਭਾਰਤੀ ਵਿਦੇਸ਼ੀ ਵਪਾਰ ਸੰਸਥਾਨ, ਨਵੀਂ ਦਿੱਲੀ ਦੇ  ਵਾਇਸ ਚਾਂਸਲਰ ਪ੍ਰੋਫੈਸਰ ਰਾਕੇਸ਼ ਮੋਹਨ ਜੋਸ਼ੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਣਗੇ। ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰਾਲਾ (ਐੱਮਓਐੱਫਪੀਆਈ) ਦੇ ਸਕੱਤਰ ਡਾ. ਸੁਬ੍ਰਤ ਗੁਪਤਾ ਮੁੱਖ ਮਹਿਮਾਨ ਵਜੋਂ ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ।

ਪਹਿਲੇ ਦਿਨ ਦੇ ਪ੍ਰੋਗਰਾਮਾਂ ਵਿੱਚ ਅਨੁਭਵ ਸਾਂਝਾ ਕਰਨ ਵਾਲੇ ਸੈਸ਼ਨ ਹੋਣਗੇ, ਜਿਸ ਵਿੱਚ ਉਦਯੋਗ ਜਗਤ ਦੇ ਦਿੱਗਜ ਅਤੇ ਸਟਾਰਟਅੱਪ ਆਪਣੀ ਉੱਦਮਸ਼ੀਲਤਾ ਦੀ ਯਾਤਰਾ ਅਤੇ ਅੰਤਰਦ੍ਰਿਸ਼ਟੀ ਸਾਂਝਾ ਕਰਨਗੇ। ਮਾਹਿਰਾਂ ਦੀ ਅਗਵਾਈ ਵਾਲੇ ਸੈਸ਼ਨਾਂ ਦੀ ਇੱਕ ਲੜੀ ਵਿੱਚ ਫੂਡ ਸੈਕਟਰ ਵਿੱਚ ਟਿਕਾਊ ਵਿਕਾਸ, ਬ੍ਰਾਂਡਿੰਗ, ਡਿਜੀਟਲ ਪਹੁੰਚ ਅਤੇ ਸਰਕਾਰੀ ਸਹਾਇਤਾ ਜਿਹੇ ਮਹੱਤਵਪੂਰਨ ਵਿਸ਼ਿਆਂ ਨੂੰ ਸ਼ਾਮਲ ਕੀਤਾ ਜਾਵੇਗਾ। ਮੁੱਖ ਆਕਰਸ਼ਣ ਵਿੱਚ ਵਪਾਰ ਨੂੰ ਜ਼ਿੰਮੇਵਾਰੀ ਦੇ ਨਾਲ ਵਧਾਉਣ ‘ਤੇ ਇੱਕ ਪੈਨਲ ਚਰਚਾ ਸ਼ਾਮਲ ਹੈ, ਜਿਸ ਵਿੱਚ ਇੰਡੀਅਨ ਏਂਜਲ ਨੈੱਟਵਰਕ ਦੇ ਸ਼੍ਰੀ ਅਭਿਸ਼ੇਕ ਕੱਕੜ ਅਤੇ ਬਰੋਸੀ ਫੂਡਸ ਦੇ ਸ਼੍ਰੀ ਦੁਰਲਭ ਰਾਵਤ ਜਿਹੇ ਉਦਯੋਗ ਜਗਤ ਦੇ ਨੇਤਾ ਸ਼ਾਮਲ ਹੋਣਗੇ। ਫੂਡ ਸਟਾਰਟਅੱਪਸ ਲਈ ਡਿਜੀਟਲ ਮਾਰਕੀਟਿੰਗ ਰਣਨੀਤੀਆਂ ‘ਤੇ ਇੱਕ ਹੋਰ ਸੈਸ਼ਨ ਦੀ ਅਗਵਾਈ ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ (ਐੱਮਈਆਈਟੀਵਾਈ) ਦੇ ਸੀਨੀਅਰ ਅਧਿਕਾਰੀ ਅਤੇ ਜ਼ੀਓਨ ਲਾਈਫ ਸਾਇੰਸਿਜ਼ ਦੀ ਸੁਸ਼੍ਰੀ ਯਸ਼ਨਾ ਗਰਗ ਜਿਹੇ ਮਾਰਕੀਟਿੰਗ ਮਾਹਿਰ ਕਰਨਗੇ।

ਦੂਸਰੇ ਦਿਨ, ਯੁਵਾ ਉੱਦਮੀ “ਉਭਰਦੇ ਸਟਾਰਟਅੱਪ ਦੁਆਰਾ ਪੇਪ ਟੌਕ ਬਾਏ ਬਡਿੰਗ ਸਟਾਰਟਅੱਪਸ” (Pep Talk by Budding Startups) ਨਾਮਕ ਸੈਸ਼ਨ ਵਿੱਚ ਆਪਣੇ ਅਨੁਭਵ ਸਾਂਝੇ ਕਰਨਗੇ। ਬੁਲਾਰਿਆਂ ਵਿੱਚ ਰੀਪੀਟ ਗੁਡ ਪ੍ਰਾਈਵੇਟ ਲਿਮਿਟੇਡ ਦੀ ਸੁਸ਼੍ਰੀ ਈਸ਼ਾ ਝਾਵਰ ਸ਼ਾਮਲ ਹਨ, ਜੋ ਸਿਹਤਮੰਦ, ਪ੍ਰੀਜ਼ਰਵੇਟਿਵ-ਮੁਕਤ ਟਮਾਟਰ ਕੈਚੱਪ ਅਤੇ ਮੇਯੋਨੇਜ਼ ਵਿੱਚ ਆਪਣੇ ਕੰਮ ਲਈ ਜਾਣੀ ਜਾਂਦੀਆਂ ਹਨ ਅਤੇ ਅਟਪਾਟਾ ਦੇ ਸ਼੍ਰੀ ਰੋਮੀ ਕੁਲਥੀਆ, ਜੋ ਪਰੰਪਰਾਗਤ ਗਿਆਨ ਨੂੰ ਆਧੁਨਿਕ ਟੈਕਨੋਲੋਜੀ ਦੇ ਨਾਲ ਜੋੜਦੇ ਹਨ। ਹੋਰ ਪ੍ਰਤੀਭਾਗੀ, ਜਿਵੇਂ ਅਰੋਮਾ ਦੇ ਸ਼੍ਰੀ ਪ੍ਰਿਯਾਂਸ਼ੂ ਰਾਜ ਅਤੇ ਸਤਗੁਰੂ ਸੁਪਰਫੂਡਸ ਦੀ ਸੁਸ਼੍ਰੀ ਪਲਕ ਅਰੋੜਾ, ਸਕੇਲਿੰਗ ਅਤੇ ਗ੍ਰਾਮੀਣ-ਸ਼ਹਿਰੀ ਬਜ਼ਾਰ ਸਬੰਧਾਂ ਵਿੱਚ ਚੁਣੌਤੀਆਂ ‘ਤੇ ਚਰਚਾ ਕਰਨਗੇ। 1.5 ਡਿਗਰੀ ਦੇ ਸ਼੍ਰੀ ਅਨਘ ਗੋਇਲ ਜਿਹੇ ਸਥਿਰਤਾ-ਕੇਂਦ੍ਰਿਤ ਇਨੋਵੇਟਰ ਵੀ ਜਲਵਾਯੂ-ਲਚਕੀਲੇ ਵਪਾਰ ਮਾਡਲ ‘ਤੇ ਅੰਤਰਦ੍ਰਿਸ਼ਟੀ (ਸੂਝ) ਸਾਂਝੇ ਕਰਨਗੇ।

ਆਂਧਰ ਪ੍ਰਦੇਸ਼, ਛੱਤੀਸਗੜ੍ਹ, ਕੇਰਲ, ਮਣੀਪੁਰ, ਬਿਹਾਰ, ਓਡੀਸ਼ਾ, ਮਹਾਰਾਸ਼ਟਰ, ਅਰੁਣਾਚਲ ਪ੍ਰਦੇਸ਼, ਤਮਿਲ ਨਾਡੂ, ਮੱਧ ਪ੍ਰਦੇਸ਼ ਅਤੇ ਉੱਤਰਾਖੰਡ ਸਮੇਤ ਦੇਸ਼ ਭਰ ਦੇ 23 ਰਾਜਾਂ ਤੋਂ 250 ਤੋਂ ਵੱਧ ਸਟਾਰਟਅੱਪਸ ਪਹਿਲਾਂ ਹੀ ਰਜਿਸਟਰਡ ਹੋ ਚੁੱਕੇ ਹਨ, ਜੋ ਭਾਰਤ ਦੇ ਵਿਭਿੰਨ ਇਨੋਵੇਸ਼ਨ ਲੈਂਡਸਕੇਪ ਨੂੰ ਪ੍ਰਦਰਸ਼ਿਤ ਕਰਦੇ ਹਨ। ਕੁਝ ਸਟਾਰਟਅੱਪਸ ਦੁਆਰਾ ਸੈੱਲ ਕਲਚਰਡ ਮੀਟ, ਪਲਾਂਟ-ਬੇਸਡ ਫੂਡ, ਫੰਕਸ਼ਨਨ ਫੂਡ ਅਤੇ ਦੇਸ਼ ਵਿੱਚ ਫੂਡ ਪ੍ਰੋਸੈੱਸਿੰਗ ਅਤੇ ਸੁਰੱਖਿਆ ਵਿਧੀ ਨੂੰ ਮਜ਼ਬੂਤ ਕਰਨ ਲਈ ਦੂਸ਼ਿਤ ਪਦਾਰਥਾਂ ਅਤੇ ਮਿਲਾਵਟਾਂ ਲਈ ਰੈਪਿਡ ਡਿਟੈਕਸ਼ਨ ਕਿਟ ਜਿਹੀਆਂ ਇਨੋਵੇਟਿਵ ਟੈਕਨੋਲੋਜੀਆਂ ਦਾ ਪ੍ਰਦਰਸ਼ਨ ਕਰਨ ਦੀ ਸੰਭਾਵਨਾ ਹੈ।

ਨੇਸਲੇ, ਬੁਹਲਰ ਗਰੁੱਪ, ਯੁਰੇਕਾ ਐਨਾਲਿਟੀਕਲ ਸਿਸਟਮਜ਼ ਪ੍ਰਾਈਵੇਟ ਲਿਮਿਟੇਡ ਅਤੇ ਇੰਡੀਅਨ ਏਂਜਲ ਨੈੱਟਵਰਕ ਜਿਹੇ ਪ੍ਰਮੁੱਖ ਸੰਗਠਨਾਂ ਦੇ ਪ੍ਰਤਿਸ਼ਠਿਤ ਮੁਲਾਂਕਣਕਾਰਾਂ ਦੇ ਸਾਹਮਣੇ ਆਪਣੇ ਵਿਚਾਰਾਂ ਨੂੰ ਪੇਸ਼ ਕਰਨ ਲਈ ਲਗਭਗ 35 ਸਟਾਰਟਅੱਪਸ ਨੇ ਰਜਿਸਟ੍ਰੇਸ਼ਨ ਕਰਵਾਇਆ ਹੈ। ਕਲੀਅਰ ਮੀਟ ਦੇ ਡਾ. ਸਿਧਾਰਥ ਮਾਨਵਤੀ ਦੁਆਰਾ ਸੰਚਾਲਿਤ ਸਥਾਈ ਖੁਰਾਕ ਸਮਾਧਾਨਾਂ ‘ਤੇ ਇੱਕ ਸਮਰਪਿਤ ਸੈਸ਼ਨ ਵਿੱਚ ਨੇਸਲੇ ਇੰਡੀਆ ਦੇ ਸਾਬਕਾ ਡਾਇਰੈਕਟਰ, ਕਾਰਪੋਰੇਟ ਮਾਮਲੇ ਅਤੇ ਸਥਿਰਤਾ, ਸ਼੍ਰੀ ਸੰਜੈ ਖਜੂਰੀਆ ਅਤੇ ਭਾਰਤ ਇਨੋਵੇਸ਼ਨ ਫੰਡ ਦੇ ਸ਼੍ਰੀ ਹੇਮੇਂਦਰ ਮਾਥੁਰ ਜਿਹੇ ਉਦਯੋਗ ਦੇ ਦਿੱਗਜਾਂ ਦੇ ਦ੍ਰਿਸ਼ਟੀਕੋਣ ਸ਼ਾਮਲ ਹੋਣਗੇ।

ਇਸ ਪ੍ਰੋਗਰਾਮ ਵਿੱਚ ਰਸਮੀ ਸੈਸ਼ਨਾਂ ਦੇ ਇਲਾਵਾ ਮੈਂਟਰ ਲਾਊਂਜ ਰਾਹੀਂ ਨੈੱਟਵਰਕਿੰਗ ਦੇ ਮੌਕੇ ਅਤੇ ਸਟਾਰਟਅੱਪਸ ਅਤੇ ਐੱਮਐੱਸਐੱਮਈ ਦੁਆਰਾ ਇਨੋਵੇਸ਼ਨਸ ਨੂੰ ਪ੍ਰਦਰਸ਼ਿਤ ਕਰਨ ਵਾਲੀ ਇੱਕ ਪ੍ਰਦਰਸ਼ਨੀ ਵੀ ਸ਼ਾਮਲ ਹੋਵੇਗੀ। ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰਾਲੇ ਦੇ ਕੇਂਦਰੀ ਕੈਬਨਿਟ ਮੰਤਰੀ ਸ਼੍ਰੀ ਚਿਰਾਗ ਪਾਸਵਾਨ ਨੇ ਕਨਕਲੇਵ ਦੇ ਮਹੱਤਵ ‘ਤੇ ਵਿਚਾਰ ਕਰਦੇ ਹੋਏ ਕਿਹਾ, “ਸੁਫਲਾਮ 2025 ਫੂਡ ਸੈਕਟਰ ਵਿੱਚ ਉੱਦਮਸ਼ੀਲਤਾ ਨੂੰ ਹੁਲਾਰਾ ਦੇਣ ਲਈ ਸਾਡੀ ਪ੍ਰਤੀਬੱਧਤਾ ਨੂੰ ਰੇਖਾਂਕਿਤ ਕਰਦਾ ਹੈ। ਸਟਾਰਟਅੱਪਸ ਨੂੰ ਉੱਚਿਤ ਉਪਕਰਣ ਅਤੇ ਨੈੱਟਵਰਕ ਨਾਲ ਲੈਸ ਕਰਕੇ ਅਸੀਂ ਇੱਕ ਵਧੇਰੇ ਆਤਮਨਿਰਭਰ ਭਾਰਤ ਦਾ ਮਾਰਗ ਪੱਧਰਾ ਕਰ ਰਹੇ ਹਾਂ।” 300 ਤੋਂ ਵੱਧ ਪ੍ਰਤੀਭਾਗੀਆਂ, ਉੱਦਮੀਆਂ, ਨਿਵੇਸ਼ਕਾਂ ਅਤੇ ਨੀਤੀ ਨਿਰਮਾਤਾਵਾਂ ਸਮੇਤ ਦੇਸ਼ ਭਰ ਦੇ 20 ਰਾਜਾਂ ਦੀ ਪ੍ਰਤੀਨਿਧਤਾ ਕਰਨ ਵਾਲੇ 65 ਤੋਂ ਵੱਧ ਪ੍ਰਦਰਸ਼ਕਾਂ ਦੇ ਨਾਲ, ਕਨਕਲੇਵ ਦਾ ਉਦੇਸ਼ ਭਾਰਤ ਦੇ ਫੂਡ ਪ੍ਰੋਸੈੱਸਿੰਗ ਉਦੋਯਗ ਵਿੱਚ ਸਹਿਯੋਗ ਨੂੰ ਹੁਲਾਰਾ ਦੇਣਾ ਅਤੇ ਵਿਕਾਸ ਨੂੰ ਗਤੀ ਦੇਣਾ ਹੈ।

*****

ਸ਼ਾਹਿਦ


(Release ID: 2124299)
Read this release in: English , Urdu , Hindi , Tamil