ਸੱਭਿਆਚਾਰ ਮੰਤਰਾਲਾ
ਚੰਗਾ ਸਿਨੇਮਾ ਮਾਸ ਐਜੂਕੇਸ਼ਨ ਲਈ ਇੱਕ ਚੈਨਲ ਹੈ: ਵੇਨ ਗੈਸ਼ੇ ਦੋਰਜੀ ਦਾਮਦੁਲ (Ven Geshe Dorji Damdul)
ਇੰਟਰਨੈਸ਼ਨਲ ਬੁੱਧੀਸਟ ਕਨਫੈੱਡਰੇਸ਼ਨ ਦੀ ਤਰਫੋਂ ਦੋ ਦਿਨਾਂ ਬੋਧੀਪਥ ਫਿਲਮ ਫੈਸਟੀਵਲ ਦਾ ਆਯੋਜਨ
Posted On:
12 MAR 2025 11:26AM by PIB Chandigarh
ਤਿੱਬਤ ਹਾਊਸ ਦੇ ਡਾਇਰੈਕਟਰ ਵੇਨ ਗੇਸ਼ੇ ਦੋਰਜੀ ਦਾਮਦੁਲ ਨੇ ਬੋਧੀਪਥ ਫਿਲਮ ਫੈਸਟੀਵਲ ਦੇ ਉਦਘਾਟਨੀ ਸਮਾਰੋਹ ਵਿੱਚ ਆਪਣੇ ਸੰਬੋਧਨ ਵਿੱਚ ਭਗਵਾਨ ਬੁੱਧ ਵਲੋਂ 2500 ਸਾਲ ਪਹਿਲਾਂ ਜਿਸ ਤਰ੍ਹਾਂ ਦੀ ਕਲਾ ਅਤੇ ਚਿੱਤਰਾਂ ਨੂੰ ਮਾਨਤਾ ਦਿੱਤੀ ਗਈ ਸੀ, ਉਸ ਦੀ ਤੁਲਨਾ ਸਿਨੇਮਾ ਰਾਹੀਂ ਕੀਤੀ। ਉਨ੍ਹਾਂ ਕਿਹਾ ਕਿ ਦ੍ਰਿਸ਼ ਕਲਾ ਹਮੇਸ਼ਾ ਤੋਂ ਹੀ ਆਮ ਜਨਤਾ ਲਈ ਸਿੱਖਿਆ ਅਤੇ ਸੂਚਨਾ ਦਾ ਜ਼ਰੀਆ ਰਹੀ ਹੈ।

ਨਵੀਂ ਦਿੱਲੀ ਵਿੱਚ ਇੰਟਰਨੈਸ਼ਨਲ ਬੁੱਧੀਸਟ ਕਨਫੈੱਡਰੇਸ਼ਨ ਦੁਆਰਾ ਆਯੋਜਿਤ ਦੋ ਦਿਨੀਂ ਫਿਲਮ ਫੈਸਟੀਵਲ ਦੇ ਉਦਘਾਟਨ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਪੂਜਨੀਕ ਗੁਰੂਦੇਵ ਨੇ ਸਿਨੇਮਾ ਦੀ ਵਿਆਖਿਆ ਜਨਤਾ ਨੂੰ ਪ੍ਰਭਾਵਿਤ ਕਰਨ ਦੇ ਇੱਕ ਅਤਿਅੰਤ ਸ਼ਕਤੀਸ਼ਾਲੀ ਸਾਧਨ ਦੇ ਰੂਪ ਵਿੱਚ ਕੀਤੀ। ਉਨ੍ਹਾਂ ਕਿਹਾ, ‘ਹਾਲਾਂਕਿ, ਸਿਨੇਮਾ ਜਨਤਾ ਦੀ ਸੋਚ ਦੇ ਪੱਧਰ ਨੂੰ ਦਰਸਾਉਂਦਾ ਹੈ। ਤਾਂ ਸਮਾਜ ਵਿੱਚ ਮੌਜੂਦਾ ਸੋਚ ਅਨੁਸਾਰ ਹੀ ਫਿਲਮਾਂ ਦਾ ਨਿਰਮਾਣ ਹੋਵੇ।’

ਗੇਸ਼ੇ ਦਾਮਦੁਲ ਨੇ ਜ਼ਿਕਰ ਕੀਤਾ ਕਿ ਬੁੱਧ ਦੇ ਸਮੇਂ ਦੌਰਾਨ, ਸਾਕਯਮੁਨੀ ਦੁਆਰਾ ਪੇਂਟਿੰਗਾਂ ਬਣਾਈਆਂ ਜਾਂਦੀਆਂ ਸਨ ਜੋ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਦਰਸਾਉਂਦੀਆਂ ਸਨ ਅਤੇ ਜਨਤਾ ਨੂੰ ਸਿੱਖਿਅਤ ਕਰਦੀਆਂ ਸਨ। ਉਨ੍ਹਾਂ ਕਿਹਾ ਕਿ ਵਿਅਕਤੀ ਦੀਆਂ ਪੰਜ ਇੰਦ੍ਰੀਆਂ ਸੰਦੇਸ਼ ਨੂੰ ਆਤਮਸਾਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਦ੍ਰਿਸ਼ਟੀਕੋਣ 'ਨੀਵੇਂ ਪੱਧਰ' ਦੇ ਹਨ, ਤਾਂ ਸਮਾਜ ਇਨ੍ਹਾਂ ਨੂੰ ਆਤਮਸਾਤ ਕਰ ਲਵੇਗਾ, ਅਤੇ ਇਸੇ ਲਈ, ਅਸੀਂ ਇਨੀਂ ਦਿਨੀਂ ਸਾਈਬਰ-ਅਪਰਾਧ ਸਮਤੇ ਬਹੁਤ ਸਾਰੇ ਅਪਰਾਧਾਂ ਨੂੰ ਦੇਖਦੇ ਹਾਂ। ਉਨ੍ਹਾਂ ਨੇ ਨੋਟ ਕੀਤਾ ਕਿ ਇਸੇ ਤਰ੍ਹਾਂ, ਟਕਰਾਅ, ਯੁੱਧ, ਜਲਵਾਯੂ ਸਬੰਧੀ ਆਫ਼ਤ ਅਤੇ ਅਵਿਸ਼ਵਾਸ ਨੂੰ ਦੇਖਿਆ ਜਾਣ ਲਗੇਗਾ।

ਸੰਖੇਪ ਦੌਰੇ ‘ਤੇ ਪਹੁੰਚੇ ਪਦਮਸ਼੍ਰੀ ਨਾਲ ਸਨਮਾਨਿਤ ਅਮਰੀਕੀ ਬੌਧੀ ਲੇਖਕ ਅਤੇ ਅਕਾਦਮਿਕ ਪ੍ਰੋਫੈਸਰ ਰੌਬਰਟ ਏ.ਐਫ. ਥਰਮਨ, ਨੇ ਵੀ ਈਵੈਂਟ ਵਿੱਚ ਆਪਣੇ ਵਿਚਾਰ ਸਾਂਝੇ ਕਰਨ ਲਈ ਸਮਾਂ ਕੱਢਿਆ। ਉਨ੍ਹਾਂ ਨੇ ਤਿੱਬਤੀ ਬੁੱਧ ਧਰਮ 'ਤੇ ਕਈ ਕਿਤਾਬਾਂ ਲਿਖੀਆਂ ਹਨ, ਅਤੇ ਅਨੁਵਾਦ ਕੀਤੀਆਂ ਹਨ। ਉਨ੍ਹਾਂ ਨੇ ਮੰਜੂਸ਼੍ਰੀ ‘ਤੇ ਲਿਖੀ ਜਾ ਰਹੀ ਆਪਣੀ ਨਵੀਂ ਪੁਸਤਕ ਬਾਰੇ ਜਾਣਕਾਰੀ ਸਾਂਝੀ ਕੀਤੀ। ਪ੍ਰੋਫੈਸਰ ਥਰਮਨ ਨੇ ਦੱਸਿਆ ਕਿ ਮਹਾਯਾਨ ਬੁੱਧ ਧਰਮ ਵਿੱਚ, ਮੰਜੂਸ਼੍ਰੀ ਇੱਕ ਬੋਧੀਸਤਵ ਹਨ ਜੋ ਮਹਾਨ ਗਿਆਨ ਅਤੇ ਸਿੱਖਿਆ ਦੀ ਪ੍ਰਤੀਨਿਧਤਾ ਕਰਦੇ ਹਨ। ਉਨ੍ਹਾਂ ਨੇ ਕੁਝ ਦਿਲਚਸਪ ਕਿੱਸਿਆਂ ਅਤੇ ਕੁਝ ਨਿਜੀ ਅਨੁਭਵਾਂ ਬਾਰੇ ਦੱਸ ਕੇ ਦਰਸ਼ਕਾਂ ਨੂੰ ਮੋਹਿਤ ਕੀਤਾ।
ਹਾਲ ਹੀ ਵਿੱਚ ਦਿੱਲੀ ਤੋਂ ਗੁਜ਼ਰ ਰਹੇ ਹਾਲੀਵੁੱਡ ਦੀਆਂ ਫਿਲਮਾਂ ਦੇ ਵਿਸ਼ਵ-ਪ੍ਰਸਿੱਧ ਫਿਲਮ ਕਲਾਕਾਰ ਅਤੇ ਬੁੱਧ ਧਰਮ ਦੇ ਅਭਿਆਸੀ, ਰਿਚਰਡ ਗੇਰੇ, ਨੇ ਉਤਸਵ ਲਈ ਇੱਕ ਸੰਦੇਸ਼ ਦਰਜ ਕੀਤਾ। ਉਨ੍ਹਾਂ ਨੇ ਪ੍ਰਗਟ ਕੀਤਾ ਕਿ ਬੁੱਧੀਸਟ ਫਿਲਮ ਫੈਸਟੀਵਲ ਬੁੱਧ ਦੀਆਂ ਸਿੱਖਿਆਵਾਂ ਨੂੰ ਫੈਲਾਉਣ ਦਾ ਸਭ ਤੋਂ ਵਧੀਆ ਤਰੀਕਾ ਸੀ। ਉਨ੍ਹਾਂ ਕਿਹਾ ਕਿ ਇਹ ਉਤਸਵ "ਇੱਕ ਦਿਲਚਸਪ ਪਲ ਪ੍ਰਦਾਨ ਕਰਦਾ ਹੈ। ਇਹ ਬੁੱਧ ਧਰਮ ਦੇ ਰਸਤੇ 'ਤੇ ਚੱਲਣ ਦਾ ਇੱਕ ਵਧੀਆ ਮੌਕਾ ਹੈ।" ਉਨ੍ਹਾਂ ਨੇ ਉਤਸਵ ਲਈ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।
ਵਿਸ਼ੇਸ਼ ਮਹਿਮਾਨ, ਅਤੇ ਨੈਸ਼ਨਲ ਸਕੂਲ ਆਫ਼ ਡਰਾਮਾ ਦੇ ਡਾਇਰੈਕਟਰ ਸ਼੍ਰੀ ਚਿੱਤਰੰਜਨ ਤ੍ਰਿਪਾਠੀ ਨੇ ਦੱਸਿਆ ਕਿ ਭਾਰਤ ਵਿੱਚ ਨਾਟਯ ਸ਼ਾਸਤਰ ਦੀ ਪਰੰਪਰਾ 3,000 ਸਾਲ ਤੋਂ ਵੀ ਵੱਧ ਪੁਰਾਣੀ ਹੈ। ਬੁੱਧ ਧਰਮ ਦਾ ਨਾਟਯ ਸ਼ਾਸਤਰ ਅਤੇ ਸਟੋਰੀ ਟੈਲਿੰਗ ਫਾਰਮੈਟ ਨਾਲ ਡੂੰਘਾ ਸਬੰਧ ਸੀ।
ਸ਼੍ਰੀ ਤ੍ਰਿਪਾਠੀ ਨੇ ਥੀਏਟਰ ਦੇ ਵੱਖ-ਵੱਖ ਤੱਤਾਂ ਦੀ ਉਦਾਹਰਣ ਦਿੰਦੇ ਹੋਏ, ਸ਼੍ਰੀ ਤ੍ਰਿਪਾਠੀ ਨੇ ਸਮਝਾਇਆ ਕਿ ਪੂਰੀ ਦੁਨੀਆ ਇੱਕ ਥੀਏਟਰ ਹੈ, ਇੱਕ ਵਿਸ਼ਾਲ ਮੋਂਟਾਜ ਦੇ ਪਿਛੋਕੜ ਦੇ ਨਾਲ ਭੂਮਿਕਾ-ਨਿਭਾਉਣੀ ਪਹਿਰਾਵੇ ਅਤੇ ਮੂਡਸ ਦੇ ਨਾਲ ਇੱਕ ਖੇਡ ਚੱਲ ਰਹੀ ਹੈ। ਉਨ੍ਹਾਂ ਦੱਸਿਆ, "ਥੀਏਟਰ ਵੀ ਦਰਸ਼ਕਾਂ ਦੇ ਸਾਹਮਣੇ ਆਪਣੇ ਤਰੀਕੇ ਨਾਲ ਇੱਕ ਕਹਾਣੀ ਸੁਣਾਉਂਦਾ ਹੈ, ਫਰਕ ਇਹ ਹੈ ਕਿ ਸਿਨੇਮਾ ਵਿੱਚ ਇਸ ਨੂੰ ਸਕ੍ਰੀਨ 'ਤੇ ਦਿਖਾਇਆ ਜਾਂਦਾ ਹੈ।" ਉਨ੍ਹਾਂ ਕਿਹਾ ਕਿ ਵਿਸ਼ਵ ਮੰਚ 'ਤੇ ਚੱਲ ਰਹੇ ਇੰਨੇ ਸਾਰੇ ਸੰਘਰਸ਼ਾਂ ਦੇ ਦਰਮਿਆਨ ਬੋਧੀ ਵਿਚਾਰ ਸਾਨੂੰ ਇੱਕ ਬਿਹਤਰ ਦੁਨੀਆ ਵੱਲ ਲੈ ਜਾ ਸਕਦੇ ਹਨ।

ਪ੍ਰਸਿੱਧ ਪਲੇਬੈਕ ਸਿੰਗਰ ਸ਼੍ਰੀ ਮੋਹਿਤ ਚੌਹਾਨ ਨੇ ਆਪਣੇ ਵਿਸ਼ੇਸ਼ ਸੰਬੋਧਨ ਵਿੱਚ ਦੱਸਿਆ ਕਿ ਕਿਵੇਂ ਉਹ ਆਪਣੇ ਨਿਜੀ ਜੀਵਨ ਵਿੱਚ ਦਇਆ ਅਤੇ ਅਹਿੰਸਾ ਦਾ ਅਭਿਆਸ ਕਰਦੇ ਸਨ। ਉਨ੍ਹਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ਵਿੱਚ ਬੁੱਧ ਧਰਮ ਦਾ ਉਨ੍ਹਾਂ ਦੇ ਜੀਵਨ ਵਿੱਚ ਵਿਸ਼ੇਸ਼ ਪ੍ਰਭਾਵ ਸੀ। ਉਹ ਅਵਾਰਾ ਜਾਨਵਰਾਂ ਲਈ ਇੱਕ ਘਰ ਚਲਾਉਂਦੇ ਹਨ ਅਤੇ 400 ਤੋਂ ਵੱਧ ਪਸ਼ੂਆਂ ਦੀ ਦੇਖਭਾਲ ਕਰਦੇ ਹਨ। ਉਨ੍ਹਾਂ ਨੇ ਭਾਰਤ ਅਤੇ ਮੰਗੋਲੀਆ ਵਿਚਕਾਰ ਡੂੰਘੇ ਸੱਭਿਆਚਾਰਕ ਅਤੇ ਅਧਿਆਤਮਿਕ ਸਬੰਧ ਨੂੰ ਸਮਰੱਥ ਬਣਾਉਣ ਦੀ ਦਿਸ਼ਾ ਵਿੱਚ ਮੰਗੋਲੀਆ ਦੇ ਸੱਭਿਆਚਾਰਕ ਰਾਜਦੂਤ ਵਜੋਂ ਆਪਣੇ ਯੋਗਦਾਨ ਨੂੰ ਉਜਾਗਰ ਕੀਤਾ।
ਸ੍ਰੀ ਲੰਕਨ ਫਿਲਮ ਸ਼੍ਰੀ ਸਿਧਾਰਥ ਗੌਤਮ ਵਿੱਚ ਮੁੱਖ ਭੂਮਿਕਾ ਨਿਭਾਉਣ ਵਾਲੇ ਪ੍ਰਸਿੱਧ ਟੀਵੀ ਕਲਾਕਾਰ ਸ਼੍ਰੀ ਗਗਨ ਮਲਿਕ ਨੇ ਇਸ ਵਿਸ਼ਾਲ ਰਚਨਾ ਦੀ ਸ਼ੂਟਿੰਗ ਦੌਰਾਨ ਆਪਣੇ ਨਿਜੀ ਅਨੁਭਵਾਂ ਬਾਰੇ ਦੱਸ ਕੇ ਦਰਸ਼ਕਾਂ ਨੂੰ ਮੰਤਰਮੁਗਧ ਕਰ ਦਿੱਤਾ। ਉਹ ਭਗਵਾਨ ਰਾਮ ਅਤੇ ਭਗਵਾਨ ਸ਼ਿਵ ਦੀਆਂ ਭੂਮਿਕਾਵਾਂ ਲਈ ਵੀ ਜਾਣੇ ਜਾਂਦੇ ਹਨ, ਅਤੇ ਸ੍ਰੀਲੰਕਾ, ਥਾਈਲੈਂਡ ਅਤੇ ਵੀਅਤਨਾਮ ਸਮੇਤ ਕਈ ਬੁੱਧ ਧਰਮ ਨੂੰ ਮੰਨਣ ਵਾਲੇ ਕਈ ਦੇਸ਼ਾਂ ਵਿੱਚ ਉਨ੍ਹਾਂ ਦੇ ਵੱਡੇ ਪ੍ਰਸ਼ੰਸਕ ਹਨ।
ਇੱਕ ਹੋਰ ਮਸ਼ਹੂਰ ਸਟਾਰ, ਸ਼੍ਰੀ ਆਦਿਲ ਹੁਸੈਨ, ਜਿਨ੍ਹਾਂ ਨੇ ਆਪਣੀਆਂ ਫਿਲਮਾਂ ਲਾਈਫ ਆਫ ਪਾਈ ਅਤੇ ਦ ਰਿਲਕਟੈਂਟ ਫੰਡਾਮੈਂਟਲਿਸਟਸ ਲਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਕੀਤੀ ਹੈ। ਉਨ੍ਹਾਂ ਨੇ ਸਿਨੇਮਾ ਬਾਰੇ ਜੋਸ਼ ਨਾਲ ਗੱਲ ਕੀਤੀ ਅਤੇ ਦੱਸਿਆ ਕਿ ਕਿਵੇਂ ਇਸ ਵਿੱਚ ਨਾ ਸਿਰਫ਼ ਦਰਸ਼ਕਾਂ ਦੇ ਵਿਚਾਰਾਂ ਨੂੰ ਆਕਾਰ ਦੇਣ ਦੀ ਸ਼ਕਤੀ ਹੈ, ਸਗੋਂ ਇੱਕ ਅਦਾਕਾਰ ਵਜੋਂ ਉਨ੍ਹਾਂ ਦੁਆਰਾ ਨਿਭਾਈਆਂ ਗਈਆਂ ਭੂਮਿਕਾਵਾਂ ਨੇ ਉਨ੍ਹਾਂ ਦੇ ਆਪਣੇ ਜੀਵਨ ਨੂੰ ਵੀ ਪ੍ਰਭਾਵਿਤ ਕੀਤਾ ਅਤੇ ਦੁਨੀਆ ਪ੍ਰਤੀ ਉਨ੍ਹਾਂ ਦਾ ਦ੍ਰਿਸ਼ਟੀਕੋਣ ਬਦਲ ਦਿੱਤਾ।
ਇਸ ਤੋਂ ਪਹਿਲਾਂ, ਇੰਟਰਨੈਸ਼ਨਲ ਬੁੱਧੀਸਟ ਕਨਫੈੱਡਰੇਸ਼ਨ ਦੇ ਸਕੱਤਰ ਜਨਰਲ, ਸ਼ਾਰਤਸੇ ਖੇਂਸੁਰ ਜੰਗਚੁਪ ਚੋਏਡੇਨ ਰਿਨਪੋਛੇ (Shartse Khensur Jangchup Choeden Rinpoche) ਨੇ ਆਪਣੇ ਸੁਆਗਤੀ ਭਾਸ਼ਣ ਵਿੱਚ ਉਤਸਵ ਦੀ ਸਫਲਤਾ ਦੀ ਕਾਮਨਾ ਕਰਦੇ ਹੋਏ ਕਿਹਾ ਕਿ ਫਿਲਮਾਂ ਸੂਚਨਾ, ਵਿਚਾਰਧਾਰਾ ਦੇ ਪ੍ਰਸਾਰ ਅਤੇ ਇਸ ਦੇ ਦਾਇਰੇ ਨੂੰ ਵਿਆਪਕ ਬਣਾਉਣ ਦਾ ਸ਼ਕਤੀਸ਼ਾਲੀ ਮਾਧਿਅਮ ਹਨ।
ਆਈਬੀਸੀ ਦੇ ਡਾਇਰੈਕਟਰ ਜਨਰਲ, ਸ਼੍ਰੀ ਅਭਿਜੀਤ ਹਲਦਰ ਨੇ ਇਸ ਫੈਸਟੀਵਲ ਦੀ ਧਾਰਨਾ ਅਤੇ ਇਸ ਵਿੱਚ ਪ੍ਰਦਰਸ਼ਿਤ ਕੀਤੀਆਂ ਗਈਆਂ ਫਿਲਮਾਂ ਦੀ ਸ਼੍ਰੇਣੀ ਬਾਰੇ ਦੱਸਿਆ। ਇਨ੍ਹਾਂ ਵਿੱਚ ਨੌਜਵਾਨ ਪੀੜ੍ਹੀ ਲਈ ਕਲਾਸੀਕਲ ਫਿਲਮਾਂ ਦਾ ਸੰਗ੍ਰਹਿ ਅਤੇ ਭਾਰਤ ਦੇ ਆਧੁਨਿਕ ਨਿਰਦੇਸ਼ਕਾਂ ਦੀਆਂ ਕੁਝ ਫਿਲਮਾਂ ਸ਼ਾਮਲ ਹਨ। ਪ੍ਰਦਰਸ਼ਿਤ ਫਿਲਮਾਂ ਵਿੱਚ ਦ ਕੱਪ, ਗੇਸ਼ੇ ਮਾ ਇਜ਼ ਬੌਰਨ, ਦ ਕੁੰਗ ਫੂ ਨਨਜ਼, ਪਾਥ ਆਫ਼ ਕੰਪੈਸ਼ਨ, ਗੁਰੂ ਪਦਮਸੰਭਵ ਵੀ ਹਨ। ਉਨ੍ਹਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਪਰਮ ਪੂਜਨੀਕ ਦਲਾਈ ਲਾਮਾ 'ਤੇ ਬਣੀ ਪ੍ਰਸਿੱਧ ਫਿਲਮ, 'ਅਨਟਿਲ ਸਪੇਸ ਰਿਮੇਨਜ਼' ਵੀ ਉਤਸਵ ਵਿੱਚ ਪ੍ਰਦਰਸ਼ਿਤ ਕੀਤੀ ਗਈ ਸੀ ਕਿਉਂਕਿ ਇਸ ਸਾਲ ਉਨ੍ਹਾਂ ਦਾ ਜਨਮਦਿਨ ਮਨਾਇਆ ਜਾ ਰਿਹਾ ਹੈ।
ਇੰਟਰਨੈਸ਼ਨਲ ਬੋਧੀ ਕਨਫੈੱਡਰੇਸ਼ਨ ਵੱਲੋਂ 10-11 ਮਾਰਚ 2025 ਨੂੰ ਆਯੋਜਿਤ 'ਦ ਬੋਧੀਪਥ ਫਿਲਮ ਫੈਸਟੀਵਲ' ਦੇ ਪਹਿਲੇ ਐਡੀਸ਼ਨ ਵਿੱਚ ਚਾਰ ਪੈਨਲ ਚਰਚਾਵਾਂ ਵੀ ਹੋਈਆਂ, ਜਿਨ੍ਹਾਂ ਵਿੱਚ ਵੱਖ-ਵੱਖ ਪਿਛੋਕੜਾਂ ਦੇ ਲੋਕ ਸ਼ਾਮਲ ਸਨ – ਉਨ੍ਹਾਂ ਵਿੱਚ ਅਕਾਦਮਿਕਾਂ ਤੋਂ ਲੈ ਕੇ ਫਿਲਮ ਨਿਰਮਾਤਾਵਾਂ ਅਤੇ ਨਿਰਦੇਸ਼ਕਾਂ ਤੋਂ ਲੈ ਕੇ ਸੋਸ਼ਲ ਮੀਡੀਆ ਦੀਆਂ ਪ੍ਰਭਾਵਸ਼ਾਲੀ ਸ਼ਖਸੀਅਤਾਂ ਅਤੇ ਅਦਾਕਾਰ ਸ਼ਾਮਲ ਹੋਏ। ਇਹ ਚਰਚਾਵਾਂ ਫਿਲਮ ਨਿਰਮਾਣ ਦੇ ਵੱਖ-ਵੱਖ ਪਹਿਲੂਆਂ ਦੇ ਆਲੇ-ਦੁਆਲੇ ਘੁੰਮਦੀਆਂ ਸਨ, ਜਿਸ ਵਿੱਚ ਬੋਧੀ ਫਿਲਮਾਂ ਦੇ ਨਿਰਮਾਣ ਵਿੱਚ ਦਰਪੇਸ਼ ਚੁਣੌਤੀਆਂ ਅਤੇ ਵਿਚਾਰਸ਼ੀਲ ਸੰਚਾਰ ਦੇ ਸਬੰਧ ਵਿੱਚ ਵੀ ਗੱਲ ਹੋਈ।
ਇਸ ਫੈਸਟੀਵਲ ਨੂੰ ਨੌਜਵਾਨਾਂ ਅਤੇ ਬਜ਼ੁਰਗਾਂ ਨੇ ਬਹੁਤ ਪਸੰਦ ਕੀਤਾ ਅਤੇ ਸਰਾਹਿਆ। ਵਿਭਿੰਨ ਬੁੱਧੀਸਟ ਸੰਸਥਾਵਾਂ ਤੋਂ ਵੱਡੀ ਗਿਣਤੀ ਵਿੱਚ ਆਏ ਭਿਕਸ਼ੂਆਂ ਅਤੇ ਸਾਧਵੀਆਂ ਦੇ ਨਾਲ-ਨਾਲ ਇੰਡੀਅਨ ਇੰਸਟੀਟਿਊਟ ਆਫ਼ ਮਾਸ ਕਮਿਊਨੀਕੇਸ਼ਨ ਅਤੇ ਗੌਤਮ ਬੁੱਧ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਵੀ ਇਸ ਈਵੈਂਟ ਵਿੱਚ ਹਿੱਸਾ ਲਿਆ।
************
ਸੁਨੀਲ ਕੁਮਾਰ ਤਿਵਾਰੀ
(Release ID: 2111184)
Visitor Counter : 28