ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਕੇਂਦਰੀ ਮੰਤਰੀ ਡਾ. ਮਨਸੁਖ ਮਾਂਡਵੀਆ ਨੇ ਚੰਡੀਗੜ੍ਹ ਵਿੱਚ ਉੱਤਰੀ ਖੇਤਰ ਵਿੱਚ ਖੇਡ ਬੁਨਿਆਦੀ ਢਾਂਚੇ ਦੇ ਵਿਕਾਸ ਬਾਰੇ ਮੀਟਿੰਗ ਦੀ ਪ੍ਰਧਾਨਗੀ ਕੀਤੀ
Posted On:
22 FEB 2025 8:12PM by PIB Chandigarh
ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਡਾ. ਮਨਸੁਖ ਮਾਂਡਵੀਆ ਨੇ ਅੱਜ ਪੰਜਾਬ ਸਰਕਾਰ, ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਅਤੇ ਸਪੋਰਟਸ ਅਥਾਰਟੀ ਆਫ਼ ਇੰਡੀਆ (ਐੱਸ ਏ ਆਈ ) ਰੀਜਨਲ ਸੈਂਟਰ ਚੰਡੀਗੜ੍ਹ ਦੇ ਸੀਨੀਅਰ ਅਧਿਕਾਰੀਆਂ ਨਾਲ ਉੱਤਰੀ ਖੇਤਰ ਵਿੱਚ ਖੇਡ ਬੁਨਿਆਦੀ ਢਾਂਚੇ ਦੇ ਵਿਕਾਸ ਬਾਰੇ ਚਰਚਾ ਅਤੇ ਰਣਨੀਤੀ ਬਣਾਉਣ ਲਈ ਇੱਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ।

ਭਾਰਤ ਦੇ ਖੇਡ ਵਾਤਾਵਰਣ ਨੂੰ ਮਜ਼ਬੂਤ ਕਰਨ ਲਈ ਸਰਕਾਰ ਦੀ ਵਚਨਬੱਧਤਾ 'ਤੇ ਜ਼ੋਰ ਦਿੰਦੇ ਹੋਏ, ਡਾ. ਮਾਂਡਵੀਆ ਨੇ ਕਿਹਾ, "ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਦੂਰਦਰਸ਼ੀ ਅਗਵਾਈ ਹੇਠ, ਖੇਲੋ ਇੰਡੀਆ, ਐੱਫ ਆਈ ਟੀ ਇੰਡੀਆ, ਅਤੇ ਟਾਰਗੇਟ ਓਲੰਪਿਕ ਪੋਡੀਅਮ ਸਕੀਮ (ਟੌਪਸ) ਵਰਗੀਆਂ ਪਹਿਲਕਦਮੀਆਂ ਭਾਰਤ ਦੇ ਖੇਡ ਦ੍ਰਿਸ਼ ਨੂੰ ਬਦਲ ਰਹੀਆਂ ਹਨ। ਸਾਡਾ ਟੀਚਾ ਇੱਕ ਮਜ਼ਬੂਤ ਬੁਨਿਆਦੀ ਢਾਂਚਾ ਬਣਾਉਣਾ ਹੈ ਜੋ ਨੌਜਵਾਨ ਪ੍ਰਤਿਭਾ ਨੂੰ ਸਵਾਰਦਾ ਹੈ ਅਤੇ ਉਨ੍ਹਾਂ ਨੂੰ ਉੱਚ ਪੱਧਰ 'ਤੇ ਮੁਕਾਬਲਾ ਕਰਨ ਦੇ ਯੋਗ ਬਣਾਉਂਦਾ ਹੈ। ਖੇਡਾਂ ਸਿਰਫ਼ ਤਗਮੇ ਜਿੱਤਣ ਬਾਰੇ ਨਹੀਂ ਹਨ - ਇਹ ਸਾਡੇ ਨੌਜਵਾਨਾਂ ਵਿੱਚ ਅਨੁਸ਼ਾਸਨ, ਲਗਨ ਅਤੇ ਰਾਸ਼ਟਰੀ ਮਾਣ ਪੈਦਾ ਕਰਦੀਆਂ ਹਨ, ਉਨ੍ਹਾਂ ਨੂੰ ਮੈਦਾਨ ਦੇ ਅੰਦਰ ਅਤੇ ਬਾਹਰ ਦੋਵੇਂ ਪਾਸੇ ਚੈਂਪੀਅਨ ਬਣਾਉਂਦੀਆਂ ਹਨ।"
ਮੀਟਿੰਗ ਤੋਂ ਬਾਅਦ, ਕੇਂਦਰੀ ਮੰਤਰੀ ਨੇ ਕਬੱਡੀ, ਹੈਂਡਬਾਲ, ਜੂਡੋ, ਮੁੱਕੇਬਾਜ਼ੀ, ਕਾਇਆਕਿੰਗ ਅਤੇ ਕੈਨੋਇੰਗ ਵਰਗੇ ਵਿਸ਼ਿਆਂ ਵਿੱਚ 30 ਸ਼ਾਨਦਾਰ ਐਥਲੀਟਾਂ ਨੂੰ ਸਨਮਾਨਿਤ ਕੀਤਾ। ਇਨ੍ਹਾਂ ਐਥਲੀਟਾਂ ਨੇ ਹਾਲ ਹੀ ਵਿੱਚ ਸਮਾਪਤ ਹੋਈਆਂ 38ਵੀਆਂ ਰਾਸ਼ਟਰੀ ਖੇਡਾਂ ਸਮੇਤ ਵੱਖ-ਵੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਟੂਰਨਾਮੈਂਟਾਂ ਵਿੱਚ ਪੋਡੀਅਮ ਫਿਨਿਸ਼ ਪ੍ਰਾਪਤ ਕੀਤੀ ਹੈ, ਅਤੇ ਉਹ ਛੇ ਸਾਈ ਟ੍ਰੇਨਿੰਗ ਸੈਂਟਰਾਂ (ਐੱਸਟੀਸੀ), ਦੋ ਰਾਸ਼ਟਰੀ ਉੱਤਮਤਾ ਕੇਂਦਰਾਂ (ਐੱਨਸੀਓਈ), ਅਤੇ ਸਾਈ ਆਰਸੀ ਚੰਡੀਗੜ੍ਹ ਦੇ ਅਧੀਨ ਦੋ ਐਕਸਟੈਂਸ਼ਨ ਕੇਂਦਰਾਂ ਵਿੱਚ ਸਖ਼ਤ ਟ੍ਰੇਨਿੰਗ ਪ੍ਰਾਪਤ ਕਰਦੇ ਹਨ।

ਐਥਲੀਟਾਂ ਨੂੰ ਉਤਸ਼ਾਹਿਤ ਕਰਦੇ ਹੋਏ, ਡਾ. ਮਾਂਡਵੀਆ ਨੇ ਭਾਰਤ ਦੇ ਵਿਸ਼ਵਵਿਆਪੀ ਖੇਡ ਕੱਦ ਨੂੰ ਉੱਚਾ ਚੁੱਕਣ ਲਈ ਉਨ੍ਹਾਂ ਦੀ ਸਮਰੱਥਾ 'ਤੇ ਭਰੋਸਾ ਪ੍ਰਗਟ ਕੀਤਾ। "ਭਾਰਤ ਇੱਕ ਖੇਡ ਮਹਾ ਸ਼ਕਤੀ ਬਣਨ ਵੱਲ ਇੱਕ ਪਰਿਵਰਤਨਸ਼ੀਲ ਯਾਤਰਾ 'ਤੇ ਹੈ। 2047 ਤੱਕ, ਜਦੋਂ ਅਸੀਂ ਆਜ਼ਾਦੀ ਦੇ 100 ਸਾਲ ਮਨਾਵਾਂਗੇ, ਮੈਂ ਇੱਕ ਅਜਿਹੇ ਰਾਸ਼ਟਰ ਦੀ ਕਲਪਨਾ ਕਰਦਾ ਹਾਂ ਜਿੱਥੇ ਸਾਡੇ ਐਥਲੀਟ ਵਿਸ਼ਵ ਮੰਚ 'ਤੇ ਹਾਵੀ ਹੋਣਗੇ, ਹਰ ਪ੍ਰਦਰਸ਼ਨ ਨਾਲ ਤਿਰੰਗੇ ਦੀ ਸ਼ਾਨ ਲਿਆਉਣਗੇ।"

ਡਾ. ਮਾਂਡਵੀਆ ਨੇ ਮੌਜੂਦਾ ਖੇਡ ਸਹੂਲਤਾਂ ਦੀ ਸਮੀਖਿਆ ਕਰਨ ਅਤੇ ਖੇਤਰ ਵਿੱਚ ਨੌਜਵਾਨ ਖਿਡਾਰੀਆਂ ਲਈ ਉਪਲਬਧ ਬੁਨਿਆਦੀ ਢਾਂਚੇ ਦਾ ਮੁਲਾਂਕਣ ਕਰਨ ਲਈ ਸਾਈ ਆਰ ਸੀ ਚੰਡੀਗੜ੍ਹ ਦਾ ਵੀ ਦੌਰਾ ਕੀਤਾ। ਉੱਤਰੀ ਭਾਰਤ ਦੇ ਸਭ ਤੋਂ ਵੱਡੇ ਖੇਤਰੀ ਕੇਂਦਰ ਹੋਣ ਦੇ ਨਾਤੇ, ਆਰ ਸੀ ਚੰਡੀਗੜ੍ਹ ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ, ਚੰਡੀਗੜ੍ਹ ਅਤੇ ਲੱਦਾਖ ਦੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਖੇਡਾਂ ਦੇ ਵਿਕਾਸ ਦੀ ਨਿਗਰਾਨੀ ਕਰਦਾ ਹੈ।

ਵਰਤਮਾਨ ਵਿੱਚ, 152 ਖੇਲੋ ਇੰਡੀਆ ਸੈਂਟਰ (ਕੇ ਆਈ ਸੀਜ਼ ), ਛੇ ਖੇਲੋ ਇੰਡੀਆ ਸਟੇਟ ਸੈਂਟਰ ਆਫ਼ ਐਕਸੀਲੈਂਸ (ਕੇ ਆਈ ਐਸ ਸੀ ਈਜ਼ ), ਅਤੇ 42 ਖੇਲੋ ਇੰਡੀਆ ਮਾਨਤਾ ਪ੍ਰਾਪਤ ਅਕੈਡਮੀਆਂ (ਕੇ ਆਈ ਏ ਏਜ਼) ਸਾਈ ਆਰ ਸੀ ਚੰਡੀਗੜ੍ਹ ਦੇ ਅਧਿਕਾਰ ਖੇਤਰ ਵਿੱਚ ਆਉਂਦੀਆਂ ਹਨ, ਜੋ ਸਮੂਹਿਕ ਤੌਰ 'ਤੇ 2,400 ਤੋਂ ਵੱਧ ਚਾਹਵਾਨ ਐਥਲੀਟਾਂ, ਪੁਰਸ਼ ਅਤੇ ਮਹਿਲਾ ਦੋਵਾਂ ਨੂੰ ਟ੍ਰੇਨਿੰਗ ਦਿੰਦੀਆਂ ਹਨ।

*****
ਹਿਮਾਂਸ਼ੂ ਪਾਠਕ
(Release ID: 2105595)
Visitor Counter : 9