ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ ਜੇਪੀ ਨੱਡਾ ਨੇ ਐੱਨਸੀਆਈ-ਏਮਸ, ਝੱਜਰ ਵਿਖੇ ਦੂਜੇ ਏਮਸ ਓਨਕੋਲੌਜੀ ਕਨਕਲੇਵ 2025 ਦਾ ਉਦਘਾਟਨ ਕੀਤਾ

प्रविष्टि तिथि: 15 FEB 2025 6:18PM by PIB Chandigarh

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ ਜਗਤ ਪ੍ਰਕਾਸ਼ ਨੱਡਾ ਨੇ ਅੱਜ ਏਮਸ ਕੈਂਪਸ, ਝੱਜਰ ਵਿਖੇ ਨੈਸ਼ਨਲ ਕੈਂਸਰ ਇੰਸਟੀਟਿਊਟ (ਐੱਨਸੀਆਈ) ਵਿਖੇ ਦੂਜੇ ਏਮਸ  ਓਨਕੋਲੋਜੀ ਕਨਕਲੇਵ 2025 ਦਾ ਉਦਘਾਟਨ ਕੀਤਾ। ਝੱਜਰ ਦੇ ਏਮਸ  ਕੈਂਪਸ ਵਿਖੇ ਨੈਸ਼ਨਲ ਕੈਂਸਰ ਇੰਸਟੀਟਿਊਟ (ਐੱਨਸੀਆਈ) ਭਾਰਤ ਵਿੱਚ ਜਨਤਕ ਤੌਰ 'ਤੇ ਫੰਡ ਪ੍ਰਾਪਤ ਸਿਹਤ ਸੰਭਾਲ ਪ੍ਰੋਜੈਕਟਾਂ ਵਿੱਚੋਂ ਇੱਕ ਹੈ, ਜੋ ਨਵੀਨਤਾਕਾਰੀ ਕੈਂਸਰ ਦੇਖਭਾਲ ਅਤੇ ਖੋਜ ਸਮਰੱਥਾਵਾਂ ਪ੍ਰਦਾਨ ਕਰਨ ਲਈ ਸਮਰਪਿਤ ਹੈ। ਏਮਸ  ਓਨਕੋਲੋਜੀ ਕਨਕਲੇਵ ਦਾ ਉਦੇਸ਼ ਭਾਰਤ ਦੇ ਸਾਰੇ ਰਾਸ਼ਟਰੀ ਮਹੱਤਵ ਵਾਲੇ ਸੰਸਥਾਨਾਂ (ਆਈਐੱਨਆਈ) ਦੇ ਓਨਕੋਲੋਜੀ ਦੇ ਮੋਹਰੀ ਮਾਹਿਰਾਂ ਨੂੰ ਇਕੱਠੇ ਕਰਨਾ ਹੈ ਤਾਂ ਜੋ ਕੈਂਸਰ ਦੀ ਦੇਖਭਾਲ, ਇਲਾਜ ਦੇ ਢੰਗਾਂ ਅਤੇ ਚੱਲ ਰਹੀਆਂ ਖੋਜ ਪਹਿਲਕਦਮੀਆਂ ਵਿੱਚ ਤਰੱਕੀ 'ਤੇ ਚਰਚਾ ਕੀਤੀ ਜਾ ਸਕੇ। ਬ੍ਰੈਸਟ ਕੈਂਸਰ  ਅਤੇ ਸਿਰ ਅਤੇ ਗਰਦਨ ਦੇ ਕੈਂਸਰ 'ਤੇ ਧਿਆਨ ਕੇਂਦ੍ਰਿਤ ਕਰਦੇ ਹੋਏ, ਕਨਕਲੇਵ (ਸੰਮੇਲਨ) ਵਿੱਚ ਅਜਿਹੇ ਕੈਂਸਰਾਂ ਦੀ ਰੋਕਥਾਮ ਅਤੇ ਪ੍ਰਬੰਧਨ ਵਿੱਚ ਸਹਿਯੋਗੀ ਯਤਨਾਂ 'ਤੇ ਜ਼ੋਰ ਦਿੱਤਾ ਗਿਆ।

ਇਸ ਮੌਕੇ ‘ਤੇ ਮੌਜੂਦ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਨੱਡਾ ਨੇ 2019 ਵਿੱਚ ਆਪਣੇ ਉਦਘਾਟਨ ਤੋਂ ਬਾਅਦ ਐੱਨਸੀਆਈ ਦੇ ਵਿਕਾਸ ਅਤੇ ਪ੍ਰਗਤੀ 'ਤੇ ਖੁਸ਼ੀ ਪ੍ਰਗਟ ਕੀਤੀ ਅਤੇ ਕਿਹਾ, "ਇਹ ਸੰਸਥਾ 6 ਵਰ੍ਹਿਆਂ ਦੇ ਥੋੜ੍ਹੇ ਸਮੇਂ ਵਿੱਚ ਇੱਕ ਵਿਸ਼ਵ ਪੱਧਰੀ ਹੈਲਥਕੇਅਰ ਪ੍ਰੋਵਾਈਡਰ ਦੇ ਤੌਰ ‘ਤੇ ਵਿਕਸਿਤ ਹੋ ਗਈ ਹੈ ਅਤੇ ਸਮੇਂ ਦੇ ਨਾਲ, ਇਹ ਬਹੁ-ਅਨੁਸ਼ਾਸਨੀ ਦੇਖਭਾਲ ਅਤੇ ਉੱਤਮ ਮਰੀਜ਼-ਕੇਂਦ੍ਰਿਤ ਦੇਖਭਾਲ ਪ੍ਰਦਾਨ ਕਰਨ ਵਾਲੇ ਇੱਕ ਰੈਫਰਲ ਸੈਂਟਰ ਵਿੱਚ ਵਿਕਸਿਤ ਹੋਈ ਹੈ।" ਉਨ੍ਹਾਂ ਨੇ ਇਸ ਦਿਸ਼ਾ ਵਿੱਚ ਤਰੱਕੀ ਕਰਨ ਲਈ ਸੰਸਥਾ ਦੇ ਡਾਕਟਰਾਂ, ਸਿਹਤ ਕਰਮਚਾਰੀਆਂ ਅਤੇ ਪ੍ਰਸ਼ਾਸਨ ਦੇ ਸਮਰਪਣ ਦੀ ਸ਼ਲਾਘਾ ਕੀਤੀ।

ਸ਼੍ਰੀ ਨੱਡਾ ਨੇ ਐੱਨਸੀਆਈ ਵਿਖੇ ਨਵੇਂ ਬਣੇ ਨਿਊਕਲੀਅਰ ਮੈਡੀਸਨ ਟਾਰਗੇਟਿਡ ਟ੍ਰੀਟਮੈਂਟ ਵਾਰਡ ਅਤੇ ਬੋਨ ਮੈਰੋ ਟ੍ਰਾਂਸਪਲਾਂਟ (ਬੀਐੱਮਟੀ) ਯੂਨਿਟ ਦਾ ਵਿਸ਼ੇਸ਼ ਦੌਰਾ ਵੀ ਕੀਤਾ, ਜਿਸ ਦਾ ਉਦੇਸ਼ ਕ੍ਰਮਵਾਰ ਥਾਇਰਾਇਡ ਕੈਂਸਰ ਅਤੇ ਹੈਮੇਟੋਲਿਮਫੋਇਡ ਕੈਂਸਰ ਦੇ ਲਈ ਅਤਿ-ਆਧੁਨਿਕ ਇਲਾਜ ਵਿਕਲਪਾਂ ਰਾਹੀਂ ਮਰੀਜ਼ਾਂ ਦੇ ਨਤੀਜਿਆਂ ਵਿੱਚ ਸੁਧਾਰ ਕਰਨਾ ਹੈ। ਇਨ੍ਹਾਂ ਵਿਸਥਾਰਾਂ ਦੀ ਮਹੱਤਤਾ ਨੂੰ ਰੇਖਾਂਕਿਤ ਕਰਦੇ ਹੋਏ, ਸ਼੍ਰੀ ਨੱਡਾ ਨੇ ਕਿਹਾ, "ਇਹ ਨਵੀਆਂ ਸਹੂਲਤਾਂ ਇਸ ਖੇਤਰ ਦੇ ਬਹੁਤ ਸਾਰੇ ਕੈਂਸਰ ਮਰੀਜ਼ਾਂ ਨੂੰ ਅਤਿ-ਆਧੁਨਿਕ ਦੇਖਭਾਲ ਪ੍ਰਦਾਨ ਕਰਨਗੀਆਂ।" ਉਨ੍ਹਾਂ ਨੇ ਕਿਹਾ, "ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਯੋਗ ਅਗਵਾਈ ਹੇਠ, ਭਾਰਤੀ ਸਿਹਤ ਸੰਭਾਲ ਪ੍ਰਣਾਲੀ ਦੀ ਸਥਿਤੀ ਬਦਲ ਰਹੀ ਹੈ ਅਤੇ ਐੱਨਸੀਆਈ ਵਰਗੇ ਸੰਸਥਾਨਾਂ ਵਿੱਚ ਬੋਨ ਮੈਰੋ ਟ੍ਰਾਂਸਪਲਾਂਟ ਸੰਭਵ ਹੋ ਗਿਆ ਹੈ।" ਉਨ੍ਹਾਂ ਨੇ ਨਿਊਕਲੀਅਰ ਮੈਡੀਸਨ ਟਾਰਗੇਟਿਡ ਟ੍ਰੀਟਮੈਂਟ ਵਾਰਡ ਦੀਆਂ ਉੱਚ-ਗੁਣਵੱਤਾ ਦੀ ਸਟੀਕਤਾ ਅਤੇ ਉੱਚ-ਗੁਣਵੱਤਾ ਵਾਲੀਆਂ ਸੇਵਾਵਾਂ ਦੀ ਪ੍ਰਸ਼ੰਸਾ ਕੀਤੀ ਅਤੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਹ ਸਹੂਲਤਾਂ ਹਾਰਡਵੇਅਰ ਹਨ ਜਦਕਿ ਫੈਕਲਟੀ ਮੈਂਬਰ ਅਤੇ ਡਾਕਟਰ ਮਜ਼ਬੂਤ ​​ਸਿਹਤ ਸੰਭਾਲ ਪ੍ਰਣਾਲੀ ਵਿਕਸਿਤ ਕਰਨ ਲਈ ਸਾਫਟਵੇਅਰ ਹਨ। 

ਸ਼੍ਰੀ ਨੱਡਾ ਨੇ ਇਹ ਵੀ ਕਿਹਾ, "ਕੈਂਸਰ ਇੱਕ ਮੁਸ਼ਕਲ ਨਿਦਾਨ ਹੈ ਜੋ ਡਰ ਪੈਦਾ ਕਰਦਾ ਹੈ - ਨਾ ਸਿਰਫ਼ ਬਿਮਾਰੀ ਦਾ, ਸਗੋਂ ਭਵਿੱਖ ਦਾ, ਰੋਜ਼ੀ-ਰੋਟੀ ਦਾ, ਆਪਣੇ ਅਜ਼ੀਜ਼ਾਂ ਨੂੰ ਗੁਆਉਣ ਦਾ, ਅਤੇ ਅਟੱਲ ਆਰਥਿਕ ਅਤੇ ਭਾਵਨਾਤਮਕ ਤਣਾਅ ਦਾ।" ਉਨ੍ਹਾਂ ਨੇ ਇਨਫੋਸਿਸ ਫਾਊਂਡੇਸ਼ਨ ਦੁਆਰਾ ਵਿਕਸਿਤ ਕੀਤੇ ਗਏ ਐੱਨਸੀਆਈ ਵਿਖੇ ਵਿਸ਼ਰਾਮ ਸਦਨ ਦਾ ਵੀ ਦੌਰਾ ਕੀਤਾ ਅਤੇ ਉਸ ਦੀ ਸ਼ਲਾਘਾ ਕੀਤੀ। ਇਹ ਮਰੀਜ਼ਾਂ ਦੇ ਸਹਾਇਕਾਂ ਲਈ ਕਿਫਾਇਤੀ ਰਿਹਾਇਸ਼ ਪ੍ਰਦਾਨ ਕਰਦਾ ਹੈ, ਜਿਸ ਨਾਲ ਚੁਣੌਤੀਪੂਰਨ ਸਮੇਂ ਦੌਰਾਨ ਪਰਿਵਾਰਾਂ ਨੂੰ ਸਹਾਇਤਾ ਮਿਲਦੀ ਹੈ। ਇਹ ਜ਼ਰੂਰਤਮਾਂਦਾਂ ਨੂੰ ਮਨੋਵਿਗਿਆਨਕ ਅਤੇ ਵਿਦਿਅਕ ਸਹਾਇਤਾ ਵੀ ਪ੍ਰਦਾਨ ਕਰਦਾ ਹੈ, ਜੋ ਹੋਰਾਂ ਲਈ ਇੱਕ ਮਾਪਦੰਡ ਸਥਾਪਿਤ ਕਰਦਾ ਹੈ।

ਸੰਸਥਾ ਵਿੱਚ ਇਨੋਵੇਸ਼ਨ ਦੀ ਸ਼ਲਾਘਾ ਕਰਦੇ ਹੋਏ, ਸ਼੍ਰੀ ਨੱਡਾ ਨੇ ਕਿਹਾ, “ਸੰਸਥਾ ਸਟਾਰਟਅੱਪਸ ਨਾਲ ਸਹਿਯੋਗ ਕਰ ਰਹੀ ਹੈ, ਪੀਐੱਚਡੀ ਵਿਦਿਆਰਥੀਆਂ ਅਤੇ ਏਮਸ  ਦੇ ਵਿਗਿਆਨੀਆਂ ਨੂੰ ਖੋਜ ਵਿੱਚ ਸ਼ਾਮਲ ਕਰ ਰਹੀ ਹੈ ਜਿਸ ਵਿੱਚ ਨਾ ਸਿਰਫ਼ ਬਜ਼ਾਰ ਲਈ ਸਗੋਂ ਪੂਰੇ ਸਮਾਜ ਲਈ ਅਸਲ ਵਿਸ਼ਵ ਦੀਆਂ ਐਪਲੀਕੇਸ਼ਨਾਂ ਹੋਣਗੀਆਂ। ਇੱਕ "ਇਨਕਿਊਬੇਟਰ" ਦੇ ਰੂਪ ਵਿੱਚ, ਸੈਂਟਰ ਫਾਰ ਮੈਡੀਕਲ ਇਨੋਵੇਸ਼ਨ ਐਂਡ ਐਂਟਰਪ੍ਰਨਿਓਰਸ਼ਿਪ (ਸੀਐੱਮਆਈਈ) ਸਿਹਤ ਸੰਭਾਲ ਖੇਤਰ ਵਿੱਚ ਸਵਦੇਸ਼ੀ ਇਨੋਵੇਸ਼ਨਾਂ ਨੂੰ ਉਤਸ਼ਾਹਿਤ ਕਰਨ ਅਤੇ ਸਮਰਥਨ ਕਰਨ ਲਈ ਜ਼ਿੰਮੇਵਾਰ ਹੈ। ਭਾਰਤੀ ਸਟਾਰਟ-ਅੱਪਸ ਨੂੰ ਏਮਸ ਫੈਕਲਟੀ ਅਤੇ ਵਿਗਿਆਨੀਆਂ ਦੀ ਸਲਾਹ ਅਤੇ ਮਾਰਗਦਰਸ਼ਨ ਦਾ ਲਾਭ ਪ੍ਰਾਪਤ ਕਰਨ ਦੇ ਯੋਗ ਬਣਾ ਕੇ ਅਤੇ ਉਨ੍ਹਾਂ ਨੂੰ ਏਮਸ  ਵਿਖੇ ਮਾਮੂਲੀ ਭੁਗਤਾਨ 'ਤੇ ਉੱਨਤ ਪ੍ਰਯੋਗਸ਼ਾਲਾ ਉਪਕਰਣਾਂ ਅਤੇ ਸਰੋਤਾਂ ਤੱਕ ਪਹੁੰਚ ਪ੍ਰਦਾਨ ਕਰਕੇ, ਸੀਐੱਮਆਈਈ ਇਨੋਵੇਸ਼ਨ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰ ਰਿਹਾ ਹੈ। ਉਨ੍ਹਾਂ ਨੇ ਉਨ੍ਹਾਂ ਬੂਟ ਕੈਂਪਾਂ ਦੀ ਵੀ ਸ਼ਲਾਘਾ ਕੀਤੀ ਜਿਨ੍ਹਾਂ ਨੇ ਉੱਭਰ ਰਹੇ ਸਟਾਰਟ-ਅੱਪਸ ਅਤੇ ਉੱਦਮੀਆਂ ਨੂੰ ਭਾਰਤ ਵਿੱਚ, ਭਾਰਤ ਲਈ ਸਿਹਤ ਸੰਭਾਲ ਸਮਾਧਾਨਾਂ ਦੇ ਵਿਚਾਰ ਅਤੇ ਨਿਰਮਾਣ ਲਈ ਉਤਸ਼ਾਹਿਤ ਕੀਤਾ। 

ਭਾਰਤ ਸਰਕਾਰ ਦੇ ਯਤਨਾਂ ਨੂੰ ਉਜਾਗਰ ਕਰਦੇ ਹੋਏ, ਸ਼੍ਰੀ ਨੱਡਾ ਨੇ ਕਿਹਾ, "ਕੈਂਸਰ ਨੂੰ ਰੋਕਣ ਅਤੇ ਕੰਟਰੋਲ ਕਰਨ, ਸਮੁੱਚੇ ਕੈਂਸਰ ਦੇਖਭਾਲ ਦੇ ਨਤੀਜਿਆਂ ਨੂੰ ਬਿਹਤਰ ਬਣਾਉਣ ਅਤੇ ਇਹ ਯਕੀਨੀ ਬਣਾਉਣ ਲਈ ਕਿ ਹਰ ਨਾਗਰਿਕ ਨੂੰ, ਭਾਵੇਂ ਉਹ ਕਿਤੇ ਵੀ ਰਹਿੰਦਾ ਹੋਵੇ, ਉਚਿਤ ਦੇਖਭਾਲ ਤੱਕ ਪਹੁੰਚ ਪ੍ਰਾਪਤ ਹੋਵੇ, ਸਰਕਾਰ ਰੋਕਥਾਮ ਅਤੇ ਜਾਂਚ ਦੇ ਰੂਪ ਵਿੱਚ ਮੁੱਢਲੀ ਸਿਹਤ ਸੰਭਾਲ ਪੱਧਰ 'ਤੇ ਰੋਕਥਾਮ ਅਤੇ ਜਾਂਚ ਦੇ ਰੂਪ ਵਿੱਚ ਅਤੇ ਤੀਸਰੇ ਅਤੇ ਦੂਸਰੇ ਪੱਧਰ ‘ਤੇ ਡਾਇਆਗਨੌਸਟਿਕਸ ਅਤੇ ਇਲਾਜ ਅਤੇ ਦਰਦ ਨਿਵਾਰਕ ਦੇਖਭਾਲ ਦੇ ਰੂਪ ਵਿੱਚ ਕੈਂਸਰ ਸੰਭਾਲ਼ ਦੀ ਵਿਵਸਥਾ ਲਈ ਕੰਮ ਕਰ ਰਹੀ ਹੈ।”

 

ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਨੇ ਆਯੁਸ਼ਮਾਨ ਅਰੋਗਯ ਮੰਦਿਰਾਂ ਵਿੱਚ NHM ਅਧੀਨ 30 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਵਿਅਕਤੀਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਆਯੁਸ਼ਮਾਨ ਅਰੋਗਯ ਮੰਦਿਰਾਂ ਵਿੱਚ 26 ਕਰੋੜ ਤੋਂ ਵੱਧ ਲੋਕਾਂ ਦੀ ਓਰਲ ਕੈਂਸਰ ਲਈ, 14 ਕਰੋੜ ਲੋਕਾਂ ਦੀ ਬ੍ਰੈਸਟ ਕੈਂਸਰ ਲਈ ਅਤੇ 9 ਕਰੋੜ ਲੋਕਾਂ ਦੀ ਸਰਵਾਈਕਲ ਕੈਂਸਰ ਲਈ ਜਾਂਚ ਕੀਤੀ ਗਈ ਹੈ। ਉਨ੍ਹਾਂ ਨੇ ਇਹ ਵੀ ਕਿਹਾ, “ਕੈਂਸਰ ਦੀ ਤੀਸਰੇ ਦਰਜੇ ਦੀ ਦੇਖਭਾਲ ਲਈ ਸਹੂਲਤਾਂ ਨੂੰ ਵਧਾਉਣ ਲਈ, ਪਿਛਲੇ ਕੁਝ ਵਰ੍ਹਿਆਂ ਵਿੱਚ 2014-15 ਤੋਂ 2025-26 ਦੀ ਮਿਆਦ ਲਈ 19 ਰਾਜ ਕੈਂਸਰ ਸੰਸਥਾਵਾਂ (ਐੱਸ.ਸੀ.ਆਈ.) ਅਤੇ 20 ਤੀਸਰੇ ਦਰਜੇ ਦੇ ਕੈਂਸਰ ਦੇਖਭਾਲ ਕੇਂਦਰਾਂ (ਟੀਸੀਸੀਸੀ) ਲਈ 3000 ਕਰੋੜ ਰੁਪਏ ਤੋਂ ਵੱਧ ਦੀ ਮਨਜ਼ੂਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ, ਸਾਰੇ 22 ਨਵੇਂ ਏਮਸ ਵਿੱਚ ਕੈਂਸਰ ਦੇ ਇਲਾਜ ਦੀਆਂ ਸਹੂਲਤਾਂ ਦੇ ਨਾਲ-ਨਾਲ ਡਾਇਗਨੌਸਟਿਕ, ਮੈਡੀਕਲ ਅਤੇ ਸਰਜੀਕਲ ਸਹੂਲਤਾਂ ਨੂੰ ਵੀ ਪ੍ਰਵਾਨਗੀ ਦਿੱਤੀ ਗਈ ਹੈ।

ਉਨ੍ਹਾਂ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਸਮਾਜ ਦੇ ਗਰੀਬ ਅਤੇ ਕਮਜ਼ੋਰ ਵਰਗਾਂ ਲਈ ਕੈਂਸਰ ਦੇ ਇਲਾਜ ਨੂੰ ਪਹੁੰਚਯੋਗ ਬਣਾਉਣ ਲਈ, ਏਬੀ ਪੀਐੱਮ-ਜੇਏਵਾਈ ਦੇ ਤਹਿਤ, 219 ਪੈਕੇਜਾਂ ਵਿੱਚ ਮੈਡੀਕਲ, ਸਰਜੀਕਲ, ਰੇਡੀਏਸ਼ਨ ਅਤੇ ਪੈਲੀਏਟਿਵ ਓਨਕੋਲੋਜੀ ਵਿੱਚ ਕੈਂਸਰ ਨਾਲ ਸਬੰਧਤ ਇਲਾਜ ਪ੍ਰਦਾਨ ਕੀਤਾ ਜਾਂਦਾ ਹੈ। ਏਬੀ ਪੀਐੱਮ-ਜੇਏਵਾਈ ਦੀ ਸ਼ੁਰੂਆਤ ਤੋਂ ਬਾਅਦ, ਇਸ ਯੋਜਨਾ ਦੇ ਤਹਿਤ ਕੈਂਸਰ ਨਾਲ ਸਬੰਧਤ ਪੈਕੇਜਾਂ ਲਈ ਲਗਭਗ 68.43 ਲੱਖ ਹਸਪਤਾਲ ਵਿੱਚ ਦਾਖਲ ਮਰੀਜ਼ਾਂ ਨੂੰ 13160.75 ਕਰੋੜ ਰੁਪਏ ਦੀ ਰਕਮ ਪ੍ਰਦਾਨ ਕੀਤੀ ਗਈ ਹੈ। 

ਹਾਲ ਹੀ ਵਿੱਚ ਇੱਕ ਲੈਂਸੇਟ ਅਧਿਐਨ ਦਾ ਹਵਾਲਾ ਦਿੰਦੇ ਹੋਏ, ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ, "ਆਯੁਸ਼ਮਾਨ ਭਾਰਤ ਜਨ ਆਰੋਗਯ ਯੋਜਨਾ ਦੇ ਕਾਰਨ ਕੈਂਸਰ ਦੇ ਇਲਾਜ ਦੀ ਸਮੇਂ ਸਿਰ ਸ਼ੁਰੂਆਤ ਵਿੱਚ ਮਹੱਤਵਪੂਰਨ ਸੁਧਾਰ ਹੋਇਆ ਹੈ। ਏਬੀ-ਪੀਐੱਮਜੇਏਵਾਈ ਅਧੀਨ ਦਾਖਲ ਹੋਏ ਮਰੀਜ਼ਾਂ ਵਿੱਚ 30 ਦਿਨਾਂ ਦੇ ਅੰਦਰ ਕੈਂਸਰ ਦੇ ਇਲਾਜ ਤੱਕ ਪਹੁੰਚ ਵਿੱਚ 90 ਪ੍ਰਤੀਸ਼ਤ ਵਾਧਾ ਹੋਇਆ ਹੈ।" ਉਨ੍ਹਾਂ ਨੇ ਇਹ ਵੀ ਦੱਸਿਆ ਕਿ "ਦੇਸ਼ ਭਰ ਵਿੱਚ ਫੈਲੀਆਂ 217 ਅੰਮ੍ਰਿਤ ਫਾਰਮੇਸੀਆਂ ਰਾਹੀਂ, ਕੈਂਸਰ ਸਮੇਤ ਵੱਖ-ਵੱਖ ਬਿਮਾਰੀਆਂ ਲਈ 5200 ਦਵਾਈਆਂ ਕਿਫਾਇਤੀ ਦਰਾਂ 'ਤੇ ਉਪਲਬਧ ਕਰਵਾਈਆਂ ਗਈਆਂ ਹਨ। ਕੁੱਲ ਮਿਲਾ ਕੇ, 289 ਓਨਕੋਲੋਜੀ ਦਵਾਈਆਂ ਬਜ਼ਾਰ ਦਰਾਂ ਤੋਂ 50 ਪ੍ਰਤੀਸ਼ਤ ਤੱਕ ਦੀ ਮਹੱਤਵਪੂਰਨ ਛੂਟ 'ਤੇ ਦਿੱਤੀਆਂ ਜਾਂਦੀਆਂ ਹਨ। ਨਤੀਜੇ ਵਜੋਂ, ਹੁਣ ਤੱਕ ਦਿੱਤੀ ਗਈ ਛੂਟ ਦੇ ਅਧਾਰ 'ਤੇ 5.8 ਕਰੋੜ ਲਾਭਪਾਤਰੀਆਂ ਨੂੰ ਕੁੱਲ 6567 ਕਰੋੜ ਰੁਪਏ ਦੀ ਬੱਚਤ ਹੋਈ ਹੈ।"

ਸ਼੍ਰੀ ਨੱਡਾ ਨੇ ਇਹ ਵੀ ਕਿਹਾ ਕਿ ਸਾਡੀ ਯੋਜਨਾ ਅਗਲੇ ਤਿੰਨ ਵਰ੍ਹਿਆਂ ਵਿੱਚ ਸਾਰੇ ਜ਼ਿਲ੍ਹਾ ਹਸਪਤਾਲਾਂ ਵਿੱਚ ਡੇਅ ਕੇਅਰ ਕੈਂਸਰ ਸੈਂਟਰ (ਡੀਸੀਸੀਸੀ) ਸਥਾਪਿਤ ਕਰਨ ਦੀ ਹੈ ਅਤੇ ਇਸ ਵਰ੍ਹੇ 200 ਸੈਂਟਰ ਖੋਲ੍ਹੇ ਜਾਣਗੇ। ਇਸ ਪਹਿਲਕਦਮੀ ਦਾ ਉਦੇਸ਼ ਜ਼ਰੂਰੀ ਕੈਂਸਰ ਸੇਵਾਵਾਂ ਨੂੰ ਘਰ ਦੇ ਨੇੜੇ ਲਿਆਉਣਾ ਹੈ, ਖਾਸ ਕਰਕੇ ਪਛੜੇ ਪੇਂਡੂ ਖੇਤਰਾਂ ਵਿੱਚ।

ਉਨ੍ਹਾਂ ਨੇ ਕਿਹਾ ਕਿ ਇਹ ਦੇਖ ਕੇ ਖੁਸ਼ੀ ਹੁੰਦੀ ਹੈ ਕਿ ਇਹ ਸੰਸਥਾਨ ਦੇਸ਼ ਭਰ ਦੇ ਹੋਰ ਏਮਸ ਅਤੇ ਰਾਸ਼ਟਰੀ ਮਹੱਤਵ ਵਾਲੇ ਸੰਸਥਾਨਾਂ (ਆਈਐੱਨਆਈ) ਦੇ ਸਹਿਯੋਗ ਨਾਲ ਰਿਸਰਚ ਅਤੇ ਇਨੋਵੇਸ਼ਨ ਨੂੰ ਉਤਸ਼ਾਹਿਤ ਕਰਨ ਲਈ ਕੰਮ ਕਰ ਰਿਹਾ ਹੈ। ਏਮਸ  ਓਨਕੋਲੋਜੀ ਕਨਕਲੇਵ 2025 ਇਸ ਦਿਸ਼ਾ ਵਿੱਚ ਇੱਕ ਹੋਰ ਕਦਮ ਹੈ। ਇਹ ਸੰਮੇਲਨ ਕੈਂਸਰ ਖੋਜ, ਇਲਾਜ ਰਣਨੀਤੀਆਂ ਅਤੇ ਰੋਕਥਾਮ ਵਿੱਚ ਨਵੀਨਤਮ ਤਰੱਕੀ 'ਤੇ ਸਹਿਯੋਗ ਕਰਨ ਲਈ ਸਾਰੇ ਏਮਸ ਅਤੇ ਆਈਐੱਨਆਈ ਦੇ ਮੋਹਰੀ ਮਾਹਿਰਾਂ, ਖੋਜਕਰਤਾਵਾਂ ਅਤੇ ਡਾਕਟਰਾਂ ਨੂੰ ਇਕੱਠੇ ਕਰਨ ਲਈ ਤਿਆਰ ਕੀਤਾ ਗਿਆ ਹੈ।

ਸ਼੍ਰੀ ਨੱਡਾ ਨੇ ਡਾਕਟਰਾਂ ਅਤੇ ਹੋਰ ਹਿਤਧਾਰਕਾਂ ਵੱਲੋਂ ਮਰੀਜ਼ਾਂ ਨੂੰ ਸਿਹਤ ਸੰਭਾਲ ਯਕੀਨੀ ਬਣਾਉਣ ਲਈ ਨਿਰੰਤਰ ਸਿੱਖਣ, ਸਾਂਝਾ ਕਰਨ ਅਤੇ ਤਰੱਕੀ ਕਰਨ ਵਿੱਚ ਨਿਭਾਈ ਜਾਣ ਵਾਲੀ ਮਹੱਤਵਪੂਰਨ ਜ਼ਿੰਮੇਵਾਰੀ 'ਤੇ ਜ਼ੋਰ ਦਿੱਤਾ ਅਤੇ ਕਿਹਾ, "ਇਕੱਠੇ ਹੋਣਾ ਕੈਂਸਰ ਦੇਖਭਾਲ਼ ਜਿਹੇ ਮਹੱਤਵਪੂਰਨ ਖੇਤਰਾਂ ਵਿੱਚ ਅੱਗੇ ਵਧਣ ਦੀ ਦਿਸ਼ਾ ਵਿੱਚ ਪਹਿਲਾ ਮਹੱਤਵਪੂਰਨ ਕਦਮ ਹੈ। ਮੈਨੂੰ ਉਮੀਦ ਹੈ ਕਿ ਇਹ ਪਹਿਲ ਇੱਕ ਮਜ਼ਬੂਤ ਸਹਿਯੋਗ ਵਿੱਚ ਵਿਕਸਿਤ ਹੋਵੇਗੀ, ਜਿੱਥੇ ਰਾਸ਼ਟਰੀ ਕੈਂਸਰ ਸੰਸਥਾਨ ਦੂਜੇ ਸੰਸਥਾਨਾਂ ਹੋਰ ਸੰਸਥਾਵਾਂ ਨੂੰ ਸਹਿਯੋਗ ਅਤੇ ਸੰਸਥਾਨਾਂ ਨੂੰ ਸਹਿਯੋਗ ਅਤੇ ਸਹਾਇਤਾ ਪ੍ਰਦਾਨ ਕਰ ਸਕੇਗਾ।”

ਉਨ੍ਹਾਂ ਨੇ ਇਹ ਵੀ ਕਿਹਾ, “ਭਾਰਤ ਵਿੱਚ ਕੈਂਸਰ ਦੇ ਮਾਮਲੇ ਵਧ ਰਹੇ ਹਨ। ਅਸੀਂ ਹੁਣ ਹਰ ਸਾਲ 1.45 ਮਿਲੀਅਨ ਨਵੇਂ ਕੈਂਸਰ ਮਰੀਜ਼ ਦੇਖ ਰਹੇ ਹਾਂ। ਜਿਵੇਂ-ਜਿਵੇਂ ਕੈਂਸਰ ਦੇ ਇਲਾਜ ਦੀ ਜਟਿਲਤਾ ਵਧਦੀ ਜਾ ਰਹੀ ਹੈ, ਇਹ ਸਿਰਫ ਵਧੀਆ ਇਲਾਜ ਪ੍ਰਦਾਨ ਕਰਨ ਬਾਰੇ ਨਹੀਂ ਹੈ, ਸਗੋਂ ਇਹ ਇਲਾਜ ਸਥਾਨਕ ਪੱਧਰ ‘ਤੇ ਉਪਲਬਧ ਕਰਵਾਉਣ ਬਾਰੇ ਹੈ। ਮਰੀਜ਼ਾਂ ਨੂੰ ਜ਼ਰੂਰੀ ਦੇਖਭਾਲ ਪ੍ਰਾਪਤ ਕਰਨ ਲਈ ਲੰਬੀ ਦੂਰੀ ਦੀ ਯਾਤਰਾ ਨਹੀਂ ਕਰਨੀ ਚਾਹੀਦੀ। ਸਾਨੂੰ ਸਥਾਨਕ ਅਤੇ ਖੇਤਰੀ ਪੱਧਰ 'ਤੇ ਉੱਨਤ ਇਲਾਜ ਸਮਰੱਥਾਵਾਂ ਵਿਕਸਿਤ ਕਰਨ ਦੀ ਜ਼ਰੂਰਤ ਹੈ, ਅਤੇ ਅਜਿਹਾ ਕਰਨਾ ਤੁਹਾਡੀ ਜ਼ਿੰਮੇਵਾਰੀ ਹੈ। 

ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਕਿ ਭਾਰਤ ਸਰਕਾਰ ਨੇ ਐੱਨਸੀਆਈ ਝੱਜਰ ਲਈ 720 ਵਾਧੂ ਅਸਾਮੀਆਂ ਦੀ ਸਿਰਜਣਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਨ੍ਹਾਂ ਅਸਾਮੀਆਂ ਵਿੱਚ ਫੈਕਲਟੀ ਦੀਆਂ ਅਸਾਮੀਆਂ, ਐੱਸਆਰ/ਜੇਆਰ, ਵਿਗਿਆਨੀਆਂ, ਨਰਸਾਂ, ਟੈਕਨੀਸ਼ੀਅਨ ਅਤੇ ਪ੍ਰਸ਼ਾਸਨਿਕ ਅਸਾਮੀਆਂ ਸ਼ਾਮਲ ਹਨ ਅਤੇ ਉਨ੍ਹਾਂ ਨੇ ਕਿਹਾ ਕਿ "ਇਨ੍ਹਾਂ ਵਾਧੂ ਅਸਾਮੀਆਂ ਦੀ ਸਿਰਜਣਾ ਨਾਲ, ਐੱਨਸੀਆਈ ਨਵੀਆਂ ਉਚਾਈਆਂ ਨੂੰ ਛੂਹੇਗਾ।"

ਸ਼੍ਰੀ ਨੱਡਾ ਨੇ ਪਿਛਲੇ 5 ਵਰ੍ਹਿਆਂ ਵਿੱਚ ਐੱਨਸੀਆਈ ਵਿੱਚ ਮਰੀਜ਼ਾਂ ਦੇ ਇਲਾਜ ਲਈ ਪਰਿਵਰਤਨ ਮੁਕਤ ਟ੍ਰਾਂਸਫਿਊਜ਼ਨ ਸੇਵਾਵਾਂ ਸੁਨਿਸ਼ਚਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਸਮਾਜਿਕ ਵਰਕਰਾਂ ਅਤੇ ਸੰਗਠਨਾਂ ਨੂੰ ਵੀ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਐੱਨ. ਸੀ. ਆਈ. ਦੀ ਰੋਕਥਾਮ ਓਨਕੋਲੋਜੀ ਇਕਾਈ ਦੀ ਤੰਬਾਕੂ ਰੋਕੂ ਮੁਹਿੰਮ ਦੇ ਹਿੱਸੇ ਵਜੋਂ ਇੱਕ ਸਿੱਖਿਆਦਾਇਕ ਲਘੂ ਫਿਲਮ ਵੀ ਲਾਂਚ ਕੀਤੀ।

"ਬ੍ਰੈਸਟ ਕੈਂਸਰ  ਵਿੱਚ ਪ੍ਰੈਕਟਿਸ ਅਤੇ ਰਿਸਰਚ ਦੇ ਮੌਕਿਆਂ 'ਤੇ ਚਰਚਾ" ਸਿਰਲੇਖ ਵਾਲੀ ਇਸ ਕਾਨਫਰੰਸ ਦਾ ਉਦੇਸ਼ ਨਵੀਨਤਾ ਨੂੰ ਉਤਸ਼ਾਹਿਤ ਕਰਨਾ, ਗਿਆਨ ਸਾਂਝਾ ਕਰਨਾ ਅਤੇ ਕੈਂਸਰ ਵਿਰੁੱਧ ਲੜਾਈ ਵਿੱਚ ਪ੍ਰਗਤੀ ਨੂੰ ਤੇਜ਼ ਕਰਨ ਲਈ ਸਾਂਝੇਦਾਰੀ ਬਣਾਉਣਾ ਹੈ। ਇਸ ਕਿਸਮ ਦੀ ਪਹਿਲਕਦਮੀ, ਜੋ ਕਈ ਸੰਸਥਾਵਾਂ ਦੇ ਗਿਆਨ ਅਤੇ ਸਰੋਤਾਂ ਨੂੰ ਇਕੱਠਾ ਕਰਦੀ ਹੈ, ਭਾਰਤ ਵਿੱਚ ਕੈਂਸਰ ਖੋਜ ਅਤੇ ਇਲਾਜ ਨੂੰ ਬਿਹਤਰ ਬਣਾਉਣ ਦੀ ਸਮਰੱਥਾ ਰੱਖਦੀ ਹੈ। ਐੱਨਸੀਆਈ ਦੁਆਰਾ ਵਿਕਸਿਤ ਕੀਤਾ ਗਿਆ ਮਾਡਲ ਹੋਰ ਏਮਸ ਅਤੇ ਆਈਐੱਨਆਈ ਲਈ ਇੱਕ ਟੈਂਪਲੇਟ ਵਜੋਂ ਕੰਮ ਕਰ ਸਕਦਾ ਹੈ, ਜੋ ਸਿਹਤ ਸੰਭਾਲ ਨਵੀਨਤਾ ਨੂੰ ਵਧਾਉਣ ਲਈ ਇੱਕ ਵਧੇਰੇ ਤਾਲਮੇਲ ਵਾਲੇ, ਦੇਸ਼ ਵਿਆਪੀ ਯਤਨ ਨੂੰ ਸਮਰੱਥ ਬਣਾਉਂਦਾ ਹੈ।

ਇਸ ਸੰਮੇਲਨ ਵਿੱਚ ਪ੍ਰਸਿੱਧ ਕੈਂਸਰ ਮਾਹਿਰਾਂ ਦੇ ਮੁੱਖ ਭਾਸ਼ਣ ਅਤੇ ਵਿਚਾਰ-ਵਟਾਂਦਰੇ ਸ਼ਾਮਲ ਸਨ, ਜਿਨ੍ਹਾਂ ਦਾ ਉਦੇਸ਼ ਬ੍ਰੈਸਟ ਕੈਂਸਰ  ਅਤੇ ਸਿਰ ਅਤੇ ਗਰਦਨ ਦੇ ਕੈਂਸਰ ਨਾਲ ਸਬੰਧਿਤ ਚੁਣੌਤੀਆਂ ਨੂੰ ਹੱਲ ਕਰਨਾ ਸੀ ।

ਇਸ ਮੌਕੇ 'ਤੇ ਏਮਸ ਨਵੀਂ ਦਿੱਲੀ ਦੇ ਡਾਇਰੈਕਟਰ ਡਾ. ਐੱਮ. ਸ੍ਰੀਨਿਵਾਸ, ਰਾਸ਼ਟਰੀ ਕੈਂਸਰ ਸੰਸਥਾਨ ਝੱਜਰ ਦੇ ਮੁਖੀ ਡਾ. ਆਲੋਕ ਠੱਕਰ, ਡੀਨ (ਅਕਾਦਮਿਕ) ਏਮਸ , ਡਾ. ਕੇ.ਕੇ. ਵਰਮਾ, ਡੀਨ (ਖੋਜ) ਏਮਸ  ਡਾ. ਨਿਖਿਲ ਟੰਡਨ, ਐੱਨਸੀਆਈ ਦੇ ਫੈਕਲਟੀ ਮੈਂਬਰ, ਦੇਸ਼ ਭਰ ਦੇ ਸਾਰੇ ਏਮਸ, ਪੀਜੀਆਈ, ਚੰਡੀਗੜ੍ਹ ਅਤੇ ਜੇਆਈਪੀਐੱਮਈਆਰ, ਪੁਡੂਚੇਰੀ ਦੇ ਮੈਡੀਕਲ ਪੇਸ਼ੇਵਰ, ਖੋਜਕਰਤਾ ਅਤੇ ਸਿਹਤ ਨੀਤੀ ਨਿਰਮਾਤਾ, ਵਿਗਿਆਨੀ, ਉੱਦਮੀ, ਇਨੋਵੇਟਰ ਵੀ ਮੌਜੂਦ ਸਨ।

****

ਐੱਮਵੀ


(रिलीज़ आईडी: 2104384) आगंतुक पटल : 44
इस विज्ञप्ति को इन भाषाओं में पढ़ें: English , Urdu , हिन्दी , Tamil