ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਭਾਰਤੀ ਮੌਸਮ ਵਿਭਾਗ ਦੇ 150ਵੇਂ ਸਥਾਪਨਾ ਦਿਵਸ ਸਮਾਰੋਹ ਨੂੰ ਸੰਬੋਧਨ ਕੀਤਾ


ਪ੍ਰਧਾਨ ਮੰਤਰੀ ਨੇ ‘ਮਿਸ਼ਨ ਮੌਸਨ’ ਦੀ ਸ਼ੁਰੂਆਤ ਕੀਤੀ, ਆਈਐੱਮਡੀ ਵਿਜ਼ਨ 2047 ਡਾਕਿਊਮੈਂਟ ਜਾਰੀ ਕੀਤਾ

ਪ੍ਰਧਾਨ ਮੰਤਰੀ ਨੇ ਇਸ ਮੌਕੇ ਇੱਕ ਸਮਾਰਕ ਡਾਕ ਟਿਕਟ ਅਤੇ ਸਿੱਕਾ ਜਾਰੀ ਕੀਤਾ

ਆਈਐੱਮਡੀ ਦੇ ਇਹ 150 ਸਾਲ ਸਿਰਫ ਭਾਰਤੀ ਮੌਸਮ ਵਿਭਾਗ ਦੀ ਕਰੋੜਾਂ ਭਾਰਤੀਆਂ ਦੀ ਸੇਵਾ ਕਰਨ ਦੀ ਯਾਤਰਾ ਨਹੀਂ ਹੈ, ਸਗੋਂ ਸਾਡੇ ਦੇਸ਼ ਵਿੱਚ ਆਧੁਨਿਕ ਵਿਗਿਆਨ ਅਤੇ ਟੈਕਨੋਲੋਜੀ ਦੀ ਵੀ ਸ਼ਾਨਦਾਰ ਯਾਤਰਾ ਹੈ: ਪ੍ਰਧਾਨ ਮੰਤਰੀ

ਵਿਗਿਆਨਕ ਸੰਸਥਾਵਾਂ ਵਿੱਚ ਰਿਸਰਚ ਅਤੇ ਇਨੋਵੇਸ਼ਨ ਨਵੇਂ ਭਾਰਤ ਦੇ ਸੁਭਾਅ ਦਾ ਹਿੱਸਾ ਹਨ, ਪਿਛਲੇ 10 ਵਰ੍ਹਿਆਂ ਵਿੱਚ ਆਈਐੱਮਡੀ ਦੇ ਇਨਫ੍ਰਾਸਟ੍ਰਕਚਰ ਅਤੇ ਟੈਕਨੋਲੋਜੀ ਦਾ ਮਿਸਾਲੀ ਵਿਸਤਾਰ ਹੋਇਆ ਹੈ: ਪ੍ਰਧਾਨ ਮੰਤਰੀ

ਅਸੀਂ ਭਾਰਤ ਨੂੰ ਜਲਵਾਯੂ ਦੇ ਸੰਦਰਭ ਵਿੱਚ ਰਾਸ਼ਟਰ ਬਣਨ ਲਈ ‘ਮਿਸ਼ਨ ਮੌਸਮ’ ਦੀ ਸ਼ੁਰੂਆਤ ਕੀਤੀ ਹੈ, ਮਿਸ਼ਨ ਮੌਸਮ ਸਸਟੇਨੇਬਲ ਫਿਊਚਰ ਅਤੇ ਫਿਊਚਰ ਰੈਡੀਨੈੱਸ ਦੇ ਪ੍ਰਤੀ ਭਾਰਤ ਦੀ ਵਚਨਬੱਧਤਾ ਦਾ ਪ੍ਰਤੀਕ ਹੈ: ਪ੍ਰਧਾਨ ਮੰਤਰੀ

Posted On: 14 JAN 2025 12:54PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਭਾਰਤੀ ਮੌਸਮ ਵਿਭਾਗ (IMD) ਦੇ 150ਵੇਂ ਸਥਾਪਨਾ ਦਿਵਸ ਦੇ ਮੌਕੇ ‘ਤੇ ਆਯੋਜਿਤ ਸਮਾਰੋਹ ਵਿੱਚ ਹਿੱਸਾ ਲਿਆ। ਇਸ ਮੌਕੇ 'ਤੇ ਇਕੱਠ ਨੂੰ ਸੰਬੋਧਨ ਕਰਦਿਆਂ, ਉਨ੍ਹਾਂ ਕਿਹਾ ਕਿ ਆਈਐੱਮਡੀ ਦੇ 150 ਸਾਲ ਨਾ ਸਿਰਫ਼ ਵਿਭਾਗ ਦੀ ਯਾਤਰਾ ਨੂੰ ਦਰਸਾਉਂਦੇ ਹਨ, ਸਗੋਂ ਭਾਰਤ ਵਿੱਚ ਆਧੁਨਿਕ ਵਿਗਿਆਨ ਅਤੇ ਟੈਕਨੋਲੋਜੀ ਦੀ ਇੱਕ ਮਾਣਮੱਤੇ ਯਾਤਰਾ ਨੂੰ ਵੀ ਦਰਸਾਉਂਦੇ ਹਨ। ਉਨ੍ਹਾਂ ਨੇ ਆਈਐੱਮਡੀ ਦੀ ਸ਼ਲਾਘਾ ਕੀਤੀ ਜਿਸ ਨੇ ਇਨ੍ਹਾਂ ਡੇਢ ਸਦੀਆਂ ਦੌਰਾਨ ਲੱਖਾਂ ਭਾਰਤੀਆਂ ਦੀ ਸੇਵਾ ਕੀਤੀ ਹੈ ਅਤੇ ਇਹ ਭਾਰਤ ਦੀ ਵਿਗਿਆਨਕ ਤਰੱਕੀ ਦਾ ਪ੍ਰਤੀਕ ਬਣ ਗਿਆ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਅੱਜ ਆਈਐੱਮਡੀ ਦੀਆਂ ਪ੍ਰਾਪਤੀਆਂ ਬਾਰੇ ਇੱਕ ਸਮਾਰਕ ਡਾਕ ਟਿਕਟ ਅਤੇ ਸਿੱਕਾ ਵੀ ਜਾਰੀ ਕੀਤਾ ਗਿਆ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ 2047 ਵਿੱਚ ਆਈਐੱਮਡੀ ਦੇ ਭਵਿੱਖ ਨੂੰ ਰੇਖਾਂਕਿਤ ਕਰਨ ਵਾਲਾ ਇੱਕ ਵਿਜ਼ਨ ਡਾਕਿਊਮੈਂਟ ਜਾਰੀ ਹੋਣਾ, ਜਦੋਂ ਭਾਰਤ ਆਜ਼ਾਦੀ ਦੇ 100 ਸਾਲ ਮਨਾਏਗਾ। ਉਨ੍ਹਾਂ ਨੇ ਆਈਐੱਮਡੀ ਦੇ 150 ਵਰ੍ਹੇ ਪੂਰੇ ਹੋਣ ਦੇ ਇਸ ਮਹੱਤਵਪੂਰਨ ਮੌਕੇ 'ਤੇ ਨਾਗਰਿਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਆਈਐੱਮਡੀ ਨੇ ਆਪਣੀ 150 ਸਾਲ ਦੀ ਯਾਤਰਾ ਦੇ ਹਿੱਸੇ ਵਜੋਂ ਨੌਜਵਾਨਾਂ ਨੂੰ ਜੋੜਨ ਲਈ ਰਾਸ਼ਟਰੀ ਮੌਸਮ ਵਿਗਿਆਨ ਓਲੰਪਿਆਡ ਦਾ ਆਯੋਜਨ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਇਸ ਵਿੱਚ ਹਜ਼ਾਰਾਂ ਵਿਦਿਆਰਥੀਆਂ ਨੇ ਹਿੱਸਾ ਲਿਆ, ਜਿਸ ਨਾਲ ਮੌਸਮ ਵਿਗਿਆਨ ਵਿੱਚ ਉਨ੍ਹਾਂ ਦੀ ਦਿਲਚਸਪੀ ਹੋਰ ਵਧੇਗੀ। ਸ਼੍ਰੀ ਮੋਦੀ ਨੇ ਕੁਝ ਸਮੇਂ ਪਹਿਲਾਂ ਪ੍ਰੋਗਰਾਮ ਵਾਲੇ ਸਥਾਨ ‘ਤੇ ਆਯੋਜਿਤ ਪ੍ਰਦਰਸ਼ਨੀ ਵਿੱਚ ਨੌਜਵਾਨਾਂ ਨਾਲ ਆਪਣੀ ਗੱਲਬਾਤ ਨੂੰ ਯਾਦ ਕੀਤਾ ਅਤੇ ਅੱਜ ਇਸ ਮੌਕੇ ਦਾ ਹਿੱਸਾ ਬਣਨ ਵਾਲੇ ਸਾਰੇ ਨੌਜਵਾਨਾਂ ਨੂੰ ਵਧਾਈ ਦਿੱਤੀ।  

ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਆਈਐੱਮਡੀ ਦੀ ਸਥਾਪਨਾ 15 ਜਨਵਰੀ 1875 ਨੂੰ ਮਕਰ ਸੰਕ੍ਰਾਂਤੀ ਦੇ ਬਹੁਤ ਨੇੜੇ ਹੋਈ ਸੀ, ਸ਼੍ਰੀ ਮੋਦੀ ਨੇ ਕਿਹਾ, "ਅਸੀਂ ਸਾਰੇ ਭਾਰਤ ਦੀ ਪਰੰਪਰਾ ਵਿੱਚ ਮਕਰ ਸੰਕ੍ਰਾਂਤੀ ਦੀ ਮਹੱਤਤਾ ਨੂੰ ਜਾਣਦੇ ਹਾਂ"। ਉਨ੍ਹਾਂ ਨੇ ਅੱਗੇ ਕਿਹਾ ਕਿ ਗੁਜਰਾਤ ਦੇ ਰਹਿਣ ਵਾਲੇ ਵਿਅਕਤੀ ਵਜੋਂ, ਉਨ੍ਹਾਂ ਦਾ ਮਨਪਸੰਦ ਤਿਉਹਾਰ ਮਕਰ ਸੰਕ੍ਰਾਂਤੀ ਹੁੰਦਾ ਸੀ। ਹੋਰ ਵਿਆਖਿਆ ਕਰਦੇ ਹੋਏ, ਸ਼੍ਰੀ ਮੋਦੀ ਨੇ ਅੱਗੇ ਕਿਹਾ ਕਿ ਮਕਰ ਸੰਕ੍ਰਾਂਤੀ ਸੂਰਜ ਦੇ ਮਕਰ ਰਾਸ਼ੀ ਵਿੱਚ ਤਬਦੀਲੀ ਅਤੇ ਉੱਤਰ ਵੱਲ ਜਾਣ ਵਾਲੇ ਬਦਲਾਅ ਨੂੰ ਦਰਸਾਉਂਦੀ ਹੈ, ਜਿਸ ਨੂੰ ਉੱਤਰਾਯਣ ਕਿਹਾ ਜਾਂਦਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਸਮਾਂ ਉੱਤਰੀ ਗੋਲਿਸਫਾਇਰ ਵਿੱਚ ਸੂਰਜ ਦੀ ਰੌਸ਼ਨੀ ਵਿੱਚ ਹੌਲੀ-ਹੌਲੀ ਵਾਧੇ ਨੂੰ ਦਰਸਾਉਂਦਾ ਹੈ, ਜਿਸ ਨਾਲ ਖੇਤੀ ਦੀਆਂ ਤਿਆਰੀਆਂ ਸ਼ੁਰੂ ਹੁੰਦੀਆਂ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮਕਰ ਸੰਕ੍ਰਾਂਤੀ ਉੱਤਰ ਤੋਂ ਦੱਖਣ ਅਤੇ ਪੂਰਬ ਤੋਂ ਪੱਛਮ ਤੱਕ ਭਾਰਤ ਭਰ ਵਿੱਚ ਵੱਖ-ਵੱਖ ਸੱਭਿਆਚਾਰਕ ਪ੍ਰਗਟਾਵੇ ਨਾਲ ਮਨਾਈ ਜਾਂਦੀ ਹੈ। ਉਨ੍ਹਾਂ ਨੇ ਇਸ ਮੌਕੇ 'ਤੇ ਸਾਰੇ ਨਾਗਰਿਕਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।

ਸ਼੍ਰੀ ਮੋਦੀ ਨੇ ਕਿਹਾ ਕਿ “ਕਿਸੇ ਵੀ ਦੇਸ਼ ਦੇ ਵਿਗਿਆਨਕ ਸੰਸਥਾਨਾਂ ਦੀ ਪ੍ਰਗਤੀ ਵਿਗਿਆਨ ਪ੍ਰਤੀ ਉਸ ਦੀ ਜਾਗਰੂਕਤਾ ਨੂੰ ਦਰਸਾਉਂਦੀ ਹੈ।" ਉਨ੍ਹਾਂ ਟਿੱਪਣੀ ਕੀਤੀ ਕਿ ਵਿਗਿਆਨਕ ਸੰਸਥਾਨਾਂ ਵਿੱਚ ਰਿਸਰਚ ਅਤੇ ਇਨੋਵੇਸ਼ਨ ਨਵੇਂ ਭਾਰਤ ਦੇ ਸੁਭਾਅ ਦਾ ਅਨਿੱਖੜਵਾਂ ਅੰਗ ਹਨ। ਉਨ੍ਹਾਂ ਅੱਗੇ ਕਿਹਾ ਕਿ ਪਿਛਲੇ ਇੱਕ ਦਹਾਕੇ ਦੌਰਾਨ, ਆਈਐੱਮਡੀ ਦੇ ਇਨਫ੍ਰਾਸਟ੍ਰਕਚਰ ਅਤੇ ਟੈਕਨੋਲੋਜੀ ਵਿੱਚ ਬੇਮਿਸਾਲ ਵਿਸਥਾਰ ਹੋਇਆ ਹੈ, ਜਿਸ ਵਿੱਚ ਡੌਪਲਰ ਮੌਸਮ ਰਡਾਰਾਂ, ਆਟੋਮੈਟਿਕ ਮੌਸਮ ਸਟੇਸ਼ਨਾਂ, ਰਨਵੇਅ ਮੌਸਮ ਨਿਗਰਾਨੀ ਪ੍ਰਣਾਲੀਆਂ ਅਤੇ ਜ਼ਿਲ੍ਹਾ-ਵਾਰ ਬਾਰਿਸ਼ ਨਿਗਰਾਨੀ ਸਟੇਸ਼ਨਾਂ ਦੀ ਗਿਣਤੀ ਵਿੱਚ ਮਹੱਤਵਪੂਰਨ ਵਾਧਾ ਹੋਇਆ ਹੈ, ਜਿਨ੍ਹਾਂ ਸਾਰਿਆਂ ਨੂੰ ਅੱਪਗ੍ਰੇਡ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਭਾਰਤ ਵਿੱਚ ਮੌਸਮ ਵਿਗਿਆਨ ਨੂੰ ਪੁਲਾੜ ਅਤੇ ਡਿਜੀਟਲ ਟੈਕਨੋਲੋਜੀ ਤੋਂ ਬਹੁਤ ਲਾਭ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਕੋਲ ਅੰਟਾਰਕਟਿਕਾ ਵਿੱਚ ਦੋ ਮੌਸਮ ਵਿਗਿਆਨ ਨਿਗਰਾਨ ਹਨ, ਜਿਨ੍ਹਾਂ ਦਾ ਨਾਮ ਮੈਤ੍ਰੀ ਅਤੇ ਭਾਰਤੀ ਹਨ, ਅਤੇ ਪਿਛਲੇ ਸਾਲ, ਸੁਪਰ ਕੰਪਿਊਟਰ ਆਰਕ ਅਤੇ ਅਰੁਣਿਕਾ ਪੇਸ਼ ਕੀਤੇ ਗਏ ਸਨ, ਜੋ ਆਈਐੱਮਡੀ ਦੀ ਭਰੋਸੇਯੋਗਤਾ ਨੂੰ ਵਧਾਉਂਦੇ ਹਨ। ਪ੍ਰਧਾਨ ਮੰਤਰੀ ਨੇ 'ਮਿਸ਼ਨ ਮੌਸਮ' ਦੀ ਸ਼ੁਰੂਆਤ ਦਾ ਐਲਾਨ ਕੀਤਾ, ਜੋ ਕਿ ਇੱਕ ਸਸਟੇਨੇਬਲ ਫਿਊਚਰ ਅਤੇ ਅਤੇ ਫਿਊਚਰ ਰੈਡੀਨੈੱਸ ਪ੍ਰਤੀ ਭਾਰਤ ਦੀ ਵਚਨਬੱਧਤਾ ਦਾ ਪ੍ਰਤੀਕ ਹੈ, ਜੋ ਇਹ ਸੁਨਿਸ਼ਚਿਤ ਕਰਦਾ ਹੈ ਕਿ ਦੇਸ਼ ਸਾਰੀਆਂ ਮੌਸਮੀ ਸਥਿਤੀਆਂ ਲਈ ਤਿਆਰ ਹੈ ਅਤੇ ਇੱਕ ਜਲਵਾਯੂ-ਸਮਾਰਟ ਰਾਸ਼ਟਰ ਬਣ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਵਿਗਿਆਨ ਦੀ ਸਾਰਥਕਤਾ ਨਾ ਸਿਰਫ਼ ਨਵੀਆਂ ਉਚਾਈਆਂ 'ਤੇ ਪਹੁੰਚਣ ਵਿੱਚ ਹੈ, ਸਗੋਂ ਆਮ ਵਿਅਕਤੀ ਲਈ ਈਜ਼ ਆਫ ਲਿਵਿੰਗ ਨੂੰ ਬਿਹਤਰ ਬਣਾਉਣ ਵਿੱਚ ਵੀ ਹੈ। ਉਨ੍ਹਾਂ ਨੇ ਕਿਹਾ ਕਿ ਆਈਐੱਮਡੀ ਨੇ ਇਸ ਮਾਪਦੰਡ 'ਤੇ ਅੱਗੇ ਵਧ ਕੇ ਇਹ ਯਕੀਨੀ ਬਣਾਇਆ ਹੈ ਕਿ ਸਟੀਕ ਮੌਸਮ ਦੀ ਜਾਣਕਾਰੀ ਸਾਰਿਆਂ ਤੱਕ ਪਹੁੰਚੇ। ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ 'ਸਾਰਿਆਂ ਲਈ ਸ਼ੁਰੂਆਤੀ ਚੇਤਾਵਨੀ' ਪਹਿਲਕਦਮੀ ਹੁਣ 90% ਤੋਂ ਵੱਧ ਲੋਕਾਂ ਤੱਕ ਪਹੁੰਚ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਕੋਈ ਵੀ ਵਿਅਕਤੀ ਪਿਛਲੇ ਅਤੇ ਆਉਣ ਵਾਲੇ 10 ਦਿਨਾਂ ਲਈ ਕਿਸੇ ਵੀ ਸਮੇਂ ਮੌਸਮ ਦੀ ਜਾਣਕਾਰੀ ਤੱਕ ਪਹੁੰਚ ਕਰ ਸਕਦਾ ਹੈ, ਭਵਿੱਖਬਾਣੀਆਂ ਵਾਹਟਸਐਪ 'ਤੇ ਵੀ ਉਪਲਬਧ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ 'ਮੇਘਦੂਤ ਮੋਬਾਈਲ ਐਪ' ਸਾਰੀਆਂ ਸਥਾਨਕ ਭਾਸ਼ਾਵਾਂ ਵਿੱਚ ਮੌਸਮ ਦੀ ਜਾਣਕਾਰੀ ਪ੍ਰਦਾਨ ਕਰਦਾ ਹੈ। 

ਸ਼੍ਰੀ ਮੋਦੀ ਨੇ ਦੱਸਿਆ ਕਿ 10 ਸਾਲ ਪਹਿਲਾਂ, ਸਿਰਫ 10% ਕਿਸਾਨ ਅਤੇ ਪਸ਼ੂ ਪਾਲਣ ਵਾਲੇ ਮੌਸਮ ਨਾਲ ਸਬੰਧਿਤ ਸਲਾਹ ਦੀ ਵਰਤੋਂ ਕਰਦੇ ਸਨ, ਪਰ ਅੱਜ, ਇਹ ਗਿਣਤੀ 50% ਤੋਂ ਜ਼ਿਆਦਾ ਹੋ ਗਈ ਹੈ। ਉਨ੍ਹਾਂ ਜ਼ਿਕਰ ਕੀਤਾ ਕਿ ਬਿਜਲੀ ਡਿੱਗਣ ਦੀ ਚੇਤਾਵਨੀ ਹੁਣ ਮੋਬਾਈਲ ਫੋਨਾਂ 'ਤੇ ਸੰਭਵ ਹੈ। ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਪਹਿਲਾਂ, ਲੱਖਾਂ ਸਮੁੰਦਰੀ ਮਛੇਰਿਆਂ ਦੇ ਪਰਿਵਾਰ ਜਦੋਂ ਸਮੁੰਦਰ ਵਿੱਚ ਜਾਂਦੇ ਸਨ ਤਾਂ ਉਹ ਚਿੰਤਤ ਹੁੰਦੇ ਸਨ, ਪਰ ਹੁਣ, ਆਈਐੱਮਡੀ ਦੇ ਸਹਿਯੋਗ ਨਾਲ, ਮਛੇਰਿਆਂ ਨੂੰ ਸਮੇਂ ਸਿਰ ਚੇਤਾਵਨੀਆਂ ਮਿਲ ਜਾਂਦੀਆਂ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਅਸਲ-ਸਮੇਂ ਦੇ ਅੱਪਡੇਟਸ ਸੁਰੱਖਿਆ ਨੂੰ ਵਧਾਉਂਦੇ ਹਨ ਅਤੇ ਖੇਤੀਬਾੜੀ ਅਤੇ ਨੀਲੀ ਅਰਥਵਿਵਸਥਾ ਵਰਗੇ ਖੇਤਰਾਂ ਨੂੰ ਮਜ਼ਬੂਤ ​​ਕਰਦੇ ਹਨ। 

ਸ਼੍ਰੀ ਮੋਦੀ ਨੇ ਟਿੱਪਣੀ ਕੀਤੀ ਕਿ, “ਮੌਸਮ ਵਿਗਿਆਨ ਕਿਸੇ ਦੇਸ਼ ਦੀ ਆਫ਼ਤ ਪ੍ਰਬੰਧਨ ਸਮਰੱਥਾਵਾਂ ਲਈ ਬਹੁਤ ਮਹੱਤਵਪੂਰਨ ਹੈ", ਅਤੇ ਅੱਗੇ ਕਿਹਾ ਕਿ ਕੁਦਰਤੀ ਆਫ਼ਤਾਂ ਦੇ ਪ੍ਰਭਾਵ ਨੂੰ ਘਟਾਉਣ ਲਈ, ਮੌਸਮ ਵਿਗਿਆਨ ਦੀ ਕੁਸ਼ਲਤਾ ਨੂੰ ਵੱਧ ਤੋਂ ਵੱਧ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਭਾਰਤ ਇਸ ਮਹੱਤਵ ਨੂੰ ਲਗਾਤਾਰ ਸਮਝਦਾ ਰਿਹਾ ਹੈ ਅਤੇ ਹੁਣ ਉਨ੍ਹਾਂ ਆਫ਼ਤਾਂ ਦੇ ਪ੍ਰਭਾਵਾਂ ਨੂੰ ਘਟਾਉਣ ਵਿੱਚ ਸਮਰੱਥ ਹੈ ਜਿਨ੍ਹਾਂ ਨੂੰ ਕਦੇ ਅਟੱਲ ਮੰਨਿਆ ਜਾਂਦਾ ਸੀ। 1998 ਵਿੱਚ ਕੱਛ ਦੇ ਕਾਂਡਲਾ ਵਿੱਚ ਚੱਕਰਵਾਤੀ ਤੂਫ਼ਾਨ ਅਤੇ 1999 ਵਿੱਚ ਓਡੀਸ਼ਾ ਵਿੱਚ ਸੁਪਰ ਸਾਈਕਲੋਨ ਕਾਰਨ ਹੋਈ ਤਬਾਹੀ ਨੂੰ ਯਾਦ ਕਰਦੇ ਹੋਏ, ਜਿਸ ਦੇ ਸਿੱਟੇ ਵਜੋਂ ਹਜ਼ਾਰਾਂ ਮੌਤਾਂ ਹੋਈਆਂ, ਪ੍ਰਧਾਨ ਮੰਤਰੀ ਨੇ ਕਿਹਾ ਕਿ ਹਾਲਾਂਕਿ, ਹਾਲ ਹੀ ਦੇ ਸਾਲਾਂ ਵਿੱਚ, ਕਈ ਵੱਡੇ ਚੱਕਰਵਾਤਾਂ ਅਤੇ ਆਫ਼ਤਾਂ ਦੇ ਬਾਵਜੂਦ, ਭਾਰਤ ਨੇ ਜ਼ਿਆਦਾਤਰ ਮਾਮਲਿਆਂ ਵਿੱਚ ਜਾਨ-ਮਾਲ ਦੇ ਨੁਕਸਾਨ ਨੂੰ ਸਫਲਤਾਪੂਰਵਕ ਘੱਟ ਕੀਤਾ ਹੈ ਜਾਂ ਖਤਮ ਕੀਤਾ ਹੈ। ਉਨ੍ਹਾਂ ਨੇ ਇਨ੍ਹਾਂ ਸਫਲਤਾਵਾਂ ਵਿੱਚ ਮੌਸਮ ਵਿਭਾਗ ਦੀ ਮਹੱਤਵਪੂਰਨ ਭੂਮਿਕਾ ਨੂੰ ਕ੍ਰੈਡਿਟ ਦਿੱਤਾ। ਉਨ੍ਹਾਂ ਨੇ ਕਿਹਾ ਕਿ ਵਿਗਿਆਨ ਅਤੇ ਤਿਆਰੀ ਦੇ ਏਕੀਕਰਣ ਨੇ ਅਰਬਾਂ ਰੁਪਏ ਦੇ ਆਰਥਿਕ ਨੁਕਸਾਨ ਨੂੰ ਵੀ ਘਟਾਇਆ ਹੈ, ਅਰਥਵਿਵਸਥਾ ਵਿੱਚ ਲਚਕੀਲਾਪਣ ਪੈਦਾ ਕੀਤਾ ਹੈ ਅਤੇ ਨਿਵੇਸ਼ਕਾਂ ਦੇ ਵਿਸ਼ਵਾਸ ਨੂੰ ਵਧਾਇਆ ਹੈ।

ਪ੍ਰਧਾਨ ਮੰਤਰੀ ਨੇ ਕਿਹਾ, "ਵਿਗਿਆਨ ਵਿੱਚ ਤਰੱਕੀ ਅਤੇ ਇਸ ਦੀ ਪੂਰੀ ਵਰਤੋਂ ਕਿਸੇ ਦੇਸ਼ ਦੀ ਵਿਸ਼ਵਵਿਆਪੀ ਛਵੀ ਲਈ ਮਹੱਤਵਪੂਰਨ ਹੈ।" ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਭਾਰਤ ਦੀਆਂ ਮੌਸਮ ਸਬੰਧੀ ਵਿਗਿਆਨਕ ਤਰੱਕੀਆਂ ਨੇ ਇਸ ਦੀ ਆਫ਼ਤ ਪ੍ਰਬੰਧਨ ਸਮਰੱਥਾ ਨੂੰ ਮਜ਼ਬੂਤ ​​ਕੀਤਾ ਹੈ, ਜਿਸ ਨਾਲ ਪੂਰੀ ਦੁਨੀਆ ਨੂੰ ਲਾਭ ਹੋਇਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੀ ਫਲੈਸ਼ ਫਲੱਡ ਗਾਈਡੈਂਸ ਪ੍ਰਣਾਲੀ ਨੇਪਾਲ, ਭੂਟਾਨ, ਬੰਗਲਾਦੇਸ਼ ਅਤੇ ਸ੍ਰੀਲੰਕਾ ਨੂੰ ਜਾਣਕਾਰੀ ਪ੍ਰਦਾਨ ਕਰਦੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਭਾਰਤ 'ਵਿਸ਼ਵ ਬੰਧੂ' ਵਜੋਂ ਕੁਦਰਤੀ ਆਫ਼ਤਾਂ ਦੌਰਾਨ ਦੂਜੇ ਦੇਸ਼ਾਂ ਦੀ ਮਦਦ ਕਰਨ ਲਈ ਹਮੇਸ਼ਾ ਸਭ ਤੋਂ ਪਹਿਲਾਂ ਖੜ੍ਹਾ ਰਹਿੰਦਾ ਹੈ। ਇਸ ਨਾਲ, ਉਨ੍ਹਾਂ ਅੱਗੇ ਕਿਹਾ ਕਿ ਇਸ ਨਾਲ, ਭਾਰਤ ਦੀ ਗਲੋਬਲ ਛਵੀ ਵਧੀ ਹੈ। ਉਨ੍ਹਾਂ ਨੇ ਇਸ ਪ੍ਰਾਪਤੀ ਵਿੱਚ ਮਹੱਤਵਪੂਰਨ ਯੋਗਦਾਨ ਲਈ ਆਈਐੱਮਡੀ ਵਿਗਿਆਨੀਆਂ ਦੀ ਸ਼ਲਾਘਾ ਕੀਤੀ।

ਸ਼੍ਰੀ ਮੋਦੀ ਨੇ ਟਿੱਪਣੀ ਕੀਤੀ ਕਿ, ਆਈਐੱਮਡੀ ਦੀ 150ਵੀਂ ਵਰ੍ਹੇਗੰਢ ਦੇ ਮੌਕੇ 'ਤੇ ਭਾਰਤ ਦੇ ਮੌਸਮ ਵਿਗਿਆਨ ਮੁਹਾਰਤ ਦੇ ਸਮ੍ਰਿੱਧ ਇਤਿਹਾਸ ਨੂੰ ਉਜਾਗਰ ਕਰਦੇ ਹੋਏ, ਮੌਸਮ ਮਨੁੱਖੀ ਵਿਕਾਸ ਨੂੰ ਪ੍ਰਭਾਵਿਤ ਕਰਨ ਵਾਲਾ ਇੱਕ ਮੁੱਖ ਕਾਰਕ ਰਿਹਾ ਹੈ, ਅਤੇ ਇਤਿਹਾਸ ਦੌਰਾਨ, ਦੁਨੀਆ ਭਰ ਦੇ ਲੋਕਾਂ ਨੇ ਮੌਸਮ ਅਤੇ ਵਾਤਾਵਰਣ ਨੂੰ ਸਮਝਣ ਦੀ ਲਗਾਤਾਰ ਕੋਸ਼ਿਸ਼ ਕੀਤੀ ਹੈ। ਭਾਰਤ ਦੇ ਮੌਸਮ ਵਿਗਿਆਨ ਮੁਹਾਰਤ ਦੇ ਸਮ੍ਰਿੱਧ ਇਤਿਹਾਸ ਦੀ ਚਰਚਾ ਕਰਦੇ ਹੋਏ, ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਰਵਾਇਤੀ ਗਿਆਨ ਨੂੰ ਵੇਦਾਂ, ਸੰਹਿਤਾਵਾਂ ਅਤੇ ਸੂਰਯ ਸਿਧਾਂਤ ਵਰਗੇ ਪ੍ਰਾਚੀਨ ਗ੍ਰੰਥਾਂ ਵਿੱਚ ਦਸਤਾਵੇਜ਼ੀ, ਸੁਧਾਰੀ ਅਤੇ ਡੂੰਘਾਈ ਨਾਲ ਅਧਿਐਨ ਕੀਤਾ ਗਿਆ ਸੀ, ਸ਼੍ਰੀ ਮੋਦੀ ਨੇ ਕਿਹਾ ਕਿ ਤਮਿਲ ਨਾਡੂ ਦੇ ਸੰਗਮ ਸਾਹਿਤ ਅਤੇ ਉੱਤਰ ਵਿੱਚ ਘਘ ਭੱਦਰੀ ਦੇ ਲੋਕ ਸਾਹਿਤ ਵਿੱਚ ਮੌਸਮ ਵਿਗਿਆਨ ਬਾਰੇ ਵਿਆਪਕ ਜਾਣਕਾਰੀ ਹੈ। 

ਉਨ੍ਹਾਂ ਨੇ ਟਿੱਪਣੀ ਕੀਤੀ ਕਿ ਮੌਸਮ ਵਿਗਿਆਨ ਨੂੰ ਇੱਕ ਵੱਖਰੀ ਸ਼ਾਖਾ ਨਹੀਂ ਮੰਨਿਆ ਜਾਂਦਾ ਸੀ ਸਗੋਂ ਇਸ ਨੂੰ ਖਗੋਲ ਵਿਗਿਆਨਿਕ ਗਣਨਾਵਾਂ, ਜਲਵਾਯੂ ਅਧਿਐਨਾਂ, ਜਾਨਵਰਾਂ ਦੇ ਵਿਵਹਾਰ ਅਤੇ ਸਮਾਜਿਕ ਅਨੁਭਵਾਂ ਨਾਲ ਜੋੜਿਆ ਗਿਆ ਸੀ। ਪ੍ਰਧਾਨ ਮੰਤਰੀ ਨੇ ਕ੍ਰਿਸ਼ੀ ਪਰਾਸ਼ਰ ਅਤੇ ਬ੍ਰਿਹਤ ਸੰਹਿਤਾ ਵਰਗੇ ਮਹੱਤਵਪੂਰਨ ਕੰਮਾਂ ਦਾ ਜ਼ਿਕਰ ਕੀਤਾ, ਜਿਨ੍ਹਾਂ ਨੇ ਬੱਦਲਾਂ ਦੇ ਗਠਨ ਅਤੇ ਕਿਸਮਾਂ ਦਾ ਅਧਿਐਨ ਕੀਤਾ, ਅਤੇ ਗ੍ਰਹਿਆਂ ਦੀਆਂ ਸਥਿਤੀਆਂ 'ਤੇ ਗਣਿਤਿਕ ਅਧਿਐਨ ਕੀਤਾ। ਕ੍ਰਿਸ਼ੀ ਪਰਾਸ਼ਰ ਦਾ ਹਵਾਲਾ ਦਿੰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਉੱਚ ਜਾਂ ਘੱਟ ਵਾਯੂਮੰਡਲ ਦਾ ਦਬਾਅ ਅਤੇ ਤਾਪਮਾਨ ਬੱਦਲਾਂ ਦੀਆਂ ਵਿਸ਼ੇਸ਼ਤਾਵਾਂ ਅਤੇ ਬਾਰਿਸ਼ ਨੂੰ ਪ੍ਰਭਾਵਿਤ ਕਰਦੇ ਹਨ। ਉਨ੍ਹਾਂ ਨੇ ਆਧੁਨਿਕ ਮਸ਼ੀਨਰੀ ਤੋਂ ਬਿਨਾ ਪ੍ਰਾਚੀਨ ਵਿਦਵਾਨਾਂ ਦੁਆਰਾ ਕੀਤੇ ਗਏ ਵਿਆਪਕ ਖੋਜ 'ਤੇ ਟਿੱਪਣੀ ਕੀਤੀ, ਉਨ੍ਹਾਂ ਦੇ ਡੂੰਘੇ ਗਿਆਨ ਅਤੇ ਸਮਰਪਣ 'ਤੇ ਜ਼ੋਰ ਦਿੱਤਾ।  ਸ਼੍ਰੀ ਮੋਦੀ ਨੇ ਸਿੱਧ ਰਵਾਇਤੀ ਗਿਆਨ ਨੂੰ ਆਧੁਨਿਕ ਵਿਗਿਆਨ ਨਾਲ ਜੋੜਨ ਦੇ ਮਹੱਤਵ ‘ਤੇ ਜ਼ੋਰ ਦਿੱਤਾ ਅਤੇ ਇਸ ਦਿਸ਼ਾ ਵਿੱਚ ਹੋਰ ਖੋਜ ਕਰਨ ਦੀ ਅਪੀਲ ਕੀਤੀ। ਪ੍ਰਧਾਨ ਮੰਤਰੀ ਨੇ ਕੁਝ ਸਾਲ ਪਹਿਲਾਂ ਉਨ੍ਹਾਂ ਦੁਆਰਾ ਲਾਂਚ ਕੀਤੀ ਗਈ ਇੱਕ ਕਿਤਾਬ, "ਪ੍ਰੀ-ਮਾਡਰਨ ਕੱਛੀ (Kutchi) ਨੈਵੀਗੇਸ਼ਨ ਟੈਕਨੀਕਸ ਐਂਡ ਵੌਇਜ਼" ਦਾ ਹਵਾਲਾ ਦਿੱਤਾ, ਜੋ ਗੁਜਰਾਤ ਦੇ ਨਾਵਿਕਾਂ ਦੇ ਸਦੀਆਂ ਪੁਰਾਣੇ ਸਮੁੰਦਰੀ ਗਿਆਨ ਨੂੰ ਦਰਸਾਉਂਦੀ ਹੈ। ਉਨ੍ਹਾਂ ਨੇ ਭਾਰਤ ਦੇ ਕਬਾਇਲੀ ਭਾਈਚਾਰਿਆਂ ਦੇ ਅੰਦਰ ਸਮ੍ਰਿੱਧ ਗਿਆਨ ਵਿਰਾਸਤ ਨੂੰ ਵੀ ਸਵੀਕਾਰ ਕੀਤਾ, ਜਿਸ ਵਿੱਚ ਕੁਦਰਤ ਅਤੇ ਜਾਨਵਰਾਂ ਦੇ ਵਿਵਹਾਰ ਦੀ ਡੂੰਘੀ ਸਮਝ ਸ਼ਾਮਲ ਹੈ। ਉਨ੍ਹਾਂ ਨੇ ਸਮਕਾਲੀ ਵਿਗਿਆਨਕ ਅਭਿਆਸਾਂ ਨਾਲ ਇਸ ਗਿਆਨ ਦੀ ਵਧੇਰੇ ਖੋਜ ਅਤੇ ਏਕੀਕਰਣ ਦਾ ਸੱਦਾ ਦਿੱਤਾ।

 

ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਜਿਵੇਂ-ਜਿਵੇਂ ਆਈਐੱਮਡੀ ਦੇ ਮੌਸਮ ਪੂਰਵ-ਅਨੁਮਾਨ ਹੋਰ ਸਟੀਕ ਹੋਣਗੇ, ਉਨ੍ਹਾਂ ਦੀ ਮਹੱਤਤਾ ਵਧੇਗੀ, ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਆਈਐੱਮਡੀ ਦੇ ਡੇਟਾ ਦੀ ਮੰਗ ਵੱਖ-ਵੱਖ ਖੇਤਰਾਂ, ਉਦਯੋਗਾਂ ਅਤੇ ਰੋਜ਼ਾਨਾ ਜੀਵਨ ਵਿੱਚ ਵੀ ਵਧੇਗੀ। ਪ੍ਰਧਾਨ ਮੰਤਰੀ ਨੇ ਭਵਿੱਖ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖ ਕੇ ਕੰਮ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ, ਜਿਸ ਵਿੱਚ ਭੂਚਾਲ ਵਰਗੀਆਂ ਕੁਦਰਤੀ ਆਫ਼ਤਾਂ ਲਈ ਚੇਤਾਵਨੀ ਪ੍ਰਣਾਲੀਆਂ ਵਿਕਸਿਤ ਕਰਨਾ ਵੀ ਸ਼ਾਮਲ ਹੈ। ਉਨ੍ਹਾਂ ਨੇ ਵਿਗਿਆਨੀਆਂ, ਖੋਜ ਵਿਦਵਾਨਾਂ ਅਤੇ ਆਈਐੱਮਡੀ ਵਰਗੇ ਸੰਸਥਾਨਾਂ ਨੂੰ ਨਵੀਆਂ ਸਫਲਤਾਵਾਂ ਵੱਲ ਕੰਮ ਕਰਨ ਲਈ ਉਤਸ਼ਾਹਿਤ ਕੀਤਾ। ਆਪਣੇ ਸੰਬੋਧਨ ਦੀ ਸਮਾਪਤੀ ਕਰਦੇ ਹੋਏ, ਸ਼੍ਰੀ ਮੋਦੀ ਨੇ ਵਿਸ਼ਵਾਸ ਪ੍ਰਗਟਾਇਆ ਕਿ ਭਾਰਤ ਵਿਸ਼ਵਵਿਆਪੀ ਸੇਵਾ ਅਤੇ ਸੁਰੱਖਿਆ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਏਗਾ। ਉਨ੍ਹਾਂ ਨੇ ਆਈਐੱਮਡੀ ਅਤੇ ਮੌਸਮ ਵਿਗਿਆਨ ਨਾਲ ਜੁੜੇ ਸਾਰੇ ਲੋਕਾਂ ਨੂੰ ਉਨ੍ਹਾਂ ਦੀ 150 ਸਾਲਾਂ ਦੀ ਯਾਤਰਾ 'ਤੇ ਵਧਾਈ ਦਿੱਤੀ।

ਇਸ ਸਮਾਗਮ ਵਿੱਚ ਕੇਂਦਰੀ ਪ੍ਰਿਥਵੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਜ) ਡਾ. ਜਿਤੇਂਦਰ ਸਿੰਘ ਮੌਸਮ ਵਿਗਿਆਨ ਸੰਗਠਨ (ਡਬਲਿਊਐੱਮਓ) ਦੇ ਸਕੱਤਰ-ਜਨਰਲ ਪ੍ਰੋਫੈਸਰ ਸੇਲੇਸਟੇ ਸਾਓਲੋ (Professor Celeste Saulo) ਸਹਿਤ ਹੋਰ ਪਤਵੰਤੇ ਮੌਜੂਦ ਸਨ।

ਪਿਛੋਕੜ 

ਪ੍ਰਧਾਨ ਮੰਤਰੀ ਨੇ ਸਾਡੇ ਦੇਸ਼ ਨੂੰ 'ਵੈਦਰ ਰੈੱਡੀ ਅਤੇ ਕਲਾਈਮੇਟ-ਸਮਾਰਟ' ਰਾਸ਼ਟਰ ਬਣਾਉਣ ਦੇ ਟੀਚੇ ਨਾਲ 'ਮਿਸ਼ਨ ਮੌਸਮ' ਦੀ ਸ਼ੁਰੂਆਤ ਕੀਤੀ। ਮਿਸ਼ਨ ਦਾ ਉਦੇਸ਼ ਅਤਿ-ਆਧੁਨਿਕ ਮੌਸਮ ਨਿਗਰਾਨੀ ਟੈਕਨੋਲੋਜੀਆਂ ਅਤੇ ਪ੍ਰਣਾਲੀਆਂ ਨੂੰ ਵਿਕਸਿਤ ਕਰਕੇ, ਉੱਚ-ਰੈਜ਼ੋਲਿਊਸ਼ਨ ਵਾਲੇ ਵਾਯੂਮੰਡਲੀ ਨਿਰੀਖਣਾਂ, ਅਗਲੀ ਪੀੜ੍ਹੀ ਦੇ ਰਡਾਰ ਅਤੇ ਉਪਗ੍ਰਹਿ, ਅਤੇ ਉੱਚ-ਪ੍ਰਦਰਸ਼ਨ ਵਾਲੇ ਕੰਪਿਊਟਰਾਂ ਨੂੰ ਲਾਗੂ ਕਰਕੇ ਇਸ ਨੂੰ ਪ੍ਰਾਪਤ ਕਰਨਾ ਹੈ। ਇਹ ਮੌਸਮ ਅਤੇ ਜਲਵਾਯੂ ਪ੍ਰਕਿਰਿਆਵਾਂ ਦੀdocument ਸਮਝ ਨੂੰ ਬਿਹਤਰ ਬਣਾਉਣ 'ਤੇ ਵੀ ਧਿਆਨ ਕੇਂਦ੍ਰਿਤ ਕਰੇਗਾ, ਹਵਾ ਗੁਣਵੱਤਾ ਡੇਟਾ ਪ੍ਰਦਾਨ ਕਰੇਗਾ ਜੋ ਲੰਬੇ ਸਮੇਂ ਵਿੱਚ ਮੌਸਮ ਪ੍ਰਬੰਧਨ ਅਤੇ ਦਖਲਅੰਦਾਜ਼ੀ ਦੀ ਰਣਨੀਤੀ ਬਣਾਉਣ ਵਿੱਚ ਮਦਦ ਕਰੇਗਾ।

ਪ੍ਰਧਾਨ ਮੰਤਰੀ ਨੇ ਮੌਸਸ ਸਬੰਧੀ ਜਾਗਰੂਕਤਾ ਅਤੇ ਜਲਵਾਯੂ ਪਰਿਵਰਤਨ ਅਨੁਕੂਲਨ ਲਈ ਆਈਐੱਮਡੀ ਵਿਜ਼ਨ 2047 ਡਾਕਿਊਮੈਂਟ ਵੀ ਜਾਰੀ ਕੀਤਾ। ਇਸ ਵਿੱਚ ਮੌਸਮ ਪੂਰਵ ਅਨੁਮਾਨ, ਮੌਸਮ ਪ੍ਰਬੰਧਨ ਅਤੇ ਜਲਵਾਯੂ ਪਰਿਵਰਤਨ ਨੂੰ ਘਟਾਉਣ ਦੀਆਂ ਯੋਜਨਾਵਾਂ ਸ਼ਾਮਲ ਹਨ।

ਆਈਐੱਮਡੀ ਦੇ 150ਵੇਂ ਸਥਾਪਨਾ ਦਿਵਸ ਨੂੰ ਮਨਾਉਣ ਲਈ, ਪਿਛਲੇ 150 ਸਾਲਾਂ ਦੌਰਾਨ ਆਈਐੱਮਡੀ ਦੀਆਂ ਪ੍ਰਾਪਤੀਆਂ, ਭਾਰਤ ਨੂੰ ਜਲਵਾਯ ਦੇ ਸੰਦਰਭ ਨੂੰ ਮਜ਼ਬੂਤ ਬਣਾਉਣ ਵਿੱਚ ਇਸ ਦੀ ਭੂਮਿਕਾ, ਅਤੇ ਵੱਖ-ਵੱਖ ਮੌਸਮ ਅਤੇ ਜਲਵਾਯੂ ਸੇਵਾਵਾਂ ਪ੍ਰਦਾਨ ਕਰਨ ਵਿੱਚ ਸਰਕਾਰੀ ਸੰਸਥਾਵਾਂ ਦੁਆਰਾ ਨਿਭਾਈ ਗਈ ਭੂਮਿਕਾ ਨੂੰ ਪ੍ਰਦਰਸ਼ਿਤ ਕਰਨ ਲਈ ਕਈ ਪ੍ਰੋਗਰਾਮਾਂ, ਗਤੀਵਿਧੀਆਂ ਅਤੇ ਵਰਕਸ਼ਾਪਾਂ ਦੀ ਇੱਕ ਲੜੀ ਆਯੋਜਿਤ ਕੀਤੀ ਗਈ ਹੈ।

 

 

************

ਐੱਮਜੇਪੀਐੱਸ/ਐੱਸਆਰ


(Release ID: 2092955) Visitor Counter : 5