ਭਾਰਤ ਦਾ ਲੋਕਪਾਲ
azadi ka amrit mahotsav

ਲੋਕਪਾਲ ਦਿਵਸ ਸਮਾਰੋਹ 16 ਜਨਵਰੀ, 2025 ਨੂੰ ਮਨਾਇਆ ਜਾਵੇਗਾ

Posted On: 01 JAN 2025 2:07PM by PIB Chandigarh

ਭਾਰਤ ਦੇ ਲੋਕਪਾਲ ਨੇ 14.03.2024 ਨੂੰ ਆਯੋਜਿਤ ਆਪਣੀ ਬੈਠਕ ਵਿੱਚ ਰਾਏ ਵਿਅਕਤ ਕੀਤੀ ਸੀ ਕਿ ਧਾਰਾ 1(4) ਦੇ ਤਹਿਤ 16.01.2014 ਨੂੰ ਜਾਰੀ ਨੋਟੀਫਿਕੇਸ਼ਨ ਦੁਆਰਾ ਭਾਰਤ ਦੇ ਲੋਕਪਾਲ ਨਾਮਕ ਸੰਸਥਾ ਦੀ ਸਥਾਪਨਾ ਦੇ ਨਤੀਜੇ ਵਜੋਂ ਹਰ ਵਰ੍ਹੇ 16 ਜਨਵਰੀ ਨੂੰ ‘ਲੋਕਪਾਲ ਦਿਵਸ’ ਵਜੋਂ ਮਨਾਇਆ ਜਾਵੇਗਾ।

ਉਪਰੋਕਤ ਸੰਕਲਪ ਦੇ ਮੱਦੇਨਜ਼ਰ, ਲੋਕਪਾਲ ਦਿਵਸ ਦਾ ਪਹਿਲਾ ਅਜਿਹਾ ਯਾਦਗਾਰੀ ਉਤਸਵ 16 ਜਨਵਰੀ, 2025 ਨੂੰ ਭਾਰਤ ਦੇ ਮਾਣਯੋਗ ਚੀਫ ਜਸਟਿਸ ਸੰਜੀਵ ਖੰਨਾ ਦੀ ਗੌਰਵਮਈ ਉਪਸਥਿਤੀ ਵਿੱਚ, ਜ਼ੋਰਾਵਰ ਆਡੀਟੋਰੀਅਮ, ਮਾਨੇਕਸ਼ਾਅ ਸੈਂਟਰ, ਦਿੱਲੀ ਕੈਂਟ, ਨਵੀਂ ਦਿੱਲੀ-110010 ਵਿੱਚ ਆਯੋਜਿਤ ਕੀਤਾ ਜਾਵੇਗਾ। ਉਹ ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਹਨ। 

ਜਸਟਿਸ ਏ.ਐੱਮ. ਖਾਨਵਿਲਕਰ (A. M. Khanwilkar) ਨੂੰ 10.03.2024 ਨੂੰ ਭਾਰਤ ਦੇ ਲੋਕਪਾਲ ਦੇ ਦੂਸਰੇ ਚੇਅਰਪਰਸਨ ਦੇ ਰੂਪ ਵਿੱਚ ਅਹੁਦੇ ਦੀ ਸਹੁੰ ਚੁਕਵਾਈ ਗਈ ਹੈ। ਮਾਰਚ 2024 ਤੋਂ ਮੌਜੂਦਾ ਸਮੇਂ ਸੰਸਥਾ ਵਿੱਚ ਇੱਕ ਚੇਅਰਪਰਸਨ ਅਤੇ ਛੇ ਮੈਂਬਰ ਸ਼ਾਮਲ ਹਨ। 

ਪ੍ਰੋਗਰਾਮ ਸ਼ਾਮ 6 ਵਜੇ ਭਾਰਤ ਦੇ ਮਾਣਯੋਗ ਚੀਫ ਜਸਟਿਸ ਅਤੇ ਹੋਰ ਪਤਵੰਤਿਆਂ ਦੇ ਆਉਣ ‘ਤੇ ਸ਼ੁਰੂ ਹੋਵੇਗਾ, ਜਿਨ੍ਹਾਂ ਵਿੱਚ ਮਾਣਯੋਗ ਸੁਪਰੀਮ ਕੋਰਟ ਆਫ ਇੰਡੀਆ ਦੇ ਜਸਟਿਸ, ਹਾਈ ਕੋਰਟਸ ਦੇ ਚੀਫ ਜਸਟਿਸ ਅਤੇ ਜਸਟਿਸ, ਲੀਗਲ ਸਰਵਿਸਿਜ਼ ਅਥਾਰਿਟੀਆਂ ਦੇ ਕਾਰਜਕਾਰੀ ਚੇਅਰਪਰਸਨ ਅਤੇ ਮੈਂਬਰ ਸੈਕਟਰੀ, ਰਾਜਾਂ ਦੇ ਲੋਕਾਯੁਕਤ ਅਤੇ ਉਪ-ਲੋਕਾਯੁਕਤ, ਭਾਰਤ ਸਰਕਾਰ ਦੇ ਸਕੱਤਰ, ਜਾਂਚ ਏਜੰਸੀਆਂ ਦੇ ਪ੍ਰਮੁੱਖ, ਜਨਤਕ ਖੇਤਰ ਦੇ ਅਦਾਰੇ/ਜਨਤਕ ਬੈਂਕਾਂ ਦੇ ਮੁੱਖ ਕਾਰਜਕਾਰੀ ਅਧਿਕਾਰੀ, ਕਾਨੂੰਨ ਅਧਿਕਾਰੀ, ਅਤੇ ਸੀਵੀਓ ਸ਼ਾਮਲ ਹੋਣਗੇ। 

ਸਮਾਗਮ ਦੌਰਾਨ ਭਾਰਤ ਦੇ ਮਾਣਯੋਗ ਅਟੌਰਨੀ ਜਨਰਲ ਸ਼੍ਰੀ ਆਰ ਵੈਂਕਟਰਮਾਣੀ, ਮਾਣਯੋਗ ਜਸਟਿਸ ਐੱਨ.ਸੰਤੋਸ਼ ਹੇਗੜੇ ਸਾਬਕਾ ਜਸਟਿਸ ਸੁਪਰੀਮ ਕੋਰਟ ਆਫ ਇੰਡੀਆ ਅਤੇ ਪਦਮ ਭੂਸ਼ਣ ਸ਼੍ਰੀ ਅੰਨਾ ਹਜ਼ਾਰੇ ਨੂੰ ਸਨਮਾਨਿਤ ਕੀਤਾ ਜਾਵੇਗਾ। ਭਾਰਤ ਦੇ ਮਾਣਯੋਗ ਚੀਫ ਜਸਟਿਸ ਲੋਕਪਾਲ ਦੀ ਭੂਮਿਕਾ ਅਤੇ ਕੰਮਾਂ ਤੇ ਹੋਰ ਵਿਸ਼ਿਆਂ ‘ਤੇ ਇੱਕਠ ਨੂੰ ਸੰਬੋਧਨ ਕਰਨਗੇ।

***

ਐੱਨਕੇਆਰ/ਪੀਐੱਸਐੱਮ


(Release ID: 2089550) Visitor Counter : 14