ਬਿਜਲੀ ਮੰਤਰਾਲਾ
ਸਵੱਛ ਊਰਜਾ ਨਵੀਨਤਾਵਾਂ ਨੂੰ ਹੁਲਾਰਾ ਦੇਣ ਦੇ ਲਈ ਐੱਨਐੱਚਪੀਸੀ ਦੀ ਜੀਜੀਜੀਆਈ ਨਾਲ ਸਾਂਝੇਦਾਰੀ
Posted On:
29 NOV 2024 4:45PM by PIB Chandigarh
ਸ਼੍ਰੀ ਵੀ.ਆਰ ਸ਼੍ਰੀਵਾਸਤਵ, ਕਾਰਜਕਾਰੀ ਨਿਦੇਸ਼ਕ (ਆਰਈਜੀਐੱਚ) – ਐੱਨਐੱਚਪੀਸੀ ਅਤੇ ਸ਼੍ਰੀ ਸੌਮਯਾ ਪ੍ਰਸਾਦ ਗਰਨਾਇਕ, ਕੰਟਰੀ ਹੈੱਡ, ਜੀਜੀਜੀਆਈ ਨੇ ਸ਼੍ਰੀ ਉੱਤਮ ਲਾਲ, ਨਿਰਦੇਸ਼ਕ (ਪਰਸੋਨਲ) - ਐੱਨਐੱਚਪੀਸੀ ਅਤੇ ਡਾ: ਡੀ.ਕੇ. ਖਰੇ, ਸਲਾਹਕਾਰ - ਜੀਜੀਜੀਆਈ ਦੀ ਮੌਜੂਦਗੀ ਵਿੱਚ ਸਹਿਮਤੀ ਪੱਤਰ ਦੇ ਦਸਤਾਵੇਜ਼ਾਂ ਦਾ ਅਦਾਨ-ਪ੍ਰਦਾਨ ਕੀਤਾ।
ਟਿਕਾਊ ਵਿਕਾਸ ਨੂੰ ਹੁਲਾਰਾ ਦੇਣ ਅਤੇ ਜਲਵਾਯੂ ਪਰਿਵਰਤਨ ਨਾਲ਼ ਨਜਿੱਠਣ ਦੇ ਅਹਿਮ ਕਦਮ ਦੇ ਤੌਰ ’ਤੇ ਰਾਸ਼ਟਰੀ ਜਲ ਬਿਜਲੀ ਨਿਗਮ ਲਿਮਟਿਡ (ਐੱਨਐੱਚਪੀਸੀ) ਨੇ 28 ਨਵੰਬਰ, 2024 ਨੂੰ ਆਪਣੇ ਕਾਰਪੋਰੇਟ ਦਫ਼ਤਰ ਫ਼ਰੀਦਾਬਾਦ ਵਿੱਚ ਗਲੋਬਲ ਗ੍ਰੀਨ ਗ੍ਰੋਥ ਇੰਸਟੀਟਿਊਟ (ਜੀਜੀਜੀਆਈ) ਦੇ ਨਾਲ ਇੱਕ ਸਹਿਮਤੀ ਪੱਤਰ (MoU) ’ਤੇ ਹਸਤਾਖਰ ਕੀਤੇ। ਸਹਿਮਤੀ ਪੱਤਰ ’ਤੇ ਐੱਨਐੱਚਪੀਸੀ - ਨਵਿਆਉਣਯੋਗ ਊਰਜਾ ਲਾਗੂਕਰਨ ਏਜੰਸੀ ਦੇ ਕਾਰਜਕਾਰੀ ਨਿਦੇਸ਼ਕ ਸ਼੍ਰੀ ਵੀ.ਆਰ ਸ਼੍ਰੀਵਾਸਤਵ ਅਤੇ ਜੀਜੀਜੀਆਈ ਦੇ ਕੰਟਰੀ ਹੈੱਡ ਸ਼੍ਰੀ ਸੌਮਯ ਪ੍ਰਸਾਦ ਗਰਨਾਇਕ ਨੇ ਐੱਨਐੱਚਪੀਸੀ ਦੇ ਨਿਰਦੇਸ਼ਕ (ਪਰਸੋਨਲ) ਸ਼੍ਰੀ ਉੱਤਮ ਲਾਲ ਅਤੇ ਜੀਜੀਜੀਆਈ ਦੇ ਸਲਾਹਕਾਰ ਡਾ. ਡੀ.ਕੇ. ਖਰੇ ਦੀ ਮੌਜੂਦਗੀ ਵਿੱਚ ਹਸਤਾਖਰ ਕੀਤੇ। ਸਮਾਗਮ ਵਿੱਚ ਦੋਵਾਂ ਸੰਗਠਨਾਂ ਦੇ ਸੀਨੀਅਰ ਅਧਿਕਾਰੀ ਵੀ ਸ਼ਾਮਲ ਹੋਏ।
ਦੋਵੇਂ ਸੰਗਠਨਾਂ ਵਿੱਚ ਸਹਿਯੋਗ ਦਾ ਉਦੇਸ਼ ਖੇਤੀਬਾੜੀ ਅਤੇ ਸੂਰਜੀ ਊਰਜਾ ਉਤਪਾਦਨ ਵਿੱਚ ਬਰਾਬਰ ਜ਼ਮੀਨ ਦੀ ਵਰਤੋਂ – ਖੇਤੀਬਾੜੀ –ਵੋਲਟਾਇਕ, ਗ੍ਰੀਨ ਹਾਈਡ੍ਰੋਜਨ ਅਤੇ ਸਥਾਈ ਵਿੱਤ ਰਣਨੀਤੀ ’ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਸਵੱਛ ਊਰਜਾ ਸਮਾਧਾਨਾਂ ਨੂੰ ਹੁਲਾਰਾ ਦੇਣਾ ਹੈ। ਇਹ ਪਹਿਲ ਭਾਰਤੀ ਅਰਥਵਿਵਸਥਾ ਵਿੱਚ ਘੱਟ ਕਾਰਬਨ ਨਿਕਾਸੀ ਪਰਿਵਰਤਨ ਅਤੇ ਜਲਵਾਯੂ ਚੁਣੌਤੀਆਂ ਨੂੰ ਹੱਲ ਕਰਨ ਲਈ ਐੱਨਐੱਚਪੀਸੀ ਦੇ ਖੋਜ ਅਤੇ ਵਿਕਾਸ ਯਤਨਾਂ ਦਾ ਹਿੱਸਾ ਹੈ।
ਸਾਂਝੇਦਾਰੀ ਦੇ ਤਹਿਤ, ਐੱਨਐੱਚਪੀਸੀ ਅਤੇ ਜੀਜੀਜੀਆਈ ਅਤਿ-ਆਧੁਨਿਕ ਤਕਨੀਕਾਂ ਦੀ ਖੋਜ, ਖੇਤੀਬਾੜੀ ਅਭਿਆਸਾਂ ਦੇ ਨਾਲ ਨਵਿਆਉਣਯੋਗ ਊਰਜਾ ਸਮਾਧਾਨਾਂ ਨੂੰ ਸੰਯੋਜਿਤ ਕਰਨ ਅਤੇ ਗ੍ਰੀਨ ਪ੍ਰੋਜੈਕਟਾਂ ਵਿੱਚ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ਕੰਮ ਕਰਨਗੇ। ਇਹ ਭਾਰਤ ਦੇ ਵਿਆਪਕ ਜਲਵਾਯੂ ਲਕਸ਼ਾਂ ਅਤੇ ਪੈਰਿਸ ਸਮਝੌਤੇ ਦੇ ਤਹਿਤ ਨਵਿਆਉਣਯੋਗ ਊਰਜਾ ਦੀ ਪ੍ਰਤੀਬੱਧਤਾ ਦੇ ਅਨੁਰੂਪ ਹੈ।
ਆਪਣੇ ਸੰਬੋਧਨ ਵਿੱਚ ਸ਼੍ਰੀ ਉੱਤਮ ਲਾਲ ਨੇ ਕਿਹਾ ਕਿ ਇਹ ਸਾਂਝੇਦਾਰੀ ਨਵੀਨਤਾਕਾਰੀ ਸਵੱਛ ਊਰਜਾ ਸਮਾਧਾਨਾਂ ਨੂੰ ਅਪਣਾਉਣ ਅਤੇ ਸਥਾਈ ਵਿਕਾਸ ਪ੍ਰਤੀ ਐੱਨਐੱਚਪੀਸੀ ਦੀ ਪ੍ਰਤੀਬੱਧਤਾ ਨੂੰ ਦਰਸਾਉਂਦੀ ਹੈ। ਉਨ੍ਹਾਂ ਨੇ ਕਿਹਾ ਕਿ ਜੀਜੀਜੀਆਈ ਦੀ ਮੁਹਾਰਤ ਅਤੇ ਨਵਿਆਉਣਯੋਗ ਊਰਜਾ ਵਿੱਚ ਐੱਨਐੱਚਪੀਸੀ ਦੇ ਅਨੁਭਵਾਂ ਨਾਲ ਅਸੀਂ ਹਰੇ ਭਰੇ ਭਵਿੱਖ ਵਿੱਚ ਪ੍ਰਭਾਵਸ਼ਾਲੀ ਯੋਗਦਾਨ ਪਾਉਣ ਲਈ ਤਿਆਰ ਹਾਂ।
ਇਹ ਸਹਿਮਤੀ ਪੱਤਰ ਸਕੇਲੇਬਲ ਅਤੇ ਪ੍ਰਭਾਵੀ ਗ੍ਰੀਨ ਊਰਜਾ ਸਮਾਧਾਨਾਂ ਵਿੱਚ ਅਹਿਮ ਸਹਿਯੋਗ ਦੀ ਸ਼ੁਰੂਆਤ ਹੈ। ਐੱਨਐੱਚਪੀਸੀ ਅਤੇ ਜੀਜੀਜੀਆਈ ਨੇ ਭਵਿੱਖ ਦੀਆਂ ਪੀੜ੍ਹੀਆਂ ਦੇ ਲਈ ਇੱਕ ਸਥਾਈ ਊਰਜਾ-ਸੁਰੱਖਿਅਤ ਭਵਿੱਖ ਦੀ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ।
ਐੱਨਐੱਚਪੀਸੀ ਲਿਮਟਿਡ ਭਾਰਤ ਦੀ ਪ੍ਰਮੁੱਖ ਪਣ-ਬਿਜਲੀ ਕੰਪਨੀ ਅਤੇ ਭਾਰਤ ਸਰਕਾਰ ਦੇ ਨਵਰਤਨ ਉੱਦਮਾਂ ਵਿੱਚੋਂ ਇੱਕ ਹੈ। ਐੱਨਐੱਚਪੀਸੀ ਪਣ-ਬਿਜਲੀ, ਸੂਰਜੀ ਅਤੇ ਪੌਣ ਊਰਜਾ ਵਿਕਾਸ ਦੇ ਨਾਲ, ਦੇਸ਼ ਦੇ ਨਵਿਆਉਣਯੋਗ ਊਰਜਾ ਲਕਸ਼ਾਂ ਨੂੰ ਅੱਗੇ ਵਧਾਉਣ ਲਈ ਪ੍ਰਤੀਬੱਧ ਹੈ।
ਅੰਤਰਰਾਸ਼ਟਰੀ ਸੰਗਠਨ ਗਲੋਬਲ ਗ੍ਰੀਨ ਗ੍ਰੋਥ ਇੰਸਟੀਟਿਊਟ ਗ੍ਰੀਨ ਐਨਰਜੀ ਅਤੇ ਜਲਵਾਯੂ ਅਨੁਕੂਲਨ ਪਹਿਲ ’ਤੇ ਧਿਆਨ ਕੇਂਦ੍ਰਿਤ ਕਰਕੇ ਵਿਕਾਸਸ਼ੀਲ ਅਤੇ ਉਭਰਦੇ ਦੇਸ਼ਾਂ ਵਿੱਚ ਸਥਾਈ ਆਰਥਿਕ ਵਿਕਾਸ ਨੂੰ ਸਮਰਥਨ ਕਰਨ ਅਤੇ ਹੁਲਾਰਾ ਦੇਣ ਪ੍ਰਤੀ ਸਮਰਪਿਤ ਹੈ।
****
ਜੇਐੱਨ/ ਐੱਸਕੇ
(Release ID: 2079460)
Visitor Counter : 21