ਮਹਿਲਾ ਤੇ ਬਾਲ ਵਿਕਾਸ ਮੰਤਰਾਲਾ
azadi ka amrit mahotsav

ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਨਵੰਬਰ ਮਹੀਨੇ ਦੌਰਾਨ ਗੋਦ ਲੈਣ ਸਬੰਧੀ ਜਾਗਰੂਕਤਾ ਮਹੀਨਾ-2024 ਮਨਾ ਰਿਹਾ ਹੈ


ਗੋਦ ਲੈਣ ਸਬੰਧੀ ਜਾਗਰੂਕਤਾ ਮਹੀਨਾ-2024 ਦਾ ਵਿਸ਼ਾ ਹੈ,"ਦੇਖਭਾਲ ਅਤੇ ਪਾਲਣ-ਪੋਸ਼ਣ ਦੀ ਭਾਵਨਾ ਰਾਹੀਂ ਵੱਡੇ ਬੱਚਿਆਂ ਦਾ ਪੁਨਰਵਾਸ"

ਇਸ ਦੌਰਾਨ ਵੱਡੇ ਪੱਧਰ ’ਤੇ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਅਤੇ ਗੋਦ ਲੈਣ ਨੂੰ ਹੁਲਾਰਾ ਦੇਣ ਲਈ ਵੱਖ-ਵੱਖ ਗਤੀਵਿਧੀਆਂ ਆਯੋਜਿਤ ਕੀਤੀਆਂ ਜਾਣਗੀਆਂ

Posted On: 06 NOV 2024 4:28PM by PIB Chandigarh

ਗੋਦ ਲੈਣ ਸਬੰਧੀ ਜਾਗਰੂਕਤਾ ਮਹੀਨਾ ਇੱਕ ਸਾਲਾਨਾ ਪ੍ਰੋਗਰਾਮ ਹੈ, ਜਿੱਥੇ ਸੀਏਆਰਏ ਅਤੇ ਇਸਦੇ ਸਾਰੇ ਹਿੱਸੇਦਾਰ ਗੋਦ ਲੈਣ ਦੇ ਕਾਨੂੰਨੀ ਤਰੀਕਿਆਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਇਕੱਠੇ ਹੁੰਦੇ ਹਨ।  ਕੇਂਦਰੀ ਗੋਦ ਲੈਣ ਸਰੋਤ ਅਥਾਰਟੀ (ਸੀਏਆਰਏ), ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਦੇਸ਼ ਵਿੱਚ ਕਾਨੂੰਨੀ ਗੋਦ ਲੈਣ ਨੂੰ ਉਤਸ਼ਾਹਿਤ ਕਰਨ ਲਈ ਨਵੰਬਰ ਮਹੀਨੇ ਨੂੰ ਰਾਸ਼ਟਰੀ ਗੋਦ ਲੈਣ ਸਬੰਧੀ ਜਾਗਰੂਕਤਾ ਮਹੀਨੇ ਵਜੋਂ ਮਨਾਉਂਦਾ ਹੈ।  ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ, ਭਾਰਤ ਸਰਕਾਰ, 21 ਨਵੰਬਰ 2024 ਨੂੰ ਲਖਨਊ, ਉੱਤਰ ਪ੍ਰਦੇਸ਼ ਵਿਖੇ ਇਸ ਮੁਹਿੰਮ ਦੇ ਮੌਕੇ ’ਤੇ ਸਮਾਗਮ ਕਰ ਰਿਹਾ ਹੈ।  ਗੋਦ ਲੈਣ ਸਬੰਧੀ ਜਾਗਰੂਕਤਾ ਮਹੀਨਾ 2024 ਦਾ ਥੀਮ “ਦੇਖਭਾਲ ਅਤੇ ਪਾਲਣ-ਪੋਸ਼ਣ ਦੀ ਭਾਵਨਾ ਰਾਹੀਂ ਵੱਡੇ ਬੱਚਿਆਂ ਦਾ ਪੁਨਰਵਾਸ" ਹੈ।

ਸੈਂਟਰਲ ਅਡਾਪਸ਼ਨ ਰਿਸੋਰਸ ਅਥਾਰਟੀ (ਸੀ.ਏ.ਆਰ.ਏ.) ਨੇ ਗੋਦ ਲੈਣ ਸਬੰਧੀ ਮੁੱਦਿਆਂ ਵੱਲ ਧਿਆਨ ਖਿੱਚਣ ਲਈ ਹੋਰ ਸਮਾਗਮਾਂ ਦੇ ਨਾਲ-ਨਾਲ ਇੱਕ ਵੱਡੀ ਮੁਹਿੰਮ ਦੀ ਯੋਜਨਾ ਬਣਾਈ ਹੈ, ਜਿਸ ਵਿੱਚ ਉਹਨਾਂ ਬੱਚਿਆਂ ਨੂੰ ਗੋਦ ਲੈਣ 'ਤੇ ਜ਼ੋਰ ਦਿੱਤਾ ਜਾਵੇਗਾ ਜੋ ਵੱਧ ਉਮਰ ਦੇ ਹਨ, ਜਿਨ੍ਹਾਂ ਦੀਆਂ ਖ਼ਾਸ ਲੋੜਾਂ ਹਨ।

ਪਿਛਲੇ ਸਾਲਾਂ ਦੀ ਤਰ੍ਹਾਂ, ਇਸ ਸਾਲ ਦੀ ਮੁਹਿੰਮ ਨੂੰ ਥੀਮ 'ਤੇ ਜਾਗਰੂਕਤਾ ਪੈਦਾ ਕਰਨ ਲਈ ਆਫਲਾਈਨ ਅਤੇ ਆਨਲਾਈਨ ਗਤੀਵਿਧੀਆਂ ਵਿੱਚ ਵੰਡਿਆ ਗਿਆ ਹੈ।  ਲੱਦਾਖ, ਅਸਾਮ, ਮਿਜ਼ੋਰਮ, ਉੱਤਰਾਖੰਡ, ਅਰੁਣਾਚਲ ਪ੍ਰਦੇਸ਼, ਆਂਧਰਾ ਪ੍ਰਦੇਸ਼, ਮਹਾਰਾਸ਼ਟਰ, ਕਰਨਾਟਕ, ਗੋਆ, ਪੱਛਮੀ ਬੰਗਾਲ ਅਤੇ ਕਈ ਹੋਰ ਰਾਜ ਇਸ ਸਾਲ ਜਾਗਰੂਕਤਾ ਸਮਾਗਮ ਆਯੋਜਿਤ ਕਰਨ ਦੀ ਯੋਜਨਾ ਬਣਾ ਰਹੇ ਹਨ।

ਸੰਭਾਵੀ ਗੋਦ ਲੈਣ ਵਾਲੇ ਮਾਪੇ (ਪੀਏਪੀ), ਗੋਦ ਲੈਣ ਵਾਲੇ ਮਾਤਾ-ਪਿਤਾ, ਬਜ਼ੁਰਗ ਗੋਦ ਲੈਣ ਵਾਲੇ ਅਤੇ ਹੋਰ ਹਿੱਸੇਦਾਰ ਇੱਕ ਦੂਜੇ ਨਾਲ ਗੱਲਬਾਤ ਕਰਨਗੇ ਅਤੇ ਗੋਦ ਲੈਣ, ਦੇਖਭਾਲ ਬਾਰੇ ਆਪਣੇ ਤਜਰਬੇ ਅਤੇ ਸੁਝਾਅ ਸਾਂਝੇ ਕਰਨਗੇ। ਪੀਏ ਪੀਜ਼ ਅਤੇ ਸਟੇਕਹੋਲਡਰਾਂ ਨਾਲ ਆਹਮਣੇ ਸਾਹਮਣੇ ਦਾ ਸੈਸ਼ਨ, ਸਭਿਆਚਾਰਕ ਸਮਾਗਮ, ਮੁਕਾਬਲੇ ਅਤੇ ਸਵਾਲ-ਜਵਾਬ ਇਸ ਮੁਹਿੰਮ ਦੇ ਪ੍ਰੋਗਰਾਮ ਦੇ ਕੁਝ ਮੁੱਖ ਹਿੱਸੇ ਹਨ।

ਮਾਈ ਗੌਵ ਇੰਡੀਆ ਪਲੇਟਫਾਰਮ ਦੇ ਸਹਿਯੋਗ ਨਾਲ ਸੀਏਆਰਏ ਆਨਲਾਈਨ ਪ੍ਰੋਗਰਾਮ ਲਈ ਇੱਕ ਵਿਸ਼ੇਸ਼ ਮੁਹਿੰਮ ਸ਼ੁਰੂ ਕਰ ਰਿਹਾ ਹੈ।  ਸੀਏਆਰਏ ਵੱਡੇ ਪੱਧਰ ’ਤੇ ਲੋਕਾਂ ਨੂੰ ਸ਼ਾਮਲ ਕਰਨ ਅਤੇ ਗੋਦ ਲੈਣ ਅਤੇ ਪਾਲਣ-ਪੋਸ਼ਣ ਬਾਰੇ ਜਾਣਕਾਰੀ ਦਾ ਪ੍ਰਸਾਰ ਕਰਨ ਲਈ ਮਾਈ ਗੌਵ ਪੋਰਟਲ ਰਾਹੀਂ ਕਹਾਣੀ ਸੁਣਾਉਣ, ਪੋਸਟਰ ਬਣਾਉਣ, ਨਾਅਰੇ, ਵਾਅਦੇ ਅਤੇ ਆਨਲਾਈਨ ਸਰਵੇਖਣ ਵਰਗੀਆਂ ਗਤੀਵਿਧੀਆਂ ਕਰ ਰਿਹਾ ਹੈ। ਸੀਏਆਰਏ ਕਾਨੂੰਨੀ ਗੋਦ ਲੈਣ, ਪਾਲਣ-ਪੋਸ਼ਣ ਅਤੇ ਗੋਦ ਲੈਣ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਜਾਣਕਾਰੀ ਭਰਪੂਰ ਸਮਗਰੀ ਵੀ ਪੋਸਟ ਕਰਦਾ ਹੈ।

************


(Release ID: 2073526) Visitor Counter : 9