ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਕੇਂਦਰੀ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਭੋਪਾਲ ਵਿੱਚ “ਸੜਕ ਅਤੇ ਪੁਲ਼ ਨਿਰਮਾਣ ਵਿੱਚ ਨਵੀਨਤਮ ਉੱਭਰਦੇ ਰੁਝਾਨਾਂ ਅਤੇ ਟੈਕਨੋਲੋਜੀਆਂ” ਵਿਸ਼ੇ ‘ਤੇ ਦੋ ਦਿਨਾਂ ਸੰਮੇਲਨ ਦਾ ਉਦਘਾਟਨ ਕੀਤਾ
ਸ਼੍ਰੀ ਗਡਕਰੀ ਨੇ ਕਿਹਾ ਕਿ ਇਨਫ੍ਰਾਸਟ੍ਰਕਚਰ ਰਾਸ਼ਟਰੀ ਵਿਕਾਸ ਦੀ ਕੁੰਜੀ ਹੈ
Posted On:
19 OCT 2024 4:32PM by PIB Chandigarh
ਕੇਂਦਰੀ ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਰਾਸ਼ਟਰੀ ਵਿਕਾਸ ਵਿੱਚ ਇਨਫ੍ਰਾਸਟ੍ਰਕਚਰ ਦੀ ਮਹੱਤਵਪੂਰਨ ਭੂਮਿਕਾ ‘ਤੇ ਪ੍ਰਕਾਸ਼ ਪਾਇਆ ਅਤੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਬਿਹਤਰ ਟ੍ਰਾਂਸਪੋਰਟ ਸਿਸਟਮ ਆਰਥਿਕ ਵਿਕਾਸ ਦੇ ਨਵੇਂ ਦੁਆਰ ਖੋਲ੍ਹਦਾ ਹੈ ਅਤੇ ਰੋਜ਼ਗਾਰ ਦੇ ਅਵਸਰ ਪੈਦਾ ਕਰਦਾ ਹੈ। ਮੰਤਰੀ ਮੱਧ ਪ੍ਰਦੇਸ਼ ਦੇ ਲੋਕ ਨਿਰਮਾਣ ਵਿਭਾਗ ਅਤੇ ਇੰਡੀਅਨ ਰੋਡ ਕਾਂਗਰਸ ਦੁਆਰਾ ਭੋਪਾਲ ਵਿੱਚ ਆਯੋਜਿਤ “ਸੜਕ ਅਤੇ ਪੁਲ਼ ਨਿਰਮਾਣ ਵਿੱਚ ਨਵੀਨਤਮ ਉੱਭਰਦੇ ਰੁਝਾਨਾਂ ਅਤੇ ਟੈਕਨੋਲੋਜੀਆਂ” ਵਿਸ਼ੇ ‘ਤੇ ਦੋ ਦਿਨਾਂ ਸੰਮੇਲਨ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰ ਰਹੇ ਸਨ।
ਸ਼੍ਰੀ ਗਡਕਰੀ ਨੇ ਦੁਹਰਾਇਆ ਕਿ ਇਨਫ੍ਰਾਸਟ੍ਰਕਚਰ ਦਾ ਵਿਕਾਸ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਲਈ ਸਰਬਉੱਚ ਪ੍ਰਾਥਮਿਕਤਾ ਹੈ, ਕਿਉਂਕਿ ਇਹ ਖੇਤਰ ਨਾ ਕੇਵਲ ਪ੍ਰਗਤੀ ਨੂੰ ਗਤੀ ਦਿੰਦਾ ਹੈ ਬਲਕਿ ਭਾਰਤ ਦੇ ਭਵਿੱਖ ਦਾ ਖਾਕਾ ਭੀ ਤਿਆਰ ਕਰਦਾ ਹੈ। ਉਨ੍ਹਾਂ ਨੇ ਗੁਣਵੱਤਾ ਸੁਨਿਸ਼ਚਿਤ ਕਰਨ, ਸੜਕ ਦੁਰਘਟਨਾਵਾਂ ਨੂੰ ਘੱਟ ਕਰਨ, ਵਾਤਾਵਰਣ ਦੀ ਰੱਖਿਆ ਕਰਨ ਅਤੇ ਜ਼ਮੀਨੀ ਚੁਣੌਤੀਆਂ ਦਾ ਸਮਾਧਾਨ ਕਰਨ ਜਿਹੇ ਪ੍ਰਮੁੱਖ ਉਦੇਸ਼ਾਂ ‘ਤੇ ਜ਼ੋਰ ਦਿੱਤਾ, ਜਿਨ੍ਹਾਂ ਬਾਰੇ ਉਨ੍ਹਾਂ ਦਾ ਮੰਨਣਾ ਹੈ ਕਿ ਸਾਰੇ ਪੱਧਰਾਂ ‘ਤੇ ਸਮੂਹਿਕ ਪ੍ਰਯਾਸਾਂ ਨਾਲ ਹੀ ਇਨ੍ਹਾਂ ਨੂੰ ਹਾਸਲ ਕੀਤਾ ਜਾ ਸਕਦਾ ਹੈ।
ਗ੍ਰਾਮੀਣ ਸੜਕ ਵਿਕਾਸ ਦੇ ਮਹੱਤਵ ‘ਤੇ ਚਰਚਾ ਕਰਦੇ ਹੋਏ, ਸ਼੍ਰੀ ਗਡਕਰੀ ਨੇ “ਵੇਸਟ ਟੂ ਵੈਲਥ” ਨੀਤੀ ਅਪਣਾਉਣ ਦੀ ਵਕਾਲਤ ਕੀਤੀ, ਜੋ ਸੜਕ ਨਿਰਮਾਣ ਵਿੱਚ ਵੇਸਟ ਪਦਾਰਥਾਂ ਦੇ ਉਪਯੋਗ ਨੂੰ ਹੁਲਾਰਾ ਦਿੰਦੀ ਹੈ, ਜਿਸ ਨਾਲ ਵਿੱਤੀ ਅਤੇ ਵਾਤਾਵਰਣਕ ਦੋਨਾਂ ਤਰ੍ਹਾਂ ਦਾ ਫਾਇਦਾ ਹੈ।
ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ, ਡਾ. ਮੋਹਨ ਯਾਦਵ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਹ ਸੰਮੇਲਨ ਰਾਜ ਦੇ ਇਨਫ੍ਰਾਸਟ੍ਰਕਚਰ ਦੇ ਵਿਕਾਸ ਵਿੱਚ ਨਵੀਂ ਗਤੀ ਲਿਆਵੇਗਾ, ਜੋ ਵਿਭਿੰਨ ਨਿਰਮਾਣ ਪ੍ਰੋਜੈਕਟਾਂ ਦੀ ਸਫ਼ਲਤਾ ਵਿੱਚ ਮਹੱਤਵਪੂਰਨ ਯੋਗਦਾਨ ਦੇਵੇਗਾ।
ਦੋ ਦਿਨਾਂ ਸੰਮੇਲਨ ਵਿੱਚ ਕਈ ਤਕਨੀਕੀ ਸੈਸ਼ਨ ਸ਼ਾਮਲ ਹਨ, ਜਿੱਥੇ ਦੇਸ਼ ਭਰ ਦੇ ਮਾਹਰ ਨਵੀਨ ਟੈਕਨੋਲੋਜੀਆਂ, ਨਿਰਮਾਣ ਸਮੱਗਰੀ ਅਤੇ ਇੰਜੀਨੀਅਰਿੰਗ, ਖਰੀਦ ਅਤੇ ਨਿਰਮਾਣ (ਈਪੀਸੀ) ਸਮਝੌਤਾ ਪ੍ਰਕਿਰਿਆ ਵਿੱਚ ਚੁਣੌਤੀਆਂ ‘ਤੇ ਵਿਚਾਰ-ਵਟਾਂਦਰਾ ਕਰਨਗੇ। ਪ੍ਰੋਗਰਾਮ ਵਿੱਚ ਸੜਕ ਅਤੇ ਪੁਲ ਨਿਰਮਾਣ ਵਿੱਚ ਉਪਯੋਗ ਕੀਤੀ ਜਾਣ ਵਾਲੀ ਨਵੀਨਤਮ ਮਸ਼ੀਨਰੀ ਅਤੇ ਟੈਕਨੋਲੋਜੀਆਂ ਨੂੰ ਪ੍ਰਦਰਸ਼ਿਤ ਕਰਨ ਵਾਲੀ ਇੱਕ ਪ੍ਰਦਰਸ਼ਨੀ ਭੀ ਆਯੋਜਿਤ ਕੀਤੀ ਗਈ ਹੈ।
***
ਐੱਨਕੇਕੇ/ਜੀਐੱਸ
(Release ID: 2066885)
Visitor Counter : 20