ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
ਐੱਸਸੀ-ਐੱਸਟੀ ਉੱਦਮੀਆਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਰਾਸ਼ਟਰੀ ਐੱਸਸੀ-ਐੱਸਟੀ ਹੱਬ ਮੈਗਾ ਕਨਕਲੇਵ ਦਾ ਆਯੋਜਨ ਪੰਜਾਬ ਦੇ ਮੋਗਾ ਵਿਖੇ ਕੀਤਾ ਗਿਆ
Posted On:
18 OCT 2024 6:29PM by PIB Chandigarh
ਭਾਰਤ ਸਰਕਾਰ ਦੇ ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਮੰਤਰਾਲੇ (ਐੱਮਐੱਸਐੱਮਈ) ਨੇ ਉੱਦਮੀ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਅਤੇ ਐੱਨਐੱਸਐੱਸਐੱਚ ਸਕੀਮ ਅਤੇ ਮੰਤਰਾਲੇ ਦੀਆਂ ਹੋਰ ਸਕੀਮਾਂ ਬਾਰੇ ਜਾਗਰੂਕਤਾ ਫੈਲਾਉਣ ਲਈ ਅੱਜ ਮੋਗਾ, ਪੰਜਾਬ ਵਿੱਚ ਨੈਸ਼ਨਲ ਐੱਸਸੀ-ਐੱਸਟੀ ਹੱਬ (ਐੱਨਐੱਸਐੱਸਐੱਚ) ਕਾਨਫਰੰਸ ਦਾ ਆਯੋਜਨ ਕੀਤਾ।
ਇਸ ਮੌਕੇ ਐੱਮਐੱਸਐੱਮਈ ਮੰਤਰਾਲੇ ਦੇ ਸੰਯੁਕਤ ਸਕੱਤਰ ਸੁਸ਼੍ਰੀ ਮਰਸੀ ਇਪਾਓ (Ms Mercy Epao), ਵਣਜ ਅਤੇ ਉਦਯੋਗ ਮੰਤਰਾਲੇ ਦੇ ਵਿਦੇਸ਼ ਵਪਾਰ ਦੇ ਡਿਪਟੀ ਡਾਇਰੈਕਟਰ ਜਨਰਲ ਡਾ. ਮਨਜੀਤ ਭਟੋਆ, ਐੱਨਐੱਸਆਈਸੀ ਦੇ ਸੀਐੱਮਡੀ ਡਾ. ਸੁਭਰਾਂਸ਼ੂ ਸ਼ੇਖਰ ਅਚਾਰੀਆ, ਸਟੇਟ ਰੂਰਲ ਲਿਵਲੀਹੁੱਡ ਮਿਸ਼ਨ, ਪੰਜਾਬ ਦੇ ਐਡੀਸ਼ਨਲ ਸੀਈਓ ਸ਼੍ਰੀ ਐੱਸਪੀ ਆਂਗਰਾ, ਪੰਜਾਬ ਸਰਕਾਰ ਦੇ ਸਹਾਇਕ ਕਮਿਸ਼ਨਰ ਸ਼੍ਰੀ ਹਿਤੇਸ਼ ਵੀਰ ਗੁਪਤਾ, ਜੀਐੱਮ (ਡੀਆਈਸੀ), ਮੋਗਾ ਸ਼੍ਰੀ ਐੱਸਐੱਸ ਰੇਖੀ ਅਤੇ ਹੋਰ ਪਤਵੰਤੇ ਹਾਜ਼ਰ ਸਨ। ਇਸ ਸਮਾਗਮ ਵਿੱਚ ਲਗਭਗ 700 ਚਾਹਵਾਨ ਅਤੇ ਮੌਜੂਦਾ ਐੱਸਸੀ/ਐੱਸਟੀ ਉੱਦਮੀਆਂ ਨੇ ਹਿੱਸਾ ਲਿਆ।
ਡਾ. ਸੁਭਰਾਂਸ਼ੂ ਸ਼ੇਖਰ ਆਚਾਰੀਆ, ਸੀਐੱਮਡੀ, ਐੱਨਐੱਸਆਈਸੀ ਨੇ ਆਪਣੇ ਉਦਘਾਟਨੀ ਭਾਸ਼ਣ ਵਿੱਚ ਸਾਰੇ ਪਤਵੰਤਿਆਂ ਅਤੇ ਭਾਗੀਦਾਰਾਂ ਨੂੰ ਦਿਨ ਦੇ ਏਜੰਡੇ ਬਾਰੇ ਜਾਣੂ ਕਰਵਾਇਆ ਅਤੇ ਭਾਰਤ ਸਰਕਾਰ ਦੀ ਜਨਤਕ ਖਰੀਦ ਨੀਤੀ ਬਾਰੇ ਦੱਸਿਆ ਜਿਸ ਦੇ ਤਹਿਤ ਐੱਸਸੀ/ਐੱਸਟੀ ਉੱਦਮਾਂ ਤੋਂ 4% ਅਤੇ ਮਹਿਲਾ ਉੱਦਮਾਂ ਤੋਂ 3% ਦੀ ਜਨਤਕ ਖਰੀਦ ਨੂੰ ਲਾਜ਼ਮੀ ਬਣਾਇਆ ਗਿਆ ਹੈ। ਉਨ੍ਹਾਂ ਕਿਹਾ, ਸਮਾਵੇਸ਼ੀ ਵਿਕਾਸ ਲਈ, ਐੱਮਐੱਸਐੱਮਈ ਮੰਤਰਾਲਾ ਰਾਸ਼ਟਰੀ ਐੱਸਸੀ-ਐੱਸਟੀ ਹੱਬ ਸਕੀਮ ਨੂੰ ਲਾਗੂ ਕਰਦਾ ਹੈ, ਜਿਸ ਦਾ ਉਦੇਸ਼ ਐੱਸਸੀ/ਐੱਸਟੀ ਉੱਦਮੀਆਂ ਲਈ ਇੱਕ ਈਕੋਸਿਸਟਮ ਬਣਾਉਣਾ ਅਤੇ ਜਨਤਕ ਖਰੀਦ ਨੀਤੀ ਦੇ ਅਨੁਸਾਰ 4% ਦੇ ਆਦੇਸ਼ ਤੱਕ ਪਹੁੰਚਣ ਲਈ ਜਨਤਕ ਖਰੀਦ ਵਿੱਚ ਉਨ੍ਹਾਂ ਦੀ ਭਾਗੀਦਾਰੀ ਨੂੰ ਯਕੀਨੀ ਬਣਾਉਣਾ ਹੈ। ਉਨ੍ਹਾਂ ਨੇ ਐੱਸਸੀ/ਐੱਸਟੀ ਉੱਦਮੀਆਂ ਲਈ ਰਾਸ਼ਟਰੀ ਐੱਸਸੀ-ਐੱਸਟੀ ਹੱਬ ਸਕੀਮ ਅਧੀਨ ਲਾਗੂ ਕੀਤੀਆਂ ਗਈਆਂ ਵਿਭਿੰਨ ਪਹਿਲਾਂ 'ਤੇ ਵੀ ਚਰਚਾ ਕੀਤੀ।
ਕਾਨਫਰੰਸ ਨੂੰ ਸੰਬੋਧਿਤ ਕਰਦੇ ਹੋਏ, ਐੱਮਐੱਸਐੱਮਈ ਮੰਤਰਾਲੇ ਦੀ ਸੰਯੁਕਤ ਸਕੱਤਰ ਸੁਸ਼੍ਰੀ ਮਰਸੀ ਇਪਾਓ ਨੇ ਭਾਰਤੀ ਅਰਥਵਿਵਸਥਾ ਵਿੱਚ ਐੱਮਐੱਸਐੱਮਈ ਸੈਕਟਰ ਦੀ ਮਹੱਤਵਪੂਰਨ ਭੂਮਿਕਾ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਐੱਮਐੱਸਐੱਮਈ ਨਾ ਸਿਰਫ਼ ਰੋਜ਼ਗਾਰ ਦੇ ਵੱਡੇ ਮੌਕੇ ਪ੍ਰਦਾਨ ਕਰਦੇ ਹਨ ਬਲਕਿ ਗ੍ਰਾਮੀਣ ਅਤੇ ਪਛੜੇ ਖੇਤਰਾਂ ਦੇ ਉਦਯੋਗੀਕਰਣ ਵਿੱਚ ਵੀ ਮਦਦ ਕਰਦੇ ਹਨ। ਉਨ੍ਹਾਂ ਨੇ ਉਜਾਗਰ ਕੀਤਾ ਕਿ ਐੱਮਐੱਸਐੱਮਈ’ਸ ਜੀਡੀਪੀ ਵਿੱਚ ਲਗਭਗ 30% ਅਤੇ ਦੇਸ਼ ਤੋਂ ਨਿਰਯਾਤ ਵਿੱਚ 45% ਯੋਗਦਾਨ ਪਾਉਂਦੇ ਹਨ। ਇਸ ਸੈਕਟਰ ਵਿੱਚ 5.21 ਕਰੋੜ ਤੋਂ ਵੱਧ ਯੂਨਿਟ (ਐਂਟਰਪ੍ਰਾਈਜ਼ ਰਜਿਸਟਰਡ ਯੂਨਿਟ) ਹਨ ਜੋ 22.28 ਕਰੋੜ ਤੋਂ ਅਧਿਕ ਲੋਕਾਂ ਨੂੰ ਰੋਜ਼ਗਾਰ ਦਿੰਦੇ ਹਨ। ਉਨ੍ਹਾਂ ਨੇ ਭਾਗੀਦਾਰਾਂ ਨੂੰ ਉੱਦਮ ਨੂੰ ਇੱਕ ਪੇਸ਼ੇ ਵਜੋਂ ਅਪਣਾਉਣ ਅਤੇ ਸਿਰਫ ਇੱਕ ਖਪਤਕਾਰ ਨਹੀਂ ਬਲਕਿ ਇੱਕ ਉਤਪਾਦਕ ਬਣਨ ਦੀ ਤਾਕੀਦ ਕੀਤੀ। ਉਨ੍ਹਾਂ ਨੇ ਐੱਮਐੱਸਐੱਮਈ ਸੈਕਟਰ ਨੂੰ ਸਸ਼ਕਤ ਬਣਾਉਣ ਲਈ ਭਾਰਤ ਸਰਕਾਰ ਦੀਆਂ ਵਿਭਿੰਨ ਸਕੀਮਾਂ ਦੀਆਂ ਸੰਭਾਵਨਾਵਾਂ ਨੂੰ ਵੀ ਉਜਾਗਰ ਕੀਤਾ ਅਤੇ ਕਿਹਾ ਕਿ ਸੂਬੇ ਦੇ ਉੱਦਮੀ ਇਨੋਵੇਟਿਵ ਵਿਚਾਰਾਂ ਅਤੇ ਕਾਰੋਬਾਰੀ ਮੌਕਿਆਂ ਦੀ ਖੋਜ ਕਰਨਗੇ ਅਤੇ ਇਨ੍ਹਾਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਉਠਾਉਣਗੇ। ਉਨ੍ਹਾਂ ਨੇ ਹਾਲ ਹੀ ਵਿੱਚ ਸ਼ੁਰੂ ਕੀਤੀ ਗਈ ਪਹਿਲ ‘ਯਸ਼ਵਿਨੀ’ ਬਾਰੇ ਵੀ ਜਾਣਕਾਰੀ ਦਿੱਤੀ ਜਿਸ ਦਾ ਉਦੇਸ਼ ਉੱਦਮਤਾ ਜ਼ਰੀਏ ਮਹਿਲਾਵਾਂ ਦੀ ਅਗਵਾਈ ਵਾਲੇ ਵਿਕਾਸ ਨੂੰ ਉਤਸ਼ਾਹਿਤ ਕਰਨਾ ਹੈ।
ਸੁਸ਼੍ਰੀ ਇਸ਼ਿਤਾ ਥਮਨ, ਡਿਪਟੀ ਡਾਇਰੈਕਟਰ, ਆਫਿਸ ਆਵੑ ਡਿਵੈਲਪਮੈਂਟ ਕਮਿਸ਼ਨਰ-ਐੱਮਐੱਸਐੱਮਈ ਨੇ ਪੀਐੱਮ ਵਿਸ਼ਵਕਰਮਾ ਯੋਜਨਾ ਬਾਰੇ ਦੱਸਿਆ ਜੋ ਆਪਣੇ ਹੱਥਾਂ ਅਤੇ ਔਜ਼ਾਰਾਂ ਨਾਲ ਕੰਮ ਕਰਨ ਵਾਲੇ 18 ਪੇਸ਼ਿਆਂ ਦੇ ਕਾਰੀਗਰਾਂ ਅਤੇ ਸ਼ਿਲਪਕਾਰਾਂ ਨੂੰ ਸ਼ੁਰੂ ਤੋਂ ਅੰਤ ਤੱਕ ਸਹਾਇਤਾ ਪ੍ਰਦਾਨ ਕਰਦੀ ਹੈ।
ਇਸ ਯੋਜਨਾ ਦਾ ਉਦੇਸ਼ ਰਵਾਇਤੀ ਕਾਰੀਗਰਾਂ ਅਤੇ ਸ਼ਿਲਪਕਾਰਾਂ ਨੂੰ ਉੱਦਮੀ ਅਤੇ ਸਵੈ-ਨਿਰਭਰ ਬਣਨ ਵਿੱਚ ਮਦਦ ਕਰਨਾ ਹੈ। ਪ੍ਰਧਾਨ ਮੰਤਰੀ ਰੋਜ਼ਗਾਰ ਉਤਪਤੀ ਪ੍ਰੋਗਰਾਮ (ਪੀਐੱਮਈਜੀਪੀ), ਉਦਯਮ ਰਜਿਸਟ੍ਰੇਸ਼ਨ ਆਦਿ ਬਾਰੇ ਵੀ ਜਾਣਕਾਰੀ ਦਿੱਤੀ ਗਈ। ਸ਼੍ਰੀ ਐੱਸਪੀ ਆਂਗਰਾ, ਐਡੀਸ਼ਨਲ ਸੀਈਓ, ਐੱਸਆਰਐੱਲਐੱਮ, ਪੰਜਾਬ ਨੇ ਪੰਜਾਬ ਰਾਜ ਵਿੱਚ ਐੱਸਆਰਐੱਲਐੱਮ ਅਧੀਨ ਸਵੈ ਸਹਾਇਤਾ ਸਮੂਹਾਂ ਲਈ ਵਿਭਿੰਨ ਪਹਿਲਕਦਮੀਆਂ ਬਾਰੇ ਜਾਣਕਾਰੀ ਦਿੱਤੀ।
ਚਾਹਵਾਨ ਅਤੇ ਮੌਜੂਦਾ ਐੱਸਸੀ/ਐੱਸਟੀ ਉੱਦਮੀਆਂ ਲਈ ਇੱਕ ਇੰਟਰਐਕਟਿਵ ਪਲੈਟਫਾਰਮ ਪ੍ਰਦਾਨ ਕਰਨ ਲਈ ਸੀਪੀਐੱਸਈ’ਸ, ਬੈਂਕਾਂ ਅਤੇ ਕਰਜ਼ਾ ਦੇਣ ਵਾਲੀਆਂ ਸੰਸਥਾਵਾਂ (Banks & Lending institutions) ਦੇ ਨਾਲ ਇੱਕ ਵਿਸ਼ੇਸ਼ ਟੈਕਨੀਕਲ ਸੈਸ਼ਨ ਵੀ ਆਯੋਜਿਤ ਕੀਤਾ ਗਿਆ। ਗੇਲ, ਭੇਲ, ਈਐੱਸਆਈਸੀ, ਐੱਨਐੱਫਐੱਲ ਆਦਿ ਜਿਹੇ ਸੀਪੀਐੱਸਈ‘ਜ਼ ਨੇ ਆਪਣੀ ਵਿਕ੍ਰੇਤਾ ਪੈਨਲ ਪ੍ਰਕਿਰਿਆ 'ਤੇ ਪੇਸ਼ਕਾਰੀਆਂ ਦਿੱਤੀਆਂ ਅਤੇ ਉਨ੍ਹਾਂ ਉਤਪਾਦਾਂ/ਸੇਵਾਵਾਂ ਦੇ ਵੇਰਵੇ ਸਾਂਝੇ ਕੀਤੇ ਜੋ ਐੱਸਸੀ/ਐੱਸਟੀ ਮਲਕੀਅਤ ਵਾਲੇ ਐੱਮਐੱਸਈ’ਜ਼ ਤੋਂ ਖਰੀਦੇ ਜਾ ਸਕਦੇ ਹਨ। ਪ੍ਰੋਗਰਾਮ ਵਿੱਚ ਵਿੱਤੀ ਸੰਸਥਾਵਾਂ ਜਿਵੇਂ ਕਿ ਸਿਡਬੀ (SIDBI), ਪੰਜਾਬ ਐਂਡ ਸਿੰਧ ਬੈਂਕ, ਇੰਡੀਅਨ ਓਵਰਸੀਜ਼ ਬੈਂਕ ਅਤੇ ਪੰਜਾਬ ਗ੍ਰਾਮੀਣ ਬੈਂਕ ਦੀ ਭਾਗੀਦਾਰੀ ਵੀ ਸੀ, ਜਿਸ ਵਿੱਚ ਐੱਮਐੱਸਐੱਮਈ ਸੈਕਟਰ ਨਾਲ ਸਬੰਧਿਤ ਵਿਭਿੰਨ ਲੈਂਡਿੰਗ ਸਕੀਮਾਂ ਦਾ ਵੇਰਵਾ ਦਿੱਤਾ ਗਿਆ। ਹੋਰ ਸਰਕਾਰੀ ਸੰਸਥਾਵਾਂ ਜਿਵੇਂ ਕਿ ਜੀਈਐੱਮ (GeM), ਕੇਵੀਆਈਸੀ, ਐੱਨਐੱਸਐੱਫਡੀਸੀ, ਐੱਨਐੱਸਟੀਐੱਫਡੀਸੀ, ਟ੍ਰਾਇਫੈੱਡ, ਆਈਐੱਫਸੀਆਈ ਵੈਂਚਰ ਕੈਪੀਟਲ ਅਤੇ ਐੱਨਵੀਸੀਐੱਫਐੱਲ ਨੇ ਵੀ ਪ੍ਰੋਗਰਾਮ ਵਿੱਚ ਹਿੱਸਾ ਲਿਆ ਅਤੇ ਐੱਮਐੱਸਐੱਮਈ’ਸ ਲਈ ਆਪਣੀਆਂ ਸਕੀਮਾਂ ਬਾਰੇ ਵਿਚਾਰ-ਵਟਾਂਦਰਾ ਕੀਤਾ। ਪ੍ਰੋਗਰਾਮ ਵਿੱਚ ਐੱਸਸੀ/ਐੱਸਟੀ ਐੱਮਐੱਸਈ’ਜ਼ ਦੇ ਭਾਗੀਦਾਰਾਂ ਦੀ ਮੌਕੇ 'ਤੇ ਰਜਿਸਟ੍ਰੇਸ਼ਨ ਦੀ ਸੁਵਿਧਾ ਲਈ ਪੀਐੱਮ ਵਿਸ਼ਵਕਰਮਾ ਅਤੇ ਯੂਡੀਵਾਈਏਐੱਮ (UDYAM) ਰਜਿਸਟ੍ਰੇਸ਼ਨ ਦੇ ਸੁਵਿਧਾ ਡੈਸਕ ਸ਼ਾਮਲ ਸਨ।
******
ਐੱਸਕੇ
(Release ID: 2066432)
Visitor Counter : 19