ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਜਨਮ ਦਿਨ 'ਤੇ ਲੱਖਾਂ ਖਾਦੀ ਕਾਰੀਗਰਾਂ ਨੂੰ ਕੇਵੀਆਈਸੀ ਨੇ ਤੋਹਫ਼ੇ ਦਿੱਤੇ
ਕੇਵੀਆਈਸੀ ਦੇ ਚੇਅਰਮੈਨ ਸ਼੍ਰੀ ਮਨੋਜ ਕੁਮਾਰ ਨੇ ਐਲਾਨ ਕੀਤਾ: 2 ਅਕਤੂਬਰ, 2024 ਤੋਂ ਬੁਣਕਰਾਂ ਦੀਆਂ ਉਜਰਤਾਂ ਵਿੱਚ 25 ਫ਼ੀਸਦ ਅਤੇ ਜੁਲਾਹਿਆਂ ਲਈ 7 ਫ਼ੀਸਦ ਦਾ ਵਾਧਾ ਹੋਵੇਗਾ
ਕੇਵੀਆਈਸੀ ਦੀ 'ਸਿਲਾਈ ਸਮ੍ਰਿਧੀ ਯੋਜਨਾ' ਲਾਂਚ, ਰਜਿਸਟ੍ਰੇਸ਼ਨ ਸ਼ੁਰੂ
ਦਿੱਲੀ ਹਵਾਈ ਅੱਡੇ 'ਤੇ ਸਥਾਪਿਤ ਕੀਤੇ ਗਏ ਯਾਦਗਾਰੀ ਚਰਖੇ ਦੀ ਤਰਜ਼ 'ਤੇ, ਕੇਵੀਆਈਸੀ ਨੇ ਪੋਰਬੰਦਰ ਦੇ ਅਸਮਾਵਤੀ ਰਿਵਰਫਰੰਟ 'ਤੇ ਯਾਦਗਾਰੀ ਚਰਖੇ ਤੋਂ ਪਰਦਾ ਹਟਾਇਆ
ਦੇਸ਼ ਭਰ ਦੇ 3,911 ਲਾਭਪਾਤਰੀਆਂ ਦੇ ਖਾਤਿਆਂ ਵਿੱਚ 101 ਕਰੋੜ ਰੁਪਏ ਦੀ ਲਾਭਧਨ ਸਬਸਿਡੀ ਵੰਡੀ ਗਈ; 43,021 ਨਵੇਂ ਲੋਕਾਂ ਨੂੰ ਰੁਜ਼ਗਾਰ ਮਿਲਿਆ
ਕੇਵੀਆਈਸੀ ਚੇਅਰਮੈਨ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਪੀਐੱਮਈਜੀਪੀ ਦੀਆਂ 1100 ਨਵੀਆਂ ਇਕਾਈਆਂ ਦਾ ਉਦਘਾਟਨ ਕੀਤਾ
Posted On:
17 SEP 2024 10:09PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਜਨਮ ਦਿਨ ਅਤੇ ਮੋਦੀ ਸਰਕਾਰ 3.0 ਦੇ 100 ਦਿਨ ਪੂਰੇ ਹੋਣ ਦੇ ਮੌਕੇ 'ਤੇ ਸ਼੍ਰੀ ਮਨੋਜ ਕੁਮਾਰ, ਚੇਅਰਮੈਨ, ਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨ, ਸੂਖਮ, ਲਘੂ ਅਤੇ ਮੱਧਮ ਉਦਯੋਗ ਮੰਤਰਾਲੇ, ਭਾਰਤ ਸਰਕਾਰ ਨੇ ਪੂਜਨੀਕ ਬਾਪੂ ਜੀ ਦੇ ਜਨਮ ਸਥਾਨ ਪੋਰਬੰਦਰ ਦੇ ਅਸਮਾਵਤੀ ਰਿਵਰਫਰੰਟ ਵਿਖੇ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਲੱਖਾਂ ਖਾਦੀ ਕਾਰੀਗਰਾਂ ਨੂੰ ਇੱਕ ਵੱਡਾ ਤੋਹਫਾ ਦਿੱਤਾ। ਬੁਣਕਰਾਂ ਦੀ ਉਜਰਤ ਵਿੱਚ 25 ਫੀਸਦੀ ਅਤੇ ਜੁਲਾਹਿਆਂ ਦੀ ਉਜਰਤ ਵਿੱਚ 7 ਫੀਸਦ ਵਾਧੇ ਦਾ ਐਲਾਨ ਕੀਤਾ ਗਿਆ। ਵਧੀ ਹੋਈ ਤਨਖਾਹ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਜਨਮ ਦਿਨ 'ਤੇ 2 ਅਕਤੂਬਰ 2024 ਤੋਂ ਲਾਗੂ ਹੋਵੇਗੀ। ਇਸ ਮੌਕੇ ਅਸਮਾਵਤੀ ਰਿਵਰਫਰੰਟ 'ਤੇ ਸਥਾਪਿਤ 26 ਫੁੱਟ ਲੰਬਾ ਅਤੇ 13 ਫੁੱਟ ਚੌੜਾ ਸਟੇਨਲੈਸ ਸਟੀਲ 'ਯਾਦਗਾਰੀ ਚਰਖਾ' ਦਾ ਵੀ ਉਦਘਾਟਨ ਕੀਤਾ ਗਿਆ। ਸਮਾਗਮ ਦੌਰਾਨ, ਕੇਵੀਆਈਸੀ ਚੇਅਰਮੈਨ ਨੇ ਪ੍ਰਧਾਨ ਮੰਤਰੀ ਰੋਜ਼ਗਾਰ ਉਤਪਤੀ ਪ੍ਰੋਗਰਾਮ (ਪੀਐੱਮਈਜੀਪੀ) ਦੇ ਤਹਿਤ 3911 ਲਾਭਪਾਤਰੀਆਂ ਦੇ ਖਾਤਿਆਂ ਵਿੱਚ 101 ਕਰੋੜ ਰੁਪਏ ਦੀ ਲਾਭਧਨ ਸਬਸਿਡੀ ਵੰਡੀ ਅਤੇ ਵੀਡੀਓ ਕਾਨਫਰੰਸਿੰਗ ਰਾਹੀਂ 1100 ਨਵੇਂ ਪੀਐੱਮਈਜੀਪੀ ਯੂਨਿਟਾਂ ਦਾ ਉਦਘਾਟਨ ਵੀ ਕੀਤਾ।
ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਸ਼੍ਰੀ ਮਨੋਜ ਕੁਮਾਰ ਨੇ ਕਿਹਾ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ਬੁਣਕਰਾਂ ਅਤੇ ਜੁਲਾਹਿਆਂ ਦੀਆਂ ਉਜਰਤਾਂ ਵਿੱਚ ਦੂਜੀ ਵਾਰ ਵਾਧਾ ਕੀਤਾ ਗਿਆ ਹੈ। 2 ਅਕਤੂਬਰ, 2024 ਤੋਂ, ਬੁਣਕਰਾਂ ਨੂੰ 10 ਰੁਪਏ ਦੀ ਬਜਾਏ 12.50 ਰੁਪਏ ਪ੍ਰਤੀ ਅਟੇਰਨ ਦੀ ਉਜਰਤ ਮਿਲੇਗੀ। ਇਸ ਤੋਂ ਪਹਿਲਾਂ, 1 ਅਪ੍ਰੈਲ, 2023 ਨੂੰ, ਇਸ ਨੂੰ 7.50 ਰੁਪਏ ਤੋਂ ਵਧਾ ਕੇ 10 ਰੁਪਏ ਪ੍ਰਤੀ ਅਟੇਰਨ ਕਰ ਦਿੱਤਾ ਗਿਆ ਸੀ। ਉਨ੍ਹਾਂ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ‘ਖਾਦੀ ਕ੍ਰਾਂਤੀ’ ਨੇ ਬੁਣਕਰਾਂ ਅਤੇ ਜੁਲਾਹਿਆਂ ਦੇ ਜੀਵਨ ਵਿੱਚ ਇੱਕ ਵੱਡੀ ਤਬਦੀਲੀ ਲਿਆਂਦੀ ਹੈ। ਪਿਛਲੇ ਵਿੱਤੀ ਵਰ੍ਹੇ 'ਚ ਖਾਦੀ ਦਾ ਕਾਰੋਬਾਰ 1.55 ਲੱਖ ਕਰੋੜ ਰੁਪਏ ਨੂੰ ਪਾਰ ਕਰ ਗਿਆ ਹੈ। ਖਾਦੀ ਪਰਿਵਾਰ ਦੇ ਕਾਰੀਗਰਾਂ ਨੂੰ ਲਾਭ ਦੇਣ ਦੇ ਪ੍ਰਧਾਨ ਮੰਤਰੀ ਦੇ ਵਿਜ਼ਨ ਦੇ ਅਨੁਸਾਰ, ਕਮਿਸ਼ਨ ਨੇ ਉਨ੍ਹਾਂ ਦੀਆਂ ਉਜਰਤਾਂ ਵਧਾਉਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਦੇਸ਼ ਭਰ ਵਿੱਚ ਲਗਭਗ 3,000 ਰਜਿਸਟਰਡ ਖਾਦੀ ਸੰਸਥਾਵਾਂ ਹਨ, ਜਿਨ੍ਹਾਂ ਰਾਹੀਂ 4.98 ਲੱਖ ਖਾਦੀ ਕਾਰੀਗਰ ਕੰਮ ਕਰਦੇ ਹਨ, ਇਨ੍ਹਾਂ ਵਿੱਚੋਂ 80 ਫੀਸਦੀ ਔਰਤਾਂ ਹਨ। ਵਧੀ ਹੋਈ ਤਨਖਾਹ ਉਨ੍ਹਾਂ ਨੂੰ ਨਵੀਂ ਆਰਥਿਕ ਮਜ਼ਬੂਤੀ ਦੇਵੇਗੀ। ਉਨ੍ਹਾਂ ਅੱਗੇ ਕਿਹਾ ਕਿ ਮੋਦੀ ਸਰਕਾਰ ਦੇ ਅਧੀਨ ਹੁਣ ਤੱਕ ਉਜਰਤਾਂ ਵਿੱਚ ਲਗਭਗ 213 ਫੀਸਦੀ ਦਾ ਵਾਧਾ ਕੀਤਾ ਗਿਆ ਹੈ, ਜੋ ਕਿ ਇਸ ਗੱਲ ਦਾ ਪ੍ਰਤੀਕ ਹੈ ਕਿ ਪੇਂਡੂ ਭਾਰਤ ਖਾਦੀ ਰਾਹੀਂ ਆਰਥਿਕ ਤੌਰ 'ਤੇ ਸਸ਼ਕਤ ਹੋ ਰਿਹਾ ਹੈ।
ਸਮਾਗਮ ਦੌਰਾਨ, ਕੇਵੀਆਈਸੀ ਦੇ ਚੇਅਰਮੈਨ ਨੇ ਅਸਮਾਵਤੀ ਰਿਵਰਫਰੰਟ ਵਿਖੇ ਦਿੱਲੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਸਥਾਪਿਤ ਕੀਤੇ ਗਏ ਯਾਦਗਾਰੀ ਚਰਖੇ ਦੀ ਤਰਜ਼ 'ਤੇ ਸਟੇਨਲੈਸ ਸਟੀਲ ਦੇ ਬਣੇ ਇੱਕ ਯਾਦਗਾਰੀ ਚਰਖੇ ਤੋਂ ਪਰਦਾ ਹਟਾਇਆ। ਇਸ ਤੋਂ ਪਹਿਲਾਂ 12 ਸਤੰਬਰ ਨੂੰ, ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ ਸੰਸਦੀ ਖੇਤਰ ਵਾਰਾਣਸੀ ਦੇ ਲਾਲ ਬਹਾਦੁਰ ਸ਼ਾਸਤਰੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਇਸੇ ਤਰ੍ਹਾਂ ਦੇ ਚਰਖੇ ਦਾ ਉਦਘਾਟਨ ਕੀਤਾ ਗਿਆ ਸੀ। ਕੇਵੀਆਈਸੀ ਦੇ ਚੇਅਰਮੈਨ ਸ੍ਰੀ ਮਨੋਜ ਕੁਮਾਰ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ ਕਿ ਯਾਦਗਾਰੀ ਚਰਖਾ ਸਥਾਪਤ ਕਰਨ ਪਿੱਛੇ ਕੇਵੀਆਈਸੀ ਦਾ ਉਦੇਸ਼ ਨਵੀਂ ਪੀੜ੍ਹੀ ਨੂੰ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਵਿਚਾਰਾਂ ਨਾਲ ਜੋੜਨਾ ਹੈ ਅਤੇ ਨਾਲ ਹੀ ਲੋਕਾਂ ਨੂੰ ਖਾਦੀ, ਰਾਸ਼ਟਰੀ ਵਿਰਾਸਤ ਬਾਰੇ ਜਾਗਰੂਕ ਕਰਨਾ ਹੈ। ਉਨ੍ਹਾਂ ਅੱਗੇ ਕਿਹਾ ਕਿ 'ਨਵੇਂ ਭਾਰਤ ਦੀ ਨਵੀਂ ਖਾਦੀ' ਨੇ 'ਆਤਮਨਿਰਭਰ ਭਾਰਤ ਅਤੇ ਵਿਕਾਸ ਭਾਰਤ ਮੁਹਿੰਮ' ਨੂੰ ਨਵੀਂ ਦਿਸ਼ਾ ਦਿੱਤੀ ਹੈ। ਪੂਜਨੀਕ ਬਾਪੂ ਦੇ ਜਨਮ ਸਥਾਨ 'ਤੇ ਲਗਾਇਆ ਗਿਆ ਇਹ ਚਰਖਾ ਰਾਸ਼ਟਰਪਿਤਾ ਦੀ ਵਿਰਾਸਤ ਦੀ ਨਵੀਂ ਪੀੜ੍ਹੀ ਨੂੰ ਯਾਦ ਦਿਵਾਉਣ ਦਾ ਕੰਮ ਕਰੇਗਾ।
ਪ੍ਰੋਗਰਾਮ ਦੌਰਾਨ, ਪੀਐੱਮਈਜੀਪੀ ਅਧੀਨ ਦੇਸ਼ ਭਰ ਦੇ 3911 ਲਾਭਪਾਤਰੀਆਂ ਦੇ ਖਾਤਿਆਂ ਵਿੱਚ 101 ਕਰੋੜ ਰੁਪਏ ਦੀ ਲਾਭਧਨ (ਸਬਸਿਡੀ) ਵੀ ਵੰਡੀ ਗਈ। ਇਸ ਰਾਹੀਂ 43,021 ਨਵੀਆਂ ਨੌਕਰੀਆਂ ਪੈਦਾ ਹੋਈਆਂ ਹਨ। ਇਸ ਦੇ ਨਾਲ ਹੀ ਖਾਦੀ ਅਤੇ ਗ੍ਰਾਮੀਣ ਉਦਯੋਗ ਕਮਿਸ਼ਨ ਦੇ ਚੇਅਰਮੈਨ ਵੱਲੋਂ ਦੇਸ਼ ਭਰ ਵਿੱਚ ਸਥਾਪਿਤ 1100 ਨਵੀਆਂ ਪੀਐੱਮਈਜੀਪੀ ਯੂਨਿਟਾਂ ਦਾ ਉਦਘਾਟਨ ਵੀ ਕੀਤਾ ਗਿਆ। ਲਾਭਪਾਤਰੀਆਂ ਨੂੰ ਸੰਬੋਧਨ ਕਰਦਿਆਂ ਕੇਵੀਆਈਸੀ ਦੇ ਚੇਅਰਮੈਨ ਸ਼੍ਰੀ ਮਨੋਜ ਕੁਮਾਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਅਤੇ ਐੱਮਐੱਸਐੱਮਈ ਮੰਤਰਾਲੇ ਦੇ ਮਾਰਗਦਰਸ਼ਨ ਵਿੱਚ, ਪੀਐੱਮਈਜੀਪੀ ਦੇਸ਼ ਦੇ ਕੁਟੀਰ ਉਦਯੋਗ ਲਈ ਇੱਕ ਨਵੀਂ ਊਰਜਾ ਅਤੇ ਸ਼ਕਤੀ ਵਜੋਂ ਉੱਭਰਿਆ ਹੈ। ਇਸ ਰਾਹੀਂ ਪਿਛਲੇ 10 ਸਾਲਾਂ ਵਿੱਚ 9.58 ਲੱਖ ਨਵੇਂ ਪ੍ਰੋਜੈਕਟਾਂ ਰਾਹੀਂ 83.48 ਲੱਖ ਲੋਕਾਂ ਨੂੰ ਰੋਜ਼ਗਾਰ ਮਿਲਿਆ ਹੈ। ਇਸ ਮਿਆਦ ਦੇ ਦੌਰਾਨ, ਕੇਵੀਆਈਸੀ ਨੇ ਲਗਭਗ 24 ਹਜ਼ਾਰ ਕਰੋੜ ਰੁਪਏ ਦੀ ਮਾਰਜਿਨ ਮਨੀ ਵੰਡੀ ਹੈ। ਉਨ੍ਹਾਂ ਅੱਗੇ ਕਿਹਾ ਕਿ ਖਾਦੀ ਅਤੇ ਗ੍ਰਾਮੀਣ ਉਦਯੋਗਾਂ ਰਾਹੀਂ ਪਿਛਲੇ ਵਿੱਤੀ ਵਰ੍ਹੇ ਵਿੱਚ 10.17 ਲੱਖ ਨਵੀਆਂ ਨੌਕਰੀਆਂ ਪੈਦਾ ਕੀਤੀਆਂ ਗਈਆਂ ਹਨ।
ਪ੍ਰੋਗਰਾਮ ਵਿੱਚ ਗੁਜਰਾਤ ਵਿੱਚ ਕੇਵੀਆਈਸੀ ਰਾਜ ਦਫ਼ਤਰ ਨਾਲ ਸਬੰਧਤ ਖਾਦੀ ਸੰਸਥਾਵਾਂ ਦੇ ਨੁਮਾਇੰਦੇ, ਖਾਦੀ ਵਰਕਰ, ਕਾਰੀਗਰ ਅਤੇ ਕੇਵੀਆਈਸੀ ਅਧਿਕਾਰੀ ਅਤੇ ਮੁਲਾਜ਼ਮ ਮੌਜੂਦ ਸਨ।
*****
ਐੱਮਜੀ/ਐੱਸਕੇ
(Release ID: 2056617)
Visitor Counter : 35