ਰੇਲ ਮੰਤਰਾਲਾ
azadi ka amrit mahotsav

ਕੇਂਦਰੀ ਰੇਲਵੇ ਅਤੇ ਜਲ ਸ਼ਕਤੀ ਰਾਜ ਮੰਤਰੀ ਸ਼੍ਰੀ ਵੀ. ਸੋਮੰਨਾ ਨੇ ਰੇਲ ਵ੍ਹੀਲ ਫੈਕਟਰੀ ਦਾ ਨਿਰੀਖਣ ਕੀਤਾ ਅਤੇ ਬੇਂਗਲੁਰੂ ਸਬ-ਅਰਬਨ ਰੇਲਵੇ ਪ੍ਰੋਜੈਕਟ ਦੀ ਸਮੀਖਿਆ ਕੀਤੀ

Posted On: 09 SEP 2024 8:58PM by PIB Chandigarh

ਕੇਂਦਰੀ ਰੇਲਵੇ ਅਤੇ ਜਲ ਸ਼ਕਤੀ ਰਾਜ ਮੰਤਰੀ ਸ਼੍ਰੀ ਵੀ. ਸੋਮੰਨਾ ਨੇ ਅੱਜ ਯੇਲਾਹੰਕਾ ਵਿੱਚ ਰੇਲ ਵ੍ਹੀਲ ਫੈਕਟਰੀ (ਆਰਡਬਲਿਊਐੱਫ) ਦਾ ਨਿਰੀਖਣ ਕੀਤਾ ਅਤੇ ਬੇਂਗਲੁਰੂ ਸਬ-ਅਰਬਨ ਰੇਲਵੇ ਪ੍ਰੋਜੈਕਟ ਦੇ ਸਬੰਧ ਵਿੱਚ ਸਮੀਖਿਆ ਮੀਟਿੰਗ ਕੀਤੀ। ਇਹ ਸਮੀਖਿਆ ਮੀਟਿੰਗ ਕਰਨਾਟਕ ਸਰਕਾਰ ਦੇ ਵਪਾਰਕ ਅਤੇ ਉਦਯੋਗ ਅਤੇ ਇਨਫ੍ਰਾਸਟ੍ਰਕਚਰ ਮੰਤਰੀ ਸ਼੍ਰੀ ਐੱਮ. ਬੀ. ਪਾਟਿਲ ਦੇ ਨਾਲ ਬੇਂਗਲੁਰੂ ਵਿੱਚ ਹੋਈ। ਇਸ ਨਿਰੀਖਣ ਅਤੇ ਸਮੀਖਿਆ ਦੌਰਾਨ ਆਰਡਬਲਿਊਐੱਫ ਦੇ ਜਨਰਲ ਮੈਨੇਜਰ ਸ਼੍ਰੀ ਰਾਜਗੋਪਾਲ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

ਆਰਡਬਲਿਊਐੱਫ ਦੇ ਦੌਰੇ ਸਮੇਂ ਸ਼੍ਰੀ ਸੋਮੰਨਾ ਨੂੰ ਪਲਾਂਟ ਦੀ ਸਮੱਰਥਾ ਵਧਾਉਣ ਦੀ ਦਿਸ਼ਾ ਵਿੱਚ ਚੁੱਕੇ ਗਏ ਵਿਭਿੰਨ ਕਦਮਾਂ ਦੀ ਜਾਣਕਾਰੀ ਦਿੱਤੀ ਗਈ। ਸ਼੍ਰੀ ਸੋਮੰਨਾ ਨੇ ਫੋਰਜਿੰਗ ਕੰਪਲੈਕਸ, ਐਕਸਲ ਮਸ਼ੀਨਿੰਗ ਲਾਈਨ ਅਤੇ ਵ੍ਹੀਲ ਕਾਸਟਿੰਗ ਯੂਨਿਟ ਸਮੇਤ ਪ੍ਰਮੁੱਖ ਯੂਨਿਟਾਂ ਦਾ ਨਿਰੀਖਣ ਕੀਤਾ। ਉਨ੍ਹਾਂ ਨੇ ਕਰਮਚਾਰੀਆਂ ਨਾਲ ਗੱਲਬਾਤ ਕੀਤੀ, ਉਨ੍ਹਾਂ ਦੇ ਸੁਝਾਵਾਂ ਅਤੇ ਸ਼ਿਕਾਇਤਾਂ ਦਾ ਸਮਾਧਾਨ ਕੀਤਾ ਅਤੇ ਰੇਲ ਵ੍ਹੀਲ ਫੈਕਟਰੀ ਦੇ ਸਮੁੱਚੇ ਪ੍ਰਦਰਸ਼ਨ ਦੀ ਸਮੀਖਿਆ ਕੀਤੀ।

ਉਨ੍ਹਾਂ ਨੇ ਤੀਸਰੀ ਐਕਸਲ ਮਸ਼ੀਨਿੰਗ ਲਾਈਨ ਦੇ ਚਾਲੂ ਹੋਣ ਦਾ ਜ਼ਿਕਰ ਕਰਦੇ ਹੋਏ ਉਤਪਾਦਨ ਸਮਰੱਥਾ ਵਧਾਉਣ ਲਈ ਕੀਤੇ ਜਾ ਰਹੇ ਪ੍ਰਯਾਸਾਂ ਨੂੰ ਰੇਖਾਂਕਿਤ ਕੀਤਾ, ਜਿਸ ਨਾਲ ਸਲਾਨਾ ਐਕਸਲ ਉਤਪਾਦਨ 40,000 ਯੂਨਿਟ ਤੱਕ ਵਧਣ ਦੀ ਉਮੀਦ ਹੈ।

ਸ਼੍ਰੀ ਸੋਮੰਨਾ ਨੇ ਪ੍ਰੈੱਸ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ‘ਆਤਮਨਿਰਭਰ ਭਾਰਤ’ ਦੇ ਵਿਜ਼ਨ ਵਿੱਚ ਆਰਡਬਲਿਊਐੱਫ ਦੇ ਮਹੱਤਵਪੂਰਨ ਯੋਗਦਾਨ ‘ਤੇ ਜ਼ੋਰ ਦਿੱਤਾ। ਆਰਡਬਲਿਊਐੱਫ ਨੇ ‘ਮੇਕ ਇਨ ਇੰਡੀਆ – ਮੇਕ ਫਾਰ ਦ ਵਰਲਡ’ ਪਹਿਲ ਦੇ ਤਹਿਤ ਮੋਜ਼ਾਮਬੀਕ, ਸੂਡਾਨ ਅਤੇ ਮਲੇਸ਼ੀਆ ਜਿਹੇ ਦੇਸ਼ਾਂ ਨੂੰ ਸਫ਼ਲਤਾਪੂਰਵਕ ਪਹੀਏ ਅਤੇ ਐਕਸਲ ਨਿਰਯਾਤ ਕੀਤੇ ਹਨ। ਮੰਤਰੀ ਨੇ ਆਰਡਬਲਿਊਐੱਫ ਦੀ “ਜ਼ੀਰੋ ਡਿਫੈਕਟ” ਮੈਨੂਫੈਕਚਰਿੰਗ ਪ੍ਰਕਿਰਿਆ ਦੀ ਪ੍ਰਸ਼ੰਸਾ ਕੀਤੀ, ਜੋ ਬਹੁਤ ਹੱਦ ਤੱਕ ਉੱਨਤ ਉਦਯੋਗਿਕ ਆਟੋਮੇਸ਼ਨ ਦੁਆਰਾ ਸੰਚਾਲਿਤ ਹੈ। ਉਨ੍ਹਾਂ ਨੇ ਵਰ੍ਹੇ 2023-24 ਦੇ ਲਈ ਰੇਲਵੇ ਬੋਰਡ ਦੁਆਰਾ ਨਿਰਧਾਰਿਤ ਉਤਪਾਦਨ ਟੀਚਿਆਂ ਤੋਂ ਅੱਗੇ ਵਧ ਜਾਣ ਲਈ ਆਰਡਬਲਿਊਐੱਫ ਦੀ ਸ਼ਲਾਘਾ ਵੀ ਕੀਤੀ।

ਸ਼੍ਰੀ ਸੋਮੰਨਾ ਨੇ ਬੇਂਗਲੁਰੂ ਸਬ-ਅਰਬਨ ਰੇਲਵੇ ਪ੍ਰੋਜੈਕਟ ਦੀ ਵੀ ਸਮੀਖਿਆ ਕੀਤੀ, ਜਿਸ ਵਿੱਚ ਬੇਂਗਲੁਰੂ ਦੇ ਆਲੇ-ਦੁਆਲੇ ਡਬਲ ਲਾਈਨ ਰੇਲਵੇ ਕਨੈਕਟੀਵਿਟੀ ਪ੍ਰਦਾਨ ਕਰਨ ਦੇ ਪ੍ਰਤੀ ਲਕਸ਼ਿਤ ਸਰਕੂਲਰ ਰੇਲਵੇ ਪ੍ਰੋਜੈਕਟ ‘ਤੇ ਵਿਸ਼ੇਸ਼ ਤੌਰ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ। ਇਸ ਪ੍ਰੋਜੈਕਟ ਨਾਲ ਡੋਡਾਬੱਲਾਪੁਰ, ਦੇਵਨਹੱਲੀ, ਮਾਲੂਰ, ਅਨੇਕਲ, ਹੇਜਲਾ, ਸੋਲੂਰ ਅਤੇ ਨਿਦਾਵੰਦਾ ਜਿਹੇ ਖੇਤਰਾਂ ਨੂੰ ਜੋੜੇ ਜਾਣ ਦੀ ਸੰਭਾਵਨਾ ਹੈ। ਸ਼੍ਰੀ ਸੋਮੰਨਾ ਨੇ ਆਮ ਲੋਕਾਂ ਲਈ ਕਿਫਾਇਤੀ ਅਤੇ ਪਹੁੰਚਯੋਗ ਰੇਲਵੇ ਕਨੈਕਟੀਵਿਟੀ ਸੁਨਿਸ਼ਚਿਤ ਕਰਨ ਲਈ ਵਿਸਤ੍ਰਿਤ ਪ੍ਰੋਜੈਕਟ ਰਿਪੋਰਟ (ਡੀਪੀਆਰ) ਵਿੱਚ ਸੰਘਣੀ ਆਬਾਦੀ ਵਾਲੇ ਖੇਤਰਾਂ ਨੂੰ ਜੋੜਨ ਨੂੰ ਪ੍ਰਾਥਮਿਕਤਾ ਦੇਣ ਦਾ ਨਿਰਦੇਸ਼ ਦਿੱਤਾ।

ਵਿਧਾਨ ਸੌਧਾ (Vidhana Soudha) ਵਿੱਚ ਆਯੋਜਿਤ ਇੱਕ ਅਲੱਗ ਸਮੀਖਿਆ ਮੀਟਿੰਗ ਵਿੱਚ ਸ਼੍ਰੀ ਸੋਮੰਨਾ ਨੇ ਸ਼੍ਰੀ ਐੱਮ.ਬੀ.ਪਾਟਿਲ ਦੇ ਨਾਲ ਮਿਲ ਕੇ ਐਲਾਨ ਕੀਤਾ ਕਿ ਬੇਂਗਲੁਰੂ ਸਬ-ਅਰਬਨ ਰੇਲਵੇ ਪ੍ਰੋਜੈਕਟ ਦੇ ਚਿੱਕਾਬਾਣਾਵਾਰਾ-ਬਈਯੱਪਨਹੱਲੀ (Chikkabanavara-Baiyyappanahalli) (ਕੌਰੀਡੋਰ-2, 25 ਕਿਲੋਮੀਟਰ) ਅਤੇ ਹੀਲਾਲੀਗੇ-ਰਾਜਾਨੁਕੁੰਤੇ (ਕੌਰੀਡੋਰ-4, 46.88 ਕਿਲੋਮੀਟਰ) ਸੈਕਸ਼ਨਾਂ ਨੂੰ ਦਸੰਬਰ 2026 ਤੱਕ ਪੂਰਾ ਕਰਕੇ ਰਾਸ਼ਟਰ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ। ਦੋਹਾਂ ਮੰਤਰੀਆਂ ਨੇ ਲੈਂਡ ਐਕਵਾਇਰ ਦੇ ਕਾਰਜ ਵਿੱਚ ਤੇਜ਼ੀ ਲਿਆਉਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ ਅਤੇ ਸਮਾਂ ਸੀਮਾ ਦੇ ਅੰਦਰ ਕੰਮ ਪੂਰਾ ਕਰਨ ਲਈ ਅਧਿਕਾਰੀਆਂ ਨੂੰ ਇਨ੍ਹਾਂ ਕੌਰੀਡੋਰਸ ਦੇ ਕੰਮ ਵਿੱਚ ਤੇਜ਼ੀ ਲਿਆਉਣ ਦੀ ਤਾਕੀਦ ਕੀਤੀ। ਉਨ੍ਹਾਂ ਨੇ ਬੇਂਗਲੁਰੂ ਨੂੰ  ਤੁਮਕੁਰ, ਮੈਸੂਰ, ਮਗਦੀ, ਗੌਰੀਬਿਦਨੂਰ ਅਤੇ ਕੋਲਾਰ ਜਿਹੇ ਨੇੜਲੇ ਸ਼ਹਿਰਾਂ ਨੂੰ ਜੋੜਨ ਲਈ ਸਬ-ਅਰਬਨ ਰੇਲਵੇ ਦਾ ਵਿਸਤਾਰ ਕਰਨ ਦੀ ਸੰਭਾਵਨਾ ਬਾਰੇ ਵੀ ਚਰਚਾ ਕੀਤੀ।

ਸ਼੍ਰੀ ਸੋਮੰਨਾ ਨੇ ਬੇਂਗਲੁਰੂ ਮੈਟਰੋ, ਸਬ-ਅਰਬਨ ਰੇਲਵੇ ਪ੍ਰੋਜੈਕਟ ਅਤੇ ਹੋਰ ਸਬੰਧਿਤ ਅਥਾਰਿਟੀਆਂ ਦਰਮਿਆਨ ਤਾਲਮੇਲ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਨਿਰਵਿਘਨ ਏਕੀਕਰਣ ਸੁਨਿਸ਼ਚਿਤ ਕਰਨ ਅਤੇ ਦੇਰੀ ਨਾਲ ਬਚਣ ਲਈ ਨਿਯਮਿਤ ਤਾਲਮੇਲ ਮੀਟਿੰਗਾਂ ਦੀ ਸਿਫਾਰਿਸ਼ ਕੀਤੀ। ਮੀਟਿੰਗ ਵਿੱਚ ਸਬ-ਅਰਬਨ ਰੇਲਵੇ ਨੂੰ ਬੇਂਗਲੁਰੂ ਦੇ ਆਲੇ-ਦੁਆਲੇ ਪ੍ਰਸਤਾਵਿਤ ਸਰਕੂਲਰ ਰੇਲਵੇ ਦੇ ਨਾਲ ਏਕੀਕ੍ਰਿਤ ਕਰਨ ਦੀ ਸੰਭਾਵਨਾ ‘ਤੇ ਵੀ ਚਰਚਾ ਕੀਤੀ ਗਈ, ਜਿਸ ਨੂੰ ਰੇਲਵੇ ਬੋਰਡ ਨੇ 21,000 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ ਮਨਜ਼ੂਰੀ ਦਿੱਤੀ ਹੈ।

ਇਸ ਸਮੀਖਿਆ ਮੀਟਿੰਗ ਵਿੱਚ ਦੱਖਣੀ ਪੱਛਮੀ ਰੇਲਵੇ ਦੇ ਜਨਰਲ ਮੈਨੇਜਰ ਸ਼੍ਰੀ ਅਰਵਿੰਦ ਸ੍ਰੀਵਾਸਤਵ; ਬੇਂਗਲੁਰੂ ਦੇ ਡਿਵੀਜ਼ਨਲ ਰੇਲਵੇ ਮੈਨੇਜਰ ਸ਼੍ਰੀ ਯੋਗੇਸ਼ ਮੋਹਨ, ਬੇਂਗਲੁਰੂ ਮੈਟਰੋ ਰੇਲ ਕਾਰਪੋਰੇਸ਼ਨ ਲਿਮਿਟਿਡ (ਬੀਐੱਮਆਰਸੀਐੱਲ) ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਮਹੇਸ਼ਵਰ ਰਾਓ, ਕੇ-ਰਾਈਡ ਦੀ ਮੈਨੇਜਿੰਗ ਡਾਇਰੈਕਟਰ ਸ਼੍ਰੀਮਤੀ ਮੰਜੁਲਾ, ਬੀਬੀਐੱਮਪੀ ਦੇ ਚੀਫ਼ ਕਮਿਸ਼ਨਰ ਸ਼੍ਰੀ ਤੁਸ਼ਾਰ ਗਿਰੀਨਾਥ ਅਤੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।

***************

ਐੱਸਕੇ


(Release ID: 2053488) Visitor Counter : 33


Read this release in: English , Urdu , Hindi , Kannada