ਰੱਖਿਆ ਮੰਤਰਾਲਾ
azadi ka amrit mahotsav

ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਕਾਰਗਿਲ ਵਿਜੇ ਦਿਵਸ 'ਤੇ ਬਹਾਦਰਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਲੱਦਾਖ ਵਿੱਚ ਸ਼ਰਧਾਂਜਲੀ ਸਮਾਰੋਹ ਵਿੱਚ ਸ਼ਿਰਕਤ ਕੀਤੀ


ਰਣਨੀਤਕ ਸ਼ਿੰਕੁਨ ਲਾ ਸੁਰੰਗ ਪ੍ਰੋਜੈਕਟ ਦੇ ਪਹਿਲੇ ਧਮਾਕੇ ਦੇ ਗਵਾਹ ਬਣੇ

"ਕਾਰਗਿਲ ਵਿਜੇ ਦਿਵਸ ਸਾਨੂੰ ਯਾਦ ਦਿਵਾਉਂਦਾ ਹੈ ਕਿ ਰਾਸ਼ਟਰ ਲਈ ਕੀਤੀਆਂ ਕੁਰਬਾਨੀਆਂ ਅਮਰ ਹਨ"

"ਕਾਰਗਿਲ ਵਿੱਚ ਅਸੀਂ ਨਾ ਸਿਰਫ਼ ਯੁੱਧ ਜਿੱਤਿਆ ਸਗੋਂ ਸਚਾਈ, ਸੰਜਮ ਅਤੇ ਤਾਕਤ ਦੀ ਇੱਕ ਅਦੁੱਤੀ ਮਿਸਾਲ ਵੀ ਪੇਸ਼ ਕੀਤੀ"

“ਅੱਜ ਜੰਮੂ ਅਤੇ ਕਸ਼ਮੀਰ ਨਵੇਂ ਭਵਿੱਖ, ਵੱਡੇ ਸੁਪਨਿਆਂ ਦੀ ਗੱਲ ਕਰ ਰਿਹਾ ਹੈ”

“ਸ਼ਿੰਕੁਨ ਲਾ ਸੁਰੰਗ ਲੱਦਾਖ ਦੇ ਵਿਕਾਸ ਅਤੇ ਬਿਹਤਰ ਭਵਿੱਖ ਲਈ ਨਵੀਆਂ ਸੰਭਾਵਨਾਵਾਂ ਦੇ ਦਰਵਾਜ਼ੇ ਖੋਲ੍ਹੇਗੀ”

“ਪਿਛਲੇ 5 ਸਾਲਾਂ ਵਿੱਚ ਲੱਦਾਖ ਦਾ ਬਜਟ 1100 ਕਰੋੜ ਤੋਂ ਵਧ ਕੇ 6000 ਕਰੋੜ ਹੋ ਗਿਆ ਹੈ”

"ਅਗਨੀਪਥ ਯੋਜਨਾ ਦਾ ਉਦੇਸ਼ ਸੈਨਾਵਾਂ ਨੂੰ ਯੁਵਾ ਅਤੇ ਯੁੱਧ ਲਈ ਹਮੇਸ਼ਾ ਤਿਆਰ ਰੱਖਣਾ ਹੈ"

“ਸਚਾਈ ਇਹ ਹੈ ਕਿ ਅਗਨੀਪਥ ਯੋਜਨਾ ਨਾਲ ਦੇਸ਼ ਦੀ ਤਾਕਤ ਵਧੇਗੀ ਅਤੇ ਦੇਸ਼ ਨੂੰ ਕਾਬਲ ਨੌਜਵਾਨ ਵੀ ਮਿਲਣਗੇ”

“ਕਾਰਗਿਲ ਦੀ ਜਿੱਤ ਕਿਸੇ ਸਰਕਾਰ ਜਾਂ ਕਿਸੇ ਪਾਰਟੀ ਦੀ ਜਿੱਤ ਨਹੀਂ ਸੀ, ਇਹ ਜਿੱਤ ਦੇਸ਼ ਦੀ ਹੈ"

ਰਕਸ਼ਾ ਮੰਤਰੀ ਸ੍ਰੀ ਰਾਜਨਾਥ ਸਿੰਘ ਨੇ ਨੈਸ਼ਨਲ ਵਾਰ ਮੈਮੋਰੀਅਲ, ਨਵੀਂ ਦਿੱਲੀ ਵਿਖੇ ਸ਼ਹੀਦ ਨਾਇਕਾਂ ਨੂੰ ਫੁੱਲ-ਮਾਲਾ ਅਰਪਿਤ ਕੀਤੀ ਅਤੇ ਅਤੇ ਸ਼ਰਧਾਂਜਲੀ ਦਿੱਤੀ

"ਕਾਰਗਿਲ ਯੁੱਧ ਦੇ ਨਾਇਕਾਂ ਦੀ ਬਹਾਦਰੀ ਅਤੇ ਦੇਸ਼ ਭਗਤੀ ਨੇ ਯਕੀਨੀ ਬਣਾਇਆ ਕਿ ਭਾਰਤ ਸੁਰੱਖਿਅਤ ਰਹੇ"

&q

Posted On: 26 JUL 2024 12:36PM by PIB Chandigarh

ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ 26 ਜੁਲਾਈ, 2024 ਨੂੰ ਲੱਦਾਖ ਦੇ ਦਰਾਸ ਵਿੱਚ ਕਾਰਗਿਲ ਯੁੱਧ ਸਮਾਰਕ ਵਿਖੇ 25ਵੇਂ ਕਾਰਗਿਲ ਵਿਜੇ ਦਿਵਸ ਦੇ ਮੌਕੇ ’ਤੇ ਉਨ੍ਹਾਂ ਬਹਾਦਰਾਂ ਨੂੰ ਸ਼ਰਧਾਂਜਲੀ ਭੇਟ ਕੀਤੀ, ਜਿਨ੍ਹਾਂ ਨੇ ਆਪਣੇ ਫ਼ਰਜ਼ ਦੀ ਪਾਲਣਾ ਕਰਦੇ ਹੋਏ ਸਰਬਉੱਚ ਕੁਰਬਾਨੀ ਦਿੱਤੀ। ਉਨ੍ਹਾਂ ਸ਼ਰਧਾਂਜਲੀ ਸਮਾਰੋਹ ਵਿੱਚ ਵੀ ਸ਼ਿਰਕਤ ਕੀਤੀ। ਪ੍ਰਧਾਨ ਮੰਤਰੀ ਨੇ ਗੌਰਵ ਗਾਥਾ: ਐੱਨਸੀਓਜ਼ ਵੱਲੋਂ ਕਾਰਗਿਲ ਯੁੱਧ 'ਤੇ ਬ੍ਰੀਫਿੰਗ ਸੁਣੀ ਅਤੇ ਅਮਰ ਸੰਸਮਰਨ: ਹੱਟ ਆਫ਼ ਰੀਮੇਮਬਰੈਂਸ ਦਾ ਦੌਰਾ ਕੀਤਾ। ਉਨ੍ਹਾਂ ਵੀਰ ਭੂਮੀ ਦਾ ਵੀ ਦੌਰਾ ਕੀਤਾ। 

 

ਪ੍ਰਧਾਨ ਮੰਤਰੀ ਨੇ ਅੱਜ ਵਰਚੂਅਲ ਤਰੀਕੇ ਨਾਲ ਲੱਦਾਖ ਵਿੱਚ ਸ਼ਿੰਕੁਨ ਲਾ ਸੁਰੰਗ ਪ੍ਰੋਜੈਕਟ ਦੇ ਪਹਿਲੇ ਧਮਾਕੇ ਨੂੰ ਵੀ ਦੇਖਿਆ। ਸ਼ਿੰਕੁਨ ਲਾ ਸੁਰੰਗ ਪ੍ਰੋਜੈਕਟ ਵਿੱਚ ਇੱਕ 4.1 ਕਿਲੋਮੀਟਰ ਲੰਬੀ ਟਵਿਨ-ਟਿਊਬ ਸੁਰੰਗ ਸ਼ਾਮਲ ਹੈ, ਜੋ ਲੇਹ ਨੂੰ ਹਰ ਮੌਸਮ ਵਿੱਚ ਸੰਪਰਕ ਪ੍ਰਦਾਨ ਕਰਨ ਲਈ ਨਿਮੂ-ਪਦਮ-ਦਾਰਚਾ ਰੋਡ 'ਤੇ ਲਗਭਗ 15,800 ਫੁੱਟ ਦੀ ਉਚਾਈ 'ਤੇ ਬਣਾਈ ਜਾਵੇਗੀ। ਮੁਕੰਮਲ ਹੋਣ ਤੋਂ ਬਾਅਦ ਇਹ ਦੁਨੀਆ ਦੀ ਸਭ ਤੋਂ ਉੱਚੀ ਸੁਰੰਗ ਹੋਵੇਗੀ। ਸ਼ਿੰਕੁਨ ਲਾ ਸੁਰੰਗ ਨਾ ਸਿਰਫ਼ ਸਾਡੇ ਹਥਿਆਰਬੰਦ ਬਲਾਂ ਅਤੇ ਉਪਕਰਨਾਂ ਦੀ ਤੇਜ਼ ਅਤੇ ਕੁਸ਼ਲ ਆਵਾਜਾਈ ਨੂੰ ਯਕੀਨੀ ਬਣਾਏਗੀ, ਸਗੋਂ ਲੱਦਾਖ ਵਿੱਚ ਆਰਥਿਕ ਅਤੇ ਸਮਾਜਿਕ ਵਿਕਾਸ ਨੂੰ ਵੀ ਹੁਲਾਰਾ ਦੇਵੇਗੀ। 

 

ਸ਼ਰਧਾਂਜਲੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਲੱਦਾਖ ਦੀ ਸ਼ਾਨਦਾਰ ਧਰਤੀ ਕਾਰਗਿਲ ਵਿਜੇ ਦਿਵਸ ਦੀ 25ਵੀਂ ਵਰ੍ਹੇਗੰਢ ਦੀ ਗਵਾਹ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ "ਕਾਰਗਿਲ ਵਿਜੇ ਦਿਵਸ ਸਾਨੂੰ ਯਾਦ ਦਿਵਾਉਂਦਾ ਹੈ ਕਿ ਰਾਸ਼ਟਰ ਲਈ ਕੀਤੀਆਂ ਕੁਰਬਾਨੀਆਂ ਅਮਰ ਹਨ।” ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਭਾਵੇਂ ਮਹੀਨੇ, ਸਾਲ, ਦਹਾਕੇ ਅਤੇ ਸਦੀਆਂ ਬੀਤ ਜਾਣ, ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਲਈ ਦਿੱਤੀਆਂ ਗਈਆਂ ਜਾਨਾਂ ਨੂੰ ਮਿਟਾਇਆ ਨਹੀਂ ਜਾ ਸਕਦਾ। ਪ੍ਰਧਾਨ ਮੰਤਰੀ ਮੋਦੀ ਨੇ ਅੱਗੇ ਕਿਹਾ, “ਰਾਸ਼ਟਰ ਸਦਾ ਲਈ ਰਿਣੀ ਹੈ ਅਤੇ ਸਾਡੀਆਂ ਹਥਿਆਰਬੰਦ ਸੈਨਾਵਾਂ ਦੇ ਮਹਾਨ ਸੁਪਰਹੀਰੋਜ਼ ਦਾ ਦਿਲੋਂ ਧੰਨਵਾਦੀ ਹੈ।

 

ਕਾਰਗਿਲ ਯੁੱਧ ਦੇ ਦਿਨਾਂ ਨੂੰ ਯਾਦ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਖ਼ੁਸ਼ਕਿਸਮਤ ਹਨ ਕਿ ਉਨ੍ਹਾਂ ਨੂੰ ਉਸ ਸਮੇਂ ਸੈਨਿਕਾਂ ਵਿਚਕਾਰ ਰਹਿਣ ਦਾ ਮੌਕਾ ਮਿਲਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਅੱਜ ਵੀ ਯਾਦ ਹੈ ਕਿ ਸਾਡੇ ਜਵਾਨਾਂ ਨੇ ਇੰਨੀ ਉਚਾਈ 'ਤੇ ਕਿਵੇਂ ਔਖੇ ਅਪਰੇਸ਼ਨ ਨੂੰ ਅੰਜਾਮ ਦਿੱਤਾ ਸੀ। ਸ੍ਰੀ ਮੋਦੀ ਨੇ ਕਿਹਾ, “ਮੈਂ ਦੇਸ਼ ਦੇ ਬਹਾਦਰ ਸਪੂਤਾਂ ਨੂੰ ਸਲਾਮ ਕਰਦਾ ਹਾਂ ਜਿਨ੍ਹਾਂ ਨੇ ਮਾਤ ਭੂਮੀ ਦੀ ਰੱਖਿਆ ਲਈ ਸਰਬਉੱਚ ਬਲੀਦਾਨ ਦਿੱਤਾ।

 

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ "ਕਾਰਗਿਲ ਵਿੱਚ, ਅਸੀਂ ਨਾ ਸਿਰਫ਼ ਜੰਗ ਜਿੱਤੀ, ਅਸੀਂ 'ਸੱਚ, ਸੰਜਮ ਅਤੇ ਤਾਕਤ ਦੀ ਇੱਕ ਸ਼ਾਨਦਾਰ ਮਿਸਾਲ ਪੇਸ਼ ਕੀਤੀ ਹੈ।" ਪ੍ਰਧਾਨ ਮੰਤਰੀ ਨੇ ਪਾਕਿਸਤਾਨ ਦੇ ਧੋਖੇ 'ਤੇ ਉਸ ਸਮੇਂ ਚਾਨਣਾ ਪਾਇਆ ਜਦੋਂ ਭਾਰਤ ਸ਼ਾਂਤੀ ਬਣਾਈ ਰੱਖਣ ਲਈ ਸਾਰੇ ਯਤਨ ਕਰ ਰਿਹਾ ਸੀ। ਉਨ੍ਹਾਂ ਅੱਗੇ ਕਿਹਾ “ਸੱਚ ਦੁਆਰਾ ਝੂਠ ਅਤੇ ਦਹਿਸ਼ਤ ਨੂੰ ਆਪਣੇ ਗੋਡਿਆਂ ਉੱਤੇ ਲਿਆ ਦਿੱਤਾ ਗਿਆ।”

 

ਅੱਤਵਾਦ ਦੀ ਨਿੰਦਾ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਨੂੰ ਅਤੀਤ 'ਚ ਹਮੇਸ਼ਾ ਹਾਰ ਦਾ ਸਾਹਮਣਾ ਕਰਨਾ ਪਿਆ ਹੈ।  ਸ੍ਰੀ ਮੋਦੀ ਨੇ ਅੱਗੇ ਕਿਹਾ, “ਪਾਕਿਸਤਾਨ ਨੇ ਆਪਣੇ ਅਤੀਤ ਤੋਂ ਕੁਝ ਨਹੀਂ ਸਿੱਖਿਆ ਹੈ ਅਤੇ ਪ੍ਰਸੰਗਿਕ ਰਹਿਣ ਲਈ ਅੱਤਵਾਦ ਅਤੇ ਪ੍ਰੌਕਸੀ ਯੁੱਧਾਂ ਦੀ ਆੜ ਵਿੱਚ ਯੁੱਧ ਕਰਨਾ ਜਾਰੀ ਰੱਖਿਆ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਅੱਤਵਾਦੀਆਂ ਦੇ ਨਾਪਾਕ ਇਰਾਦੇ ਕਦੇ ਵੀ ਪੂਰੇ ਨਹੀਂ ਹੋਣਗੇ। ਉਨ੍ਹਾਂ  ਅੱਗੇ ਕਿਹਾ "ਸਾਡੇ ਬਹਾਦਰ ਸਾਰੀਆਂ ਅੱਤਵਾਦੀ ਕੋਸ਼ਿਸ਼ਾਂ ਨੂੰ ਮਿੱਧ ਦੇਣਗੇ।”

 

ਪ੍ਰਧਾਨ ਮੰਤਰੀ ਨੇ ਦੁਹਰਾਇਆ, "ਭਾਰਤ ਵਿਕਾਸ ਦੇ ਰਾਹ ਵਿੱਚ ਆਉਣ ਵਾਲੀਆਂ ਸਾਰੀਆਂ ਚੁਣੌਤੀਆਂ ਨੂੰ ਪਾਰ ਕਰੇਗਾ, ਚਾਹੇ ਉਹ ਲੱਦਾਖ ਹੋਵੇ ਜਾਂ ਜੰਮੂ ਅਤੇ ਕਸ਼ਮੀਰ।” ਉਨ੍ਹਾਂ ਨੇ ਯਾਦ ਦਿਵਾਇਆ ਕਿ ਹੁਣ ਤੋਂ ਕੁਝ ਦਿਨਾਂ ਵਿੱਚ 5 ਅਗਸਤ ਨੂੰ ਧਾਰਾ 370 ਨੂੰ ਖ਼ਤਮ ਕਰਨ ਦੇ 5 ਸਾਲ ਪੂਰੇ ਹੋ ਜਾਣਗੇ ਅਤੇ ਅੱਜ ਦਾ ਜੰਮੂ ਅਤੇ ਕਸ਼ਮੀਰ ਸੁਪਨਿਆਂ ਨਾਲ ਭਰੇ ਇੱਕ ਨਵੇਂ ਭਵਿੱਖ ਦੀ ਗੱਲ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਪ੍ਰਗਤੀ ਦੀਆਂ ਉਦਾਹਰਣਾਂ ਦਿੱਤੀਆਂ ਅਤੇ ਯੂਟੀ ਵਿੱਚ ਜੀ20 ਮੀਟਿੰਗਾਂ ਦੇ ਆਯੋਜਨ, ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਸੈਰ-ਸਪਾਟੇ 'ਤੇ ਸਰਕਾਰ ਦਾ ਧਿਆਨ, ਸਿਨੇਮਾ ਹਾਲ ਖੋਲ੍ਹਣ ਅਤੇ ਸਾਢੇ ਤਿੰਨ ਦਹਾਕਿਆਂ ਬਾਅਦ ਸ਼ੁਰੂ ਕੀਤੇ ਜਾ ਰਹੇ ਤਾਜ਼ੀਆ ਜਲੂਸ ਦਾ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, "ਧਰਤੀ 'ਤੇ ਇਹ ਸਵਰਗ ਤੇਜ਼ੀ ਨਾਲ ਸ਼ਾਂਤੀ ਅਤੇ ਖ਼ੁਸ਼ਹਾਲੀ ਦੀ ਦਿਸ਼ਾ ਵੱਲ ਵਧ ਰਿਹਾ ਹੈ।"

 

ਲੱਦਾਖ ਵਿੱਚ ਹੋ ਰਹੇ ਵਿਕਾਸ ਨੂੰ ਰੇਖਾਂਕਿਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਸ਼ਿੰਕੁਨ ਲਾ ਸੁਰੰਗ ਰਾਹੀਂ ਕੇਂਦਰ ਸ਼ਾਸਿਤ ਪ੍ਰਦੇਸ਼ ਹਰ ਮੌਸਮ ਵਿੱਚ ਸਾਲ ਭਰ ਪੂਰੇ ਦੇਸ਼ ਨਾਲ ਜੁੜਿਆ ਰਹੇਗਾ। “ਇਹ ਸੁਰੰਗ ਲੱਦਾਖ ਦੇ ਵਿਕਾਸ ਅਤੇ ਬਿਹਤਰ ਭਵਿੱਖ ਲਈ ਨਵੀਆਂ ਸੰਭਾਵਨਾਵਾਂ ਦੇ ਦਰਵਾਜ਼ੇ ਖੋਲ੍ਹੇਗੀ।” 

 

ਲੱਦਾਖ ਦੇ ਲੋਕਾਂ ਨੂੰ ਵਧਾਈ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸੁਰੰਗ ਉਨ੍ਹਾਂ ਦੇ ਜੀਵਨ ਨੂੰ ਹੋਰ ਅਸਾਨ ਬਣਾਵੇਗੀ ਕਿਉਂਕਿ ਖੇਤਰ ਦੇ ਖ਼ਰਾਬ ਮੌਸਮ ਕਾਰਨ ਉਨ੍ਹਾਂ ਨੂੰ ਦਰਪੇਸ਼ ਕਈ ਮੁਸ਼ਕਿਲਾਂ ਦੂਰ ਹੋ ਜਾਣਗੀਆਂ।

 

ਪ੍ਰਧਾਨ ਮੰਤਰੀ ਨੇ ਲੱਦਾਖ ਦੇ ਲੋਕਾਂ ਪ੍ਰਤੀ ਸਰਕਾਰ ਦੀਆਂ ਤਰਜੀਹਾਂ ਨੂੰ ਉਜਾਗਰ ਕੀਤਾ ਅਤੇ ਕੋਵਿਡ-19 ਮਹਾਮਾਰੀ ਦੌਰਾਨ ਈਰਾਨ ਤੋਂ ਕਾਰਗਿਲ ਖੇਤਰ ਦੇ ਨਾਗਰਿਕਾਂ ਨੂੰ ਸੁਰੱਖਿਅਤ ਕੱਢਣ ਲਈ ਵਿਅਕਤੀਗਤ ਤੌਰ 'ਤੇ ਯਤਨ ਕਰਨ ਦਾ ਜ਼ਿਕਰ ਕੀਤਾ। ਉਨ੍ਹਾਂ ਜੈਸਲਮੇਰ ਵਿੱਚ ਸਥਾਪਿਤ ਕੀਤੇ ਗਏ ਇੱਕ ਕੁਆਰੰਟੀਨ ਜ਼ੋਨ ਨੂੰ ਵੀ ਯਾਦ ਕੀਤਾ ਜਿੱਥੇ ਲੱਦਾਖ ਭੇਜਣ ਤੋਂ ਪਹਿਲਾਂ ਉਨ੍ਹਾਂ ਦੀ ਜਾਂਚ ਕੀਤੀ ਗਈ ਸੀ। ਲੱਦਾਖ ਦੇ ਲੋਕਾਂ ਲਈ ਈਜ਼ ਆਫ਼ ਲਿਵਿੰਗ ਨੂੰ ਹੁਲਾਰਾ ਦੇਣ ਅਤੇ ਹੋਰ ਸੇਵਾਵਾਂ ਪ੍ਰਦਾਨ ਕਰਨ ਲਈ ਸਰਕਾਰ ਦੇ ਯਤਨਾਂ ਨੂੰ ਰੇਖਾਂਕਿਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਪਿਛਲੇ 5 ਸਾਲਾਂ ਵਿੱਚ ਬਜਟ ਵਿੱਚ 1100 ਕਰੋੜ ਰੁਪਏ ਤੋਂ 6000 ਕਰੋੜ ਰੁਪਏ ਤੱਕ ਲਗਭਗ ਛੇ ਗੁਣਾ ਵਾਧੇ ਦਾ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਪਹਿਲੀ ਵਾਰ ਸੰਪੂਰਨ ਯੋਜਨਾਬੰਦੀ ਦੀ ਵਰਤੋਂ ਨੂੰ ਉਜਾਗਰ ਕਰਦਿਆਂ ਕਿਹਾ "ਭਾਵੇਂ ਸੜਕਾਂ ਹੋਣ, ਬਿਜਲੀ ਹੋਵੇ, ਪਾਣੀ ਹੋਵੇ, ਸਿੱਖਿਆ ਹੋਵੇ, ਬਿਜਲੀ ਸਪਲਾਈ ਹੋਵੇ, ਰੋਜ਼ਗਾਰ ਹੋਵੇ, ਲੱਦਾਖ ਦੀ ਹਰ ਦਿਸ਼ਾ ਬਦਲ ਰਹੀ ਹੈ।”  ਉਨ੍ਹਾਂ ਨੇ ਜਲ ਜੀਵਨ ਮਿਸ਼ਨ ਤਹਿਤ ਲੱਦਾਖ ਦੇ ਘਰਾਂ ਵਿੱਚ ਪੀਣ ਵਾਲੇ ਪਾਣੀ ਦੀ 90 ਫ਼ੀਸਦੀ ਤੋਂ ਵੱਧ ਕਵਰੇਜ, ਲੱਦਾਖ ਦੇ ਨੌਜਵਾਨਾਂ ਲਈ ਮਿਆਰੀ ਉੱਚ ਸਿੱਖਿਆ ਲਈ ਆਉਣ ਵਾਲੀ ਸਿੰਧੂ ਕੇਂਦਰੀ ਯੂਨੀਵਰਸਿਟੀ, ਪੂਰੇ ਲੱਦਾਖ ਖੇਤਰ ਵਿੱਚ 4ਜੀ ਨੈੱਟਵਰਕ ਸਥਾਪਤ ਕਰਨ ਦੇ ਕੰਮ ਅਤੇ ਐੱਨਐੱਚ1 'ਤੇ ਹਰ ਮੌਸਮ ਕਨੈਕਟੀਵਿਟੀ ਲਈ 13-ਕਿਲੋਮੀਟਰ ਲੰਬੀ ਜ਼ੋਜਿਲਾ ਸੁਰੰਗ ਲਈ ਚੱਲ ਰਹੇ ਕੰਮ ਦੀਆਂ ਉਦਾਹਰਨਾਂ ਦਿੱਤੀਆਂ। 

 

ਸਰਹੱਦੀ ਖੇਤਰਾਂ ਲਈ ਅਭਿਲਾਸ਼ੀ ਟੀਚਿਆਂ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਬਾਰਡਰ ਰੋਡ ਆਰਗੇਨਾਈਜ਼ੇਸ਼ਨ (ਬੀਆਰਓ) ਨੇ ਨਿਊ ਇੰਡੀਆ ਦੀਆਂ ਸਮਰੱਥਾਵਾਂ ਅਤੇ ਦਿਸ਼ਾਵਾਂ ਨੂੰ ਦਰਸਾਉਂਦੇ ਹੋਏ ਸੇਲਾ ਸੁਰੰਗ ਸਮੇਤ 330 ਤੋਂ ਵੱਧ ਪ੍ਰੋਜੈਕਟਾਂ ਨੂੰ ਪੂਰਾ ਕੀਤਾ ਹੈ।

 

ਫ਼ੌਜੀ ਤਕਨੀਕਾਂ ਨੂੰ ਅਪਗ੍ਰੇਡ ਕਰਨ ਦੀ ਮਹੱਤਤਾ 'ਤੇ ਜ਼ੋਰ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਬਦਲਦੇ ਆਲਮੀ ਹਲਾਤ ਵਿੱਚ ਸਾਡੇ ਰੱਖਿਆ ਬਲ ਨੂੰ ਆਧੁਨਿਕ ਕਾਰਜਸ਼ੈਲੀ ਅਤੇ ਪ੍ਰਬੰਧਾਂ ਦੇ ਨਾਲ-ਨਾਲ ਆਧੁਨਿਕ ਹਥਿਆਰਾਂ ਅਤੇ ਉਪਕਰਨਾਂ ਦੀ ਲੋੜ ਹੈ। ਸ੍ਰੀ ਮੋਦੀ ਨੇ ਕਿਹਾ ਕਿ ਰੱਖਿਆ ਖੇਤਰ ਨੂੰ ਪਹਿਲਾਂ ਵੀ ਅਪਗ੍ਰੇਡ ਕਰਨ ਦੀ ਲੋੜ ਮਹਿਸੂਸ ਕੀਤੀ ਗਈ ਸੀ, ਪਰ ਬਦਕਿਸਮਤੀ ਨਾਲ ਇਸ ਮੁੱਦੇ ਨੂੰ ਜ਼ਿਆਦਾ ਮਹੱਤਵ ਨਹੀਂ ਦਿੱਤਾ ਗਿਆ। ਉਨ੍ਹਾਂ ਅੱਗੇ ਕਿਹਾ “ਹਾਲਾਂਕਿ, ਪਿਛਲੇ 10 ਸਾਲਾਂ ਵਿੱਚ ਰੱਖਿਆ ਸੁਧਾਰਾਂ ਨੂੰ ਤਰਜੀਹ ਦਿੱਤੀ ਗਈ ਹੈ, ਜਿਸ ਨਾਲ ਸਾਡੀਆਂ ਫ਼ੌਜਾਂ ਨੂੰ ਵਧੇਰੇ ਸਮਰੱਥ ਅਤੇ ਸਵੈ-ਨਿਰਭਰ ਬਣਾਇਆ ਗਿਆ ਹੈ।” ਸ੍ਰੀ ਮੋਦੀ ਨੇ ਅੱਗੇ ਕਿਹਾ ਕਿ ਅੱਜ ਰੱਖਿਆ ਖ਼ਰੀਦ ਵਿੱਚ ਇੱਕ ਵੱਡੀ ਹਿੱਸੇਦਾਰੀ ਭਾਰਤੀ ਰੱਖਿਆ ਉਦਯੋਗ ਨੂੰ ਦਿੱਤੀ ਜਾ ਰਹੀ ਹੈ, ਉਨ੍ਹਾਂ ਕਿਹਾ ਕਿ ਰੱਖਿਆ ਅਤੇ ਖੋਜ ਵਿਕਾਸ ਬਜਟ ਵਿੱਚ ਪ੍ਰਾਈਵੇਟ ਸੈਕਟਰ ਲਈ 25 ਪ੍ਰਤੀਸ਼ਤ ਰਾਖਵਾਂ ਰੱਖਿਆ ਗਿਆ ਹੈ। "ਇਨ੍ਹਾਂ ਕੋਸ਼ਿਸ਼ਾਂ ਦੇ ਨਤੀਜੇ ਵਜੋਂ, ਭਾਰਤ ਦਾ ਰੱਖਿਆ ਉਤਪਾਦਨ 1.5 ਲੱਖ ਕਰੋੜ ਨੂੰ ਪਾਰ ਕਰ ਗਿਆ ਹੈ।" ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਅੱਜ, ਭਾਰਤ ਹਥਿਆਰਾਂ ਦੇ ਨਿਰਯਾਤਕ ਵਜੋਂ ਵੀ ਆਪਣੀ ਪਛਾਣ ਬਣਾ ਰਿਹਾ ਹੈ, ਇਸ ਦੇ ਉਲਟ ਉਸ ਦੇਸ਼ ਦੀ ਅਤੀਤ ਦੀ ਤਸਵੀਰ ਦੇ ਉਲਟ ਜੋ ਹਥਿਆਰਾਂ ਦੀ ਦਰਾਮਦ ਕਰਨ ਵਾਲੇ ਦੇਸ਼ ਵਜੋਂ ਗਿਣਿਆ ਜਾਂਦਾ ਸੀ। ਸ੍ਰੀ ਮੋਦੀ ਨੇ ਖ਼ੁਸ਼ੀ ਜ਼ਾਹਰ ਕੀਤੀ ਕਿ ਸਾਡੀ ਫੋਰਸ ਨੇ ਹੁਣ 5000 ਤੋਂ ਵੱਧ ਹਥਿਆਰਾਂ ਅਤੇ ਫ਼ੌਜੀ ਉਪਕਰਨਾਂ ਦੀ ਦਰਾਮਦ ਨੂੰ ਰੋਕਣ ਦਾ ਫੈਸਲਾ ਕੀਤਾ ਹੈ। 

 

ਰੱਖਿਆ ਖੇਤਰ ਵਿੱਚ ਸੁਧਾਰਾਂ ਲਈ ਰੱਖਿਆ ਬਲਾਂ ਦੀ ਸ਼ਲਾਘਾ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਅਗਨੀਪਥ ਯੋਜਨਾ ਨੂੰ ਮਹੱਤਵਪੂਰਨ ਸੁਧਾਰਾਂ ਵਿੱਚੋਂ ਇੱਕ ਦੇ ਰੂਪ ਵਿੱਚ ਵਿਸਤਾਰ ਵਿੱਚ ਦੱਸਿਆ। ਭਾਰਤੀ ਫੋਰਸ ਦੀ ਔਸਤ ਉਮਰ ਦੇ ਗਲੋਬਲ ਔਸਤ ਤੋਂ ਉੱਪਰ ਹੋਣ ਲਈ ਲੰਬੇ ਸਮੇਂ ਤੋਂ ਲਟਕ ਰਹੀ ਚਿੰਤਾ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਤੀਤ ਵਿੱਚ ਇਸ ਗੰਭੀਰ ਚਿੰਤਾ ਨਾਲ ਨਜਿੱਠਣ ਲਈ ਕੋਈ ਇੱਛਾ ਸ਼ਕਤੀ ਨਹੀਂ ਸੀ, ਜਿਸ ਨੂੰ ਹੁਣ ਅਗਨੀਪਥ ਯੋਜਨਾ ਰਾਹੀਂ ਹੱਲ ਕੀਤਾ ਜਾ ਰਿਹਾ ਹੈ। ਇਸ ਸੰਵੇਦਨਸ਼ੀਲ ਵਿਸ਼ੇ ਦੇ ਘੋਰ ਸਿਆਸੀਕਰਨ 'ਤੇ ਅਫ਼ਸੋਸ ਪ੍ਰਗਟ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ, "ਅਗਨੀਪਥ ਦਾ ਉਦੇਸ਼ ਬਲਾਂ ਨੂੰ ਜਵਾਨ ਅਤੇ ਲਗਾਤਾਰ ਲੜਾਈ ਲਈ ਤਿਆਰ ਰੱਖਣਾ ਹੈ।" ਉਨ੍ਹਾਂ ਨੇ ਏਅਰ ਫੋਰਸ ਫਲੀਟ ਦੇ ਆਧੁਨਿਕੀਕਰਨ ਲਈ ਪਿਛਲੇ ਘੁਟਾਲਿਆਂ ਅਤੇ ਅਤੀਤ ਦੇ ਸੰਕੋਚ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ “ਸਚਾਈ ਇਹ ਹੈ ਕਿ ਅਗਨੀਪਥ ਯੋਜਨਾ ਨਾਲ ਦੇਸ਼ ਦੀ ਤਾਕਤ ਵਧੇਗੀ ਅਤੇ ਦੇਸ਼ ਨੂੰ ਯੋਗ ਨੌਜਵਾਨ ਵੀ ਮਿਲਣਗੇ। ਪ੍ਰਾਈਵੇਟ ਸੈਕਟਰ ਅਤੇ ਅਰਧ ਸੈਨਿਕ ਬਲਾਂ ਵਿੱਚ ਵੀ ਅਗਨੀਵੀਰਾਂ ਨੂੰ ਪਹਿਲ ਦੇਣ ਲਈ ਘੋਸ਼ਣਾਵਾਂ ਕੀਤੀਆਂ ਗਈਆਂ ਹਨ।”

 

ਅਗਨੀਪਥ ਯੋਜਨਾ ਦੇ ਮੁੱਖ ਕਾਰਨ ਵਜੋਂ ਪੈਨਸ਼ਨ ਦੇ ਬੋਝ ਨੂੰ ਬਚਾਉਣ ਦੇ ਇਰਾਦੇ ਬਾਰੇ ਪ੍ਰਚਾਰ ਨੂੰ ਰੱਦ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਯਾਦ ਦਿਵਾਇਆ ਕਿ ਅੱਜ ਭਰਤੀ ਕੀਤੇ ਜਾ ਰਹੇ ਸੈਨਿਕਾਂ ਦੀ ਪੈਨਸ਼ਨ ਦਾ ਬੋਝ 30 ਸਾਲਾਂ ਬਾਅਦ ਆਵੇਗਾ, ਇਸ ਲਈ ਇਹ ਯੋਜਨਾ ਦੇ ਪਿੱਛੇ ਦਾ ਕਾਰਨ ਨਹੀਂ ਹੋ ਸਕਦਾ। ਉਨ੍ਹਾਂ ਅੱਗੇ ਕਿਹਾ। “ਅਸੀਂ ਹਥਿਆਰਬੰਦ ਬਲਾਂ ਵੱਲੋਂ ਲਏ ਗਏ ਇਸ ਫੈਸਲੇ ਦਾ ਸਨਮਾਨ ਕੀਤਾ ਹੈ ਕਿਉਂਕਿ ਸਾਡੇ ਲਈ ਦੇਸ਼ ਦੀ ਸੁਰੱਖਿਆ ਰਾਜਨੀਤੀ ਨਾਲੋਂ ਜ਼ਿਆਦਾ ਮਹੱਤਵਪੂਰਨ ਹੈ।”

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੇਸ਼ ਦੇ ਨੌਜਵਾਨਾਂ ਨੂੰ ਗੁਮਰਾਹ ਕਰਨ ਵਾਲਿਆਂ ਨੂੰ ਅਤੀਤ ਵਿੱਚ ਹਥਿਆਰਬੰਦ ਬਲਾਂ ਦੀ ਕੋਈ ਪਰਵਾਹ ਨਹੀਂ ਸੀ। ਵੰਨ ਰੈਂਕ ਵੰਨ ਪੈਨਸ਼ਨ 'ਤੇ ਪਿਛਲੀਆਂ ਸਰਕਾਰਾਂ ਵੱਲੋਂ ਕੀਤੇ ਗਏ ਝੂਠੇ ਵਾਅਦਿਆਂ ਨੂੰ ਯਾਦ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਇਹ ਮੌਜੂਦਾ ਸਰਕਾਰ ਸੀ ਜਿਸ ਨੇ ਇਸ ਯੋਜਨਾ ਨੂੰ ਲਾਗੂ ਕੀਤਾ ਅਤੇ ਸਾਬਕਾ ਸੈਨਿਕਾਂ ਨੂੰ 1.25 ਲੱਖ ਕਰੋੜ ਰੁਪਏ ਤੋਂ ਵੱਧ ਦਿੱਤੇ ਗਏ। ਉਨ੍ਹਾਂ ਪਿਛਲੀਆਂ ਸਰਕਾਰਾਂ ਦੀ ਅਣਗਹਿਲੀ ਦਾ ਜ਼ਿਕਰ ਕਰਦਿਆਂ ਕਿਹਾ, “ਇਹ ਉਹੀ ਲੋਕ ਹਨ, ਜਿਨ੍ਹਾਂ ਨੇ ਆਜ਼ਾਦੀ ਦੇ 7 ਦਹਾਕਿਆਂ ਬਾਅਦ ਵੀ ਸ਼ਹੀਦਾਂ ਦੀ ਜੰਗੀ ਯਾਦਗਾਰ ਨਹੀਂ ਬਣਾਈ, ਸਰਹੱਦ 'ਤੇ ਤਾਇਨਾਤ ਸਾਡੇ ਜਵਾਨਾਂ ਨੂੰ ਲੋੜੀਂਦੀਆਂ ਬੁਲਟ ਪਰੂਫ਼ ਜੈਕਟਾਂ ਮੁਹੱਈਆ ਨਹੀਂ ਕਰਵਾਈਆਂ ਅਤੇ ਕਾਰਗਿਲ ਵਿਜੇ ਦਿਵਸ ਨੂੰ ਨਜ਼ਰਅੰਦਾਜ਼ ਕੀਤਾ। 

 

ਸੰਬੋਧਨ ਦੀ ਸਮਾਪਤੀ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ, “ਕਾਰਗਿਲ ਦੀ ਜਿੱਤ ਕਿਸੇ ਸਰਕਾਰ ਜਾਂ ਕਿਸੇ ਪਾਰਟੀ ਦੀ ਜਿੱਤ ਨਹੀਂ ਸੀ। ਇਹ ਜਿੱਤ ਦੇਸ਼ ਦੀ ਹੈ, ਇਹ ਜਿੱਤ ਦੇਸ਼ ਦੀ ਵਿਰਾਸਤ ਹੈ। ਇਹ ਦੇਸ਼ ਦੇ ਮਾਣ ਅਤੇ ਸਵੈ-ਮਾਣ ਦਾ ਤਿਉਹਾਰ ਹੈ।” ਉਨ੍ਹਾਂ ਨੇ ਪੂਰੇ ਦੇਸ਼ ਦੇ ਵੱਲੋਂ ਬਹਾਦਰ ਸੈਨਿਕਾਂ ਨੂੰ ਸਲਾਮ ਕੀਤਾ ਅਤੇ ਕਾਰਗਿਲ ਜਿੱਤ ਦੇ 25 ਸਾਲ 'ਤੇ ਸਾਰੇ ਦੇਸ਼ਵਾਸੀਆਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।

 

 

ਇਸ ਮੌਕੇ 'ਤੇ ਰਕਸ਼ਾ ਮੰਤਰੀ ਸ੍ਰੀ ਰਾਜਨਾਥ ਸਿੰਘ ਨੇ ਨਵੀਂ ਦਿੱਲੀ ਸਥਿਤ ਰਾਸ਼ਟਰੀ ਯੁੱਧ ਸਮਾਰਕ 'ਤੇ ਬਹਾਦਰਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਦੇ ਨਾਲ ਤਿੰਨਾਂ ਸੈਨਾਵਾਂ ਦੇ ਵਾਈਸ ਚੀਫ਼ ਅਤੇ ਚੀਫ਼ ਆਫ਼ ਇੰਟੀਗ੍ਰੇਟਿਡ ਡਿਫੈਂਸ ਸਟਾਫ਼ ਤੋਂ ਲੈ ਕੇ ਚੇਅਰਮੈਨ ਚੀਫ਼ਸ ਆਫ਼ ਸਟਾਫ਼ ਕਮੇਟੀ (ਸੀਆਈਐੱਸਸੀ) ਵੀ ਮੌਜੂਦ ਸਨ। 

 

 

ਐਕਸ 'ਤੇ ਇਕ ਹੋਰ ਪੋਸਟ ਰਾਹੀਂ ਰਕਸ਼ਾ ਮੰਤਰੀ ਨੇ ਕਾਰਗਿਲ ਯੁੱਧ ਵਿਚ ਬਹਾਦਰੀ ਨਾਲ ਲੜਨ ਵਾਲੇ ਬਹਾਦਰ ਸੈਨਿਕਾਂ ਦੀ ਅਦੁੱਤੀ ਭਾਵਨਾ ਅਤੇ ਸਾਹਸ ਨੂੰ ਯਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਅਟੁੱਟ ਵਚਨਬੱਧਤਾ, ਬਹਾਦਰੀ ਅਤੇ ਦੇਸ਼ ਭਗਤੀ ਨੇ ਇਹ ਯਕੀਨੀ ਬਣਾਇਆ ਕਿ ਭਾਰਤ ਸੁਰੱਖਿਅਤ ਰਹੇ। ਸੈਨਿਕਾਂ ਦੀ ਸੇਵਾ ਅਤੇ ਕੁਰਬਾਨੀ ਹਰੇਕ ਭਾਰਤੀ ਨੂੰ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ।

 

 

ਦਰਾਸ ਵਿੱਚ ਪ੍ਰਧਾਨ ਮੰਤਰੀ ਦੀ ਮੌਜੂਦਗੀ ਵਿੱਚ ਆਯੋਜਿਤ ਕਾਰਗਿਲ ਵਿਜੇ ਦਿਵਸ ਸਮਾਰੋਹ ਵਿੱਚ ਲੱਦਾਖ ਦੇ ਲੈਫਟੀਨੈਂਟ ਗਵਰਨਰ, ਬ੍ਰਿਗੇਡੀਅਰ (ਡਾ.) ਬੀ.ਡੀ. ਸ਼ਰਮਾ (ਸੇਵਾਮੁਕਤ), ਰਕਸ਼ਾ ਰਾਜ ਮੰਤਰੀ ਸ੍ਰੀ ਸੰਜੇ ਸੇਠ, ਚੀਫ਼ ਆਫ਼ ਡਿਫੈਂਸ ਸਟਾਫ ਜਨਰਲ ਅਨਿਲ ਚੌਹਾਨ, ਤਿੰਨਾਂ ਫ਼ੌਜਾਂ ਦੇ ਮੁਖੀਆਂ, ਸਾਬਕਾ ਫ਼ੌਜੀਆਂ ਅਤੇ ਵੀਰ ਨਾਰੀਆਂ ਨੇ ਵੀ ਸ਼ਿਰਕਤ ਕੀਤੀ।

 

***************

 

ਏਬੀਬੀ/ਸੈਵੀ


(Release ID: 2039012) Visitor Counter : 45