ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਡਾ. ਮਨਸੁਖ ਮਾਂਡਵੀਆ ਨੇ ਸਮੁੱਚੇ ਭਾਰਤ ਦੇ ਐੱਨਐੱਸਐੱਸ ਵਲੰਟੀਅਰਾਂ ਨਾਲ ਗੱਲਬਾਤ ਕੀਤੀ
ਸਰਕਾਰ ਵਿਆਪਕ ਸਹਾਇਤਾ ਅਤੇ ਸਰੋਤਾਂ ਨਾਲ ਯੁਵਾ ਸੰਭਾਵਨਾਵਾਂ ਦਾ ਪੋਸ਼ਣ ਕਰਨ ਲਈ ਵਚਨਬੱਧ: ਡਾ. ਮਨਸੁਖ ਮਾਂਡਵੀਆ
"ਕੇਂਦਰੀ ਬਜਟ 2024-25 ਯੁਵਾ-ਕੇਂਦਰਿਤ ਅਤੇ 'ਮਾਈ ਭਾਰਤ ਪੋਰਟਲ' ਵਿਕਸਿਤ ਭਾਰਤ ਵੱਲ ਸਾਡੀ ਯਾਤਰਾ ਵਿੱਚ ਨੌਜਵਾਨਾਂ ਦੀ ਸਾਰਥਕ ਭਾਗੀਦਾਰੀ ਲਈ ਦਾ ਪ੍ਰੇਰਕ ਬਣੇਗਾ"
प्रविष्टि तिथि:
24 JUL 2024 7:07PM by PIB Chandigarh
ਕੇਂਦਰੀ ਯੁਵਾ ਮਾਮਲੇ ਅਤੇ ਖੇਡਾਂ ਅਤੇ ਕਿਰਤ ਅਤੇ ਰੋਜ਼ਗਾਰ ਮੰਤਰੀ ਡਾ. ਮਨਸੁਖ ਮਾਂਡਵੀਆ ਨੇ ਅੱਜ ਵੀਡੀਓ ਕਾਨਫ਼ਰੰਸ ਰਾਹੀਂ ਸਮੁੱਚੇ ਭਾਰਤ ਦੇ ਰਾਸ਼ਟਰੀ ਸੇਵਾ ਯੋਜਨਾ (ਐੱਨਐੱਸਐੱਸ) ਦੇ ਵਲੰਟੀਅਰਾਂ ਨਾਲ ਗਤੀਸ਼ੀਲ ਅਤੇ ਵਿਹਾਰਕ ਗੱਲਬਾਤ ਕੀਤੀ। ਇਸ ਗੱਲਬਾਤ ਦਾ ਮੰਤਵ ਉਨ੍ਹਾਂ ਨੌਜਵਾਨਾਂ ਨੂੰ ਪਛਾਣਨਾ ਅਤੇ ਪ੍ਰੇਰਿਤ ਕਰਨਾ ਸੀ, ਜੋ ਸਮਾਜ ਸੇਵਾ ਅਤੇ ਰਾਸ਼ਟਰ ਨਿਰਮਾਣ ਵਿੱਚ ਮਹੱਤਵਪੂਰਨ ਯੋਗਦਾਨ ਪਾ ਰਹੇ ਹਨ। ਇਹ ਗੱਲਬਾਤ ਕੇਂਦਰੀ ਮੰਤਰੀ ਵੱਲੋਂ ਐਂਡ ਯੂਜਰਜ਼ (ਅੰਤਿਮ ਉਪਭੋਗਤਾਵਾਂ) ਭਾਵ ਨੌਜਵਾਨਾਂ ਨੂੰ ਫ਼ੈਸਲੇ ਲੈਣ ਦੀ ਪ੍ਰਕਿਰਿਆ ਵਿੱਚ ਸ਼ਾਮਲ ਕਰਨ ਲਈ ਚਲਾਈ ਗਈ ਮੁਹਿੰਮ ਦਾ ਹਿੱਸਾ ਹੈ। ਇਸ ਤੋਂ ਪਹਿਲਾਂ ਮੰਤਰੀ ਨੇ ਰਾਸ਼ਟਰੀ ਯੁਵਾ ਪੁਰਸਕਾਰ ਜੇਤੂਆਂ, ਰਾਸ਼ਟਰੀ ਸੇਵਾ ਯੋਜਨਾ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਅਤੇ ਐੱਨਵਾਈਕੇਜ਼ ਦੇ ਵਲੰਟੀਅਰਾਂ ਨਾਲ ਗੱਲਬਾਤ ਕੀਤੀ।

ਸ਼ੁਰੂ ਵਿੱਚ ਕੇਂਦਰੀ ਮੰਤਰੀ ਨੇ ਕਿਹਾ ਕਿ ਕੱਲ੍ਹ ਸੰਸਦ ਵਿੱਚ ਪੇਸ਼ ਕੀਤਾ ਗਿਆ ਕੇਂਦਰੀ ਬਜਟ 2024-25 ਯੁਵਾ ਕੇਂਦਰਿਤ ਹੈ। ਉਨ੍ਹਾਂ ਕਿਹਾ ਕਿ ਬਜਟ ਵਿੱਚ ਸਰਕਾਰ ਨੇ 4 ਕਰੋੜ ਤੋਂ ਵੱਧ ਨੌਜਵਾਨਾਂ ਲਈ ਰੋਜ਼ਗਾਰ ਅਤੇ ਹੁਨਰ ਦੀ ਸਹੂਲਤ ਲਈ 2 ਲੱਖ ਕਰੋੜ ਰੁਪਏ ਖ਼ਰਚਣ ਦਾ ਐਲਾਨ ਕੀਤਾ ਹੈ।

ਉਤਸ਼ਾਹੀ ਵਲੰਟੀਅਰਾਂ ਨੂੰ ਸੰਬੋਧਨ ਕਰਦਿਆਂ ਡਾ. ਮਾਂਡਵੀਆ ਨੇ ਨੌਜਵਾਨਾਂ ਵਿੱਚ ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨ ਲਈ ਐੱਨਐੱਸਐੱਸ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਦੇਸ਼ ਭਰ ਵਿੱਚ ਐੱਨਐੱਸਐੱਸ ਵਲੰਟੀਅਰਾਂ ਵੱਲੋਂ ਕੀਤੀ ਗਈ ਨਿਰਸਵਾਰਥ ਸੇਵਾ ਲਈ ਤਹਿ ਦਿਲੋਂ ਪ੍ਰਸ਼ੰਸਾ ਕੀਤੀ।
ਗੱਲਬਾਤ ਦੌਰਾਨ ਡਾ. ਮਨਸੁਖ ਮਾਂਡਵੀਆ ਨੇ ਮਾਈ ਭਾਰਤ ਪੋਰਟਲ ਬਾਰੇ ਫੀਡਬੈਕ ਹਾਸਲ ਕੀਤੀ। ਐੱਨਐੱਸਐੱਸ ਵਲੰਟੀਅਰਾਂ ਨੇ ਆਪਣੀਆਂ ਗਤੀਵਿਧੀਆਂ ਅਤੇ ਵੱਖ-ਵੱਖ ਜਾਗਰੂਕਤਾ ਮੁਹਿੰਮਾਂ, ਕਮਿਊਨਿਟੀ ਸੇਵਾਵਾਂ ਆਦਿ ਵਿੱਚ ਭਾਗ ਲੈਣ ਬਾਰੇ ਆਪਣੇ ਤਜਰਬੇ ਸਾਂਝੇ ਕੀਤੇ। ਐੱਨਐੱਸਐੱਸ ਵਲੰਟੀਅਰਾਂ ਨੇ ਦੱਸਿਆ ਕਿ ਸੀਵੀ ਬਿਲਡਰ ਅਤੇ ਅਨੁਭਵੀ ਸਿਖਲਾਈ ਕੋਰਸਾਂ ਵਰਗੇ ਮਾਡਿਊਲ ਵਿਸ਼ੇਸ਼ ਤੌਰ 'ਤੇ ਮਦਦਗਾਰ ਰਹੇ ਹਨ ਅਤੇ ਉਨ੍ਹਾਂ ਕੇਂਦਰੀ ਮੰਤਰੀ ਨੂੰ ਅਜਿਹੀਆਂ ਵਿਸ਼ੇਸ਼ਤਾਵਾਂ ਅਤੇ ਕੋਰਸਾਂ ਨੂੰ ਹੋਰ ਵਧਾਉਣ ਲਈ ਬੇਨਤੀ ਕੀਤੀ।
ਡਾ. ਮਾਂਡਵੀਆ ਨੇ ਜ਼ਿਕਰ ਕੀਤਾ ਕਿ ਇਹ ਮੰਚ ਨੌਜਵਾਨਾਂ ਦੀ ਸ਼ਮੂਲੀਅਤ ਲਈ ਇੱਕ ਵਿਆਪਕ ਹੱਬ ਵਜੋਂ ਕੰਮ ਕਰਦਾ ਹੈ, ਸੇਵਾਵਾਂ ਅਤੇ ਪਹਿਲਕਦਮੀਆਂ ਦੀ ਇੱਕ ਵਿਸ਼ਾਲ ਸ਼੍ਰੇਣੀ ਤੱਕ ਪਹੁੰਚ ਦੀ ਪੇਸ਼ਕਸ਼ ਕਰਦਾ ਹੈ। ਉਨ੍ਹਾਂ ਕਿਹਾ ਕਿ ਮਾਈ ਭਾਰਤ ਨੌਜਵਾਨਾਂ ਨੂੰ ਰਾਸ਼ਟਰ ਨਿਰਮਾਣ ਅਤੇ ਵਿਅਕਤੀਗਤ ਵਿਕਾਸ ਵਿੱਚ ਅਰਥਪੂਰਨ ਯੋਗਦਾਨ ਪਾਉਣ ਲਈ ਲੋੜੀਂਦੇ ਸਰੋਤ ਅਤੇ ਮੌਕੇ ਪ੍ਰਦਾਨ ਕਰਕੇ ਉਨ੍ਹਾਂ ਨੂੰ ਸ਼ਕਤੀ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ ਹੈ।
ਵੱਖ-ਵੱਖ ਪਹਿਲਕਦਮੀਆਂ ਅਤੇ ਪ੍ਰੋਗਰਾਮਾਂ ਰਾਹੀਂ ਨੌਜਵਾਨਾਂ ਨੂੰ ਸਸ਼ਕਤ ਬਣਾਉਣ ਲਈ ਸਰਕਾਰ ਦੀ ਵਚਨਬੱਧਤਾ ਨੂੰ ਉਜਾਗਰ ਕਰਦੇ ਹੋਏ ਡਾ. ਮਾਂਡਵੀਆ ਨੇ ਕਿਹਾ, "ਵਿਕਸਿਤ ਭਾਰਤ ਵੱਲ ਸਾਡੀ ਯਾਤਰਾ ਵਿੱਚ ਸਾਡੇ ਨੌਜਵਾਨਾਂ ਦੀ ਪੂਰੀ ਸਮਰੱਥਾ ਦਾ ਪੋਸ਼ਣ ਕਰਨ ਲਈ ਲੋੜੀਂਦਾ ਸਮਰਥਨ ਅਤੇ ਸਰੋਤ ਪ੍ਰਦਾਨ ਕਰਨ ਲਈ ਸਾਡੀ ਸਰਕਾਰ ਵਚਨਬੱਧ ਹੈ। ਮੰਤਰਾਲੇ ਵਿੱਚ ਬਣਾਈ ਜਾ ਰਹੀ ਹਰ ਨੀਤੀ ਲਈ ਨੌਜਵਾਨਾਂ ਨੂੰ ਫੈਸਲੇ ਲੈਣ ਦੇ ਕੇਂਦਰ ਵਿੱਚ ਰੱਖਿਆ ਗਿਆ ਹੈ।
ਕੇਂਦਰੀ ਮੰਤਰੀ ਨੇ ਮਾਈ ਭਾਰਤ ਪੋਰਟਲ ਲਈ ਐੱਨਐੱਸਐੱਸ ਵਲੰਟੀਅਰਾਂ ਦੇ ਯਤਨਾਂ ਅਤੇ ਦਿਲਚਸਪੀ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਰਾਸ਼ਟਰ ਨਿਰਮਾਣ ਵਿੱਚ ਨੌਜਵਾਨਾਂ ਦੀ ਸ਼ਮੂਲੀਅਤ ਬਹੁਤ ਜ਼ਰੂਰੀ ਹੈ ਅਤੇ ਮਾਈ ਭਾਰਤ ਪੋਰਟਲ ਨਿਸ਼ਚਿਤ ਤੌਰ 'ਤੇ ਇਸ ਪ੍ਰਕਿਰਿਆ ਨੂੰ ਤੇਜ਼ ਕਰੇਗਾ। ਉਨ੍ਹਾਂ ਵਲੰਟੀਅਰਾਂ ਨੂੰ ਮਾਈ ਭਾਰਤ ਪੋਰਟਲ ਬਾਰੇ ਜਾਗਰੂਕਤਾ ਫੈਲਾਉਣ ਲਈ ਵੀ ਪ੍ਰੇਰਿਤ ਕੀਤਾ ਅਤੇ ਭਵਿੱਖ ਵਿੱਚ ਹੋਰ ਵਧਣ-ਫੁੱਲਣ ਲਈ ਪ੍ਰੇਰਿਤ ਕੀਤਾ।
************
ਹਿਮਾਂਸ਼ੂ ਪਾਠਕ
(रिलीज़ आईडी: 2038997)
आगंतुक पटल : 72