ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਖੇਲੋ ਇੰਡੀਆ ਮਹਿਲਾ ਵੁਸ਼ੂ ਲੀਗ ਦੇ ਪਟਿਆਲ਼ਾ ਵਿੱਚ ਹੋਣ ਵਾਲੇ ਉੱਤਰੀ ਖੇਤਰੀ ਮੁਕਾਬਲੇ ਲਈ ਤਿਆਰੀ ਪੂਰੀ


ਆਇਰਾ ਚਿਸ਼ਤੀ ਅਤੇ ਕੋਮਲ ਨਾਗਰ ਖੇਲੋ ਇੰਡੀਆ ਮਹਿਲਾ ਵੁਸ਼ੂ ਲੀਗ ਵਿੱਚ ਐੱਨਐੱਸਐੱਨਆਈਐੱਸ ਪਟਿਆਲ਼ਾ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਤਿਆਰ

"ਖੇਲੋ ਇੰਡੀਆ ਮਹਿਲਾ ਲੀਗ ਯੁਵਾ ਮਹਿਲਾ ਖਿਡਾਰੀਆਂ ਦਾ ਭਵਿੱਖ ਸਵਾਰਨ ਦੀ ਦ੍ਰਿਸ਼ਟੀ ਤੋਂ ਬਹੁਤ ਮਹੱਤਵਪੂਰਨ ਹੈ, ਮੈਂ ਇਸਦੇ ਲਈ ਸਰਕਾਰ ਦੀ ਧੰਨਵਾਦੀ ਹਾਂ": ਆਇਰਾ ਚਿਸ਼ਤੀ

“ਖੇਲੋ ਇੰਡੀਆ ਮਹਿਲਾ ਲੀਗ ਸਾਨੂੰ ਆਪਣੇ ਪ੍ਰਦਰਸ਼ਨ ਦਾ ਮੁਲਾਂਕਣ ਕਰਨ, ਆਪਣੀ ਖੇਡ ਦੀਆਂ ਖ਼ਾਮੀਆਂ ਨੂੰ ਸਮਝਣ ਅਤੇ ਉਨ੍ਹਾਂ ਵਿੱਚ ਸੁਧਾਰ ਕਰਨ ਲਈ ਇੱਕ ਚੰਗਾ ਮੰਚ ਪ੍ਰਦਾਨ ਕਰਦੀ ਹੈ”: ਕੋਮਲ ਨਾਗਰ

Posted On: 08 JUL 2024 2:11PM by PIB Chandigarh

ਖੇਲੋ ਇੰਡੀਆ ਮਹਿਲਾ ਵੁਸ਼ੂ ਲੀਗ ਦਾ ਆਗਾਮੀ ਉੱਤਰੀ ਖੇਤਰੀ ਦੌਰ, ਬਹੁਤ ਸਾਰੇ ਲੋਕਾਂ ਦਾ ਧਿਆਨ ਖਿੱਚਣ ਲਈ ਤਿਆਰ ਹੈ, ਜਿਸ ਵਿੱਚ ਪ੍ਰਮੁੱਖ ਅੰਤਰਰਾਸ਼ਟਰੀ ਅਥਲੀਟਾਂ ਆਇਰਾ ਚਿਸ਼ਤੀ ਅਤੇ ਕੋਮਲ ਨਾਗਰ ਹਿੱਸਾ ਲੈਣਗੀਆਂ। ਇਹ ਮੁਕਾਬਲਾ 9 ਤੋਂ 13 ਜੁਲਾਈ ਤੱਕ ਨੇਤਾਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ, ਪਟਿਆਲ਼ਾ ਵਿਖੇ ਹੋਵੇਗਾ, ਜਿਸ ਵਿੱਚ ਸਬ-ਜੂਨੀਅਰ, ਜੂਨੀਅਰ ਅਤੇ ਸੀਨੀਅਰ ਵਰਗ ਦੇ 350 ਅਥਲੀਟ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨਗੇ। ਭਾਰਤੀ ਸਪੋਰਟਸ ਅਥਾਰਿਟੀ (ਸਾਈ) ਪਟਿਆਲ਼ਾ ਵੱਲੋਂ ਆਯੋਜਿਤ, ਇਸ ਸਮਾਗਮ ਵਿੱਚ ਦੋਵੇਂ ਸਾਂਡਾ (ਲੜਾਈ) ਅਤੇ ਤਾਓਲੂ (ਫੋਰਮਸ) ਸ਼ਾਮਲ ਹੋਣਗੇ, ਜਿਸ ਵਿੱਚ ਹਰਿਆਣਾ, ਪੰਜਾਬ, ਦਿੱਲੀ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ, ਉਤਰਾਖੰਡ, ਜੰਮੂ-ਕਸ਼ਮੀਰ ਅਤੇ ਲਦਾਖ਼ ਤੋਂ ਪ੍ਰਤੀਯੋਗੀ ਹਿੱਸਾ ਲੈਣਗੇ।

ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੇ ਖੇਡ ਵਿਭਾਗ ਨੇ ਭਾਰਤੀ ਵੁਸ਼ੂ ਫੈਡਰੇਸ਼ਨ ਵੱਲੋਂ 7.2 ਲੱਖ ਰੁਪਏ ਦੀ ਇਨਾਮੀ ਰਾਸ਼ੀ ਨਾਲ ਆਯੋਜਿਤ ਮੁਕਾਬਲੇ ਲਈ ਫੰਡ ਦਿੱਤੇ ਹਨ। ਸਬ-ਜੂਨੀਅਰ, ਜੂਨੀਅਰ ਅਤੇ ਸੀਨੀਅਰ ਈਵੈਂਟਸ ਦੇ ਚੋਟੀ ਦੇ ਅੱਠ ਵੁਸ਼ੂ ਅਥਲੀਟਾਂ ਨੂੰ ਨਕਦ ਪ੍ਰੋਤਸਾਹਨ ਮਿਲੇਗਾ। 

ਪਿਛਲੇ ਮਹੀਨੇ ਕਰਨਾਟਕ ਵਿੱਚ ਆਯੋਜਿਤ ਦੱਖਣੀ ਖੇਤਰੀ ਮੁਕਾਬਲਿਆਂ ਦੇ ਸਫਲ ਆਯੋਜਨ ਤੋਂ ਇਹ ਅਗਲੇ ਦੌਰ ਦਾ ਖੇਤਰੀ ਮੁਕਾਬਲਾ ਹੋਵੇਗਾ। ਚਾਰ ਖੇਤਰੀ ਮੁਕਾਬਲਿਆਂ ਤੋਂ ਬਾਅਦ ਰਾਸ਼ਟਰੀ ਰੈਂਕਿੰਗ ਚੈਂਪੀਅਨਸ਼ਿਪ ਕਰਵਾਈ ਜਾਵੇਗੀ।

ਮਹਿਲਾ ਵੁਸ਼ੂ ਲੀਗ ਕਈ ਖਿਡਾਰੀਆਂ ਨੂੰ ਮੌਕੇ ਪ੍ਰਦਾਨ ਕਰੇਗੀ, ਜੋ ਵੱਡਾ ਨਾਮ ਕਮਾਉਣਾ ਚਾਹੁੰਦੇ ਹਨ, ਜਿਵੇਂ ਕਿ ਅੰਤਰਰਾਸ਼ਟਰੀ ਤਗਮਾ ਜੇਤੂ ਆਇਰਾ (18 ਸਾਲ) ਅਤੇ ਕੋਮਲ (19 ਸਾਲ), ਜੋ ਐੱਨਐੱਸਐੱਨਆਈਐੱਸ ਪਟਿਆਲ਼ਾ ਸੈਂਟਰ ਵਿਖੇ ਸਿਖਲਾਈ ਲੈ ਰਹੀਆਂ ਹਨ।

2022 ਵਿੱਚ ਇਸ ਪ੍ਰਤੀਯੋਗਿਤਾ ਵਿੱਚ ਡੈਬਿਊ ਕਰਨ ਵਾਲੀ ਆਇਰਾ ਨੇ ਕਿਹਾ, “ਮੈਂ ਇੱਥੇ ਆਪਣੀ ਤੀਜੀ ਖੇਲੋ ਇੰਡੀਆ ਮਹਿਲਾ ਵੁਸ਼ੂ ਲੀਗ ਵਿੱਚ ਆਪਣੇ ਘਰੇਲੂ ਮੈਦਾਨ ਵਿੱਚ ਖੇਡਣ ਲਈ ਬਹੁਤ ਉਤਸ਼ਾਹਿਤ ਹਾਂ ਅਤੇ ਮੈਂ ਪਿਛਲੀਆਂ ਦੋ ਚੈਂਪੀਅਨਸ਼ਿਪਾਂ ਵਿੱਚ ਗੋਲਡ ਮੈਡਲ ਜਿੱਤਿਆ ਹੈ।” ਆਇਰਾ ਨੇ ਅੱਗੇ ਕਿਹਾ "ਖੇਲੋ ਇੰਡੀਆ ਮਹਿਲਾ ਲੀਗ ਉਨ੍ਹਾਂ ਬਹੁਤ ਸਾਰੀਆਂ ਕੁੜੀਆਂ ਲਈ ਮਹੱਤਵਪੂਰਨ ਹੈ, ਜੋ ਖੇਡਾਂ ਵਿੱਚ ਆਪਣਾ ਭਵਿੱਖ ਸਵਾਰਨਾ ਚਾਹੁੰਦੀਆਂ ਹਨ। ਜਿੱਥੋਂ ਤੱਕ ਮੇਰਾ ਸਵਾਲ ਹੈ, ਮੈਂ 52 ਕਿੱਲੋਗ੍ਰਾਮ ਵਰਗ ਵਿੱਚ ਏਸ਼ੀਆਈ ਖੇਡਾਂ ਦਾ ਗੋਲਡ ਮੈਡਲ ਜਿੱਤਣਾ ਚਾਹੁੰਦੀ ਹਾਂ ਅਤੇ ਇਸ ਭਾਰ ਵਰਗ ਵਿੱਚ ਭਾਰਤ ਲਈ ਇਹ ਉਪਲਬਧੀ ਹਾਸਲ ਕਰਨ ਵਾਲੀ ਪਹਿਲੀ ਮਹਿਲਾ ਬਣਨਾ ਚਾਹੁੰਦੀ ਹਾਂ। ਇਸ ਤੋਂ ਪਹਿਲਾਂ, ਮੇਰਾ ਇਸ ਸਤੰਬਰ ਵਿੱਚ ਚੀਨ ਵਿੱਚ ਹੋਣ ਵਾਲੀ ਸੀਨੀਅਰ ਏਸ਼ੀਆਈ ਚੈਂਪੀਅਨਸ਼ਿਪ ਵਿੱਚ ਗੋਲਡ ਮੈਡਲ ਜਿੱਤਣ ਦਾ ਟੀਚਾ ਹੈ।”

 

ਜੰਮੂ ਅਤੇ ਕਸ਼ਮੀਰ ਦੀ ਆਇਰਾ ਚਿਸ਼ਤੀ ਖੇਲੋ ਇੰਡੀਆ ਮਹਿਲਾ ਵੁਸ਼ੂ ਲੀਗ 'ਚ ਲਗਾਤਾਰ ਤੀਜਾ ਗੋਲਡ ਮੈਡਲ ਜਿੱਤਣ ਦੀ ਕੋਸ਼ਿਸ਼ ਕਰ ਰਹੀ ਹੈ। 

ਜੰਮੂ ਅਤੇ ਕਸ਼ਮੀਰ ਦੀ ਆਇਰਾ, ਜੋ ਸੀਨੀਅਰ 52 ਕਿੱਲੋਗ੍ਰਾਮ ਸਾਂਡਾ ਵਰਗ ਵਿੱਚ ਹਿੱਸਾ ਲਵੇਗੀ, ਨੇ 2022 ਵਿੱਚ ਇੰਡੋਨੇਸ਼ੀਆ ਵਿੱਚ ਜੂਨੀਅਰ ਵੁਸ਼ੂ ਵਿਸ਼ਵ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ। ਉਸਨੇ 2022 ਵਿੱਚ ਜਾਰਜੀਆ ਵਿੱਚ ਅੰਤਰਰਾਸ਼ਟਰੀ ਵੁਸ਼ੂ ਚੈਂਪੀਅਨਸ਼ਿਪ ਵਿੱਚ ਗੋਲਡ ਮੈਡਲ ਅਤੇ 2024 ਵਿੱਚ ਰਸ਼ੀਅਨ ਮਾਸਕੋ ਸਟਾਰਸ ਵੁਸ਼ੂ ਇੰਟਰਨੈਸ਼ਨਲ ਚੈਂਪੀਅਨਸ਼ਿਪ ਵਿੱਚ ਵੀ ਗੋਲਡ ਮੈਡਲ ਜਿੱਤਿਆ ਸੀ।

ਸਾਂਡਾ ਵਿੱਚ ਰਸ਼ੀਅਨ ਮਾਸਕੋ ਸਟਾਰਸ ਵੁਸ਼ੂ ਇੰਟਰਨੈਸ਼ਨਲ ਚੈਂਪੀਅਨਸ਼ਿਪ 2023 ਵਿੱਚ ਗੋਲਡ ਮੈਡਲ ਜੇਤੂ ਚੰਡੀਗੜ੍ਹ ਦੀ ਕੋਮਲ ਨੇ ਕਿਹਾ, "ਕੈਲੰਡਰ ਸਾਲ ਵਿੱਚ ਰਾਸ਼ਟਰੀ ਟੂਰਨਾਮੈਂਟ ਤੋਂ ਇਲਾਵਾ ਇੱਕ ਹੋਰ ਟੂਰਨਾਮੈਂਟ ਖੇਡਣ ਦਾ ਮੌਕਾ ਮਿਲਣ ਨਾਲ ਸਾਡਾ ਆਤਮਵਿਸ਼ਵਾਸ ਵਧਦਾ ਹੈ।"

ਕੋਮਲ, ਜਿਸ ਨੇ 14 ਸਾਲ ਦੀ ਉਮਰ ਵਿੱਚ ਸਵੈ-ਰੱਖਿਆ ਤਕਨੀਕਾਂ ਸਿੱਖਣੀਆਂ ਸ਼ੁਰੂ ਕੀਤੀਆਂ, ਨੇ ਕਿਹਾ, "ਖੇਲੋ ਇੰਡੀਆ ਮਹਿਲਾ ਲੀਗ ਸਾਨੂੰ ਆਪਣੇ ਪ੍ਰਦਰਸ਼ਨ ਦਾ ਮੁਲਾਂਕਣ ਕਰਨ, ਆਪਣੀ ਖੇਡ ਦੀਆਂ ਖਾਮੀਆਂ ਅਤੇ ਉਸ ਵਿੱਚ ਸੁਧਾਰ ਕਰਨ ਦੀ ਦਿਸ਼ਾ ਵੱਲ ਕੰਮ ਕਰਨ ਲਈ ਇੱਕ ਚੰਗਾ ਮੰਚ ਪ੍ਰਦਾਨ ਕਰਦੀ ਹੈ।"

 

ਚੰਡੀਗੜ੍ਹ ਦੀ ਕੋਮਲ ਰਸ਼ੀਅਨ ਮਾਸਕੋ ਸਟਾਰਸ ਵੁਸ਼ੂ ਇੰਟਰਨੈਸ਼ਨਲ ਚੈਂਪੀਅਨਸ਼ਿਪ 2023 ਵਿੱਚ ਗੋਲਡ ਮੈਡਲ ਦੇ ਨਾਲ। 

ਔਰਤਾਂ ਲਈ ਖੇਡਾਂ ਬਾਰੇ:

ਸਪੋਰਟਸ ਫਾਰ ਵੂਮੈਨ ਵਰਟੀਕਲ ਦੇ ਤਹਿਤ ਖੇਲੋ ਇੰਡੀਆ ਮਹਿਲਾ ਲੀਗ ਨੂੰ ਦੋ ਮੁੱਖ ਫਾਰਮੈਟਾਂ ਵਿੱਚ ਬਣਾਇਆ ਗਿਆ ਹੈ: ਮੇਜਰ ਲੀਗ ਅਤੇ ਸਿਟੀ ਲੀਗ। ਇਹ ਲੀਗ ਵੱਖ-ਵੱਖ ਵਰਗਾਂ ਵਿੱਚ ਔਰਤਾਂ ਦੀਆਂ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਪਲੇਟਫ਼ਾਰਮ ਵਜੋਂ ਕੰਮ ਕਰਦੀਆਂ ਹਨ। ਇਸ ਤੋਂ ਇਲਾਵਾ, ਲੀਗ ਨੂੰ ਹਰੇਕ ਖੇਡ ਦੀਆਂ ਜ਼ਰੂਰਤਾਂ ਦੇ ਅਨੁਸਾਰ ਖ਼ਾਸ ਉਮਰ ਵਰਗਾਂ ਜਾਂ ਭਾਰ ਸ਼੍ਰੇਣੀਆਂ ਦੇ ਅੰਦਰ ਆਯੋਜਿਤ ਕੀਤਾ ਜਾਂਦਾ ਹੈ। 

ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਵੱਲੋਂ ਸਮਰਥਿਤ ਇਹ ਦ੍ਰਿਸ਼ਟੀਕੋਣ ਨਾ ਸਿਰਫ਼ ਮਹਿਲਾ ਅਥਲੀਟਾਂ ਵਿੱਚ ਵਿਆਪਕ ਭਾਗੀਦਾਰੀ ਨੂੰ ਉਤਸ਼ਾਹਿਤ ਕਰਦਾ ਹੈ, ਬਲਕਿ ਦੇਸ਼ ਭਰ ਵਿੱਚ ਵੱਖ-ਵੱਖ ਹੁਨਰ ਪੱਧਰਾਂ ਅਤੇ ਉਮਰ ਸਮੂਹਾਂ ਵਿੱਚ ਪ੍ਰਤਿਭਾ ਦੀ ਪਛਾਣ ਅਤੇ ਵਿਕਾਸ ਦੀ ਸਹੂਲਤ ਵੀ ਪ੍ਰਦਾਨ ਕਰਦੀ ਹੈ। ਇਨ੍ਹਾਂ ਢਾਂਚਾਗਤ ਫਾਰਮੈਟਾਂ ਰਾਹੀਂ ਖੇਲੋ ਇੰਡੀਆ ਪਹਿਲਕਦਮੀ ਦਾ ਉਦੇਸ਼ ਇੱਕ ਜੀਵੰਤ ਖੇਡ ਸਭਿਆਚਾਰ ਨੂੰ ਉਤਸ਼ਾਹਿਤ ਕਰਨਾ ਅਤੇ ਭਾਰਤ ਵਿੱਚ ਮਹਿਲਾ ਅਥਲੀਟਾਂ ਦੇ ਵਿਕਾਸ ਵਿੱਚ ਸਹਾਇਤਾ ਕਰਨਾ ਹੈ। 

 

***************

 

ਪ੍ਰਗਿਆ ਪਾਲੀਵਾਲ ਗੌੜ/ਹਿਮਾਂਸ਼ੂ ਪਾਠਕ



(Release ID: 2031671) Visitor Counter : 23