ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਨੈਸ਼ਨਲ ਸੈਂਟਰ ਫਾਰ ਗੁੱਡ ਗਵਰਨੈਂਸ ਨੇ ਨਵੀਂ ਦਿੱਲੀ ਵਿਖੇ ਤਨਜ਼ਾਨੀਆ ਦੇ ਅਧਿਕਾਰੀਆਂ ਲਈ ਜਨਤਕ ਕਾਰਜਾਂ ਦੇ ਪ੍ਰੋਜੈਕਟ ਅਤੇ ਜੋਖਮ ਪ੍ਰਬੰਧਨ ‘ਤੇ ਦੋ ਸਪਤਾਹ ਦੇ ਸਮਰੱਥਾ ਨਿਰਮਾਣ ਪ੍ਰੋਗਰਾਮ ਨੂੰ ਸਫ਼ਲਤਾਪੂਰਵਕ ਪੂਰਾ ਕੀਤਾ
ਇਸ ਪ੍ਰੋਗਰਾਮ ਵਿੱਚ ਵੱਖ-ਵੱਖ ਪ੍ਰਮੁੱਖ ਮੰਤਰਾਲਿਆਂ ਅਤੇ ਵਿਭਾਗਾਂ ਦੇ 39 ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ
“ਦੇਸ਼ ਵਿਭਿੰਨ ਖੇਤਰਾਂ ਵਿੱਚ ਵੱਡੇ ਬੁਨਿਆਦੀ ਢਾਂਚੇ ਦੇ ਵਿਕਾਸ ਦਾ ਗਵਾਹ ਬਣ ਰਿਹਾ ਹੈ” ਡਾਇਰੈਕਟਰ ਜਨਰਲ ਐੱਨਸੀਜੀਜੀ
Posted On:
17 MAY 2024 8:06PM by PIB Chandigarh
ਨੈਸ਼ਨਲ ਸੈਂਟਰ ਫਾਰ ਗੁੱਡ ਗਵਰਨੈਂਸ (ਐੱਨਸੀਜੀਜੀ), ਨਵੀਂ ਦਿੱਲੀ ਵਿੱਖੇ ਅੱਜ “ਤਨਜ਼ਾਨੀਆ ਗਣਰਾਜ ਦੇ ਅਧਿਕਾਰੀਆਂ ਲਈ ਜਨਤਕ ਕਾਰਜਾਂ ਦੇ ਪ੍ਰੋਜੈਕਟ ਅਤੇ ਜੋਖਮ ਪ੍ਰਬੰਧਨ” ਵਿਸ਼ੇ ‘ਤੇ ਦੋ ਸਪਤਾਹ ਦਾ ਸਮਰੱਥਾ ਨਿਰਮਾਣ ਪ੍ਰੋਗਰਾਮ ਸਫ਼ਲਤਾਪੂਰਵਕ ਪੂਰਾ ਹੋ ਗਿਆ। ਇਹ ਪ੍ਰੋਗਰਾਮ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ (ਐੱਮਈਏ) ਦੀ ਸਾਂਝੇਦਾਰੀ ਵਿੱਚ 6 ਮਈ, 2024 ਤੋਂ 17 ਮਈ, 2024 ਤੱਕ ਆਯੋਜਿਤ ਕੀਤਾ ਗਿਆ। ਤਨਜ਼ਾਨੀਆ ਵਿੱਚ ਨੈਸ਼ਨਲ ਰੋਡਸ ਏਜੰਸੀ, ਊਰਜਾ ਮੰਤਰਾਲਾ, ਯੋਜਨਾ ਕਮਿਸ਼ਨ, ਤਨਜ਼ਾਨੀਆ ਬਿਲਡਿੰਗ ਏਜੰਸੀ, ਤਨਜ਼ਾਨੀਆ ਰੇਲਵੇ ਕਾਰਪੋਰੇਸ਼ਨ, ਹਾਊਸਿੰਗ ਇਨਵੈਸਟਮੈਂਟਸ, ਰੈਪਿਡ ਟ੍ਰਾਂਜ਼ਿਟ ਏਜੰਸੀ, ਈ-ਗਵਰਨਮੈਂਟ ਅਥਾਰਿਟੀ, ਐਨਰਜੀ ਅਤੇ ਵਾਟਰ ਰੈਗੂਲੇਟਰੀ ਅਥਾਰਿਟੀ, ਰਾਸ਼ਟਰਪਤੀ ਦਫ਼ਤਰ, ਪਬਲਿਕ ਸਰਵਿਸ ਮੈਨੇਜਮੈਂਟ ਅਤੇ ਗੁੱਡ ਗਵਰਨੈਂਸ, ਖੇਤਰੀ ਪ੍ਰਸ਼ਾਸਨ ਅਤੇ ਸਥਾਨਕ ਸਰਕਾਰ, ਪਸ਼ੂਧਨ ਅਤੇ ਮੱਛੀ ਪਾਲਣ ਆਦਿ ਜਿਹੇ ਵਿਭਿੰਨ ਸੰਗਠਨਾਂ ਅਤੇ ਮੰਤਰਾਲਿਆਂ ਦਾ ਪ੍ਰਤੀਨਿਧੀਤੱਵ ਕਰਨ ਵਾਲੇ ਕੁੱਲ 39 ਅਧਿਕਾਰੀਆਂ ਨੇ ਪ੍ਰੋਗਰਾਮ ਵਿੱਚ ਹਿੱਸਾ ਲਿਆ।
ਨੈਸ਼ਨਲ ਸੈਂਟਰ ਫਾਰ ਗੁੱਡ ਗਵਰਨੈਂਸ (ਐੱਨਸੀਜੀਜੀ) ਦੇ ਡਾਇਰੈਕਟਰ ਜਨਰਲ ਅਤੇ ਪ੍ਰਸ਼ਾਸਨਿਕ ਸੁਧਾਰ ਅਤੇ ਜਨਤਕ ਸ਼ਿਕਾਇਤ ਵਿਭਾਗ (ਡੀਏਆਰਪੀਜੀ) ਦੇ ਸਕੱਤਰ ਸ਼੍ਰੀ ਵੀ. ਸ੍ਰੀਨਿਵਾਸ ਨੇ ਆਪਣੇ ਸਮਾਪਤੀ ਭਾਸ਼ਣ ਵਿੱਚ ਪ੍ਰੋਗਰਾਮ ਤੋਂ ਸਿੱਖਣ ਦੇ ਨਤੀਜਿਆਂ ਦੇ ਹਿੱਸੇ ਦੇ ਰੂਪ ਵਿੱਚ ਪ੍ਰੋਜੈਕਟ ਸਬੰਧੀ ਮੁੱਖ ਗੱਲਾਂ ‘ਤੇ ਤਿੰਨ ਵਿਵਹਾਰਿਕ ਪੇਸ਼ਕਾਰੀਆਂ “ਤਨਜ਼ਾਨੀਆ ਵਿੱਚ ਪਬਲਿਕ ਪ੍ਰੋਜਕੈਟਸ ਵਿੱਚ ਜੋਖਮ ਪ੍ਰਬੰਧਨ” “ਪ੍ਰੋਜੈਕਟ ਦਾ ਯੋਜਨਾ ਨਿਰਮਾਣ, ਐਗਜ਼ੀਕਿਊਸ਼ਨ ਅਤੇ ਡਿਲੀਵਰੀ: ਡੋਡੋਮਾ ਸਿਟੀ ਆਊਟਰ ਰਿੰਗ ਰੋਡ ਤੋਂ ਅਨੁਭਵ” ਅਤੇ “ਪਬਲਿਕ ਪ੍ਰੋਜੈਕਟਸ ਵਿੱਚ ਹਿਤਧਾਰਕਾਂ ਦੀ ਭਾਗੀਦਾਰੀ ਅਤੇ ਆਮ ਸਹਿਮਤੀ ਦਾ ਨਿਰਮਾਣ: ਤਨਜ਼ਾਨੀਆ ਵਿੱਚ ਡਾਰਟ ਪ੍ਰੋਜੈਕਟ ਦੀ ਕੇਸ ਸਟੱਡੀ” ਦੇਣ ਲਈ ਹਿੱਸਾ ਲੈਣ ਵਾਲੇ ਅਧਿਕਾਰੀਆਂ ਦੀ ਸ਼ਲਾਘਾ ਕੀਤੀ।
ਡੀਏਆਰਪੀਜੀ ਵਿੱਚ ਸਕੱਤਰ ਨੇ ਦੇਸ਼ ਭਰ ਵਿੱਚ ਰੇਲਵੇ, ਸ਼ਿਪਸ ਅਤੇ ਪੋਰਟ ਜਿਹੇ ਵਿਭਿੰਨ ਖੇਤਰਾਂ ਵਿੱਚ ਵੱਡੇ ਦਾਇਰੇ, ਪੈਮਾਨੇ ਅਤੇ ਆਕਾਰ ਵਿੱਚ ਕੀਤੇ ਜਾ ਰਹੇ ਪ੍ਰਮੁੱਖ ਬੁਨਿਆਦੀ ਢਾਂਚੇ ਸਬੰਧੀ ਵਿਕਾਸ ਕਾਰਜਾਂ ਬਾਰੇ ਵਿਸਤਾਰ ਨਾਲ ਦੱਸਿਆ। ਉਨ੍ਹਾਂ ਨੇ ਕਿਹਾ ਕਿ ਅਧਿਕਾਰੀ ਗਣ ਆਖਰਕਾਰ ਕਿਸ ਤਰ੍ਹਾਂ ਨਾਲ ਦੇਸ਼ ਵਿੱਚ ਅਪਣਾਈ ਜਾ ਰਹੀ ਸਰਵੋਤਮ ਪ੍ਰਥਾਵਾਂ ਦੇ ਨਾਲ-ਨਾਲ ਜੋਖਮ ਦੇ ਮੁਲਾਂਕਣ ਤੋਂ ਸਿੱਖ ਸਕਦੇ ਹਨ ਅਤੇ ਆਪਣੇ ਦੇਸ਼ ਵਿੱਚ ਇਸੇ ਤਰ੍ਹਾਂ ਦੇ ਵੱਡੇ ਸਫ਼ਲ ਪ੍ਰੋਜੈਕਟਸ ਸ਼ੁਰੂ ਕਰ ਸਕਦੇ ਹਨ।
ਇਸ ਮੌਕੇ ’ਤੇ ਵਫ਼ਦ ਦੇ ਪ੍ਰਮੁੱਖ ਸ਼੍ਰੀ ਜਾਰਜ ਨਸਾਵਿਕੇ ਨਦੱਤਾ (George Nsavike Ndatta) ਨੇ ਇਨ੍ਹੀਂ ਗਰਮਜੋਸ਼ੀ ਭਰੀ ਪਰਾਹੁਣਚਾਰੀ ਪ੍ਰਦਾਨ ਕਰਨ ਅਤੇ ਇਸ ਦੇ ਨਾਲ ਹੀ ਗਿਆਨ ਦੇ ਆਦਾਨ-ਪ੍ਰਦਾਨ ਨੂੰ ਸੁਵਿਧਾਜਨਕ ਬਣਾਉਣ ਲਈ ਇਹ ਅਤਿਅੰਤ ਉਪਯੋਗੀ ਮੌਕਾ ਪ੍ਰਦਾਨ ਕਰਵਾਉਣ ਲਈ ਭਾਰਤ ਸਰਕਾਰ ਦਾ ਆਭਾਰ (ਧੰਨਵਾਦ) ਵਿਅਕਤ ਕੀਤਾ। ਉਨ੍ਹਾਂ ਨੇ ਦੇਸ਼ ਦੇ ਵਿਕਾਸ ਦੇ ਲਈ ਪ੍ਰਮੁੱਖ ਗੱਲਾਂ ਨੂੰ ਵਿਸ਼ੇਸ਼ ਤੌਰ ‘ਤੇ ਭਾਰਤ ਦੁਆਰਾ ਵਿਕਸਿਤ ਕੀਤੇ ਜਾ ਰਹੇ ਵਿਸ਼ਵ ਪ੍ਰਸਿੱਧ ਪ੍ਰੋਜੈਕਟਾਂ ਬਾਰੇ ਪ੍ਰਾਪਤ ਅਨੁਭਵਾਂ ਨੂੰ ਅਪਣਾਉਣ ਦੀ ਅਤਿਅਧਿਕ ਇੱਛਾ ਵਿਅਕਤ ਕੀਤੀ।
ਉਨ੍ਹਾਂ ਨੇ ਕਿਹਾ ਕਿ ਇਸ ਦਾ ਉਦੇਸ਼ ਪ੍ਰੋਜੈਕਟ ਅਤੇ ਜੋਖਮ ਪ੍ਰਬੰਧਨ ਦੇ ਖੇਤਰ ਵਿੱਚ ਲੋੜੀਂਦੇ ਹੁਨਰ ਪ੍ਰਾਪਤ ਕਰਕੇ ਸਸ਼ਕਤ ਬਣਾਉਣਾ ਅਤੇ ਮੌਜੂਦਾ ਘਾਟੇ ਨੂੰ ਭਰਨਾ ਸੀ ਅਤੇ ਦੂਸਰਾ ਖੋੜ੍ਹੇ ਸਮੇਂ ਅਤੇ ਲੰਬੇ ਸਮੇਂ ਦੇ ਸਹਿਯੋਗ ਨੂੰ ਸਪਸ਼ਟ ਕਰਨਾ ਅਤੇ ਪਿਛਲੇ ਇੱਕ ਦਹਾਕੇ ਵਿੱਚ ਭਾਰਤ ਵਿੱਚ ਕਈ ਪ੍ਰਮੁੱਖ ਪ੍ਰੋਜੈਕਟਾਂ ਅਤੇ ਨੀਤੀਆਂ ਦੇ ਸਫ਼ਲ ਲਾਗੂਕਰਨ ਤੋਂ ਸਿੱਖਣਾ ਸੀ।
ਡਾ. ਬੀ.ਐੱਸ.ਬਿਸ਼ਟ, ਐਸੋਸੀਏਟ ਪ੍ਰੋਫੈਸਰ ਅਤੇ ਕੋਰਸ ਕੋਆਰਡੀਨੇਟਰ ਨੇ ਇਸ ਪ੍ਰੋਗਰਾਮ ਦਾ ਵਿਆਪਕ ਵੇਰਵਾ ਦਿੱਤਾ ਅਤੇ ਦੋ ਸਪਤਾਹ ਦੇ ਟ੍ਰੇਨਿੰਗ ਪ੍ਰੋਗਰਾਮ ਦੇ ਮੁੱਖ ਉਦੇਸ਼ਾਂ ‘ਤੇ ਚਾਣਨਾ ਪਾਇਆ ਜਿਸ ਨੂੰ ਦਰਅਸਲ ਜਨਤਕ ਕਾਰਜਾਂ ਲਈ ਪ੍ਰੋਜੈਕਟ ਅਤੇ ਜੋਖਮ ਪ੍ਰਬੰਧਨ ਵਿੱਚ ਜ਼ਰੂਰੀ ਹੁਨਰ ਨਾਲ ਅਧਿਕਾਰੀਆਂ ਨੂੰ ਲੈਸ ਕਰਨ ਲਈ ਅਨੁਕੂਲਿਤ ਕੀਤਾ ਗਿਆ ਸੀ ਅਤੇ ਇਸ ਦੇ ਨਾਲ ਹੀ ਪ੍ਰਤੀਭਾਗੀਆਂ ਲਈ ਪ੍ਰਸਾਂਗਿਕ ਕਈ ਮਹੱਤਵਪੂਰਨ ਖੇਤਰਾਂ ਵਿੱਚ ਕਈ ਪ੍ਰੋਜੈਕਟਾਂ ਅਤੇ ਕਾਰਜਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ। ਉਨ੍ਹਾਂ ਨੇ ਵਿਸਤਾਰ ਨਾਲ ਦੱਸਿਆ ਕਿ ਕਿਸ ਤਰ੍ਹਾਂ ਨਾਲ ਇਸ ਪ੍ਰੋਗਰਾਮ ਨੂੰ ਉਨ੍ਹਾਂ ਅਧਿਕਾਰੀਆਂ ਲਈ ਤਿਆਰ ਕੀਤਾ ਗਿਆ ਹੈ ਜੋ ਫੈਸਲਾ ਲੈਣ ਦੇ ਪੱਧਰ ‘ਤੇ ਹਨ ਅਤੇ ਇਸ ਦਾ ਉਦੇਸ਼ ਉਨ੍ਹਾਂ ਨੂੰ ਪ੍ਰਭਾਵਕਾਰੀ ਜਨਤਕ ਕਾਰਜ ਪ੍ਰੋਜੈਕਟਾਂ ਨੂੰ ਪਹੁੰਚਯੋਗ ਕਰਵਾਉਣ ਅਤੇ ਤਿਆਰ ਕਰਨ ਲਈ ਅਤਿਆਧੁਨਿਕ ਗਿਆਨ, ਕੌਸ਼ਲ ਅਤੇ ਸਾਧਨਾਂ ਨਾਲ ਲੈਸ ਕਰਨਾ ਹੈ ਜਿਸ ਨਾਲ ਚੰਗੇ ਸ਼ਾਸਨ ਅਤੇ ਅੰਤ: ਟਿਕਾਊ ਵਿਕਾਸ ਦੀ ਪ੍ਰਾਪਤੀ ਹੋਵੇਗੀ ਅਤੇ ਇਸ ਦੇ ਨਾਲ ਹੀ ਦੇਸ਼ ਭਰ ਵਿੱਚ ਵਿਆਪਕ ਅਨੁਭਵ ਹੋਵੇਗਾ, ਤਾਕਿ ਪਹੀਏ ਨੂੰ ਫਿਰ ਤੋਂ ਬਣਾਉਣ ਦੀ ਕੋਈ ਜ਼ਰੂਰਤ ਹੀ ਨਾ ਹੋਵੇ।
ਉਨ੍ਹਾਂ ਨੇ ਇਸ ਦੀ ਚਰਚਾ ਕੀਤੀ ਕਿ ਕਿਵੇਂ ਪ੍ਰੋਗਰਾਮ ਵਿੱਚ ਵਿਭਿੰਨ ਵਿਸ਼ਿਆਂ ਜਿਵੇਂ ਕਿ –ਪ੍ਰੋਜੈਕਟ ਚੋਣ ਅਤੇ ਫਾਰਮੂਲੇਸ਼ਨ, ਪ੍ਰੋਜੈਕਟ ਮੈਨੇਜਮੈਂਟ ਫਰੇਮਵਰਕ ਅਤੇ ਪ੍ਰਕਿਰਿਆਵਾਂ, ਪ੍ਰੋਜੈਕਟ ਜੋਖਮ ਪ੍ਰਬੰਧਨ, ਇਨਫ੍ਰਾਸਟ੍ਰਕਚਰ ਪ੍ਰੋਜੈਕਟ ਵਿੱਚ ਪੀਪੀਪੀ, ਸਮਾਰਟ ਅਤੇ ਸੁਦ੍ਰਿੜ੍ਹ ਸ਼ਹਿਰ, ਜਨਤਕ ਪ੍ਰੋਜੈਕਟਾਂ ਨੂੰ ਪੁਰਸਕਾਰ ਦੇਣ ਵਿੱਚ ਇਨੋਵੇਸ਼ਨ ਅਤੇ ਗ੍ਰਾਮੀਣ ਅਤੇ ਸ਼ਹਿਰੀ ਹਾਊਸਿੰਗ ਪ੍ਰੋਜੈਕਟਾਂ ਦੇ ਪ੍ਰਬੰਧਨ ਨੂੰ ਸ਼ਾਮਲ ਕੀਤਾ ਗਿਆ। ਇਸ ਦੇ ਇਲਾਵਾ ਪ੍ਰੋਗਰਾਮ ਵਿੱਚ ਵਿਆਪਕ ਖੇਤਰ ਦੌਰੇ ਸ਼ਾਮਲ ਹਨ, ਜਿਸ ਵਿੱਚ ਅਧਿਕਾਰੀਆਂ ਨੂੰ ਪ੍ਰਮੁੱਖ ਪ੍ਰੋਜੈਕਟ ਸਾਈਟਾਂ ਦਾ ਦੌਰਾ ਕਰਨਾ ਹੈ। ਇਨ੍ਹਾਂ ਸਾਈਟਾਂ ਵਿੱਚ ਡੀਕਪੱਥਰ ਹਾਈਡ੍ਰੋਪਾਵਰ (Dakpathar Hydropower) ਅਤੇ ਸਿੰਚਾਈ ਡੈਮ, ਉੱਤਰਾਖੰਡ ਵਿੱਚ ਐੱਨਐੱਚਏਆਈ ਨਵੀਂ ਦਿੱਲੀ ਵਿੱਚ ਦਵਾਰਕਾ ਐਕਸਪ੍ਰੈੱਸਵੇਅ, ਇੰਦਰਾ ਪਰਿਆਵਰਣ ਭਵਨ, ਨਵੀਂ ਦਿੱਲੀ ਸਥਿਤ ਵਰਲਡ ਟ੍ਰੇਡ ਸੈਂਟਰ-ਐੱਨਬੀਸੀਸੀ ਅਤੇ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਸ਼ਾਮਲ ਹਨ। ਇਸ ਦੌਰੇ ਦੀ ਸਮਾਪਤੀ ਪ੍ਰਸਿੱਧ ਤਾਜ ਮਹਿਲ ਦੀ ਯਾਤਰਾ ਦੇ ਨਾਲ ਹੋਵੇਗੀ।
ਨੈਸ਼ਨਲ ਸੈਂਟਰ ਫਾਰ ਗੁੱਡ ਗਵਰਨੈਂਸ (ਐੱਨਸੀਜੀਜੀ) ਰਾਸ਼ਟਰੀ ਅਤੇ ਅੰਤਰਰਾਸ਼ਟਰੀ, ਦੋਹਾਂ ਪੱਧਰਾਂ ‘ਤੇ ਕਾਰਵਾਈ ਖੋਜ, ਅਧਿਐਨ ਅਤੇ ਸਮਰੱਥਾ ਨਿਰਮਾਣ ਲਈ ਪ੍ਰਤੀਬੱਧ ਹੈ। ਇਹ ਕੇਂਦਰ ਭਾਰਤ ਸਰਕਾਰ ਦੇ ਪਰਸੋਨਲ, ਜਨਤਕ ਸ਼ਿਕਾਇਤ ਅਤੇ ਪੈਨਸ਼ਨ ਮੰਤਰਾਲੇ ਦੇ ਅਧੀਨ ਪ੍ਰਸ਼ਾਸਨਿਕ ਸੁਧਾਰ ਅਤੇ ਜਨਤਕ ਸ਼ਿਕਾਇਤ ਵਿਭਾਗ ਦੇ ਤਹਿਤ ਇੱਕ ਖੁਦਮੁਖਤਿਆਰ ਸੰਸਥਾਨ ਹੈ। ਐੱਨਸੀਜੀਜੀ ਦੇ ਪ੍ਰਯਾਸ ‘ਵਸੁਧੈਵ ਕੁਟੁੰਬਕਮ’ ਯਾਨੀ ‘ਵਿਸ਼ਵ ਇੱਕ ਪਰਿਵਾਰ ਹੈ’ ਦੇ ਭਾਰਤੀ ਦਰਸ਼ਨ ਦੇ ਅਨੁਰੂਪ ਹਨ ਅਤੇ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਹੋਰ ਦੇਸ਼ਾਂ ਦੇ ਨਾਲ ਸਹਿਯੋਗ ਨੂੰ ਹੁਲਾਰਾ ਦੇਣ ‘ਤੇ ਜ਼ੋਰ ਦਿੰਦੇ ਹਨ। ਸਮਰੱਥਾ ਨਿਰਮਾਣ ਪ੍ਰੋਗਰਾਮ ਵੱਖ-ਵੱਖ ਖੇਤਰਾਂ ਵਿੱਚ ਪ੍ਰੋਜੈਕਟ ਅਤੇ ਜੋਖਮ ਪ੍ਰਬੰਧਨ ‘ਤੇ ਧਿਆਨ ਦਿੰਦਾ ਹੈ ਅਤੇ ਇਹ ਸਰਬਸ਼੍ਰੇਸ਼ਠ ਪ੍ਰਥਾਵਾਂ ਨੂੰ ਸਾਂਝਾ ਕਰਦੇ ਹੋਏ ਇੱਕ ਸਮ੍ਰਿੱਧ ਕਰਾਸ ਕੰਟਰੀ ਅਨੁਭਵ ਅਤੇ ਨੀਤੀ ਸੰਵਾਦ ਲਈ ਇੱਕ ਪਲੈਟਫਾਰਮ ਪ੍ਰਦਾਨ ਕਰਨ ‘ਤੇ ਕੇਂਦ੍ਰਿਤ ਹੈ। ਇਸ ਦੇ ਨਤੀਜੇ ਵਜੋਂ ਅਧਿਕਾਰੀਆਂ ਨੂੰ ਪ੍ਰੋਜੈਕਟਾਂ ਦੀ ਯੋਜਨਾ ਬਣਾਉਣ ਅਤੇ ਉਸ ਨੂੰ ਲਾਗੂ ਕਰਨ ਦੇ ਤਰੀਕੇ ਬਾਰੇ ਕੀਮਤੀ ਜਾਣਕਾਰੀ ਪ੍ਰਾਪਤ ਹੋਣ ਦੇ ਨਾਲ ਸੰਸਥਾਨਾਂ ਵਿੱਚ ਬਦਲਾਅ ਹੋ ਰਹੇ ਹਨ ਅਤੇ ਜਨਤਾ ਸਰਕਾਰ ਦੇ ਨਜ਼ਦੀਕ ਆ ਰਹੀ ਹੈ।
ਵਿਦੇਸ਼ ਮੰਤਰਾਲੇ ਦੇ ਨਾਲ ਸਾਂਝੇਦਾਰੀ ਵਿੱਚ, ਐੱਨਸੀਜੀਜੀ ਨੇ ਬੰਗਲਾਦੇਸ਼, ਮਾਲਦੀਵ, ਕੀਨੀਆ, ਤਨਜ਼ਾਨੀਆ, ਟਿਊਨੀਸ਼ੀਆ, ਸੇਸ਼ੇਲਸ, ਗਾਂਬੀਆ, ਸ੍ਰੀਲੰਕਾ, ਅਫਗਾਨੀਸਤਾਨ, ਲਾਓਸ, ਵਿਅਤਨਾਮ, ਨੇਪਾਲ, ਭੂਟਾਨ, ਮਿਆਂਮਾਰ,ਇਥੋਪੀਆ, ਏਰੇਟ੍ਰੀਆ ਅਤੇ ਕੰਬੋਡੀਆ ਜਿਹੇ 17 ਦੇਸ਼ਾਂ ਦੇ ਸਿਵਲ ਸੇਵਕਾਂ ਨੂੰ ਸਫ਼ਲਤਾਪੂਰਵਕ ਟ੍ਰੇਨਿੰਗ ਪ੍ਰਦਾਨ ਕੀਤੀ ਹੈ। ਸਿਵਲ ਸੇਵਕਾਂ ਦੇ ਸਮਰੱਥਾ ਨਿਰਮਾਣ ਦੇ ਖੇਤਰ ਵਿੱਚ ਸਹਿਯੋਗ ਲਈ ਕਈ ਦੇਸ਼ਾਂ ਤੋਂ ਬੇਨਤੀਆਂ ਪ੍ਰਾਪਤ ਹੋ ਰਹੀਆਂ ਹਨ।
ਸੰਪੂਰਨ ਸਮਰੱਥਾ-ਨਿਰਮਾਣ ਪ੍ਰੋਗਰਾਮ ਦੀ ਨਿਗਰਾਨੀ ਐਸੋਸੀਏਟ ਪ੍ਰੋਫੈਸਰ ਅਤੇ ਕੋਰਸ ਕੋਆਰਡੀਨੇਟਰ ਡਾ. ਬੀ.ਐੱਸ. ਬਿਸ਼ਟ, ਐਸੋਸੀਏਟ ਕੋਰਸ ਕੋਆਰਡੀਨੇਟਰ ਡਾ. ਸੰਜੀਵ ਸ਼ਰਮਾ ਅਤੇ ਟ੍ਰੇਨਿੰਗ ਸਹਾਇਕ ਸ਼੍ਰੀ ਬ੍ਰਿਜੇਸ਼ ਬਿਸ਼ਟ ਦੁਆਰਾ ਐੱਨਸੀਜੀਜੀ ਦੀ ਸਮਰਪਿਤ ਟ੍ਰੇਨਿੰਗ ਟੀਮ ਦੇ ਯੋਗ ਸਮਰਥਨ ਦੇ ਨਾਲ ਕੀਤੀ ਗਈ।
************
ਪੀਕੇ/ਪੀਐੱਸਐੱਮ
(Release ID: 2021289)
Visitor Counter : 48