ਘੱਟ ਗਿਣਤੀ ਮਾਮਲੇ ਮੰਤਰਾਲਾ

ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਸ਼੍ਰੀਮਤੀ ਸਮ੍ਰਿਤੀ ਇਰਾਨੀ ਨੇ ਸਿੱਖ ਭਾਈਚਾਰੇ ਲਈ ਕੌਸ਼ਲ ਵਿਕਾਸ, ਲੀਡਰਸ਼ਿਪ ਅਤੇ ਉੱਦਮਤਾ ਨੂੰ ਉਤਸ਼ਾਹਿਤ ਕਰਨ ਅਤੇ ਸਿੱਖਿਆ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ


ਰੋਜ਼ਗਾਰ ਪ੍ਰਦਾਨ ਕਰਨ ਵਾਲੀਆਂ ਭੂਮਿਕਾਵਾਂ ਵਿੱਚ ਆਧੁਨਿਕ ਸਕਿੱਲ ਟ੍ਰੇਨਿੰਗ ਪ੍ਰਦਾਨ ਕਰਨ ਲਈ ਪ੍ਰੋਗਰਾਮ; ਸਿਕਲੀਗਰ ਅਤੇ ਹੋਰ ਸਮੂਹਾਂ ਜਿਹੇ ਸਿੱਖ ਕਾਰੀਗਰਾਂ ਨੂੰ ਉਤਸ਼ਾਹਿਤ ਕਰਨਾ; ਮਹਿਲਾਵਾਂ ਦੀ ਅਗਵਾਈ ਅਤੇ ਉੱਦਮਤਾ ਨੂੰ ਉਤਸ਼ਾਹਿਤ ਕਰਨਾ ਅਤੇ ਸਕੂਲ ਛੱਡਣ ਵਾਲੀਆਂ ਵਿਦਿਆਰਥਣਾਂ ਦੇ ਲਈ ਸਿੱਖਿਆ ਨੂੰ ਉਤਸ਼ਾਹਿਤ ਕਰਨਾ

ਅਤਿ-ਆਧੁਨਿਕ ਗੁਰਮੁਖੀ ਲਿਪੀ ਲਰਨਿੰਗ ਸੈਂਟਰ ਸਥਾਪਿਤ ਕੀਤੇ ਜਾਣਗੇ

ਪ੍ਰਧਾਨ ਮੰਤਰੀ ਵਿਕਾਸ ਅਤੇ ਪ੍ਰਧਾਨ ਮੰਤਰੀ ਜਨ ਵਿਕਾਸ ਕਾਰਯਕ੍ਰਮ ਦੇ ਤਹਿਤ ਇਹ ਪਹਿਲ ਸਿੱਖ ਭਾਈਚਾਰੇ ਦੇ ਹਾਸ਼ੀਏ 'ਤੇ ਪਏ ਵਰਗਾਂ ਨੂੰ ਸਸ਼ਕਤ ਕਰਨ ਅਤੇ ਉੱਨਤੀ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਇੱਕ ਠੋਸ ਸਮਾਜਿਕ-ਆਰਥਿਕ ਤਬਦੀਲੀ ਦੀ ਕਲਪਨਾ ਕਰਨ ਪ੍ਰਤੀ ਸਰਕਾਰ ਦੀ ਵਚਨਬੱਧਤਾ ਵਿੱਚ ਇੱਕ ਮਹੱਤਵਪੂਰਨ ਪ੍ਰਾਪਤੀ ਹੈ

Posted On: 14 MAR 2024 5:51PM by PIB Chandigarh

ਸਿੱਖ ਨਵੇਂ ਸਾਲ ਦੇ ਸ਼ੁਭ ਮੌਕੇ ਨੂੰ ਮਨਾਉਣ ਲਈ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਦੂਰਅੰਦੇਸ਼ੀ ਅਗਵਾਈ ਵਿੱਚ, ਘੱਟ ਗਿਣਤੀ ਮਾਮਲੇ ਦੇ ਮੰਤਰਾਲੇ ਦੀ ਕੇਂਦਰੀ ਮੰਤਰੀ, ਸ਼੍ਰੀਮਤੀ ਸਮ੍ਰਿਤੀ ਇਰਾਨੀ ਨੇ ਅੱਜ ਸਿੱਖ ਭਾਈਚਾਰੇ ਲਈ ਇੱਕ ਵਿਆਪਕ ਕੌਸ਼ਲ ਵਿਕਾਸ, ਲੀਡਰਸ਼ਿਪ ਅਤੇ ਉੱਦਮਤਾ ਨੂੰ ਉਤਸ਼ਾਹਿਤ ਕਰਨ ਅਤੇ ਸਿੱਖਿਆ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਇਸ ਪ੍ਰੋਗਰਾਮ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐੱਸਜੀਐੱਮਸੀ), ਜੋ ਕਿ ਸਿੱਖ ਕੌਮ ਦੀ ਭਲਾਈ ਲਈ ਸਥਾਪਿਤ ਇੱਕ ਵਿਧਾਨਕ ਸੰਸਥਾ ਹੈ, ਦੁਆਰਾ ਮੰਤਰਾਲੇ ਦੀ ਪ੍ਰਧਾਨ ਮੰਤਰੀ ਵਿਰਾਸਤ ਕਾ ਸੰਵਰਧਨ (ਪੀਐੱਮ ਵਿਕਾਸ) ਯੋਜਨਾ ਦੇ ਤਹਿਤ “ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ, ਸਬਕਾ ਪ੍ਰਯਾਸ” ਦੀ ਵਿਸ਼ਾਲ ਭਾਵਨਾ ਨਾਲ ਪ੍ਰਵਾਨਗੀ ਦਿੱਤੀ ਗਈ ਹੈ।

 ਇਹ ਪ੍ਰੋਗਰਾਮ 10,000 ਨੌਜਵਾਨਾਂ ਅਤੇ ਮਹਿਲਾਵਾਂ ਨੂੰ ਧਿਆਨ ਵਿੱਚ ਰੱਖ ਕੇ ਸ਼ੁਰੂ ਕਰਿਆ ਗਿਆ ਹੈ। ਇਸ ਦਾ  ਉਦੇਸ਼ ਰੋਜ਼ਗਾਰ-ਪ੍ਰਦਾਨ ਕਰਨ ਦੀਆਂ ਭੂਮਿਕਾਵਾਂ ਵਿੱਚ ਆਧੁਨਿਕ ਸਕਿੱਲ ਟ੍ਰੇਨਿੰਗ ਪ੍ਰਦਾਨ ਕਰਨਾ, ਸਿੱਖ ਕਾਰੀਗਰਾਂ ਜਿਵੇਂ ਕਿ ਸਿਕਲੀਗਰਾਂ ਅਤੇ ਹੋਰ ਸਮੂਹਾਂ ਨੂੰ ਹੁਲਾਰਾ ਦੇਣਾ, ਮਹਿਲਾਵਾਂ ਦੀ ਅਗਵਾਈ ਅਤੇ ਉੱਦਮਤਾ ਨੂੰ ਉਤਸ਼ਾਹਿਤ ਕਰਨਾ ਅਤੇ ਸਕੂਲ ਸਿੱਖਿਆ ਛੱਡਣ ਵਾਲੀਆਂ ਵਿਦਿਆਰਥਣਾਂ ਲਈ ਸਿੱਖਿਆ ਨੂੰ ਪ੍ਰੋਤਸਾਹਨ ਪ੍ਰਦਾਨ ਕਰਨਾ ਹੈ।

 ਮੰਤਰਾਲੇ ਦੀ ਇਹ ਪਹਿਲ ਸਮਾਜ ਦੇ ਅੰਦਰ ਸਮਾਜਿਕ-ਆਰਥਿਕ ਤੌਰ 'ਤੇ ਪਛੜੇ ਸਮੂਹਾਂ ਨੂੰ ਰਾਸ਼ਟਰੀ ਵਿਕਾਸ ਕਹਾਣੀ ਵਿੱਚ ਆਪਣੇ ਲਈ ਇੱਕ ਸਥਾਨ ਬਣਾਉਣ ਵਿੱਚ ਮਦਦ ਕਰੇਗੀ ਅਤੇ ਦੂਸਰੇ ਸਮਾਜਿਕ ਤੌਰ 'ਤੇ ਪਛੜੇ ਭਾਈਚਾਰਿਆਂ ਦੇ ਲਾਭਾਰਥੀਆਂ ਨੂੰ ਵੀ ਸਹਾਇਤਾ ਪ੍ਰਦਾਨ ਕਰੇਗੀ, ਜਿਸ ਨਾਲ ਫਿਰਕੂ ਅਤੇ ਸਮਾਜਿਕ ਸਦਭਾਵਨਾ ਨੂੰ ਪ੍ਰੋਤਸਾਹਨ ਮਿਲੇਗਾ।

 ਇਸ ਪਰਿਵਰਤਨਕਾਰੀ ਭਾਈਵਾਲੀ ਨੂੰ ਰਸਮੀ ਰੂਪ ਦੇਣ ਲਈ, ਘੱਟ ਗਿਣਤੀ ਮਾਮਲਿਆਂ ਦਾ ਮੰਤਰਾਲਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐੱਸਜੀਐੱਮਸੀ) ਦੇ ਅਧੀਨ ਨਾਮਜ਼ਦ/ਰਜਿਸਟਰਡ ਸੁਸਾਇਟੀਆਂ/ਵਿਦਿਅਕ ਸੰਸਥਾਵਾਂ ਨਾਲ, ਸਹਿਮਤੀ ਪੱਤਰ (ਐੱਮਓਯੂ) ਦੁਆਰਾ ਪ੍ਰੋਗਰਾਮ ਨੂੰ ਲਾਗੂ ਕਰੇਗਾ, ਜਿਸ ਦੁਆਰਾ ਪਹਿਲਾਂ ਤੋਂ ਹੀ ਦਿੱਲੀ ਯੂਨੀਵਰਸਿਟੀ ਵਿੱਚ 4 ਕਾਲਜ, ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ, ਸ੍ਰੀ ਗੁਰੂ ਨਾਨਕ ਦੇਵ ਖਾਲਸਾ ਕਾਲਜ, ਮਾਤਾ ਸੁੰਦਰੀ ਕਾਲਜ ਆਵੑ ਵੂਮੈਨ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਆਵੑ ਕਾਮਰਸ, ਗੁਰੂ ਹਰਿਕਿਸ਼ਨ ਪਬਲਿਕ ਸਕੂਲਾਂ ਦੀਆਂ 12 ਸ਼ਾਖਾਵਾਂ ਅਤੇ 1 ਇੰਡੀਅਨ ਇੰਸਟੀਟਿਊਟ ਆਵੑ ਟੈਕਨੋਲੋਜੀ (ਆਈਆਈਟੀ) ਦਾ ਸੰਚਾਲਨ ਕਰ ਰਹੀ ਹੈ।  ਇਨ੍ਹਾਂ ਸੰਸਥਾਵਾਂ ਦਾ ਸਿੱਖਾਂ ਅਤੇ ਹੋਰ ਭਾਈਚਾਰਿਆਂ ਦੀ ਭਲਾਈ ਲਈ ਸਿੱਖਿਆ ਅਤੇ ਕੌਸ਼ਲ ਵਿਕਾਸ ਪ੍ਰਦਾਨ ਕਰਨ ਦੇ ਖੇਤਰ ਵਿੱਚ ਇੱਕ ਪ੍ਰਮਾਣਿਤ ਟਰੈਕ ਰਿਕਾਰਡ ਹੈ। ਘੱਟ-ਗਿਣਤੀ ਮਾਮਲਿਆਂ ਦੇ ਮੰਤਰਾਲੇ ਦੀ ਇਸ ਪਹਿਲ ਦਾ ਉਦੇਸ਼ ਇਨ੍ਹਾਂ ਵਿਦਿਅਕ ਅਤੇ ਸਕਿੱਲ ਸੰਸਥਾਵਾਂ ਦੀ ਸਮਰੱਥਾ ਦਾ ਨਿਰਮਾਣ ਅਤੇ ਪੋਸ਼ਣ ਕਰਕੇ ਨਾ ਸਿਰਫ਼ ਦਿੱਲੀ ਵਿੱਚ ਬਲਕਿ ਪੂਰੇ ਭਾਰਤ ਵਿੱਚ ਸਿੱਖ ਨੌਜਵਾਨਾਂ 'ਤੇ ਧਿਆਨ ਕੇਂਦਰਿਤ ਕਰਨਾ ਹੈ, ਜਿਸ ਨਾਲ ਸਮਾਜ ਨੂੰ ਰੋਜ਼ਗਾਰ ਅਤੇ ਰੋਜ਼ੀ-ਰੋਟੀ ਦੇ ਮੌਕੇ ਪੈਦਾ ਕਰਨ ਵਿੱਚ ਮਦਦ ਅਤੇ ਉਤਸ਼ਾਹਿਤ ਕੀਤਾ ਜਾ ਸਕੇ।

 ਸਰਕਾਰ ਗੁਰਮੁਖੀ ਲਿਪੀ ਸਮੇਤ ਸਿੱਖ ਕੌਮ ਦੀ ਸਮ੍ਰਿੱਧ ਸੱਭਿਆਚਾਰਕ ਵਿਰਾਸਤ ਅਤੇ ਪਰੰਪਰਾਵਾਂ ਨੂੰ ਸੰਭਾਲ਼ਣ ਅਤੇ ਉਤਸ਼ਾਹਿਤ ਕਰਨ ਦੀ ਜ਼ਰੂਰਤ ਨੂੰ ਵੀ ਪਹਿਚਾਣਦੀ ਹੈ। ਵਿਦਿਆਰਥੀਆਂ ਦੇ ਦਰਮਿਆਨ ਸਿੱਖ ਸਿੱਖਿਆ ਅਤੇ ਵਿਰਸੇ ਦੇ ਪ੍ਰਸਾਰ ਲਈ ਸੂਚਨਾ ਟੈਕਨੋਲੋਜੀ ਪਲੈਟਫਾਰਮ ਦੇ ਵਿਕਾਸ ਦੇ ਨਾਲ-ਨਾਲ ਭਾਸ਼ਾ ਦਾ ਮੁਢਲਾ ਗਿਆਨ ਪ੍ਰਦਾਨ ਕਰਨ ਲਈ ਦਿੱਲੀ ਯੂਨੀਵਰਸਿਟੀ ਅਧੀਨ ਆਉਣ ਵਾਲੇ ਖ਼ਾਲਸਾ ਕਾਲਜਾਂ ਵਿੱਚ ਅਤਿ-ਆਧੁਨਿਕ ਗੁਰਮੁਖੀ ਲਿਪੀ ਅਧਿਆਪਨ ਕੇਂਦਰ ਸਥਾਪਿਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਹ ਕੇਂਦਰ ਗੁਰਮੁਖੀ ਲਿਪੀ ਦੀ ਸੰਭਾਲ਼ ਅਤੇ ਪ੍ਰਸਾਰ ਲਈ ਵੀ ਕੰਮ ਕਰਨਗੇ। ਮੰਤਰਾਲਾ ਪ੍ਰਧਾਨ ਮੰਤਰੀ ਜਨ ਵਿਕਾਸ ਕਾਰਯਕ੍ਰਮ ਦੇ ਤਹਿਤ ਸਟੂਡੀਓ/ਸਮਾਰਟ ਕਲਾਸਰੂਮਾਂ ਦੇ ਵਿਕਾਸ ਸਮੇਤ ਜ਼ਰੂਰੀ ਬੁਨਿਆਦੀ ਢਾਂਚਾ ਅਤੇ ਸਹਾਇਤਾ ਸੇਵਾਵਾਂ ਪ੍ਰਦਾਨ ਕਰਨ ਵਿੱਚ ਸਹਾਇਤਾ ਕਰੇਗਾ। 

 ਪ੍ਰਧਾਨ ਮੰਤਰੀ ਵਿਕਾਸ ਅਤੇ ਪ੍ਰਧਾਨ ਮੰਤਰੀ ਜਨ ਵਿਕਾਸ ਕਾਰਯਕ੍ਰਮ (ਪੀਐੱਮਜੇਵੀਕੇ) ਸਕੀਮਾਂ ਤਹਿਤ ਸਿੱਖ ਭਾਈਚਾਰੇ ਲਈ ਇਨ੍ਹਾਂ ਪਹਿਲਾਂ ਦੀ ਪ੍ਰਵਾਨਗੀ ਦੇਸ਼ ਭਰ ਦੇ ਸਿੱਖ ਭਾਈਚਾਰੇ ਅਤੇ ਉਨ੍ਹਾਂ ਦੇ ਪਰਿਵਾਰਾਂ ਵਿੱਚ ਹਾਸ਼ੀਏ 'ਤੇ ਮੌਜੂਦ ਵਰਗਾਂ ਨੂੰ ਸਸ਼ਕਤ ਕਰਨ ਅਤੇ ਉਨ੍ਹਾਂ ਦੀ ਤਰੱਕੀ ਲਈ ਸਰਕਾਰ ਦੀ ਪ੍ਰਤੀਬੱਧਤਾ ਵਿੱਚ ਇੱਕ ਮਹੱਤਵਪੂਰਨ ਪ੍ਰਾਪਤੀ ਹੈ। ਇਹ ਇੱਕ ਮਹੱਤਵਪੂਰਨ ਸਮਾਜਿਕ-ਆਰਥਿਕ ਤਬਦੀਲੀ ਦੀ ਕਲਪਨਾ ਕਰਦਾ ਹੈ। 

 

 *******

 

ਐੱਸਐੱਸ/ਏਕੇਐੱਸ 



(Release ID: 2014937) Visitor Counter : 32


Read this release in: English , Urdu , Hindi