ਰੱਖਿਆ ਮੰਤਰਾਲਾ

ਭਾਰਤ ਅਤੇ ਸਾਊਦੀ ਅਰਬ ਦਾ ਸੰਯੁਕਤ ਫ਼ੌਜੀ ਅਭਿਆਸ 'ਸਦਾ ਤਨਸੀਕ' ਰਾਜਸਥਾਨ ਵਿੱਚ ਸ਼ੁਰੂ ਹੋਇਆ

Posted On: 29 JAN 2024 12:58PM by PIB Chandigarh

ਭਾਰਤ ਅਤੇ ਸਾਊਦੀ ਅਰਬ ਦੇ ਸਾਂਝੇ ਫ਼ੌਜੀ ਅਭਿਆਸ 'ਸਦਾ ਤਨਸੀਕ' ਦਾ ਉਦਘਾਟਨੀ ਐਡੀਸ਼ਨ ਅੱਜ ਰਾਜਸਥਾਨ ਦੇ ਮਹਾਜਨ ਵਿੱਚ ਸ਼ੁਰੂ ਹੋਇਆ। ਇਹ ਅਭਿਆਸ 29 ਜਨਵਰੀ ਤੋਂ ਸ਼ੁਰੂ ਹੋ ਕੇ 10 ਫਰਵਰੀ, 2024 ਤੱਕ ਜਾਰੀ ਰਹੇਗਾ। 45 ਰੱਖਿਆ ਜਵਾਨਾਂ ਵਾਲੀ ਸਾਊਦੀ ਅਰਬ ਦੀ ਟੁਕੜੀ ਦੀ ਅਗਵਾਈ ਰਾਇਲ ਸਾਊਦੀ ਲੈਂਡ ਫੋਰਸਿਜ਼ ਵੱਲੋਂ ਕੀਤਾ ਜਾ ਰਿਹਾ ਹੈ। ਭਾਰਤੀ ਫ਼ੌਜ ਦੀ ਟੁਕੜੀ ਵਿੱਚ ਵੀ 45 ਜਵਾਨ ਸ਼ਾਮਲ ਹਨ, ਜਿਨ੍ਹਾਂ ਦੀ ਨੁਮਾਇੰਦਗੀ ਬ੍ਰਿਗੇਡ ਆਫ਼ ਗਾਰਡਜ਼ (ਮੈਕੇਨਾਈਜ਼ਡ ਇਨਫੈਂਟਰੀ) ਦੀ ਇੱਕ ਬਟਾਲੀਅਨ ਵੱਲੋਂ ਕੀਤਾ ਜਾ ਰਿਹਾ ਹੈ।

 

ਇਸ ਸੰਯੁਕਤ ਅਭਿਆਸ ਦਾ ਮੰਤਵ ਸੰਯੁਕਤ ਰਾਸ਼ਟਰ ਚਾਰਟਰ ਦੇ ਅਧਿਆਏ VII ਦੇ ਤਹਿਤ ਅਰਧ-ਰੇਗਿਸਤਾਨੀ ਖੇਤਰ ਵਿੱਚ ਸੰਯੁਕਤ ਕਾਰਵਾਈਆਂ ਲਈ ਦੋਵਾਂ ਦੇਸ਼ਾਂ ਦੀਆਂ ਫੌਜਾਂ ਨੂੰ ਸਿਖਲਾਈ ਦੇਣਾ ਹੈ। ਇਹ ਅਭਿਆਸ ਦੋਵਾਂ ਦੇਸ਼ਾਂ ਦੀਆਂ ਫੌਜਾਂ ਨੂੰ ਉਪ-ਰਵਾਇਤੀ ਖੇਤਰ ਵਿੱਚ ਸੰਚਾਲਨ ਦੀਆਂ ਰਣਨੀਤੀਆਂ, ਤਕਨੀਕਾਂ ਅਤੇ ਪ੍ਰਕਿਰਿਆਵਾਂ ਵਿੱਚ ਆਪਣੀਆਂ ਸਭ ਤੋਂ ਵਧੀਆ ਕੰਮ ਕਰਨ ਦੇ ਢੰਗ-ਤਰੀਕਿਆਂ ਨੂੰ ਸਾਂਝਾ ਕਰਨ ਦੇ ਯੋਗ ਬਣਾਏਗਾ। ਇਸ ਨਾਲ ਦੋਵਾਂ ਦੇਸ਼ਾਂ ਦੇ ਫੌਜੀਆਂ ਵਿਚਕਾਰ ਆਪਸੀ ਸਾਂਝ, ਦੋਸਤੀ ਅਤੇ ਸਦਭਾਵਨਾ ਵਿਕਸਿਤ ਕਰਨ ਵਿੱਚ ਮਦਦ ਮਿਲੇਗੀ।

 

ਅਭਿਆਸ ਦੇ ਇਸ ਸਮੇਂ ਦੌਰਾਨ ਮੋਬਾਈਲ ਵਾਹਨ ਚੈਕ ਪੋਸਟਾਂ ਦੀ ਸਥਾਪਨਾ, ਘੇਰਾਬੰਦੀ ਅਤੇ ਤਲਾਸ਼ੀ ਅਭਿਆਨ, ਘਰੇਲੂ ਦਖਲਅੰਦਾਜ਼ੀ ਅਭਿਆਸ, ਰਿਫਲੈਕਸ ਸ਼ੂਟਿੰਗ, ਸਲਿਥਰਿੰਗ ਅਤੇ ਸਨਾਈਪਰ ਫਾਇਰਿੰਗ ਦਾ ਅਭਿਆਸ ਕੀਤਾ ਜਾਵੇਗਾ। ਇਹ ਸੈਸ਼ਨ ਦੋਵਾਂ ਫ਼ੌਜੀ ਟੁਕੜੀਆਂ ਨੂੰ ਆਪਸੀ ਸਬੰਧਾਂ ਨੂੰ ਮਜ਼ਬੂਤ ਕਰਨ ਦਾ ਮੌਕਾ ਪ੍ਰਦਾਨ ਕਰੇਗਾ। ਇਹ ਅਭਿਆਸ ਸਾਂਝੇ ਸੁਰੱਖਿਆ ਮੰਤਵਾਂ ਨੂੰ ਹਾਸਲ ਕਰਨ, ਰੱਖਿਆ ਸਹਿਯੋਗ ਦੇ ਪੱਧਰ ਨੂੰ ਵਧਾਉਣ ਅਤੇ ਦੋਵਾਂ ਮਿੱਤਰ ਦੇਸ਼ਾਂ ਦਰਮਿਆਨ ਦੁਵੱਲੇ ਸਬੰਧਾਂ ਨੂੰ ਵਧਾਉਣ ਲਈ ਇੱਕ ਪਲੇਟਫਾਰਮ ਵਜੋਂ ਕੰਮ ਕਰੇਗਾ।

 

**************

 

ਐੱਸਸੀ/ ਵੀਵਾਈ



(Release ID: 2000507) Visitor Counter : 61


Read this release in: English , Urdu , Hindi , Tamil