ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਪਟਿਆਲਾ ਵਿੱਚ, ਮੰਤਰੀ ਮਾਂਡਵੀਆ ਨੇ 'ਵਿਕਸਿਤ ਭਾਰਤ ਸੰਕਲਪ ਯਾਤਰਾ' ਦੀ ਗਤੀ ਨੂੰ ਸਵੀਕਾਰ ਕੀਤਾ
Posted On:
09 DEC 2023 7:14PM by PIB Chandigarh
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ ਮਨਸੁਖ ਮਾਂਡਵੀਆ ਨੇ ਅੱਜ ਪਟਿਆਲਾ ਦੇ ਪਿੰਡ ਡਕਾਲਾ ਵਿੱਚ 'ਵਿਕਸਿਤ ਭਾਰਤ ਸੰਕਲਪ ਯਾਤਰਾ' ਵਿੱਚ ਲਾਭਾਰਥੀਆਂ ਨਾਲ ਮੁਲਾਕਾਤ ਕੀਤੀ। ਪੁਰਾਣੀ ਅਨਾਜ ਮੰਡੀ ਵਿਖੇ ਆਯੋਜਿਤ ਇਹ ਸਮਾਗਮ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੁਆਰਾ ਕੇਂਦਰ ਸਰਕਾਰ ਦੀਆਂ ਵਿਭਿੰਨ ਭਲਾਈ ਸਕੀਮਾਂ ਦੀ ਘਰ-ਘਰ ਤੱਕ ਪਹੁੰਚ ਨੂੰ ਯਕੀਨੀ ਬਣਾਉਣ ਲਈ ਸ਼ੁਰੂ ਕੀਤੀ ਗਈ ਦੇਸ਼ ਵਿਆਪੀ ਮੁਹਿੰਮ ਵਿੱਚ ਇੱਕ ਮੀਲ ਪੱਥਰ ਦਾ ਪ੍ਰਤੀਕ ਹੈ।
ਯਾਤਰਾ ਦੌਰਾਨ, ਮੰਤਰੀ ਮਾਂਡਵੀਆ ਨੇ ਵਿਭਿੰਨ ਸ਼੍ਰੇਣੀਆਂ ਦੇ ਲਾਭਾਰਥੀਆਂ ਨਾਲ ਉਨ੍ਹਾਂ ਦੇ ਜੀਵਨ 'ਤੇ ਸਰਕਾਰੀ ਪਹਿਲਾਂ ਦੇ ਪਰਿਵਰਤਨਕਾਰੀ ਪ੍ਰਭਾਵ 'ਤੇ ਜ਼ੋਰ ਦਿੰਦਿਆਂ ਗੱਲਬਾਤ ਕੀਤੀ। ਉਨ੍ਹਾਂ ਨੇ ਹਰੇਕ ਨਾਗਰਿਕ ਦੀ ਭਲਾਈ ਲਈ ਸਰਕਾਰ ਦੀ ਪ੍ਰਤੀਬੱਧਤਾ ਅਤੇ ਇਨ੍ਹਾਂ ਸਕੀਮਾਂ ਦਾ ਲਾਭ ਹੇਠਲੇ ਪੱਧਰ ਤੱਕ ਪਹੁੰਚਾਉਣ ਲਈ 'ਵਿਕਸਿਤ ਭਾਰਤ ਸੰਕਲਪ ਯਾਤਰਾ' ਦੀ ਮਹੱਤਤਾ ਨੂੰ ਰੇਖਾਂਕਿਤ ਕੀਤਾ।
ਮੰਤਰੀ ਨੇ ਯਾਤਰਾ ਦਾ ਜਾਇਜ਼ਾ ਵੀ ਲਿਆ, ਜੋ 8 ਦਸੰਬਰ, 2023 ਨੂੰ ਸ਼ਾਮ 4 ਵਜੇ ਤੱਕ ਪੰਜਾਬ ਦੀਆਂ 1226 ਗ੍ਰਾਮ ਪੰਚਾਇਤਾਂ ਤੱਕ ਪਹੁੰਚ ਚੁੱਕੀ ਹੈ। ਕੁੱਲ 125,166 ਲੋਕਾਂ ਦੀ ਹਾਜ਼ਰੀ ਦੇ ਨਾਲ, ਬਹੁਤ ਜ਼ਿਆਦਾ ਭਾਗੀਦਾਰੀ ਰਹੀ ਹੈ, ਜੋ ਕਿ ਜਨਸੰਖਿਆ ਤੱਕ ਪਹੁੰਚਣ ਅਤੇ ਜੀਵਨ ਦੇ ਸਾਰੇ ਖੇਤਰਾਂ ਦੇ ਵਿਅਕਤੀਆਂ ਨੂੰ ਸਸ਼ਕਤ ਕਰਨ ਵਿੱਚ ਯਾਤਰਾ ਦੀ ਸਫਲਤਾ ਨੂੰ ਦਰਸਾਉਂਦੀ ਹੈ।
ਯਾਤਰਾ ਦੌਰਾਨ ਸਿਹਤ ਨੂੰ ਕੇਂਦਰ ਵਿਚ ਰੱਖਿਆ ਗਿਆ, ਸਿਹਤ ਕੈਂਪਾਂ ਵਿਚ 60,756 ਵਿਅਕਤੀਆਂ ਦੀ ਜਾਂਚ ਕੀਤੀ ਗਈ, 27,697 ਵਿਅਕਤੀਆਂ ਦੀ ਟੀਬੀ ਅਤੇ 4,316 ਲੋਕਾਂ ਦੀ ਸਿਕਲ ਸੈੱਲ (sickle cell) ਲਈ ਜਾਂਚ ਕੀਤੀ ਗਈ - ਜੋ ਕਿ ਨਾਗਰਿਕਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਇੱਕ ਮਿਸਾਲੀ ਉਪਰਾਲਾ ਹੈ।ਸਮਾਜਿਕ ਸਰੋਕਾਰਾਂ ਪ੍ਰਤੀ ਵਚਨਬੱਧਤਾ ਵਿਭਿੰਨ ਪਹਿਲਾਂ ਰਾਹੀਂ ਸਪੱਸ਼ਟ ਸੀ, ਜਿਸ ਵਿੱਚ 'ਮਾਈ ਭਾਰਤ' ਵਾਲੰਟੀਅਰਾਂ ਨੇ ਜ਼ਬਰਦਸਤ ਸਮਰਪਣ ਦਿਖਾਇਆ ਅਤੇ ਸੁਰੱਖਿਆ ਬੀਮਾ ਅਤੇ ਜੀਵਨ ਜਯੋਤੀ ਲਈ ਮਹੱਤਵਪੂਰਨ ਯੋਗਦਾਨ ਪਾਇਆ, ਜੋ ਨਾਗਰਿਕਾਂ ਦੀ ਭਲਾਈ ਦੀ ਰਾਖੀ ਲਈ ਇੱਕ ਕਿਰਿਆਸ਼ੀਲ ਪਹੁੰਚ ਦਾ ਪ੍ਰਦਰਸ਼ਨ ਕਰਦਾ ਹੈ।
ਯਾਤਰਾ ਨੇ ਡ੍ਰੋਨ ਪ੍ਰਦਰਸ਼ਨ, ਮਿੱਟੀ ਸਿਹਤ ਕਾਰਡ ਪ੍ਰਦਰਸ਼ਨ ਅਤੇ ਕੁਦਰਤੀ ਖੇਤੀ ਕਰਨ ਵਾਲੇ ਕਿਸਾਨਾਂ ਨਾਲ ਗੱਲਬਾਤ ਸਮੇਤ ਮਹੱਤਵਪੂਰਨ ਪ੍ਰਦਰਸ਼ਨਾਂ ਦੇ ਕੇਂਦਰ ਵਜੋਂ ਕਾਰਜ ਕੀਤਾ। ਇਹ ਪਹਿਲਾਂ ਟੈਕਨੋਲੋਜੀਕਲ ਪ੍ਰਗਤੀ ਅਤੇ ਟਿਕਾਊ ਖੇਤੀ ਵਿਵਹਾਰਾਂ ਪ੍ਰਤੀ ਯਾਤਰਾ ਦੇ ਸਮਰਪਣ ਨੂੰ ਰੇਖਾਂਕਿਤ ਕਰਦੀਆਂ ਹਨ।
ਮੰਤਰੀ ਮਾਂਡਵੀਆ ਨੇ ਪ੍ਰਧਾਨ ਮੰਤਰੀ ਮੋਦੀ, ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ, ਭਾਜਪਾ ਪ੍ਰਧਾਨ ਸੁਨੀਲ ਜਾਖੜ ਅਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਸਮੇਤ ਵੱਖ-ਵੱਖ ਨੇਤਾਵਾਂ ਦੇ ਸਹਿਯੋਗੀ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਪੰਜਾਬ ਵਿੱਚ 'ਵਿਕਸਿਤ ਭਾਰਤ ਸੰਕਲਪ ਯਾਤਰਾ' ਦੇ ਸਕਾਰਾਤਮਕ ਪ੍ਰਭਾਵ ਲਈ ਧੰਨਵਾਦ ਪ੍ਰਗਟ ਕੀਤਾ।
ਪਟਿਆਲਾ ਦੀ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਕੇਂਦਰ ਸਰਕਾਰ ਦੀਆਂ ਭਲਾਈ ਪਹਿਲਾਂ ਦੀ ਸ਼ਲਾਘਾ ਕੀਤੀ ਅਤੇ ਆਯੂਸ਼ਮਾਨ ਭਾਰਤ ਯੋਜਨਾ ਨੂੰ ਸਾਰਿਆਂ ਲਈ ਪਹੁੰਚਯੋਗ ਸਿਹਤ ਸੇਵਾਵਾਂ ਲਈ ਮਹੱਤਵਪੂਰਨ ਯੋਗਦਾਨ ਦੱਸਿਆ। 'ਵਿਕਸਿਤ ਭਾਰਤ ਸੰਕਲਪ ਯਾਤਰਾ' ਰਾਹੀਂ ਕਲਿਆਣਕਾਰੀ ਯੋਜਨਾਵਾਂ ਨੂੰ ਘਰ-ਘਰ ਪਹੁੰਚਾਉਣ ਲਈ ਧੰਨਵਾਦ ਪ੍ਰਗਟ ਕਰਦੇ ਹੋਏ, ਉਨ੍ਹਾਂ ਨੇ ਗ੍ਰਾਮੀਣ ਅਤੇ ਸ਼ਹਿਰੀ ਖੇਤਰਾਂ ਦੇ ਨਾਗਰਿਕਾਂ 'ਤੇ ਸਕਾਰਾਤਮਕ ਪ੍ਰਭਾਵ 'ਤੇ ਜ਼ੋਰ ਦਿੱਤਾ।
'ਵਿਕਸਿਤ ਭਾਰਤ ਸੰਕਲਪ ਯਾਤਰਾ' ਦੇਸ਼ ਭਰ ਵਿੱਚ ਸਕਾਰਾਤਮਕ ਤਬਦੀਲੀ ਲਿਆਉਣ, ਡਿਜੀਟਲਾਈਜ਼ੇਸ਼ਨ ਨੂੰ ਅਪਣਾਉਣ, ਖੁੱਲ੍ਹੇ ਵਿੱਚ ਸ਼ੌਚ ਮੁਕਤ (ਓਡੀਐੱਫ) ਪਲੱਸ ਮਾਡਲ ਨੂੰ ਪ੍ਰਾਪਤ ਕਰਨ ਅਤੇ "ਮੇਰੀ ਕਹਾਨੀ ਮੇਰੀ ਜੁਬਾਨੀ" ਪਹਿਲ ਰਾਹੀਂ ਸਫ਼ਲਤਾ ਦੀਆਂ ਕਹਾਣੀਆਂ ਨੂੰ ਅੱਗੇ ਵਧਾਉਣ ਲਈ ਇੱਕ ਉਤਪ੍ਰੇਰਕ ਬਣੀ ਹੋਈ ਹੈ।
**********
ਆਰਸੀ/ਐੱਚਐੱਨ
(Release ID: 1984574)