ਵਿੱਤ ਮੰਤਰਾਲਾ
ਸੀਜੀਐੱਸਟੀ ਦਿੱਲੀ ਪੂਰਬੀ ਨੇ “ਆਪ੍ਰੇਸ਼ਨ ਕਲੀਨ ਸਵੀਪ” ਦੇ ਤਹਿਤ 199 ਕਰੋੜ ਰੁਪਏ ਤੋਂ ਵੱਧ ਦੀ ਫਰਜ਼ੀ ਆਈਟੀਸੀ ਦਾ ਲਾਭ ਲੈਣ ਵਾਲੀਆਂ 48 ਜਾਅਲੀ ਫਰਮਾਂ ਦੇ ਇੱਕ ਸਿੰਡੀਕੇਟ ਦਾ ਪਰਦਾਫਾਸ਼ ਕੀਤਾ, 3 ਗ੍ਰਿਫਤਾਰ
Posted On:
21 NOV 2023 5:23PM by PIB Chandigarh
ਸੈਂਟਰਲ ਗੁੱਡਸ ਐਂਡ ਸਰਵਿਸ ਟੈਕਸ (ਸੀਜੀਐੱਸਟੀ) ਦਿੱਲੀ ਈਸਟ ਕਮਿਸ਼ਨਰੇਟ ਨੇ “ਆਪ੍ਰੇਸ਼ਨ ਕਲੀਨ ਸਵੀਪ” ਦੇ ਤਹਿਤ 199 ਕਰੋੜ ਰੁਪਏ ਤੋਂ ਵੱਧ ਦੀ ਜਾਅਲੀ ਆਈਟੀਸੀ ਦਾ ਲਾਭ ਲੈਣ ਵਾਲੀਆਂ 48 ਇੱਕ –ਦੂਸਰੇ ਨਾਲ ਜੁੜੀਆਂ ਜਾਅਲੀ ਫਰਮਾਂ ਦੇ ਇੱਕ ਸਿੰਡੀਕੇਟ ਦਾ ਪਰਦਾਫਾਸ਼ ਕੀਤਾ ਹੈ। ਸੀਜੀਐੱਸਟੀ ਦਿੱਲੀ ਪੂਰਬੀ ਨੇ ਮਾਨਵ ਅਧਾਰਿਤ ਖੁਫੀਆ ਜਾਣਕਾਰੀ ਦੇ ਅਧਾਰ ‘ਤੇ ਜਾਅਲੀ ਬਿਲਰਸ ਦੇ ਖਿਲਾਫ ਸਾਂਝੇ ਤੌਰ ‘ਤੇ "ਆਪ੍ਰੇਸ਼ਨ ਕਲੀਨ ਸਵੀਪ" ਸ਼ੁਰੂ ਕੀਤਾ, ਜਿਸ ਨੂੰ ਜ਼ਮੀਨੀ ਖੁਫੀਆ ਜਾਣਕਾਰੀ ਦੀ ਸਹਾਇਤਾ ਨਾਲ ਡੇਟਾ ਮਾਈਨਿੰਗ ਅਤੇ ਡੇਟਾ ਐਨਾਲਿਸਿਸ ਦੇ ਜ਼ਰੀਏ ਅੱਗੇ ਵਧਾਇਆ ਗਿਆ।
ਇਸ ਆਪ੍ਰੇਸ਼ਨ ਦੇ ਪਹਿਲੇ ਪੜਾਅ ਵਿੱਚ, ਕੁੱਲ 48 ਨਕਲੀ/ਜਾਅਲੀ ਫਰਮਾਂ ਦੀ ਪਹਿਚਾਣ ਕੀਤੀ ਗਈ ਹੈ, ਜੋ ਜਾਂ ਤਾਂ ਹੋਂਦ ਵਿੱਚ ਨਹੀਂ ਹਨ ਜਾਂ ਫਿਰ ਕਾਗਜ਼ੀ ਫਰਮਾਂ ਹਨ। ਇਹ ਫਰਮਾਂ ਜਾਅਲੀ ਚਲਾਨ ਦਾ ਕੰਮ ਕਰ ਰਹੀਆਂ ਸਨ। ਅਜਿਹੇ ਚਲਾਨ ਵਸਤਾਂ ਜਾਂ ਸੇਵਾਵਾਂ ਦੀ ਅਸਲ ਸਪਲਾਈ ਦੇ ਬਿਨਾ ਬਣਾਏ ਗਏ ਸਨ, ਜੋ ਜੀਐੱਸਟੀ ਕਾਨੂੰਨ ਦੇ ਤਹਿਤ ਇੱਕ ਅਪਰਾਧ ਹੈ। ਤਿੰਨ ਲੋਕਾਂ ਨੂੰ ਫੜ ਲਿਆ ਗਿਆ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਬਾਅਦ ਵਿੱਚ ਚੀਫ ਮੈਟ੍ਰੋਪੌਲਿਟਨ ਮੈਜਿਸਟ੍ਰੇਟ ਕੋਰਟ, ਪਟਿਆਲਾ ਹਾਊਸ ਦੁਆਰਾ ਦੋ ਹਫਤਿਆਂ ਲਈ ਨਿਆਇਕ ਹਿਰਾਸਤ (ਜੁਡੀਸ਼ੀਅਲ ਕਸਟਡੀ) ਵਿੱਚ ਭੇਜ ਦਿੱਤਾ ਗਿਆ। ਇਸ ਸਿੰਡੀਕੇਟ ਦੇ ਹੋਰ ਮੈਂਬਰਾਂ ਅਤੇ ਸਰਗਨਾਂ ਦੀ ਪਹਿਚਾਣ ਕਰ ਲਈ ਗਈ ਹੈ ਅਤੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।
ਫੜੇ ਗਏ ਵਿਅਕਤੀਆਂ ਵਿੱਚੋਂ ਇੱਕ, ਜੋ ਕਿ ਮੈਸਰਜ਼ ਐੱਮ.ਕੇ. ਟ੍ਰੇਡਰਸ ਦਾ ਮਾਲਕ ਸੀ, ਪੰਜ ਕਰੋੜ ਤੋਂ ਵੱਧ ਦੀ ਧੋਖਾਧੜੀ ਵਾਲੀ ਆਈਟੀਸੀ ਦਾ ਲਾਭ ਲੈਣ ਦੇ ਕੰਮ ਵਿੱਚ ਜੁੜਿਆ ਪਾਇਆ ਗਿਆ, ਜਿਸ ਦਾ ਵੱਡਾ ਹਿੱਸਾ ਹੋਰ ਜੁੜੇ ਲਿੰਕਾਂ ਨੂੰ ਦੇ ਦਿੱਤਾ ਗਿਆ ਸੀ। ਫੜੇ ਗਏ ਹੋਰ ਦੋ ਵਿਅਕਤੀ ਇਸ ਸਿੰਡੀਕੇਟ ਨੂੰ ਸਹਾਇਤਾ ਅਤੇ ਹੁਲਾਰਾ ਦੇ ਰਹੇ ਸਨ ਅਤੇ ਸਿੰਡੀਕੇਟ ਦੇ ਕੰਮਕਾਰ ਵਿੱਚ ਸਹਾਇਕ ਸਨ। ਇਸ ਆਪ੍ਰੇਸ਼ਨ ਦੇ ਦੌਰਾਨ 55 ਵੱਖ-ਵੱਖ ਫਰਮਾਂ ਨਾਲ ਸਬੰਧਿਤ ਟਿਕਟ, ਕਈ ਸਿਮ ਕਾਰਡ ਅਤੇ ਆਧਾਰ ਕਾਰਡ ਜਿਹੇ ਦਸਤਾਵੇਜ਼ ਅਤੇ ਤੀਸਰੀ ਧਿਰ ਨਾਲ ਸਬੰਧਿਤ ਬਿਜਲੀ ਬਿਲ ਸਹਿਤ ਇਤਰਾਜ਼ਯੋਗ ਸਮੱਗਰੀ ਬਰਾਮਦ ਕੀਤੀ ਗਈ।
ਇਹ ਪੂਰਾ ਆਪ੍ਰੇਸ਼ਨ ਦੁਰਗਮ ਇਲਾਕਿਆਂ ਵਿੱਚ ਚਲਾਇਆ ਗਿਆ, ਜਿਸ ਵਿੱਚ ਦਿੱਲੀ ਦੀਆਂ ਤੰਗ ਗਲੀਆਂ ਅਤੇ ਸੰਵੇਦਨਸ਼ੀਲ ਇਲਾਕੇ ਸ਼ਾਮਲ ਸਨ। ਇਹ ਆਪ੍ਰੇਸ਼ਨ ਕੇਵਲ ਦਿੱਲੀ ਪੁਲਿਸ ਦੇ ਤਾਲਮੇਲ ਪੂਰਨ ਸਹਿਯੋਗ ਸਦਕਾ ਸੰਭਵ ਹੋਇਆ, ਜਿਸ ਨੇ ਜੀਐੱਸਟੀ ਅਧਿਕਾਰੀਆਂ ਦੀ ਸਹਾਇਤਾ ਲਈ ਉਚਿਤ ਸੰਖਿਆ ਵਿੱਚ ਪੁਲਿਸ ਕਰਮੀਆਂ ਨੂੰ ਤੈਨਾਤ ਕੀਤਾ ਸੀ।
ਇਸ ਮਾਮਲੇ ਵਿੱਚ ਅੱਗੇ ਦੀ ਜਾਂਚ ਜਾਰੀ ਹੈ।
****
ਐੱਨਬੀ/ਵੀਐੱਮ/ਕੇਐੱਮਐੱਨ
(Release ID: 1978875)
Visitor Counter : 94