ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਵਿਸ਼ਵ ਸਿਨੇਮਾ ਦੀ ਸ਼ਾਨਦਾਰ ਲੜੀ ਨੂੰ ਪ੍ਰਦਰਸ਼ਿਤ ਕਰਨ ਵਾਲਾ 54ਵਾਂ ਭਾਰਤੀ ਅੰਤਰਰਾਸ਼ਟਰੀ ਫਿਲਮ ਮਹੋਤਸਵ (ਇੱਫੀ) ਕੱਲ੍ਹ ਇੱਕ ਸ਼ਾਨਦਾਰ ਉਦਘਾਟਨੀ ਸਮਾਰੋਹ ਨਾਲ ਸ਼ੁਰੂ ਹੋਵੇਗਾ
ਇਸ ਵਰ੍ਹੇ ਮਹੋਤਸਵ ਵਿੱਚ 13 ਵਰਲਡ ਪ੍ਰੀਮੀਅਰ, 18 ਇੰਟਰਨੈਸ਼ਨਲ ਪ੍ਰੀਮੀਅਰ, 62 ਏਸ਼ੀਅਨ ਪ੍ਰੀਮੀਅਰ ਅਤੇ 89 ਇੰਡੀਅਨ ਪ੍ਰੀਮੀਅਰ ਹੋਣਗੇ
ਫਿਲਮ ਫੈਸਟੀਵਲ ਸਿਨੇਮੈਟਿਕ ਅਨੁਭਵ ਦੇ ਪ੍ਰਤੀ ਲੋਕਾਂ ਦੇ ਲਗਾਤਾਰ ਕਾਇਮ ਆਕਰਸ਼ਨ ਦਾ ਪ੍ਰਮਾਣ ਹੈ: ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ
ਗੋਆ ਦੇ ਕਿਨਾਰਿਆਂ ‘ਤੇ ਆਕਰਸ਼ਨ ਦਾ ਕੇਂਦਰ ਬਣੇ, 54ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਇੰਡੀਆ ਦਾ ਕੱਲ੍ਹ ਪਣਜੀ, ਗੋਆ ਵਿੱਚ ਇੱਕ ਸ਼ਾਨਦਾਰ ਉਦਘਾਟਨ ਹੋਵੇਗਾ। ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਇਨਡੋਰ ਸਟੇਡੀਅਮ ਵਿੱਚ ਸਮਾਰੋਹ ਦਾ ਉਦਘਾਟਨ ਕਰਨਗੇ। ਸੂਚਨਾ ਅਤੇ ਪ੍ਰਸਾਰਣ ਮੰਤਰੀ ਆਈਨੌਕਸ ਕੰਪਲੈਕਸ ਵਿੱਚ ਓਪਨਿੰਗ ਫਿਲਮ ਦੇ ਨਿਰਮਾਤਾਵਾਂ ਅਤੇ ਕਲਾਕਾਰਾਂ ਨੂੰ ਸਨਮਾਨਿਤ ਕਰਨਗੇ।
ਮੰਤਰੀ ਮਹੋਦਯ 54ਵੇਂ ਇੱਫੀ ਦੇ ਮੌਕੇ ‘ਤੇ ਫਿਲਮ ਬਜ਼ਾਰ ਦਾ ਵੀ ਉਦਘਾਟਨ ਕਰਨਗੇ। ਫਿਲਮ ਬਜ਼ਾਰ ਦੱਖਣੀ ਏਸ਼ੀਆ ਦਾ ਸਭ ਤੋਂ ਵੱਡਾ ਗਲੋਬਲ ਫਿਲਮ ਬਜ਼ਾਰ ਹੈ,ਜੋ ਇੱਫੀ ਦੇ ਨਾਲ-ਨਾਲ ਹਰ ਸਾਲ ਰਾਸ਼ਟਰੀ ਫਿਲਮ ਵਿਕਾਸ ਨਿਗਮ (ਐੱਨਐੱਫਡੀਸੀ) ਦੁਆਰਾ ਆਯੋਜਿਤ ਕੀਤਾ ਜਾਂਦਾ ਹੈ। ਇਹ ਫਿਲਮ ਨਿਰਮਾਣ, ਪੇਸ਼ਕਾਰੀ ਅਤੇ ਵੰਡ ਵਿੱਚ ਦੱਖਣੀ ਏਸ਼ੀਆਈ ਸਮਗੱਰੀ ਅਤੇ ਪ੍ਰਤਿਭਾ ਨੂੰ ਪ੍ਰੋਤਸਾਹਨ ਦਿੰਦਾ ਹੈ ਅਤੇ ਉਸ ਦਾ ਪ੍ਰਦਰਸ਼ਨ ਕਰਦਾ ਹੈ। ਇਹ ਦੱਖਣੀ ਏਸ਼ੀਆਈ ਖੇਤਰ ਵਿੱਚ ਵਿਸ਼ਵ ਸਿਨੇਮਾ ਦੇ ਪ੍ਰਸਾਰ ਵਿੱਚ ਵੀ ਮਦਦ ਕਰਦਾ ਹੈ।
ਇਸ ਉਦਘਾਟਨੀ ਸਮਾਰੋਹ ਵਿੱਚ ਬਾਲੀਵੁੱਡ ਸੁਪਰਸਟਾਰ ਮਾਧੁਰੀ ਦਿਕਸ਼ਿਤ ਅਤੇ ਸ਼ਾਹਿਦ ਕਪੂਰ ਪ੍ਰਦਰਸ਼ਨ ਕਰਨਗੇ। ਉਦਘਾਟਨੀ ਸਮਾਰੋਹ ਵਿੱਚ ਬਾਲੀਵੁੱਡ ਸਿਤਾਰੇ ਸ਼੍ਰਿਆ ਸਰਨ, ਨੁਸਰਤ ਭਰੂਚਾ, ਪੰਕਜ ਤ੍ਰਿਪਾਠੀ, ਸ਼ਾਂਤਨੂ ਮੋਇਤਰਾ, ਸ਼੍ਰੇਆ ਘੋਸ਼ਾਲ ਅਤੇ ਸੁਖਵਿੰਦਰ ਸਿੰਘ ਵੀ ਪਰਫਾਰਮ ਕਰਨਗੇ। ਮਹੋਤਸਵ ਵਿੱਚ ਫਿਲਮ ਇੰਡਸਟਰੀ ਦੀਆਂ ਉੱਘੀਆਂ ਸ਼ਖਸੀਅਤਾਂ ਕੈਥਰੀਨ ਜੇਟਾ ਜੋਨਸ, ਸਲਮਾਨ ਖਾਨ, ਵਿਦਿਆ ਬਾਲਨ, ਆਯੁਸ਼ਮਾਨ ਖੁਰਾਨਾ, ਅਨੁਪਮ ਖੇਰ, ਵਿੱਕੀ ਕੌਸ਼ਲ, ਸਿਧਾਰਥ ਮਲਹੋਤਰਾ, ਅਦਿਤੀ ਰਾਓ ਹੈਦਰੀ, ਏਆਰ ਰਹਿਮਾਨ, ਅਮਿਤ ਤ੍ਰਿਵੇਦੀ ਸਮੇਤ ਹੋਰ ਕਈ ਮਸ਼ਹੂਰ ਕਲਾਕਾਰ, ਗਾਇਕ ਅਤੇ ਫਿਲਮਕਾਰ ਹਿੱਸਾ ਲੈਣਗੇ।
ਦੁਨੀਆ ਭਰ ਦੇ ਦਰਸ਼ਕਾਂ ਦੇ ਲਈ ਵਿਸ਼ਵ ਸਿਨੇਮਾ ਦੀ ਇੱਕ ਵਿਵਿਧ ਲੜੀ ਨੂੰ ਪ੍ਰਦਰਸ਼ਿਤ ਕਰਨ ਵਾਲੇ ਨੌਂ ਦਿਨਾਂ ਫਿਲਮ ਮਹੋਤਸਵ ਦੀ ਸ਼ੁਰੂਆਤ ਪੁਰਸਕਾਰ ਜੇਤੂ ਬ੍ਰਿਟਿਸ਼ ਫਿਲਮ ਨਿਰਮਾਤਾ ਸਟੂਆਰਟ ਗੈਟ ਦੀ ਕੈਚਿੰਗ ਡਸਟ ਦੇ ਅੰਤਰਰਾਸ਼ਟਰੀ ਪ੍ਰੀਮੀਅਰ ਦੇ ਨਾਲ ਹੋਵੇਗੀ।
ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ ਇਸ ਫਿਲਮ ਮਹੋਤਸਵ ਦੇ ਲਈ ਆਪਣੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਅਜਿਹੇ ਯੁਗ ਵਿੱਚ ਜਿੱਥੇ ਟੈਕਨੋਲੋਜੀ ਸਾਡੇ ਕਾਨਟੈਂਟ ਦੇਖਣ ਦੇ ਤਰੀਕੇ ਨੂੰ ਲਗਾਤਾਰ ਬਦਲ ਰਹੀ ਹੈ, ਤਦ ਫਿਲਮ ਫੈਸਟੀਵਲ ਸਿਨੇਮੈਟਿਕ ਅਨੁਭਵ ਦੇ ਪ੍ਰਤੀ ਲੋਕਾਂ ਦੇ ਲਗਾਤਾਰ ਕਾਇਮ ਆਕਰਸ਼ਨ ਦਾ ਪ੍ਰਮਾਣ ਬਣੇ ਹੋਏ ਹਨ। ਉਨ੍ਹਾਂ ਨੇ ਕਿਹਾ, “ਫਿਲਮ ਸਹਿਯੋਗ, ਸੰਯੁਕਤ ਨਿਰਮਾਣ ਅਤੇ ਅਤਿਆਧੁਨਿਕ ਤਕਨੀਕ ਵਿਕਸਿਤ ਕਰਨ ਦੇ ਲਿਹਾਜ਼ ਨਾਲ ਇੱਫੀ ਇੱਕ ਆਦਰਸ਼ ਪਲੈਟਫਾਰਮ ਬਣ ਗਿਆ ਹੈ। ਸਾਡੇ ਡਾਇਰੈਕਟਰਾਂ ਅਤੇ ਫਿਲਮਕਾਰਾਂ ਦੇ ਨਾਲ ਸਹਿਯੋਗ ਅਤੇ ਫਿਲਮਕਾਰਾਂ ਦੇ ਜਨੂੰਨ ਦੇ ਚਲਦੇ ਇੱਫੀ ਹਰ ਸਾਲ ਵਧ ਰਿਹਾ ਹੈ।”
ਇਸ ਸਾਲ ਇੱਫੀ ਨੂੰ ਜ਼ਬਰਦਸਤ ਪ੍ਰਤਿਕ੍ਰਿਆ ਮਿਲੀ ਹੈ। ਇਸ ਸਾਲ ਇੱਫੀ ਨੂੰ 105 ਦੇਸ਼ਾਂ ਤੋਂ ਕੁੱਲ 2926 ਐਂਟਰੀਆਂ ਪ੍ਰਾਪਤ ਹੋਈਆਂ ਹਨ, ਜੋ ਪਿਛਲੇ ਸਾਲ ਦੀ ਤੁਲਨਾ ਵਿੱਚ ਤਿੰਨ ਗੁਣਾ ਅਧਿਕ ਅੰਤਰਰਾਸ਼ਟਰੀ ਐਂਟਰੀਆਂ ਹਨ। ਨੌਂ ਦਿਨਾਂ ਮਹੋਤਸਵ ਦੌਰਾਨ ਚਾਰ ਥਾਵਾਂ ‘ਤੇ 270 ਤੋਂ ਅਧਿਕ ਫਿਲਮਾਂ ਦਿਖਾਈਆਂ ਜਾਣਗੀਆਂ। ਮਹੋਤਸਵ ਵਿੱਚ 13 ਵਰਲਡ ਪ੍ਰੀਮੀਅਰ, 18 ਇੰਟਰਨੈਸ਼ਨਲ ਪ੍ਰੀਮੀਅਰ, 62 ਏਸ਼ੀਅਨ ਪ੍ਰੀਮੀਅਰ ਅਤੇ 89 ਇੰਡੀਅਨ ਪ੍ਰੀਮੀਅਰ ਹੋਣਗੇ। ਸਰਬਸ੍ਰੇਸ਼ਠ ਵੈੱਬ ਸੀਰੀਜ (ਓਟੀਟੀ) ਪੁਰਸਕਾਰ ਦੇ ਲਈ 15 ਓਟੀਟੀ ਪਲੈਟਫਾਰਮਾਂ ਵਿੱਚੋਂ 10 ਭਾਸ਼ਾਵਾਂ ਵਿੱਚ ਕੁੱਲ 32 ਐਂਟਰੀਆਂ ਪ੍ਰਾਪਤ ਹੋਈਆਂ ਹਨ। ਇਸ ਸਾਲ ਪ੍ਰਤਿਸ਼ਠਿਤ ਗੋਲਡਨ ਪੀਕੌਕ ਪੁਰਸਕਾਰ ਦੇ ਲਈ 15 ਫੀਚਰ ਫਿਲਮਾਂ (12 ਅੰਤਰਰਾਸ਼ਟਰੀ ਫਿਲਮਾਂ ਅਤੇ 3 ਭਾਰਤੀ ਫਿਲਮਾਂ) ਮੁਕਾਬਲਾ ਕਰਨਗੀਆਂ।
ਡੌਕਯੂਮੈਂਟਰੀ ਵਿਧਾ ਵਿੱਚ ਇਸ ਸਾਲ ਭਾਰਤ ਦੀ ਔਸਕਰ ਐਂਟਰੀ ਦੀ ਉਪਲਬਧੀ ਨੂੰ ਚਿੰਨ੍ਹਿਤ ਕਰਨ ਅਤੇ ਅੱਜ ਫਿਲਮਮੇਕਿੰਗ ਵਿੱਚ ਡੌਕਯੂਮੈਂਟ੍ਰੀਆਂ ਦੇ ਵਧਦੇ ਮਹੱਤਵ ਨੂੰ ਦਿਖਾਉਣ ਲਈ ਦੁਨੀਆ ਭਰ ਤੋਂ ਸਮਮੋਹਕ ਡੌਕਯੂਮੈਂਟਰੀ ਫਿਲਮਾਂ ਨੂੰ ਦਿਖਲਾਉਣ ਵਾਲਾ ਇੱਕ ਡੌਕਯੂਮੈਂਟਰੀ ਮੋਂਟਾਜ ਸੈਕਸ਼ਨ ਵੀ ਸ਼ੁਰੂ ਕੀਤਾ ਗਿਆ ਹੈ। ਯੂਨੈਸਕੋ ਦੇ ਆਦਰਸ਼ਾਂ ਨੂੰ ਪ੍ਰਤੀਬਿੰਬਤ ਕਰਨ ਵਾਲੀਆਂ ਸੱਤ ਅੰਤਰਰਾਸ਼ਟਰੀ ਫਿਲਮਾਂ ਅਤੇ ਤਿੰਨ ਭਾਰਤੀ ਫਿਲਮਾਂ ਆਈਸੀਐੱਫਟੀ ਯੂਨੈਸਕੋ ਗਾਂਧੀ ਮੈਡਲ ਪੁਰਸਕਾਰ ਸੈਕਸ਼ਨ ਵਿੱਚ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ।
ਉੱਭਰਦੀਆਂ ਪ੍ਰਤਿਭਾਵਾਂ ਨੂੰ ਉਤਸ਼ਾਹਿਤ ਕਰਨ ਲਈ ਆਪਣੀ ਪ੍ਰਤੀਬੱਧਤਾ ਦੇ ਪ੍ਰਮਾਣ ਵਜੋਂ, ਇੱਫੀ ਫਿਲਮ ਉਦਯੋਗ ਦੇ ਦਿੱਗਜਾਂ ਦੁਆਰਾ ਆਯੋਜਿਤ ਮਾਸਟਰਕਲਾਸਾਂ, ਵਰਕਸ਼ਾਪਸ ਅਤੇ ਪੈਨਲ ਚਰਚਾਵਾਂ ਦੀ ਮੇਜ਼ਬਾਨੀ ਕਰੇਗਾ। ਇਸ ਸਾਲ 75 ਕ੍ਰਿਏਟਿਵ ਮਾਈਂਡਜ਼ ਆਫ਼ ਟੂਮੋਰੋ (ਸੀਐੱਮਓਟੀ) ਉਮੀਦਵਾਰਾਂ ਲਈ ਸਿਨੇਮਾ ਦੇ ਮਾਸਟਰਸ ਦੁਆਰਾ ਵਿਸ਼ੇਸ਼ ਤੌਰ ‘ਤੇ ਕਿਊਰੇਟ ਕੀਤੀ ਗਈ ਪੇਸ਼ੇਵਰ ਕਲਾਸਾਂ ਹੋਣਗੀਆਂ ਅਤੇ ਭਰਤੀ ਲਈ 20 ਤੋਂ ਅਧਿਕ ਮੋਹਰੀ ਕੰਪਨੀਆਂ ਦੇ ਨਾਲ ਇੱਕ ਪ੍ਰਤਿਭਾ ਕੈਂਪ ਆਯੋਜਿਤ ਕੀਤਾ ਜਾਵੇਗਾ।
ਐੱਨਐੱਫਡੀਸੀ ਫਿਲਮ ਬਜ਼ਾਰ ਦਾ 17ਵਾਂ ਸੰਸਕਰਣ ਵੀਐੱਫਐਕਸ ਅਤੇ ਟੇਕ ਪਵੇਲੀਅਨ, ਡੌਕਯੂਮੈਂਟਰੀ ਅਤੇ ਗੈਰ-ਫੀਚਰ ਪ੍ਰੋਜੈਕਟਸ/ਫਿਲਮਾਂ, ਨਾਲੇਜ ਸੀਰੀਜ਼ ਅਤੇ ਬੁੱਕ ਟੂ ਬਾਕਸ ਆਫਿਸ ਦੇ ਨਾਲ ਆਪਣੇ ਵਰਟੀਕਲਾਂ ਦਾ ਦਾਇਰਾ ਵਧਾਏਗਾ। ਇਸ ਤੋਂ ਇਲਾਵਾ, ਇੱਕ ਰੀਸਟੋਰਡ ਕਲਾਸਿਕਸ ਸੈਕਸ਼ਨ ਵੀ ਸ਼ੁਰੂ ਕੀਤਾ ਗਿਆ ਹੈ, ਜਿਸ ਵਿੱਚ ਸੱਤ ਵਰਲਡ ਪ੍ਰੀਮੀਅਰ ਕੀਤੇ ਜਾਣਗੇ। ਇਹ ਭਾਰਤੀ ਕਲਾਸਿਕਸ ਫਿਲਮਾਂ ਹਨ ਜਿਨ੍ਹਾਂ ਦੀ ਖਰਾਬ ਸੈਲੂਲੋਇਡ ਰੀਲਾਂ ਨੂੰ ਨੈਸ਼ਨਲ ਫਿਲਮ ਹੈਰੀਟੇਜ ਮਿਸ਼ਨ (ਐੱਨਐੱਫਐੱਚਐੱਮ) ਦੇ ਤਹਿਤ ਐੱਨਐੱਫਡੀਸੀ-ਐੱਨਐੱਫਏਆਈ ਦੁਆਰਾ ਰੀਸਟੋਰ ਕੀਤੀਆਂ ਗਈਆਂ ਅੰਤਰਰਾਸ਼ਟਰੀ ਫਿਲਮਾਂ ਵੀ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ।
ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਕੇਂਦਰੀ ਸੰਚਾਰ ਬਿਊਰੋ ਨੇ ਇਮਰਸਿਵ ਵਿਜ਼ੂਅਲ ਸਮੱਗਰੀ ਵਾਲੀ ਇੱਕ ਪ੍ਰਦਰਸ਼ਨੀ ਵੀ ਲਗਾਈ ਹੈ ਜੋ ਸਿਨੇਮਾ ਪ੍ਰੇਮੀਆਂ ਨੂੰ ਇੰਟਰਐਕਟਿਵ ਡਿਸਪਲੇ ਰਾਹੀਂ ਫਿਲਮਾਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਦੀ ਅਨੁਮਤੀ ਦੇਵੇਗੀ। ਸਾਰਿਆਂ ਦੇ ਲਈ ਐਂਟਰੀ ਮੁਫ਼ਤ ਹੈ। ਇੱਫੀ ਨੂੰ ਦੁਨੀਆ ਦੇ ਲਈ ਭਾਰਤ ਦੇ ਸਭ ਤੋਂ ਵੱਡੇ ਸੱਭਿਆਚਾਰਕ ਸਮਾਰੋਹਾਂ ਵਿੱਚੋਂ ਇੱਕ ਦੇ ਰੂਪ ਵਿੱਚ ਵਧਾਉਣ ਲਈ ਕੈਰਾਵਾਨਸ, ਸ਼ਿਗਮੋਤਸਵ, ਗੋਆ ਕਾਰਨੀਵਲ, ਸੈਲਫੀ ਪੁਆਇੰਟ, ਇੱਫੀ ਵਪਾਰਕ ਮਾਲ ਅਤੇ ਹੋਰ ਪਹਿਲਾਂ ਦੇ ਨਾਲ-ਨਾਲ ਜਨਤਾ ਦੇ ਲਈ ਤਿੰਨ ਸਥਾਨਾਂ ‘ਤੇ ਓਪਨ ਏਅਰ ਸਕ੍ਰੀਨਿੰਗ ਵੀ ਆਯੋਜਿਤ ਕੀਤੀ ਜਾਵੇਗੀ।
ਪੱਤਰ ਸੂਚਨਾ ਦਫ਼ਤਰ ਮਹੋਤਸਵ ਨਾਲ ਸਬੰਧਿਤ ਸਾਰੇ ਪ੍ਰੋਗਰਾਮਾਂ ਬਾਰੇ ਅੰਗ੍ਰੇਜ਼ੀ, ਹਿੰਦੀ ਅਤੇ ਖੇਤਰੀ ਭਾਸ਼ਾਵਾਂ ਵਿੱਚ ਪ੍ਰੈੱਸ ਰੀਲੀਜ਼ ਜਾਰੀ ਕਰੇਗਾ। ਪੀਆਈਬੀ ਪਹਿਲੀ ਵਾਰ ਸਥਾਨਕ ਮੀਡੀਆ ਦੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਕੋਂਕਣੀ ਭਾਸ਼ਾ ਵਿੱਚ ਵੀ ਪ੍ਰੈੱਸ ਰੀਲੀਜ਼ ਜਾਰੀ ਕਰੇਗਾ। ਪੀਆਈਬੀ ਦੀ ਸੋਸ਼ਲ ਮੀਡੀਆ ਟੀਮ ਪ੍ਰੈੱਸ ਕਾਨਫਰੰਸ ਅਤੇ ਹੋਰ ਪ੍ਰੋਗਰਾਮਾਂ ਦੀ ਲਾਈਵ ਸਟ੍ਰੀਮਿੰਗ ਕਰੇਗੀ, ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਲਾਈਵ ਅੱਪਡੇਟ ਪੋਸਟ ਕਰੇਗੀ। ਪੀਆਈਬੀ ਨੇ ਮੀਡੀਆ ਨੂੰ ਜ਼ਰੂਰੀ ਸਹਾਇਤਾ ਪ੍ਰਦਾਨ ਕਰਨ ਲਈ ਪ੍ਰੋਗਰਾਮ ਸਥਾਨ ‘ਤੇ ਇੱਕ ਮੀਡੀਆ ਸੁਵਿਧਾ ਕੇਂਦਰ ਵੀ ਸਥਾਪਿਤ ਕੀਤਾ ਹੈ।
ਫਿਲਮ ਮਹੋਤਸਵ ਨੂੰ ਅਧਿਕ ਸਮਾਵੇਸ਼ੀ ਅਤੇ ਸੁਲਭ ਬਣਾਉਣ ਲਈ, 54ਵੇਂ ਇੱਫੀ ਨੇ ਇਹ ਸੁਨਿਸ਼ਚਿਤ ਕਰਨ ਦੀ ਵਿਵਸਥਾ ਕੀਤੀ ਹੈ ਕਿ ਮਹੋਤਸਵ ਵਿੱਚ ਵਿਸ਼ੇਸ਼ ਤੌਰ ‘ਤੇ ਸਮਰਥਿਤ ਸਾਰੇ ਸਕ੍ਰੀਨਿੰਗ ਅਤੇ ਹੋਰ ਸਥਾਨਾਂ ਤੱਕ ਪਹੁੰਚ ਸਕਣ। ਇਸ ਵਿੱਚ ਨੇਤਰਹੀਣਾਂ ਲਈ ਏਮਬੈਡਡ ਆਡੀਓ ਅਤੇ ਏਮਬੈਡਡ ਸਾਈਨ ਲੈਂਗੂਏਜ਼ ਵੀ ਉਪਲਬਧ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਵਿਭਿੰਨ ਭਾਸ਼ਾਵਾਂ ਵਿੱਚ ਡੱਬ ਕੀਤੀਆਂ ਗਈਆਂ ਭਾਰਤੀ ਪੈਨੋਰਮਾ ਫਿਲਮਾਂ ਵੀ ਦਿਖਾਈਆਂ ਜਾਣਗੀਆਂ।
ਇੱਫੀ ਨੂੰ ਦੁਨੀਆ ਦੇ ਲਈ ਭਾਰਤ ਦੇ ਸਭ ਤੋਂ ਵੱਡੇ ਫਿਲਮ ਮਹੋਤਸਵਾਂ ਵਿੱਚੋਂ ਇੱਕ ਦੇ ਰੂਪ ਵਿੱਚ ਉਤਸ਼ਾਹਿਤ ਕਰਨ ਲਈ ਆਯੋਜਨ ਸਥਾਨਾਂ ‘ਤੇ ਤਿਆਰੀਆਂ ਜ਼ੋਰਾਂ ‘ਤੇ ਹਨ।
ਉਦਘਾਟਨੀ ਸਮਾਰੋਹ ਦਾ ਦੂਰਦਰਸ਼ਨ ‘ਤੇ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ। ਵਾਇਆਕਾਮ ਮੀਡੀਆ ਪ੍ਰਾਈਵੇਟ ਲਿਮਿਟਿਡ ਉਦਘਾਟਨ ਅਤੇ ਸਮਾਪਤੀ ਸਮਾਰੋਹਾਂ ਵਿੱਚ ਸੱਭਿਆਚਾਰਕ ਪ੍ਰੋਗਰਾਮਾਂ ਲਈ ਵਿਸ਼ੇਸ਼ ਮੀਡੀਆ ਅਤੇ ਪ੍ਰਸਾਰਣ ਭਾਗੀਦਾਰ ਹੈ ਅਤੇ ਕਲਰਸ ਟੀਵੀ ਚੈਨਲ ਅਤੇ ਇਸ ਦੇ ਓਟੀਟੀ ਪਲੈਟਫਾਰਮ ਜੀਓ ਸਿਨੇਮਾ ‘ਤੇ ਸਮਾਰੋਹਾਂ ਦਾ ਪ੍ਰਸਾਰਣ ਕਰਨਗੇ।
* * *
ਪੀਆਈਬੀ ਇੱਫੀ ਟੀਮ/ਪੀਪੀਜੀ/ਐੱਨਟੀ/ਐੱਲਪੀ/ਐੱਲਪੀ/ਐੱਨਆਰ/ਬੀਐੱਨ/ਡੀਆਰ/ਇੱਫੀ 54-005
(Release ID: 1978494)
Visitor Counter : 108