ਕਬਾਇਲੀ ਮਾਮਲੇ ਮੰਤਰਾਲਾ
ਭਾਰਤ ਦੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ 20 ਨਵੰਬਰ 2023 ਨੂੰ ਮਯੂਰਭੰਜ ਦੇ ਕੁਲਿਆਨਾ (Kuliana) ਵਿੱਚ ਏਕਲਵਯ ਮਾਡਲ ਰਿਹਾਇਸ਼ੀ ਸਕੂਲ ਦਾ ਉਦਘਾਟਨ ਕਰਨਗੇ
Posted On:
19 NOV 2023 8:00PM by PIB Chandigarh
ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ 20 ਨਵੰਬਰ 2023, ਸੋਮਵਾਰ ਨੂੰ ਆਪਣੀ ਮਯੂਰਭੰਜ ਯਾਤਰਾ ਦੌਰਾਨ ਮਯੂਰਭੰਜ ਦੇ ਕੁਲਿਆਨਾ (Kuliana) ਵਿੱਚ ਨਵੇਂ ਏਕਲਵਯ ਮਾਡਲ ਰਿਹਾਇਸ਼ੀ ਸਕੂਲ ਕੈਂਪਸ ਦਾ ਉਦਘਾਟਨ ਕਰਨਗੇ। ਇਸ ਮੌਕੇ ‘ਤੇ ਓਡੀਸ਼ਾ ਦੇ ਰਾਜਪਾਲ, ਸ਼੍ਰੀ ਰਘੁਬਰ ਦਾਸ, ਕਬਾਇਲੀ ਮਾਮਲੇ ਮੰਤਰੀ ਸ਼੍ਰੀ ਅਰਜੁਨ ਮੁੰਡਾ ਅਤੇ ਭਾਰਤ ਸਰਕਾਰ ਦੇ ਜਲ ਸ਼ਕਤੀ ਤੇ ਕਬਾਇਲੀ ਮਾਮਲੇ ਰਾਜ ਮੰਤਰੀ ਸ਼੍ਰੀ ਬਿਸ਼ਵੇਸ਼ਵਰ ਟੁਡੂ ਅਤੇ ਹੋਰ ਪਤਵੰਤੇ ਵੀ ਮੌਜੂਦ ਰਹਿਣਗੇ।
ਏਕਲਵਯ ਮਾਡਲ ਰਿਹਾਇਸ਼ੀ ਸਕੂਲ (Eklavya Model Residential Schools) ਕਬਾਇਲੀ ਵਿਦਿਆਰਥੀਆਂ ਨੂੰ ਗੁਣਵੱਤਾਪੂਰਨ ਸਿੱਖਿਆ ਪ੍ਰਦਾਨ ਕਰਨ ਲਈ ਭਾਰਤ ਸਰਕਾਰ ਦੀ ਇੱਕ ਪ੍ਰਮੁੱਖ ਯੋਜਨਾ ਹੈ। ਵਰ੍ਹੇ 2019 ਵਿੱਚ, ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਦੂਰਦਰਸ਼ੀ ਅਗਵਾਈ ਵਿੱਚ 452 ਨਵੇਂ ਏਕਲਵਯ ਮਾਡਲ ਰਿਹਾਇਸ਼ੀ ਸਕੂਲ ਮਨਜ਼ੂਰ ਕੀਤੇ ਗਏ ਸਨ, ਖਾਸ ਕਰਕੇ ਉਨ੍ਹਾਂ ਸਥਾਨਾਂ ‘ਤੇ ਜਿਨ੍ਹਾਂ ਵਿੱਚੋਂ ਹਰੇਕ ਕਬਾਇਲੀ ਬਲਾਕ ਵਿੱਚ 50% ਜਾਂ 20,000 ਤੋਂ ਅਧਿਕ ਅਨੁਸੂਚਿਤ ਕਬਾਇਲੀ ਆਬਾਦੀ ਨਿਵਾਸ ਕਰਦੀ ਹੈ। ਮਾਣਯੋਗ ਪ੍ਰਧਾਨ ਮੰਤਰੀ ਨੇ 12 ਸਤੰਬਰ 2019 ਨੂੰ ਝਾਰਖੰਡ ਦੀ ਰਾਜਧਾਨੀ ਰਾਂਚੀ ਤੋਂ ਇਸ ਯੋਜਨਾ ਦੀ ਸ਼ੁਰੂਆਤ ਕੀਤੀ ਸੀ।
ਇਸ ਯੋਜਨਾ ਦੇ ਤਹਿਤ ਪ੍ਰਤੀ ਵਿਦਿਆਰਥੀ ਆਵਰਤੀ ਲਾਗਤ ਵੀ 61,000 ਰੁਪਏ ਤੋਂ ਵਧਾ ਕੇ 1,09,000 ਰੁਪਏ ਕਰ ਦਿੱਤੀ ਗਈ। ਇਸ ਤੋਂ ਬਾਅਦ ਵਰ੍ਹੇ 2022 ਵਿੱਚ, ਏਕਲਵਯ ਮਾਡਲ ਰਿਹਾਇਸ਼ੀ ਸਕੂਲ ਦੀ ਨਿਰਮਾਣ ਲਾਗਤ ਮੈਦਾਨੀ ਖੇਤਰਾਂ ਵਿੱਚ 20 ਕਰੋੜ ਰੁਪਏ ਤੋਂ ਵਧਾ ਕੇ 38 ਕਰੋੜ ਰੁਪਏ ਅਤੇ ਪਹਾੜੀ ਖੇਤਰਾਂ ਵਿੱਚ 24 ਕਰੋੜ ਰੁਪਏ ਤੋਂ ਵਧਾ ਕੇ 48 ਕਰੋੜ ਰੁਪਏ ਕਰ ਦਿੱਤੀ ਗਈ। ਪੁਰਾਣੀ ਯੋਜਨਾ ਦੇ ਤਹਿਤ ਸਾਲ 2019 ਤੋਂ ਪਹਿਲਾਂ ਮਨਜ਼ੂਰ 288 ਸਕੂਲਾਂ ਦੇ ਨਾਲ, ਕਬਾਇਲੀ ਮਾਮਲੇ ਮੰਤਰਾਲਾ ਮਾਰਚ 2026 ਤੱਕ ਕੁੱਲ 740 ਸਕੂਲ ਸਥਾਪਿਤ ਕਰੇਗਾ, ਜਿਸ ਵਿੱਚ 2019 ਵਿੱਚ ਮਨਜ਼ੂਰ ਕੀਤੇ ਗਏ 452 ਸਕੂਲਾਂ ਦਾ ਨਿਰਮਾਣ ਕਾਰਜ ਵੀ ਸ਼ਾਮਲ ਹੈ।
ਕਬਾਇਲੀ ਮਾਮਲੇ ਮੰਤਰਾਲੇ ਨਵੋਦਿਆ ਵਿਦਿਆਲਿਆ ਦੀ ਤਰਜ਼ ‘ਤੇ ਨੈਸ਼ਨਲ ਐਜੂਕੇਸ਼ਨ ਸੋਸਾਇਟੀ ਫਾਰ ਟਰਾਈਬਲ ਸਟੂਡੈਂਟਸ (ਐੱਨਈਐੱਸਟੀਐੱਸ) ਰਾਹੀਂ ਇਸ ਯੋਜਨਾ ਨੂੰ ਲਾਗੂ ਕਰ ਰਿਹਾ ਹੈ। ਨੈਸ਼ਨਲ ਐਜੂਕੇਸ਼ਨ ਸੋਸਾਇਟੀ ਫਾਰ ਟਰਾਈਬਲ ਸਟੂਡੈਂਟਸ ਦੁਆਰਾ ਇਨ੍ਹਾਂ ਸਕੂਲਾਂ ਦੇ ਲਈ 38,000 ਤੋਂ ਅਧਿਕ ਟੀਚਿੰਗ ਅਤੇ ਨੌਨ-ਟੀਚਿੰਗ ਕਰਮਚਾਰੀਆਂ ਦੀ ਭਰਤੀ ਵੀ ਕੀਤੀ ਜਾ ਰਹੀ ਹੈ।
ਰਾਜ ਸਰਕਾਰਾਂ ਨੂੰ ਇਨ੍ਹਾਂ ਸਕੂਲਾਂ ਦੇ ਨਿਰਮਾਣ ਦੇ ਲਈ ਲਗਭਗ 15 ਏਕੜ ਦੀ ਰੁਕਾਵਟ ਮੁਕਤ ਜ਼ਮੀਨ ਪ੍ਰਦਾਨ ਕੀਤੇ ਜਾਣ ਦੀ ਜ਼ਰੂਰਤ ਹੈ। ਓਡੀਸ਼ਾ ਵਿੱਚ ਕੁੱਲ 114 ਸਕੂਲਾਂ ਦਾ ਨਿਰਮਾਣ ਹੋਣਾ ਹੈ, ਜਿਨ੍ਹਾਂ ਵਿੱਚੋਂ 106 ਨੂੰ ਮਨਜ਼ੂਰੀ ਮਿਲ ਚੁੱਕੀ ਹੈ। ਇਨ੍ਹਾਂ 114 ਸਕੂਲਾਂ ਵਿੱਚੋਂ 27 ਸਕੂਲਾਂ ਨੂੰ ਪੁਰਾਣੀ ਯੋਜਨਾ ਦੇ ਅਧੀਨ ਅਤੇ 87 ਸਕੂਲਾਂ ਨੂੰ ਨਵੀਂ ਯੋਜਨਾ ਦੇ ਤਹਿਤ ਤਿਆਰ ਕੀਤਾ ਜਾਣਾ ਹੈ। ਫਿਲਹਾਲ 8 ਥਾਵਾਂ ‘ਤੇ ਸਕੂਲ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਹੇ ਹਨ ਅਤੇ 31 ਸਕੂਲਾਂ ਦੀਆਂ ਇਮਾਰਤਾਂ ਪੂਰੀ ਤਰ੍ਹਾਂ ਨਾਲ ਤਿਆਰ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚੋਂ 4 ਨਵੀਆਂ ਯੋਜਨਾ ਦੇ ਤਹਿਤ ਬਣੀਆਂ ਹਨ।
ਰਾਸ਼ਟਰਪਤੀ ਮਯੂਰਭੰਜ ਵਿੱਚ ਕੁਲਿਆਨਾ (Kuliana) ਸਕੂਲ ਦਾ ਉਦਘਾਟਨ ਕਰਨਗੇ, ਜਿਸ ਦੇ ਲਈ ਕਬਾਇਲੀ ਮਾਮਲੇ ਮੰਤਰਾਲੇ ਦੁਆਰਾ 38 ਕਰੋੜ ਰੁਪਏ ਦਾ ਬਜਟ ਮਨਜ਼ੂਰ ਕੀਤਾ ਗਿਆ ਹੈ, ਇਸ ਦਾ ਨਿਰਮਾਣ ਆਵਾਸ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਦੇ ਪ੍ਰਸ਼ਾਸਨਿਕ ਨਿਯੰਤਰਣ ਵਿੱਚ ਜਨਤਕ ਖੇਤਰ ਦੇ ਉੱਦਮ ਹਿੰਦੁਸਤਾਨ ਸਟੀਲ ਕੰਸਟ੍ਰਕਸ਼ਨ ਲਿਮਿਟਿਡ (ਐੱਚਐੱਸਸੀਐੱਲ) ਦੁਆਰਾ ਕੀਤਾ ਜਾ ਰਿਹਾ ਹੈ।
ਓਡੀਸ਼ਾ ਵਿੱਚ ਮਨਜ਼ੂਰ ਕੀਤੇ ਗਏ 87 ਨਵੇਂ ਏਕਲਵਯ ਮਾਡਲ ਰਿਹਾਇਸ਼ੀ ਸਕੂਲਾਂ ਵਿੱਚੋਂ ਇਕੱਲੇ ਮਯੂਰਭੰਜ ਜ਼ਿਲ੍ਹੇ ਨੂੰ ਹਰ ਬਲਾਕ ਵਿੱਚ 19 ਸਕੂਲ ਮਿਲੇ ਹਨ, ਜੋ ਭਾਰਤ ਵਿੱਚ ਕਿਸੇ ਵੀ ਜ਼ਿਲ੍ਹੇ ਦੇ ਲਈ ਸਭ ਤੋਂ ਅਧਿਕ ਸੰਖਿਆ ਹੈ। ਪਿਛਲੇ ਦੋ ਵਰ੍ਹਿਆਂ ਵਿੱਚ ਰਾਜ ਸਰਕਾਰ ਦੇ ਸਹਿਯੋਗ ਨਾਲ ਓਡੀਸ਼ਾ ਵਿੱਚ 48 ਥਾਵਾਂ ‘ਤੇ ਸਕੂਲਾਂ ਦਾ ਨਿਰਮਾਣ ਕਾਰਜ ਪ੍ਰਗਤੀ ‘ਤੇ ਹੈ, ਜਿਸ ਵਿੱਚ 19 ਸਕੂਲ ਮਯੂਰਭੰਜ ਵਿੱਚ ਹਨ। ਮਾਣਯੋਗ ਕੇਂਦਰੀ ਜਲ ਸ਼ਕਤੀ ਅਤੇ ਕਬਾਇਲੀ ਮਾਮਲੇ ਰਾਜ ਮੰਤਰੀ ਸ਼੍ਰੀ ਬਿਸ਼ਵੇਸ਼ਵਰ ਟੁਡੂ ਮਯੂਰਭੰਜ ਜ਼ਿਲ੍ਹੇ ਤੋਂ ਸਾਂਸਦ ਹਨ।
ਕੁਲਿਆਨਾ (Kuliana) ਏਕਲਵਯ ਮਾਡਲ ਰਿਹਾਇਸ਼ੀ ਸਕੂਲ ਕੈਂਪਸ ਲਗਭਗ 12 ਏਕੜ ਜ਼ਮੀਨ ਵਿੱਚ ਬਣਾਇਆ ਗਿਆ ਹੈ। ਇਸ ਵਿੱਚ 480 ਵਿਦਿਆਰਥੀਆਂ ਦੇ ਲਈ 16 ਕਲਾਸਾਂ ਹੋਣਗੀਆਂ, ਜਿਨ੍ਹਾਂ ਵਿੱਚ 240 ਲੜਕੀਆਂ ਅਤੇ 240 ਲੜਕੇ ਸਿੱਖਿਆ ਪ੍ਰਾਪਤ ਕਰਨਗੇ। ਇੱਥੇ ਲੜਕਿਆਂ ਅਤੇ ਲੜਕੀਆਂ ਦੇ ਲਈ ਵੱਖ-ਵੱਖ ਹੋਸਟਲ, ਮੈਸ, ਪ੍ਰਿੰਸੀਪਲ, ਟੀਚਿੰਗ ਅਤੇ ਨੌਨ-ਟੀਚਿੰਗ ਸਟਾਫ਼ ਦੇ ਲਈ ਰਿਹਾਇਸ਼ੀ ਆਵਾਸ, ਪ੍ਰਸ਼ਾਸਨਿਕ ਭਵਨ, ਖੇਡ ਦਾ ਮੈਦਾਨ ਤੇ ਕੰਪਿਊਟਰ ਅਤੇ ਸਾਇੰਸ ਲੈਬੋਰਟਰੀਆਂ ਨੂੰ ਤਿਆਰ ਕੀਤਾ ਗਿਆ ਹੈ । ਇਹ ਸਕੂਲ ਇਸ ਖੇਤਰ ਦੇ ਆਦਿਵਾਸੀ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਦੇ ਰਸਤੇ ਵਿੱਚ ਮੀਲ ਦਾ ਪੱਥਰ ਸਾਬਿਤ ਹੋਣਗੇ।
*****
ਐੱਨਬੀ/ਵੀਐੱਮ
(Release ID: 1978400)
Visitor Counter : 87