ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਭਾਰਤ ਵਿੱਚ ਵਿਦੇਸ਼ੀ ਫਿਲਮ ਨਿਰਮਾਣ ਲਈ ਪ੍ਰੋਤਸਾਹਨ ਵਿੱਚ ਵਾਧੇ ਦਾ ਐਲਾਨ;
ਆਈਐੱਫਐੱਫਆਈ (IFFI) ਵਿੱਚ ਵਿਦੇਸ਼ੀ ਫਿਲਮਾਂ ਵਿੱਚ ਮਹੱਤਵਪੂਰਨ ਭਾਰਤੀ ਸਮੱਗਰੀ ਲਈ ਅਤਿਰਿਕਤ 5% ਪ੍ਰਤੀਸ਼ਤ ਬੋਨਸ ਦਾ ਵੀ ਐਲਾਨ ਕੀਤਾ ਗਿਆ
ਕੇਂਦਰੀ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਦੁਆਰਾ ਅੱਜ ਆਈਐੱਫਐੱਫਆਈ ਵਿਖੇ ਇੱਕ ਮਹੱਤਵਪੂਰਨ ਘੋਸ਼ਣਾ ਵਿੱਚ, ਵਿਦੇਸ਼ੀ ਫਿਲਮ ਨਿਰਮਾਣ ਲਈ ਪ੍ਰੋਤਸਾਹਨ 30% ਤੋਂ ਵਧਾ ਕੇ 40% ਕਰ ਦਿੱਤਾ ਗਿਆ ਹੈ। ਅੱਜ ਦੇਸ਼ ਵਿੱਚ ਵਿਦੇਸ਼ੀ ਫਿਲਮ ਨਿਰਮਾਣ ਲਈ ਪ੍ਰੋਤਸਾਹਨ 30 ਕਰੋੜ ਰੁਪਏ (3.5 ਮਿਲੀਅਨ ਡਾਲਰ ਤੋਂ ਵੱਧ) ਦੀ ਵਧੀ ਹੋਈ ਕੈਪ ਸੀਮਾ ਦੇ ਨਾਲ ਖਰਚ ਦਾ 40% ਹੈ ਅਤੇ ਮਹੱਤਵਪੂਰਨ ਭਾਰਤੀ ਸਮੱਗਰੀ (ਐੱਸਆਈਸੀ) ਲਈ ਅਤਿਰਿਕਤ 5% ਪ੍ਰਤੀਸ਼ਤ ਬੋਨਸ ਹੈ। ਇਹ ਕਦਮ ਦੇਸ਼ ਵਿੱਚ ਮੱਧਮ ਅਤੇ ਵੱਡੇ ਬਜਟ ਦੇ ਅੰਤਰਰਾਸ਼ਟਰੀ ਫਿਲਮ ਪ੍ਰੋਜੈਕਟਾਂ ਨੂੰ ਆਕਰਸ਼ਿਤ ਕਰਨ ਲਈ ਭਾਰਤ ਦੇ ਯਤਨਾਂ ਨੂੰ ਹੋਰ ਹੁਲਾਰਾ ਦੇਵੇਗਾ।
ਵਿਦੇਸ਼ੀ ਫਿਲਮਾਂ ਦੇ ਉਤਪਾਦਨ ਲਈ ਪ੍ਰੋਤਸਾਹਨ ਸਕੀਮ ਦੀ ਘੋਸ਼ਣਾ ਭਾਰਤ ਦੁਆਰਾ ਪਿਛਲੇ ਸਾਲ ਕਾਨਸ ਵਿੱਚ ਕੀਤੀ ਗਈ ਸੀ, ਜਿਸ ਵਿੱਚ ਦੇਸ਼ ਵਿੱਚ ਫਿਲਮ ਨਿਰਮਾਣ ਲਈ ਕੀਤੇ ਗਏ ਖਰਚੇ ਦੇ 30% ਤੱਕ ਦੀ ਅਦਾਇਗੀ ਦੀ ਪੇਸ਼ਕਸ਼ ਕੀਤੀ ਗਈ ਸੀ, ਜਿਸਦੀ ਸੀਮਾ 2.5 ਕਰੋੜ ਰੁਪਏ ਸੀ। ਗੋਆ ਵਿੱਚ ਘੋਸ਼ਣਾ ਕਰਦੇ ਹੋਏ, ਸ਼੍ਰੀ ਠਾਕੁਰ ਨੇ ਕਿਹਾ, "ਫਿਲਮ ਨਿਰਮਾਣ ਨੂੰ ਪ੍ਰੋਤਸਾਹਿਤ ਕਰਨ ਵਿੱਚ ਇਹ ਪੈਰਾਡਾਈਮ ਤਬਦੀਲੀ ਕਲਾਤਮਕ ਪ੍ਰਗਟਾਵੇ ਲਈ ਭਾਰਤ ਦੀ ਪ੍ਰਤੀਬੱਧਤਾ ਅਤੇ ਸਮਰਥਨ ਦੇ ਪ੍ਰਮਾਣ ਵਜੋਂ ਕੰਮ ਕਰਦੀ ਹੈ ਅਤੇ ਸਿਨੇਮੇ ਦੇ ਯਤਨਾਂ ਲਈ ਇੱਕ ਤਰਜੀਹੀ ਮੰਜ਼ਿਲ ਵਜੋਂ ਸਾਡੀ ਸਥਿਤੀ ਨੂੰ ਮਜ਼ਬੂਤ ਕਰਦੀ ਹੈ।”
ਅੰਤਰਰਾਸ਼ਟਰੀ ਪ੍ਰੋਡਕਸ਼ਨਾਂ ਜਿਨ੍ਹਾਂ ਨੂੰ 01.04.2022 ਤੋਂ ਬਾਅਦ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਅਤੇ ਵਿਦੇਸ਼ ਮੰਤਰਾਲੇ (ਸਿਰਫ਼ ਦਸਤਾਵੇਜ਼ੀ ਫ਼ਿਲਮਾਂ ਲਈ) ਦੁਆਰਾ ਸ਼ੂਟਿੰਗ ਦੀ ਇਜਾਜ਼ਤ ਦਿੱਤੀ ਗਈ ਹੈ, ਇਸ ਪ੍ਰੋਤਸਾਹਨ ਸਕੀਮ ਲਈ ਪਾਤਰ ਹੋਣਗੀਆਂ। ਪ੍ਰੋਤਸਾਹਨ ਦੋ ਪੜਾਵਾਂ ਵਿੱਚ ਵੰਡੇ ਜਾਣਗੇ ਯਾਨੀ ਅੰਤਰਿਮ ਅਤੇ ਅੰਤਮ। ਭਾਰਤ ਵਿੱਚ ਪ੍ਰੋਜੈਕਟ ਪੂਰਾ ਹੋਣ ਤੋਂ ਬਾਅਦ ਅੰਤਮ ਵੰਡ ਦਾ ਦਾਅਵਾ ਕੀਤਾ ਜਾ ਸਕਦਾ ਹੈ। ਇਹ ਪ੍ਰੋਤਸਾਹਨ ਵਿਸ਼ੇਸ਼ ਪ੍ਰੋਤਸਾਹਨ ਮੁਲਾਂਕਣ ਕਮੇਟੀ ਦੀ ਸਿਫ਼ਾਰਸ਼ 'ਤੇ ਪ੍ਰਦਾਨ ਕੀਤੇ ਜਾਣਗੇ। ਨੈਸ਼ਨਲ ਫਿਲਮ ਡਿਵੈਲਪਮੈਂਟ ਕਾਰਪੋਰੇਸ਼ਨ (ਐੱਨਐੱਫਡੀਸੀ) ਦੇ ਅਧੀਨ ਸਥਾਪਿਤ ਫਿਲਮ ਸੁਵਿਧਾ ਦਫਤਰ (ਐੱਫਐੱਫਓ) ਇਸ ਪ੍ਰੋਤਸਾਹਨ ਯੋਜਨਾ ਨੂੰ ਲਾਗੂ ਕਰ ਰਿਹਾ ਹੈ। ਐੱਫਐੱਫਓ ਇੱਕ ਸਿੰਗਲ-ਵਿੰਡੋ ਸੁਵਿਧਾ ਅਤੇ ਕਲੀਅਰੈਂਸ ਵਿਧੀ ਵਜੋਂ ਕੰਮ ਕਰਦਾ ਹੈ ਜੋ ਭਾਰਤ ਵਿੱਚ ਫਿਲਮਾਂਕਣ ਨੂੰ ਅਸਾਨ ਬਣਾਉਂਦਾ ਹੈ, ਨਾਲ ਹੀ ਇੱਕ ਫਿਲਮ-ਅਨੁਕੂਲ ਈਕੋਸਿਸਟਮ ਬਣਾਉਣ ਦਾ ਯਤਨ ਕਰਦਾ ਹੈ ਅਤੇ ਦੇਸ਼ ਨੂੰ ਫਿਲਮਾਂਕਣ ਸਥਾਨ ਵਜੋਂ ਉਤਸ਼ਾਹਿਤ ਕਰਦਾ ਹੈ।
ਐੱਫਐੱਫਓ ਦੁਆਰਾ ਪ੍ਰਦਾਨ ਕੀਤੀਆਂ ਗਈਆਂ ਸੇਵਾਵਾਂ ਨੂੰ ਹੁਣ ਭਾਰਤੀ ਫਿਲਮ ਨਿਰਮਾਤਾਵਾਂ ਤੱਕ ਵੀ ਵਧਾ ਦਿੱਤਾ ਗਿਆ ਹੈ। ਸਕੀਮ ਦੇ ਵਿਸਤ੍ਰਿਤ ਦਿਸ਼ਾ-ਨਿਰਦੇਸ਼ ਐੱਫਐੱਫਓ ਵੈੱਬਸਾਈਟ: https://ffo.gov.in/en 'ਤੇ ਉਪਲਬਧ ਹਨ।
*******
ਪੀਆਈਬੀ ਟੀਮ ਆਈਐੱਫਐੱਫਆਈ |ਆਰਸੀ/ਐੱਲਪੀ/ਬੀਐੱਨ/ਡੀਆਰ | IFFI 54 - 010
(Release ID: 1978364)