ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲਾ
azadi ka amrit mahotsav

ਕੇਂਦਰੀ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਨੇ ਬ੍ਰਾਜ਼ੀਲ ਸਥਿਤ ਮਾਟੋ ਗ੍ਰੋਸੋ ਰਾਜ ਦੇ ਗਵਰਨਰ ਦੇ ਨਾਲ ਦੁਵੱਲੀ ਮੀਟਿੰਗ ਕੀਤੀ

Posted On: 13 NOV 2023 7:29PM by PIB Chandigarh

ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਸ਼੍ਰੀ ਪਸ਼ੂਪਤੀ ਕੁਮਾਰ ਪਾਰਸ ਨੇ ਅੱਜ ਨਵੀਂ ਦਿੱਲੀ ਵਿੱਚ ਬ੍ਰਾਜ਼ੀਲ ਦੇ ਮਾਟੋ ਗ੍ਰੋਸੋ ਰਾਜ ਦੇ ਗਵਰਨਰ ਮੌਰੋ ਮੇਂਡੇਸ ਫਰੇਰਾ ਦੇ ਨਾਲ ਇੱਕ ਦੁਵੱਲੀ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਮੰਤਰਾਲੇ ਦੇ ਐਡੀਸ਼ਨਲ ਸਕੱਤਰ ਸ਼੍ਰੀ ਮਿਨਹਾਜ ਆਲਮ ਅਤੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ। ਉੱਥੇ ਹੀ, ਬ੍ਰਾਜ਼ੀਲ ਵੱਲੋਂ ਗਵਰਨਰ ਦੇ ਨਾਲ ਭਾਰਤ ਵਿੱਚ ਬ੍ਰਾਜ਼ੀਲ ਦੇ ਰਾਜਦੂਤ ਕੇਨੇਥ ਨੋਬਰੇਗਾ ਅਤੇ ਹੋਰ ਸੀਨੀਅਰ ਸਰਕਾਰੀ ਅਧਿਕਾਰੀ ਵੀ ਮੌਜੂਦ ਸਨ।

 ਦੋਵਾਂ ਧਿਰਾਂ ਨੇ ਭਾਰਤ ਅਤੇ ਬ੍ਰਾਜ਼ੀਲ ਦਰਮਿਆਨ 70 ਵਰ੍ਹਿਆਂ ਤੋਂ ਵੀ ਜ਼ਿਆਦਾ ਪੁਰਾਣੇ ਇਤਿਹਾਸਿਕ ਸਬੰਧਾਂ ਬਾਰੇ ਚਰਚਾ ਕੀਤੀ। ਇਸ ਮੀਟਿੰਗ ਵਿੱਚ ਜ਼ਿਕਰ ਕੀਤਾ ਗਿਆ ਕਿ ਹਾਲੀਆ ਉੱਚ ਪੱਧਰੀ ਗੱਲਬਾਤ ਅਤੇ ਯਾਤਰਾਵਾਂ ਦੁਵੱਲੇ ਸਬੰਧਾਂ ਨੂੰ ਸੁਦ੍ਰਿੜ੍ਹ ਕਰਨ ਲਈ ਦੋਵਾਂ ਧਿਰਾਂ ਦੀ ਪ੍ਰਤੀਬੱਧਤਾ ਦੇ ਪ੍ਰਮਾਣ ਹਨ ਅਤੇ ਇਸ ਗਤੀ ਨੂੰ ਜਾਰੀ ਰੱਖਣ, ਟਿਕਾਊ ਅਤੇ ਮਜ਼ਬੂਤ ਕਰਨ ਦੀ ਜ਼ਰੂਰਤ ਹੈ। ਸ਼੍ਰੀ ਪਸ਼ੂਪਤੀ ਕੁਮਾਰ ਪਾਰਸ ਨੇ ਇਸ ਨੂੰ ਰੇਖਾਂਕਿਤ ਕੀਤਾ ਕਿ ਭਾਰਤ ਅਤੇ ਬ੍ਰਾਜ਼ੀਲ ਦੇ ਪ੍ਰਧਾਨ ਮੰਤਰੀਆਂ ਨੇ ਜੀ7 ਸਮਿਟ ਦੇ ਨਾਲ-ਨਾਲ ਜੀ20 ਸਮਿਟ ਦੇ ਮੌਕੇ ‘ਤੇ ਬਹੁਤ ਉਪਯੋਗੀ ਮੀਟਿੰਗਾਂ ਕੀਤੀਆਂ।

ਉੱਥੇ ਹੀ, ਗਵਰਨਰ ਮੌਰੋ ਮੇਂਡੇਸ ਫਰੇਰਾ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਭਾਰਤ, ਬ੍ਰਾਜ਼ੀਲ ਦੇ ਲਈ ਇੱਕ ਪ੍ਰਮੁੱਖ ਰਣਨੀਤਕ ਭਾਗੀਦਾਰ ਦੇਸ਼ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਭਾਰਤ ਵਿੱਚ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਦੇ ਦੂਰਦਰਸ਼ੀ ਕਦਮਾਂ ਦੀ ਬ੍ਰਾਜ਼ੀਲ ਸ਼ਲਾਘਾ ਕਰਨ ਦੇ ਨਾਲ ਵਧਾਈ ਦਿੰਦਾ ਹੈ। ਇਸ ਤੋਂ ਇਲਾਵਾ ਗਵਰਨਰ ਮੌਰੋ ਮੇਂਡੇਸ ਫਰੇਰਾ ਨੇ ਭਾਰਤੀ ਪੁਲਾੜ ਮਿਸ਼ਨਾਂ ਦੀ ਹਾਲੀਆ ਸਫਲਤਾ ਅਤੇ ਭਾਰਤ ਦੇ ਫੂਡ ਪ੍ਰੋਸੈਸਿੰਗ, ਫਾਰਮਾ ਅਤੇ ਊਰਜਾ ਖੇਤਰਾਂ ਦੇ ਠੋਸ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ।

ਸ਼੍ਰੀ ਪਾਰਸ ਨੇ ਮਾਟੋ ਗ੍ਰੋਸੋ ਰਾਜ ਦੀ ਖੇਤੀਬਾੜੀ-ਜਲਵਾਯੂ ਦੇ ਅਨੁਸਾਰ ਬ੍ਰਾਜ਼ੀਲ ਵਿੱਚ ਖੇਤੀਬਾੜੀ ਭੋਜਨ ਉਤਪਾਦਨ ਦੀ ਸਥਿਤੀ ਬਾਰੇ ਵਿਸਤਾਰ ਨਾਲ ਜਾਣਕਾਰੀ ਪ੍ਰਾਪਤ ਕੀਤੀ। ਉੱਥੇ ਹੀ, ਬ੍ਰਾਜ਼ੀਲ ਦੇ ਅਧਿਕਾਰੀਆਂ ਨੇ ਆਉਣ ਵਾਲੇ ਵਰ੍ਹਿਆਂ ਦੌਰਾਨ ਭਾਰਤ ਵਿੱਚ ਸੋਇਆਬੀਨ, ਮੱਕੀ, ਕਪਾਹ, ਪੋਲਟਰੀ ਮੀਟ ਆਦਿ ਦੇ ਆਪਣੇ ਨਿਰਯਾਤ ਨੂੰ ਵਧਾਉਣ ਵਿੱਚ ਦਿਲਚਸਪੀ ਵਿਅਕਤ ਕੀਤੀ।

ਦੋਵਾਂ ਧਿਰਾਂ ਨੇ ਖੁਰਾਕ ਸੁਰੱਖਿਆ ਨੂੰ ਉਤਸ਼ਾਹਿਤ ਕਰਨ ਲਈ ਇੱਕ-ਦੂਸਰੇ ਦੇ ਰਣਨੀਤਕ ਮਹੱਤਵ ਨੂੰ ਮਾਨਤਾ ਦਿੱਤੀ। ਐਗਰੀ ਫੂਡ ਦੇ ਸਭ ਤੋਂ ਵੱਡੇ ਉਤਪਾਦਕ ਵਿੱਚੋਂ ਇੱਕ ਦੇ ਰੂਪ ਵਿੱਚ ਭਾਰਤ ਅਤੇ ਫੂਡ ਦੇ ਸਭ ਤੋਂ ਵੱਡੇ ਨਿਰਯਾਤਕ ਦੇ ਰੂਪ ਵਿੱਚ ਬ੍ਰਾਜ਼ੀਲ ਵਿਸ਼ਵ ਦੇ ਲਈ ਖੁਰਾਕ ਸੁਰੱਖਿਆ ਸੁਨਿਸ਼ਚਿਤ ਕਰਨ ਦੀ ਦਿਸ਼ਾ ਵਿੱਚ ਕੰਮ ਕਰ ਸਕਦੇ ਹਨ। ਬ੍ਰਾਜ਼ੀਲ ਦੇ ਪੱਖ ਨੇ ਇਸ ਗੱਲ ਨੂੰ ਰੇਖਾਂਕਿਤ ਕੀਤਾ ਕਿ ਸਾਲ 2022 ਵਿੱਚ ਦੋਵਾਂ ਦੇਸ਼ਾਂ ਦਰਮਿਆਨ ਦੁਵੱਲੇ ਵਪਾਰ 32 ਪ੍ਰਤੀਸ਼ਤ ਵਧ ਕੇ 15.2 ਅਰਬ ਅਮਰੀਕੀ ਡਾਲਰ ਹੋ ਗਿਆ ਹੈ।

ਦੋਵਾਂ ਧਿਰਾਂ ਨੇ ਵਿਸ਼ੇਸ਼ ਤੌਰ ‘ਤੇ ਵਸਤੂਆਂ ਅਤੇ ਮਨੁੱਖੀ ਸੰਸਾਧਨਾਂ ਦੇ ਆਦਾਨ-ਪ੍ਰਦਾਨ ਦੇ ਸਬੰਧ ਵਿੱਚ ਫੂਡ ਪ੍ਰੋਸੈਸਿੰਗ ਸੈਕਟਰ ਵਿੱਚ ਅੱਗੇ ਸਹਿਯੋਗ ਤੇ ਤਾਲਮੇਲ ਸਥਾਪਿਤ ਕਰਨ ਅਤੇ ਸੰਭਾਵਨਾਵਾਂ ਨੂੰ ਤਲਾਸ਼ਣ ‘ਤੇ ਚਰਚਾ ਕੀਤੀ। ਅੰਤ ਵਿੱਚ ਦੋਵਾਂ ਧਿਰਾਂ ਨੇ ਵਸਤੂਆਂ ਅਤੇ ਵਿਚਾਰਾਂ ਦੇ ਅਧਿਕ ਤੋਂ ਅਧਿਕ ਆਦਾਨ-ਪ੍ਰਦਾਨ ਨੂੰ ਸੁਵਿਧਾਜਨਕ ਬਣਾਉਣ ਨੂੰ ਲੈ ਕੇ ਇੱਕ-ਦੂਸਰੇ ਦੇ ਨਾਲ ਸਾਂਝੇਦਾਰੀ ਵਿੱਚ ਕੰਮ ਕਰਨਾ ਜਾਰੀ ਰੱਖਣ ‘ਤੇ ਆਪਣੀ ਸਹਿਮਤੀ ਵਿਅਕਤ ਕੀਤੀ।

*****

ਐੱਮਜੇਪੀਐੱਸ/ਐੱਨਐੱਸਕੇ


(Release ID: 1976898) Visitor Counter : 92


Read this release in: English , Urdu , Hindi