ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਗਾਜ਼ੀਆਬਾਦ, ਉੱਤਰ ਪ੍ਰਦੇਸ਼ ਵਿੱਚ ਭਾਰਤ ਦੇ ਪਹਿਲੇ ਖੇਤਰੀ ਰੈਪਿਡ ਟਰਾਂਜ਼ਿਟ ਸਿਸਟਮ (ਆਰਆਰਟੀਐੱਸ) ਦੀ ਸ਼ੁਰੂਆਤ ਕੀਤੀ


ਦਿੱਲੀ-ਗਾਜ਼ੀਆਬਾਦ-ਮੇਰਠ ਆਰਆਰਟੀਐੱਸ ਕੌਰੀਡੋਰ ਦੇ ਪ੍ਰਾਥਮਿਕਤਾ ਵਾਲੇ ਸੈਕਸ਼ਨ ਦਾ ਉਦਘਾਟਨ ਕੀਤਾ

ਸਾਹਿਬਾਬਾਦ ਤੋਂ ਦੁਹਾਈ ਡਿਪੂ ਨੂੰ ਜੋੜਨ ਵਾਲੀ ਨਮੋ ਭਾਰਤ ਰੈਪਿਡਐਕਸ ਟ੍ਰੇਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ

ਬੰਗਲੁਰੂ ਮੈਟਰੋ ਦੇ ਪੂਰਬ-ਪੱਛਮੀ ਕੌਰੀਡੋਰ ਦੇ ਦੋ ਭਾਗ ਰਾਸ਼ਟਰ ਨੂੰ ਸਮਰਪਿਤ ਕੀਤੇ

"ਦਿੱਲੀ-ਮੇਰਠ ਆਰਆਰਟੀਐੱਸ ਕੌਰੀਡੋਰ ਖੇਤਰੀ ਕਨੈਕਟੀਵਿਟੀ ਵਿੱਚ ਇੱਕ ਮਹੱਤਵਪੂਰਨ ਤਬਦੀਲੀ ਲਿਆਏਗਾ"

"ਅੱਜ, ਭਾਰਤ ਦੀ ਪਹਿਲੀ ਤੇਜ਼ ਰੇਲ ਸੇਵਾ, ਨਮੋ ਭਾਰਤ ਟ੍ਰੇਨ ਸ਼ੁਰੂ ਹੋ ਗਈ ਹੈ"

"ਨਮੋ ਭਾਰਤ ਟ੍ਰੇਨ ਨਵੇਂ ਭਾਰਤ ਦੀ ਨਵੀਂ ਯਾਤਰਾ ਅਤੇ ਇਸਦੇ ਨਵੇਂ ਸੰਕਲਪਾਂ ਨੂੰ ਪਰਿਭਾਸ਼ਿਤ ਕਰ ਰਹੀ ਹੈ"

“ਮੈਂ ਨਵੀਂ ਮੈਟਰੋ ਸੁਵਿਧਾ ਲਈ ਬੰਗਲੁਰੂ ਦੇ ਸਾਰੇ ਲੋਕਾਂ ਨੂੰ ਵਧਾਈਆਂ ਦਿੰਦਾ ਹਾਂ”

“ਨਮੋ ਭਾਰਤ ਟ੍ਰੇਨਾਂ ਭਾਰਤ ਦੇ ਸੁਨਹਿਰੀ ਭਵਿੱਖ ਦੀ ਝਲਕ ਹਨ”

"ਅੰਮ੍ਰਿਤ ਭਾਰਤ, ਵੰਦੇ ਭਾਰਤ ਅਤੇ ਨਮੋ ਭਾਰਤ ਦੀ ਤ੍ਰਿਏਕ ਇਸ ਦਹਾਕੇ ਦੇ ਅੰਤ ਤੱਕ ਆਧੁਨਿਕ ਰੇਲਵੇ ਦਾ ਪ੍ਰਤੀਕ ਬਣ ਜਾਵੇਗੀ"

"ਕੇਂਦਰ ਸਰਕਾਰ ਹਰ ਸ਼ਹਿਰ ਵਿੱਚ ਆਧੁਨਿਕ ਅਤੇ ਗ੍ਰੀਨ ਪਬਲਿਕ ਟਰਾਂਸਪੋਰਟ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਚਾਹੇ ਉਹ ਦਿੱਲੀ ਹੋਵੇ, ਯੂਪੀ ਹੋਵੇ ਜਾਂ ਕਰਨਾਟਕ"

“ਤੁਸੀਂ ਮੇਰਾ ਪਰਿਵਾਰ ਹੋ, ਇਸ ਲਈ ਤੁਸੀਂ ਮੇਰੀ ਪ੍ਰਾਥਮਿਕਤਾ ਹੋ। ਇਹ ਕੰਮ ਤੁਹਾਡੇ ਲਈ ਕੀਤ

Posted On: 20 OCT 2023 2:18PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਉੱਤਰ ਪ੍ਰਦੇਸ਼, ਗਾਜ਼ੀਆਬਾਦ ਵਿੱਚ ਸਾਹਿਬਾਬਾਦ ਰੈਪਿਡਐਕਸ ਸਟੇਸ਼ਨ ਵਿਖੇ ਦਿੱਲੀ-ਗਾਜ਼ੀਆਬਾਦ-ਮੇਰਠ ਆਰਆਰਟੀਐੱਸ ਕੌਰੀਡੋਰ ਦੇ ਤਰਜੀਹੀ ਸੈਕਸ਼ਨ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਸਾਹਿਬਾਬਾਦ ਨੂੰ ਦੁਹਾਈ ਡਿਪੂ ਨਾਲ ਜੋੜਨ ਵਾਲੀ ਨਮੋ ਭਾਰਤ ਰੈਪਿਡਐਕਸ ਟ੍ਰੇਨ ਨੂੰ ਵੀ ਹਰੀ ਝੰਡੀ ਦੇ ਕੇ ਰਵਾਨਾ ਕੀਤਾ, ਜੋ ਭਾਰਤ ਵਿੱਚ ਖੇਤਰੀ ਰੈਪਿਡ ਟਰਾਂਜ਼ਿਟ ਸਿਸਟਮ (ਆਰਆਰਟੀਐੱਸ) ਦੀ ਸ਼ੁਰੂਆਤ ਨੂੰ ਦਰਸਾਉਂਦਾ ਹੈ। ਸ਼੍ਰੀ ਮੋਦੀ ਨੇ ਬੰਗਲੁਰੂ ਮੈਟਰੋ ਦੇ ਪੂਰਬ-ਪੱਛਮੀ ਕੋਰੀਡੋਰ ਦੇ ਦੋ ਹਿੱਸੇ ਰਾਸ਼ਟਰ ਨੂੰ ਸਮਰਪਿਤ ਕੀਤੇ। 

 

ਪ੍ਰਧਾਨ ਮੰਤਰੀ ਨੇ ਰੀਜਨਲ ਰੈਪਿਡ ਟ੍ਰੇਨ ਨਮੋ ਭਾਰਤ ਦੀ ਯਾਤਰਾ ਵੀ ਕੀਤੀ।

 

ਸਭਾ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੇਸ਼ ਲਈ ਇੱਕ ਇਤਿਹਾਸਕ ਪਲ ਹੈ ਕਿਉਂਕਿ ਭਾਰਤ ਦੀ ਪਹਿਲੀ ਰੈਪਿਡ ਰੇਲ ਸੇਵਾ, ਨਮੋ ਭਾਰਤ ਟ੍ਰੇਨ ਲੋਕਾਂ ਨੂੰ ਸਮਰਪਿਤ ਕੀਤੀ ਜਾ ਰਹੀ ਹੈ। ਸ਼੍ਰੀ ਮੋਦੀ ਨੇ ਚਾਰ ਸਾਲ ਪਹਿਲਾਂ ਦਿੱਲੀ-ਗਾਜ਼ੀਆਬਾਦ-ਮੇਰਠ ਆਰਆਰਟੀਐੱਸ ਕੌਰੀਡੋਰ ਲਈ ਨੀਂਹ ਪੱਥਰ ਰੱਖਣ ਨੂੰ ਯਾਦ ਕੀਤਾ ਅਤੇ ਅੱਜ ਸਾਹਿਬਾਬਾਦ ਤੋਂ ਦੁਹਾਈ ਡਿਪੂ ਸਟ੍ਰੈਚ 'ਤੇ ਸੰਚਾਲਨ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਉਨ੍ਹਾਂ ਪ੍ਰੋਜੈਕਟਾਂ ਦਾ ਉਦਘਾਟਨ ਕਰਨ ਲਈ ਸਰਕਾਰ ਦੀ ਪ੍ਰਤੀਬੱਧਤਾ ਨੂੰ ਦੁਹਰਾਇਆ ਜਿਨ੍ਹਾਂ ਦੇ ਨੀਂਹ ਪੱਥਰ ਰੱਖੇ ਗਏ ਹਨ ਅਤੇ ਵਿਸ਼ਵਾਸ ਪ੍ਰਗਟਾਇਆ ਕਿ ਉਹ ਡੇਢ ਸਾਲ ਬਾਅਦ ਮੇਰਠ ਦੇ ਆਰਆਰਟੀਐੱਸ ਦੇ ਮੁਕੰਮਲ ਹੋਣ ਦਾ ਉਦਘਾਟਨ ਕਰਨ ਲਈ ਹਾਜ਼ਰ ਹੋਣਗੇ। ਸ਼੍ਰੀ ਮੋਦੀ ਨੇ ਅੱਜ ਪਹਿਲਾਂ ਨਮੋ ਭਾਰਤ ਵਿੱਚ ਯਾਤਰਾ ਕਰਨ ਦਾ ਆਪਣਾ ਅਨੁਭਵ ਸਾਂਝਾ ਕੀਤਾ ਅਤੇ ਦੇਸ਼ ਵਿੱਚ ਰੇਲਵੇ ਦੀ ਕਾਇਆਕਲਪ 'ਤੇ ਖੁਸ਼ੀ ਪ੍ਰਗਟਾਈ। ਨਵਰਾਤਰਾ ਦੇ ਮੌਕੇ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਨਮੋ ਭਾਰਤ ਨੂੰ ਮਾਤਾ ਕਾਤਯਾਨੀ ਨੇ ਆਸ਼ੀਰਵਾਦ ਦਿੱਤਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਨਵੀਂ ਸ਼ੁਰੂ ਕੀਤੀ ਨਮੋ ਭਾਰਤ ਟ੍ਰੇਨ ਦੇ ਸਮੁੱਚੇ ਸਹਾਇਕ ਸਟਾਫ਼ ਅਤੇ ਲੋਕੋਮੋਟਿਵ ਪਾਇਲਟਾਂ ਵਿੱਚ ਮਹਿਲਾਵਾਂ ਸ਼ਾਮਲ ਹਨ। ਸ਼੍ਰੀ ਮੋਦੀ ਨੇ ਕਿਹਾ, “ਨਮੋ ਭਾਰਤ ਦੇਸ਼ ਵਿੱਚ ਮਹਿਲਾ ਸ਼ਕਤੀ ਨੂੰ ਮਜ਼ਬੂਤ ਕਰਨ ਦਾ ਪ੍ਰਤੀਕ ਹੈ। ਪ੍ਰਧਾਨ ਮੰਤਰੀ ਨੇ ਨਵਰਾਤਰਾ ਦੇ ਸ਼ੁਭ ਮੌਕੇ 'ਤੇ ਅੱਜ ਦੇ ਪ੍ਰੋਜੈਕਟਾਂ ਲਈ ਦਿੱਲੀ, ਐੱਨਸੀਆਰ ਅਤੇ ਪੱਛਮੀ ਉੱਤਰ ਪ੍ਰਦੇਸ਼ ਦੇ ਲੋਕਾਂ ਨੂੰ ਵਧਾਈਆਂ ਦਿੱਤੀਆਂ। ਪ੍ਰਧਾਨ ਮੰਤਰੀ ਨੇ ਕਿਹਾ ਕਿ ਨਮੋ ਭਾਰਤ ਟਰੇਨ ਵਿੱਚ ਆਧੁਨਿਕਤਾ ਅਤੇ ਗਤੀ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਨਮੋ ਭਾਰਤ ਟ੍ਰੇਨ ਨਵੇਂ ਭਾਰਤ ਦੀ ਨਵੀਂ ਯਾਤਰਾ ਅਤੇ ਇਸਦੇ ਨਵੇਂ ਸੰਕਲਪਾਂ ਨੂੰ ਪਰਿਭਾਸ਼ਿਤ ਕਰ ਰਹੀ ਹੈ।”

 

ਪ੍ਰਧਾਨ ਮੰਤਰੀ ਨੇ ਆਪਣੇ ਵਿਸ਼ਵਾਸ ਨੂੰ ਦੁਹਰਾਇਆ ਕਿ ਭਾਰਤ ਦਾ ਵਿਕਾਸ ਰਾਜਾਂ ਦੇ ਵਿਕਾਸ ਵਿੱਚ ਹੈ। ਉਨ੍ਹਾਂ ਕਿਹਾ ਕਿ ਮੈਟਰੋ ਦੇ ਦੋ ਸਟ੍ਰੈਚ ਬੰਗਲੁਰੂ ਦੇ ਆਈਟੀ ਹੱਬ 'ਤੇ ਕਨੈਕਟੀਵਿਟੀ ਨੂੰ ਹੋਰ ਮਜ਼ਬੂਤ ਕਰਨਗੇ। ਉਨ੍ਹਾਂ ਦੱਸਿਆ ਕਿ ਮੈਟਰੋ ਵਿੱਚ ਰੋਜ਼ਾਨਾ ਕਰੀਬ 8 ਲੱਖ ਯਾਤਰੀ ਸਫ਼ਰ ਕਰਦੇ ਹਨ। 

 

ਪ੍ਰਧਾਨ ਮੰਤਰੀ ਨੇ ਕਿਹਾ, “21ਵੀਂ ਸਦੀ ਦਾ ਭਾਰਤ ਹਰ ਖੇਤਰ ਵਿੱਚ ਤਰੱਕੀ ਅਤੇ ਵਿਕਾਸ ਦੀ ਆਪਣੀ ਗਾਥਾ ਲਿਖ ਰਿਹਾ ਹੈ।” ਉਨ੍ਹਾਂ ਨੇ ਚੰਦਰਯਾਨ 3 ਦੀ ਹਾਲੀਆ ਸਫਲਤਾ ਦਾ ਜ਼ਿਕਰ ਕੀਤਾ ਅਤੇ ਜੀ20 ਦੇ ਸਫਲ ਆਯੋਜਨ ਦਾ ਵੀ ਜ਼ਿਕਰ ਕੀਤਾ ਜਿਸ ਨੇ ਭਾਰਤ ਨੂੰ ਪੂਰੀ ਦੁਨੀਆ ਲਈ ਖਿੱਚ ਦਾ ਕੇਂਦਰ ਬਣਾਇਆ ਹੈ। ਉਨ੍ਹਾਂ ਏਸ਼ੀਆਈ ਖੇਡਾਂ ਵਿੱਚ ਸੌ ਤੋਂ ਵੱਧ ਮੈਡਲ ਜਿੱਤਣ ਦੇ ਰਿਕਾਰਡ ਤੋੜ ਪ੍ਰਦਰਸ਼ਨ, ਭਾਰਤ ਵਿੱਚ 5ਜੀ ਦੀ ਸ਼ੁਰੂਆਤ ਅਤੇ ਵਿਸਤਾਰ ਅਤੇ ਡਿਜੀਟਲ ਲੈਣ-ਦੇਣ ਦੀ ਰਿਕਾਰਡ ਸੰਖਿਆ ਦਾ ਜ਼ਿਕਰ ਕੀਤਾ। ਸ਼੍ਰੀ ਮੋਦੀ ਨੇ ਮੇਡ ਇਨ ਇੰਡੀਆ ਵੈਕਸੀਨ ਦਾ ਵੀ ਜ਼ਿਕਰ ਕੀਤਾ ਜੋ ਦੁਨੀਆ ਦੇ ਕਰੋੜਾਂ ਲੋਕਾਂ ਲਈ ਜੀਵਨ ਬਚਾਉਣ ਵਾਲਾ ਸਾਬਤ ਹੋਇਆ। ਮੈਨੂਫੈਕਚਰਿੰਗ ਸੈਕਟਰ ਵਿੱਚ ਭਾਰਤ ਦੇ ਉਭਾਰ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਮੋਬਾਈਲ ਫੋਨ, ਟੀਵੀ, ਲੈਪਟੌਪ ਅਤੇ ਕੰਪਿਊਟਰਾਂ ਲਈ ਭਾਰਤ ਵਿੱਚ ਮੈਨੂਫੈਕਚਰਿੰਗ ਯੂਨਿਟ ਸਥਾਪਿਤ ਕਰਨ ਲਈ ਬਹੁ-ਰਾਸ਼ਟਰੀ ਕੰਪਨੀਆਂ ਦੀ ਉਤਸੁਕਤਾ ਬਾਰੇ ਗੱਲ ਕੀਤੀ। ਉਨ੍ਹਾਂ ਲੜਾਕੂ ਜਹਾਜ਼ਾਂ ਅਤੇ ਏਅਰਕ੍ਰਾਫਟ ਕੈਰੀਅਰ ਆਈਐੱਨਐੱਸ ਵਿਕਰਾਂਤ ਸਮੇਤ ਰੱਖਿਆ ਨਿਰਮਾਣ ਨੂੰ ਵੀ ਛੂਹਿਆ। ਸ਼੍ਰੀ ਮੋਦੀ ਨੇ ਰੇਖਾਂਕਿਤ ਕੀਤਾ "ਨਮੋ ਭਾਰਤ ਟ੍ਰੇਨ ਵੀ ਮੇਡ ਇਨ ਇੰਡੀਆ ਹੈ।” ਉਨ੍ਹਾਂ ਦੱਸਿਆ ਕਿ ਪਲੇਟਫਾਰਮਾਂ 'ਤੇ ਲਗਾਏ ਗਏ ਸਕਰੀਨ ਦਰਵਾਜ਼ੇ ਵੀ ਭਾਰਤ ਵਿੱਚ ਬਣੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਇਹ ਵੀ ਦੱਸਿਆ ਕਿ ਨਮੋ ਭਾਰਤ ਟਰੇਨ ਵਿੱਚ ਸ਼ੋਰ ਦਾ ਪੱਧਰ ਹੈਲੀਕਾਪਟਰਾਂ ਅਤੇ ਹਵਾਈ ਜਹਾਜ਼ਾਂ ਨਾਲੋਂ ਘੱਟ ਹੈ। 

 

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਨਮੋ ਭਾਰਤ ਭਵਿੱਖ ਦੇ ਭਾਰਤ ਦੀ ਇੱਕ ਝਲਕ ਹੈ ਅਤੇ ਵਧਦੀ ਆਰਥਿਕ ਤਾਕਤ ਦੇ ਨਾਲ ਰਾਸ਼ਟਰ ਦੇ ਬਦਲਾਅ ਦੀ ਮਿਸਾਲ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦਿੱਲੀ ਮੇਰਠ ਦਾ ਇਹ 80 ਕਿਲੋਮੀਟਰ ਦਾ ਭਾਗ ਸਿਰਫ਼ ਇੱਕ ਸ਼ੁਰੂਆਤ ਹੈ ਕਿਉਂਕਿ ਪਹਿਲੇ ਪੜਾਅ ਵਿੱਚ ਦਿੱਲੀ, ਉੱਤਰ ਪ੍ਰਦੇਸ਼, ਹਰਿਆਣਾ ਅਤੇ ਰਾਜਸਥਾਨ ਦੇ ਕਈ ਖੇਤਰਾਂ ਨੂੰ ਨਮੋ ਭਾਰਤ ਟ੍ਰੇਨ ਨਾਲ ਜੋੜਿਆ ਜਾਵੇਗਾ। ਆਉਣ ਵਾਲੇ ਦਿਨਾਂ ਵਿੱਚ, ਸ਼੍ਰੀ ਮੋਦੀ ਨੇ ਦੱਸਿਆ ਕਿ ਕਨੈਕਟੀਵਿਟੀ ਵਿੱਚ ਸੁਧਾਰ ਕਰਨ ਅਤੇ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਲਈ ਦੇਸ਼ ਦੇ ਹੋਰ ਹਿੱਸਿਆਂ ਵਿੱਚ ਵੀ ਅਜਿਹੀ ਪ੍ਰਣਾਲੀ ਬਣਾਈ ਜਾਵੇਗੀ। 

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਮੌਜੂਦਾ ਸਦੀ ਦਾ ਇਹ ਤੀਸਰਾ ਦਹਾਕਾ ਭਾਰਤੀ ਰੇਲਵੇ ਦੇ ਕਾਇਆਕਲਪ ਦਾ ਦਹਾਕਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ “ਮੈਨੂੰ ਛੋਟੇ ਸੁਪਨੇ ਦੇਖਣ ਅਤੇ ਹੌਲੀ-ਹੌਲੀ ਚੱਲਣ ਦੀ ਆਦਤ ਨਹੀਂ ਹੈ। ਮੈਂ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਗਾਰੰਟੀ ਦੇਣਾ ਚਾਹੁੰਦਾ ਹਾਂ ਕਿ ਇਸ ਦਹਾਕੇ ਦੇ ਅੰਤ ਤੱਕ, ਤੁਹਾਨੂੰ ਦੁਨੀਆ ਵਿੱਚ ਭਾਰਤੀ ਟ੍ਰੇਨਾਂ ਕਿਸੇ ਤੋਂ ਪਿੱਛੇ ਨਹੀਂ ਮਿਲਣਗੀਆਂ।” ਉਨ੍ਹਾਂ ਕਿਹਾ ਕਿ ਭਾਰਤੀ ਰੇਲਵੇ ਸੁਰੱਖਿਆ, ਸਾਫ਼-ਸਫ਼ਾਈ, ਸੁਵਿਧਾਵਾਂ, ਤਾਲਮੇਲ, ਸੰਵੇਦਨਸ਼ੀਲਤਾ ਅਤੇ ਸਮਰੱਥਾ ਵਿੱਚ ਦੁਨੀਆ ਵਿੱਚ ਇੱਕ ਨਵਾਂ ਮੁਕਾਮ ਹਾਸਲ ਕਰੇਗਾ। ਭਾਰਤੀ ਰੇਲਵੇ 100 ਫੀਸਦੀ ਬਿਜਲੀਕਰਣ ਦੇ ਲਕਸ਼ ਤੋਂ ਬਹੁਤ ਦੂਰ ਨਹੀਂ ਹੈ। ਉਨ੍ਹਾਂ ਨਮੋ ਭਾਰਤ ਅਤੇ ਵੰਦੇ ਭਾਰਤ ਜਿਹੀਆਂ ਆਧੁਨਿਕ ਟਰੇਨਾਂ ਅਤੇ ਅੰਮ੍ਰਿਤ ਭਾਰਤ ਰੇਲਵੇ ਸਟੇਸ਼ਨ ਸਕੀਮ ਦੇ ਤਹਿਤ ਰੇਲਵੇ ਸਟੇਸ਼ਨ ਦੇ ਅਪਗ੍ਰੇਡੇਸ਼ਨ ਜਿਹੀਆਂ ਪਹਿਲਾ ਨੂੰ ਸੂਚੀਬੱਧ ਕੀਤਾ। ਉਨ੍ਹਾਂ ਅੱਗੇ ਕਿਹਾ "ਅੰਮ੍ਰਿਤ ਭਾਰਤ, ਵੰਦੇ ਭਾਰਤ ਅਤੇ ਨਮੋ ਭਾਰਤ ਦੀ ਤ੍ਰਿਏਕ ਇਸ ਦਹਾਕੇ ਦੇ ਅੰਤ ਤੱਕ ਆਧੁਨਿਕ ਰੇਲਵੇ ਦਾ ਪ੍ਰਤੀਕ ਬਣ ਜਾਵੇਗੀ।”

 

ਮਲਟੀ-ਮੋਡਲ ਕਨੈਕਟੀਵਿਟੀ ਦੇ ਵਿਚਾਰ 'ਤੇ ਜ਼ੋਰ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਦਿੱਲੀ ਦੇ ਸਰਾਏ ਕਾਲੇ ਖਾਨ, ਆਨੰਦ ਵਿਹਾਰ, ਗਾਜ਼ੀਆਬਾਦ ਅਤੇ ਮੇਰਠ ਦੇ ਬੱਸ ਸਟੇਸ਼ਨਾਂ, ਮੈਟਰੋ ਸਟੇਸ਼ਨਾਂ ਅਤੇ ਰੇਲਵੇ ਸਟੇਸ਼ਨਾਂ ਨੂੰ ਨਮੋ ਭਾਰਤ ਪ੍ਰਣਾਲੀ ਨਾਲ ਜੋੜਿਆ ਜਾ ਰਿਹਾ ਹੈ।

 

ਸ਼੍ਰੀ ਮੋਦੀ ਨੇ ਸਾਰੇ ਨਾਗਰਿਕਾਂ ਦੇ ਜੀਵਨ ਪੱਧਰ ਅਤੇ ਜੀਵਨ ਜਿਊਣ ਦੇ ਮਿਆਰ ਨੂੰ ਬਿਹਤਰ ਬਣਾਉਣ, ਬਿਹਤਰ ਹਵਾ ਦੀ ਗੁਣਵੱਤਾ ਪ੍ਰਦਾਨ ਕਰਨ, ਕਚਰਾ ਡੰਪ ਯਾਰਡਾਂ ਤੋਂ ਛੁਟਕਾਰਾ ਪਾਉਣ, ਬਿਹਤਰ ਵਿਦਿਅਕ ਸੁਵਿਧਾਵਾਂ ਅਤੇ ਪਬਲਿਕ ਟਰਾਂਸਪੋਰਟ ਸੇਵਾਵਾਂ ਨੂੰ ਬਿਹਤਰ ਬਣਾਉਣ 'ਤੇ ਸਰਕਾਰ ਦੇ ਜ਼ੋਰ ਨੂੰ ਰੇਖਾਂਕਿਤ ਕੀਤਾ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਸਰਕਾਰ ਦੇਸ਼ ਵਿੱਚ ਪਬਲਿਕ ਟਰਾਂਸਪੋਰਟ ਪ੍ਰਣਾਲੀ ਨੂੰ ਬਿਹਤਰ ਬਣਾਉਣ ਲਈ ਪਹਿਲਾਂ ਨਾਲੋਂ ਅਧਿਕ ਖਰਚ ਕਰ ਰਹੀ ਹੈ ਅਤੇ ਜ਼ਮੀਨ, ਹਵਾ ਅਤੇ ਸਮੁੰਦਰ 'ਤੇ ਸਰਬਪੱਖੀ ਵਿਕਾਸ ਦੇ ਪ੍ਰਯਾਸਾਂ ਦਾ ਜ਼ਿਕਰ ਕੀਤਾ। ਜਲ ਆਵਾਜਾਈ ਪ੍ਰਣਾਲੀਆਂ ਦੀ ਉਦਾਹਰਣ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਭਾਰਤ ਦੀਆਂ ਨਦੀਆਂ ਵਿੱਚ ਸੌ ਤੋਂ ਅਧਿਕ ਜਲ ਮਾਰਗ ਵਿਕਸਿਤ ਕੀਤੇ ਜਾ ਰਹੇ ਹਨ ਜਿੱਥੇ ਵਾਰਾਣਸੀ ਤੋਂ ਹਲਦੀਆ ਤੱਕ ਗੰਗਾ ਦੇ ਨਾਲ ਸਭ ਤੋਂ ਵੱਡਾ ਜਲ ਮਾਰਗ ਵਿਕਸਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਹੁਣ ਅੰਦਰੂਨੀ ਜਲ ਮਾਰਗਾਂ ਦੀ ਮਦਦ ਨਾਲ ਆਪਣੀ ਉਪਜ ਖੇਤਰ ਤੋਂ ਬਾਹਰ ਭੇਜ ਸਕਦੇ ਹਨ। ਪ੍ਰਧਾਨ ਮੰਤਰੀ ਨੇ ਹਾਲ ਹੀ ਵਿੱਚ ਸਮਾਪਤ ਹੋਏ ਗੰਗਾਵਿਲਾਸ ਰਿਵਰ ਕਰੂਜ਼ ਨੂੰ ਵੀ ਛੋਹਿਆ ਜਿਸ ਨੇ 3200 ਕਿਲੋਮੀਟਰ ਤੋਂ ਵੱਧ ਦੀ ਯਾਤਰਾ ਪੂਰੀ ਕੀਤੀ ਅਤੇ ਦੁਨੀਆ ਵਿੱਚ ਸਭ ਤੋਂ ਲੰਬੇ ਰਿਵਰ ਕਰੂਜ਼ ਦਾ ਵਰਲਡ ਰਿਕਾਰਡ ਬਣਾਇਆ। ਉਨ੍ਹਾਂ ਨੇ ਦੇਸ਼ ਵਿੱਚ ਬੰਦਰਗਾਹਾਂ ਦੇ ਬੁਨਿਆਦੀ ਢਾਂਚੇ ਦੇ ਵਿਸਤਾਰ ਅਤੇ ਆਧੁਨਿਕੀਕਰਣ ਬਾਰੇ ਗੱਲ ਕੀਤੀ ਜਿਸਦਾ ਲਾਭ ਕਰਨਾਟਕ ਜਿਹੇ ਰਾਜਾਂ ਦੁਆਰਾ ਵੀ ਲਿਆ ਜਾਂਦਾ ਹੈ। 

 

ਜ਼ਮੀਨੀ ਨੈੱਟਵਰਕ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਦੱਸਿਆ ਕਿ ਆਧੁਨਿਕ ਐਕਸਪ੍ਰੈਸ ਵੇਅ ਦੇ ਵਿਸਤਾਰ 'ਤੇ 4 ਲੱਖ ਕਰੋੜ ਰੁਪਏ ਤੋਂ ਵੱਧ ਖਰਚ ਕੀਤੇ ਜਾ ਰਹੇ ਹਨ, ਜਦੋਂ ਕਿ ਨਮੋ ਭਾਰਤ ਜਾਂ ਮੈਟਰੋ ਟਰੇਨਾਂ ਜਿਹੀਆਂ ਆਧੁਨਿਕ ਟਰੇਨਾਂ 'ਤੇ 3 ਲੱਖ ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਦਿੱਲੀ ਵਿੱਚ ਮੈਟਰੋ ਨੈੱਟਵਰਕ ਦੇ ਵਿਸਤਾਰ ਤੋਂ ਸਮਾਨਤਾਵਾਂ ਦੱਸਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਉੱਤਰ ਪ੍ਰਦੇਸ਼ ਦੇ ਨੋਇਡਾ, ਗਾਜ਼ੀਆਬਾਦ, ਲਖਨਊ, ਮੇਰਠ, ਆਗਰਾ ਅਤੇ ਕਾਨਪੁਰ ਜਿਹੇ ਸ਼ਹਿਰ ਵੀ ਇਸੇ ਰਸਤੇ 'ਤੇ ਚੱਲ ਰਹੇ ਹਨ। ਕਰਨਾਟਕ ਵਿੱਚ ਵੀ, ਬੰਗਲੁਰੂ ਅਤੇ ਮੈਸੂਰ ਵਿੱਚ ਮੈਟਰੋ ਦਾ ਵਿਸਤਾਰ ਕੀਤਾ ਜਾ ਰਿਹਾ ਹੈ। ਵਧੀ ਹੋਈ ਹਵਾਈ ਕਨੈਕਟੀਵਿਟੀ 'ਤੇ ਰੌਸ਼ਨੀ ਪਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਦੱਸਿਆ ਕਿ ਪਿਛਲੇ 9 ਵਰ੍ਹਿਆਂ ਵਿੱਚ ਹਵਾਈ ਅੱਡਿਆਂ ਦੀ ਸੰਖਿਆ ਦੁੱਗਣੀ ਹੋ ਗਈ ਹੈ, ਅਤੇ ਭਾਰਤ ਦੀਆਂ ਏਅਰਲਾਈਨਾਂ ਨੇ 1000 ਤੋਂ ਵੱਧ ਨਵੇਂ ਹਵਾਈ ਜਹਾਜ਼ਾਂ ਦੇ ਆਰਡਰ ਦਿੱਤੇ ਹਨ। ਪ੍ਰਧਾਨ ਮੰਤਰੀ ਨੇ ਪੁਲਾੜ ਖੇਤਰ ਵਿੱਚ ਭਾਰਤ ਦੀ ਤੇਜ਼ ਪ੍ਰਗਤੀ ਬਾਰੇ ਵੀ ਗੱਲ ਕੀਤੀ ਅਤੇ ਚੰਦਰਯਾਨ ਦਾ ਜ਼ਿਕਰ ਕੀਤਾ ਜਿਸ ਨੇ ਚੰਦਰਮਾ ਉੱਤੇ ਪੈਰ ਰੱਖਿਆ ਹੈ। ਸ਼੍ਰੀ ਮੋਦੀ ਨੇ ਦੱਸਿਆ ਕਿ ਸਰਕਾਰ ਨੇ 2040 ਤੱਕ ਇੱਕ ਰੋਡਮੈਪ ਤਿਆਰ ਕੀਤਾ ਹੈ, ਜਿਸ ਵਿੱਚ ਮਾਨਵ ਪੁਲਾੜ ਯਾਤਰਾਵਾਂ ਲਈ ਗਗਨਯਾਨ ਅਤੇ ਭਾਰਤ ਦੇ ਪੁਲਾੜ ਸਟੇਸ਼ਨ ਦੀ ਸਥਾਪਨਾ ਸ਼ਾਮਲ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ, "ਉਹ ਦਿਨ ਦੂਰ ਨਹੀਂ ਜਦੋਂ ਅਸੀਂ ਆਪਣੇ ਪੁਲਾੜ ਯਾਨ ਵਿੱਚ ਚੰਦਰਮਾ 'ਤੇ ਪਹਿਲੇ ਭਾਰਤੀ ਨੂੰ ਉਤਾਰਾਂਗੇ।" ਉਨ੍ਹਾਂ ਨੇ ਦੁਹਰਾਇਆ ਕਿ ਇਹ ਵਿਕਾਸ ਦੇਸ਼ ਦੇ ਨੌਜਵਾਨਾਂ ਲਈ ਕੀਤੇ ਜਾਂਦੇ ਹਨ ਅਤੇ ਉਨ੍ਹਾਂ ਲਈ ਉੱਜਵਲ ਭਵਿੱਖ ਬਣਾਉਂਦੇ ਹਨ। 

 

ਪ੍ਰਧਾਨ ਮੰਤਰੀ ਨੇ ਸ਼ਹਿਰੀ ਪ੍ਰਦੂਸ਼ਣ ਨੂੰ ਘੱਟ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ। ਇਹ ਦੇਸ਼ ਵਿੱਚ ਇਲੈਕਟ੍ਰਿਕ ਬੱਸਾਂ ਦੇ ਵਧ ਰਹੇ ਨੈਟਵਰਕ ਦੀ ਅਗਵਾਈ ਕਰ ਰਿਹਾ ਹੈ। ਕੇਂਦਰ ਸਰਕਾਰ ਨੇ ਰਾਜਾਂ ਨੂੰ 10,000 ਇਲੈਕਟ੍ਰਿਕ ਬੱਸਾਂ ਦੇਣ ਦੀ ਯੋਜਨਾ ਸ਼ੁਰੂ ਕੀਤੀ ਹੈ। ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਦਿੱਲੀ ਵਿੱਚ 600 ਕਰੋੜ ਰੁਪਏ ਦੀ ਲਾਗਤ ਨਾਲ 1300 ਤੋਂ ਵੱਧ ਇਲੈਕਟ੍ਰਿਕ ਬੱਸਾਂ ਚਲਾਉਣ ਦੀ ਤਿਆਰੀ ਕਰ ਰਹੀ ਹੈ। ਇਨ੍ਹਾਂ ਵਿੱਚੋਂ 850 ਤੋਂ ਵੱਧ ਇਲੈਕਟ੍ਰਿਕ ਬੱਸਾਂ ਦਿੱਲੀ ਵਿੱਚ ਚੱਲਣੀਆਂ ਸ਼ੁਰੂ ਹੋ ਚੁੱਕੀਆਂ ਹਨ। ਇਸੇ ਤਰ੍ਹਾਂ ਬੰਗਲੌਰ ਵਿੱਚ ਵੀ ਭਾਰਤ ਸਰਕਾਰ 1200 ਤੋਂ ਵੱਧ ਇਲੈਕਟ੍ਰਿਕ ਬੱਸਾਂ ਚਲਾਉਣ ਲਈ 500 ਕਰੋੜ ਰੁਪਏ ਦੀ ਸਹਾਇਤਾ ਪ੍ਰਦਾਨ ਕਰ ਰਹੀ ਹੈ। ਉਨ੍ਹਾਂ ਕਿਹਾ "ਕੇਂਦਰ ਸਰਕਾਰ ਹਰ ਸ਼ਹਿਰ ਵਿੱਚ ਆਧੁਨਿਕ ਅਤੇ ਗ੍ਰੀਨ ਪਬਲਿਕ ਟਰਾਂਸਪੋਰਟ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਚਾਹੇ ਉਹ ਦਿੱਲੀ ਹੋਵੇ, ਯੂਪੀ ਹੋਵੇ ਜਾਂ ਕਰਨਾਟਕ।” 

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਵਿੱਚ ਵਿਕਸਿਤ ਕੀਤੇ ਜਾ ਰਹੇ ਬੁਨਿਆਦੀ ਢਾਂਚੇ ਵਿੱਚ ਨਾਗਰਿਕਾਂ ਦੀ ਪਹੁੰਚ ਨੂੰ ਪ੍ਰਮੁੱਖ ਤਰਜੀਹ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਮੈਟਰੋ ਜਾਂ ਨਮੋ ਭਾਰਤ ਜਿਹੀਆਂ ਟਰੇਨਾਂ ਯਾਤਰੀਆਂ ਦੇ ਜੀਵਨ ਨੂੰ ਕਿੰਨਾ ਅਸਾਨ ਬਣਾਉਣਗੀਆਂ ਅਤੇ ਕਿਵੇਂ ਮਿਆਰੀ ਬੁਨਿਆਦੀ ਢਾਂਚਾ ਦੇਸ਼ ਦੇ ਨੌਜਵਾਨਾਂ, ਕਾਰੋਬਾਰੀਆਂ ਅਤੇ ਕੰਮਕਾਜੀ ਮਹਿਲਾਵਾਂ ਲਈ ਨਵੇਂ ਮੌਕੇ ਲਿਆਏਗਾ। ਉਨ੍ਹਾਂ ਅੱਗੇ ਕਿਹਾ “ਹਸਪਤਾਲਾਂ ਜਿਹਾ ਸਮਾਜਿਕ ਬੁਨਿਆਦੀ ਢਾਂਚਾ ਮਰੀਜ਼ਾਂ, ਡਾਕਟਰਾਂ ਅਤੇ ਮੈਡੀਕਲ ਵਿਦਿਆਰਥੀਆਂ ਨੂੰ ਲਾਭ ਪਹੁੰਚਾਏਗਾ। ਡਿਜੀਟਲ ਬੁਨਿਆਦੀ ਢਾਂਚਾ ਲੀਕੇਜ ਨੂੰ ਰੋਕੇਗਾ ਅਤੇ ਪੈਸੇ ਦੇ ਸੁਚਾਰੂ ਲੈਣ-ਦੇਣ ਨੂੰ ਯਕੀਨੀ ਬਣਾਏਗਾ।”

 

ਚੱਲ ਰਹੇ ਤਿਉਹਾਰਾਂ ਦੇ ਮੌਕੇ ਨੂੰ ਧਿਆਨ ਵਿੱਚ ਰੱਖਦੇ ਹੋਏ, ਪ੍ਰਧਾਨ ਮੰਤਰੀ ਨੇ ਕਿਸਾਨਾਂ, ਕਰਮਚਾਰੀਆਂ ਅਤੇ ਪੈਨਸ਼ਨਰਾਂ ਦੇ ਫਾਇਦੇ ਲਈ ਕੇਂਦਰੀ ਕੈਬਨਿਟ ਦੁਆਰਾ ਲਏ ਗਏ ਹਾਲ ਹੀ ਦੇ ਫੈਸਲਿਆਂ ਨੂੰ ਉਜਾਗਰ ਕੀਤਾ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਹਾੜੀ ਦੀਆਂ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਵਿੱਚ ਵੱਡਾ ਵਾਧਾ ਕੀਤਾ ਹੈ, ਜਿੱਥੇ ਦਾਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਵਿੱਚ 425 ਰੁਪਏ ਪ੍ਰਤੀ ਕੁਇੰਟਲ, ਸਰ੍ਹੋਂ ਦੇ 200 ਰੁਪਏ ਅਤੇ ਕਣਕ ਦੇ ਘੱਟੋ-ਘੱਟ ਸਮਰਥਨ ਮੁੱਲ ਵਿੱਚ 150 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕਣਕ ਦਾ ਘੱਟੋ-ਘੱਟ ਸਮਰਥਨ ਮੁੱਲ ਜੋ 2014 ਵਿੱਚ 1400 ਰੁਪਏ ਪ੍ਰਤੀ ਕੁਇੰਟਲ ਸੀ, ਹੁਣ 2000 ਰੁਪਏ ਨੂੰ ਪਾਰ ਕਰ ਗਿਆ ਹੈ, ਪਿਛਲੇ 9 ਸਾਲਾਂ ਵਿੱਚ ਦਾਲਾਂ ਦਾ ਘੱਟੋ-ਘੱਟ ਸਮਰਥਨ ਮੁੱਲ ਦੁੱਗਣੇ ਤੋਂ ਵੀ ਵੱਧ ਗਿਆ ਹੈ ਅਤੇ ਸਰ੍ਹੋਂ ਦਾ ਘੱਟੋ-ਘੱਟ ਸਮਰਥਨ ਮੁੱਲ ਇਸ ਸਮੇਂ ਦੌਰਾਨ 2600 ਰੁਪਏ ਪ੍ਰਤੀ ਕੁਇੰਟਲ ਵਧਿਆ ਹੈ। ਉਨ੍ਹਾਂ ਅੱਗੇ ਕਿਹਾ "ਇਹ ਕਿਸਾਨਾਂ ਨੂੰ ਲਾਗਤ ਦੇ ਡੇਢ ਗੁਣਾ ਤੋਂ ਅਧਿਕ ਸਮਰਥਨ ਮੁੱਲ ਪ੍ਰਦਾਨ ਕਰਨ ਦੀ ਸਾਡੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ।”

 

ਪ੍ਰਧਾਨ ਮੰਤਰੀ ਨੇ ਉਨ੍ਹਾਂ ਕਦਮਾਂ ਬਾਰੇ ਜਾਣਕਾਰੀ ਦਿੱਤੀ ਜੋ ਕਿ ਕਿਫਾਇਤੀ ਦਰਾਂ 'ਤੇ ਯੂਰੀਆ ਦੀ ਉਪਲਬਧਤਾ ਨੂੰ ਯਕੀਨੀ ਬਣਾਉਂਦੇ ਹਨ। ਉਨ੍ਹਾਂ ਕਿਹਾ ਕਿ ਕੌਮਾਂਤਰੀ ਮੰਡੀ ਵਿੱਚ 3000 ਰੁਪਏ ਦੀ ਕੀਮਤ ਵਾਲੇ ਯੂਰੀਆ ਦੇ ਥੈਲੇ ਹੁਣ ਭਾਰਤੀ ਕਿਸਾਨਾਂ ਨੂੰ 300 ਰੁਪਏ ਤੋਂ ਵੀ ਘੱਟ ਵਿੱਚ ਮਿਲਦੇ ਹਨ। ਸਰਕਾਰ ਇਸ 'ਤੇ ਹਰ ਸਾਲ 2.5 ਲੱਖ ਕਰੋੜ ਤੋਂ ਵੱਧ ਖਰਚ ਕਰ ਰਹੀ ਹੈ। 

 

ਪ੍ਰਧਾਨ ਮੰਤਰੀ ਨੇ ਵਾਢੀ ਤੋਂ ਬਾਅਦ ਬਚੀ ਰਹਿੰਦ-ਖੂੰਹਦ ਦੀ ਵਰਤੋਂ ਕਰਨ 'ਤੇ ਸਰਕਾਰ ਦੇ ਜ਼ੋਰ ਨੂੰ ਉਜਾਗਰ ਕੀਤਾ, ਭਾਵੇਂ ਉਹ ਝੋਨੇ ਦੀ ਪਰਾਲੀ ਹੋਵੇ ਜਾਂ ਤੂੜੀ। ਉਨ੍ਹਾਂ ਨੇ ਦੇਸ਼ ਭਰ ਵਿੱਚ ਸਥਾਪਿਤ ਕੀਤੇ ਜਾ ਰਹੇ ਬਾਇਓਫਿਊਲ ਅਤੇ ਈਥਾਨੌਲ ਯੂਨਿਟਾਂ ਦਾ ਜ਼ਿਕਰ ਕੀਤਾ, ਜਿਸ ਨਾਲ 9 ਸਾਲ ਪਹਿਲਾਂ ਦੇ ਮੁਕਾਬਲੇ ਈਥਾਨੌਲ ਉਤਪਾਦਨ ਵਿੱਚ 10 ਗੁਣਾ ਵਾਧਾ ਹੋਇਆ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਹੁਣ ਤੱਕ ਕਿਸਾਨਾਂ ਨੂੰ ਈਥਾਨੌਲ ਉਤਪਾਦਨ ਤੋਂ ਲਗਭਗ 65 ਹਜ਼ਾਰ ਕਰੋੜ ਰੁਪਏ ਪ੍ਰਾਪਤ ਹੋਏ ਹਨ। ਉਨ੍ਹਾਂ ਅੱਗੇ ਕਿਹਾ “ਇਕੱਲੇ ਪਿਛਲੇ ਦਸ ਮਹੀਨਿਆਂ ਵਿੱਚ, ਦੇਸ਼ ਦੇ ਕਿਸਾਨਾਂ ਨੂੰ ਕੁੱਲ 18 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਭੁਗਤਾਨ ਕੀਤਾ ਗਿਆ ਹੈ।” ਮੇਰਠ-ਗਾਜ਼ੀਆਬਾਦ ਖੇਤਰ ਦੇ ਕਿਸਾਨਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਸਾਲ 2023 ਦੇ ਸਿਰਫ਼ 10 ਮਹੀਨਿਆਂ ਵਿੱਚ ਈਥਾਨੌਲ ਲਈ 300 ਕਰੋੜ ਰੁਪਏ ਤੋਂ ਵੱਧ ਦਾ ਭੁਗਤਾਨ ਕੀਤਾ ਗਿਆ ਹੈ। 

 

ਪ੍ਰਧਾਨ ਮੰਤਰੀ ਨੇ ਉੱਜਵਲਾ ਲਾਭਾਰਥੀਆਂ ਲਈ ਗੈਸ ਸਿਲੰਡਰ ਦੀ ਕੀਮਤ ਵਿੱਚ 500 ਰੁਪਏ ਦੀ ਕਟੌਤੀ, 80 ਕਰੋੜ ਤੋਂ ਵੱਧ ਨਾਗਰਿਕਾਂ ਨੂੰ ਮੁਫਤ ਰਾਸ਼ਨ, ਕੇਂਦਰ ਸਰਕਾਰ ਦੇ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ 4 ਫੀਸਦੀ ਡੀਏ ਅਤੇ ਡੀਆਰ ਅਤੇ 

ਅਤੇ ਲੱਖਾਂ ਗਰੁੱਪ ਬੀ ਅਤੇ ਸੀ ਨੌਨ ਗਜ਼ਟਿਡ ਰੇਲਵੇ ਕਰਮਚਾਰੀਆਂ ਲਈ ਦੀਵਾਲੀ ਬੋਨਸ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ "ਇਸ ਨਾਲ ਸਮੁੱਚੀ ਅਰਥਵਿਵਸਥਾ ਨੂੰ ਫਾਇਦਾ ਹੋਵੇਗਾ ਕਿਉਂਕਿ ਇਹ ਬਜ਼ਾਰ ਵਿੱਚ ਆਰਥਿਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰੇਗਾ।”

 

ਸੰਬੋਧਨ ਦੀ ਸਮਾਪਤੀ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਜਦੋਂ ਅਜਿਹੇ ਸੰਵੇਦਨਸ਼ੀਲ ਫੈਸਲੇ ਲਏ ਜਾਂਦੇ ਹਨ ਤਾਂ ਹਰ ਪਰਿਵਾਰ ਵਿੱਚ ਤਿਉਹਾਰਾਂ ਦੀ ਖੁਸ਼ੀ ਵੱਧ ਜਾਂਦੀ ਹੈ। ਅਤੇ ਦੇਸ਼ ਦੇ ਹਰ ਪਰਿਵਾਰ ਦੀ ਖੁਸ਼ੀ ਤਿਉਹਾਰ ਦਾ ਮੂਡ ਬਣਾਉਂਦੀ ਹੈ। ਪ੍ਰਧਾਨ ਮੰਤਰੀ ਨੇ ਸਮਾਪਤੀ ਕਰਦੇ ਹੋਏ ਕਿਹਾ “ਤੁਸੀਂ ਮੇਰਾ ਪਰਿਵਾਰ ਹੋ, ਇਸ ਲਈ ਤੁਸੀਂ ਮੇਰੀ ਤਰਜੀਹ ਹੋ। ਇਹ ਕੰਮ ਤੁਹਾਡੇ ਲਈ ਕੀਤਾ ਜਾ ਰਿਹਾ ਹੈ। ਜੇ ਤੁਸੀਂ ਖੁਸ਼ ਹੋ ਤਾਂ ਮੈਂ ਖੁਸ਼ ਹੋਵਾਂਗਾ। ਜੇਕਰ ਤੁਸੀਂ ਸਮਰੱਥ ਹੋ, ਤਾਂ ਦੇਸ਼ ਸਮਰੱਥ ਹੋਵੇਗਾ।”

 

ਇਸ ਮੌਕੇ 'ਤੇ ਉੱਤਰ ਪ੍ਰਦੇਸ਼ ਦੇ ਰਾਜਪਾਲ ਸੁਸ਼੍ਰੀ ਆਨੰਦੀਬੇਨ ਪਟੇਲ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਯੋਗੀ ਅਦਿੱਤਿਆਨਾਥ ਅਤੇ ਕੇਂਦਰੀ ਆਵਾਸ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰੀ ਸ਼੍ਰੀ ਹਰਦੀਪ ਸਿੰਘ ਪੁਰੀ ਵੀ ਮੌਜੂਦ ਸਨ, ਜਦਕਿ ਕਰਨਾਟਕ ਦੇ ਮੁੱਖ ਮੰਤਰੀ ਸ਼੍ਰੀ ਸਿੱਧਰਮਈਯਾ ਵੀ ਇਸ ਮੌਕੇ ਵੀਡੀਓ ਕਾਨਫਰੰਸਿੰਗ ਦੁਆਰਾ ਸ਼ਾਮਿਲ ਹੋਏ। 

 

ਦਿੱਲੀ-ਗਾਜ਼ੀਆਬਾਦ-ਮੇਰਠ ਆਰਆਰਟੀਐੱਸ ਕੌਰੀਡੋਰ

 

ਦਿੱਲੀ-ਗਾਜ਼ੀਆਬਾਦ-ਮੇਰਠ ਆਰਆਰਟੀਐੱਸ ਕੌਰੀਡੋਰ ਦਾ 17 ਕਿਲੋਮੀਟਰ ਪ੍ਰਾਥਮਿਕਤਾ ਵਾਲਾ ਸੈਕਸ਼ਨ ਸਾਹਿਬਾਬਾਦ ਨੂੰ 'ਦੁਹਾਈ ਡਿਪੂ' ਨਾਲ ਜੋੜੇਗਾ ਅਤੇ ਗਾਜ਼ੀਆਬਾਦ, ਗੁਲਧਰ ਅਤੇ ਦੁਹਾਈ ਸਟੇਸ਼ਨਾਂ ਨੂੰ ਰਸਤੇ ਵਿੱਚ ਜੋੜੇਗਾ। ਦਿੱਲੀ-ਗਾਜ਼ੀਆਬਾਦ-ਮੇਰਠ ਕੌਰੀਡੋਰ ਦਾ ਨੀਂਹ ਪੱਥਰ ਪ੍ਰਧਾਨ ਮੰਤਰੀ ਦੁਆਰਾ 8 ਮਾਰਚ 2019 ਨੂੰ ਰੱਖਿਆ ਗਿਆ ਸੀ। 

 

ਨਵੇਂ ਵਿਸ਼ਵ ਪੱਧਰੀ ਟਰਾਂਸਪੋਰਟ ਢਾਂਚੇ ਦੇ ਨਿਰਮਾਣ ਜ਼ਰੀਏ ਦੇਸ਼ ਵਿੱਚ ਖੇਤਰੀ ਕਨੈਕਟੀਵਿਟੀ ਨੂੰ ਬਦਲਣ ਦੇ ਪ੍ਰਧਾਨ ਮੰਤਰੀ ਦੇ ਵਿਜ਼ਨ ਦੇ ਅਨੁਸਾਰ, ਖੇਤਰੀ ਰੈਪਿਡ ਟਰਾਂਜ਼ਿਟ ਸਿਸਟਮ (ਆਰਆਰਟੀਐੱਸ) ਪ੍ਰੋਜੈਕਟ ਵਿਕਸਿਤ ਕੀਤਾ ਜਾ ਰਿਹਾ ਹੈ। ਆਰਆਰਟੀਐੱਸ ਇੱਕ ਨਵੀਂ ਰੇਲ-ਅਧਾਰਿਤ, ਸੈਮੀ-ਹਾਈ-ਸਪੀਡ, ਉੱਚ-ਆਵਿਰਤੀ ਕਮਿਊਟਰ ਟਰਾਂਸਪੋਰਟ ਪ੍ਰਣਾਲੀ ਹੈ। 180 ਕਿਲੋਮੀਟਰ ਪ੍ਰਤੀ ਘੰਟੇ ਦੀ ਡਿਜ਼ਾਈਨ ਸਪੀਡ ਦੇ ਨਾਲ, ਆਰਆਰਟੀਐੱਸ ਇੱਕ ਪਰਿਵਰਤਨਕਾਰੀ, ਖੇਤਰੀ ਵਿਕਾਸ ਪਹਿਲ ਹੈ, ਜੋ ਹਰ 15 ਮਿੰਟਾਂ ਵਿੱਚ ਇੰਟਰਸਿਟੀ ਆਉਣ-ਜਾਣ ਲਈ ਹਾਈ-ਸਪੀਡ ਟ੍ਰੇਨਾਂ ਪ੍ਰਦਾਨ ਕਰਨ ਲਈ ਤਿਆਰ ਕੀਤੀ ਗਈ ਹੈ, ਜੋ ਲੋੜ ਅਨੁਸਾਰ ਹਰ 5 ਮਿੰਟ ਦੀ ਬਾਰੰਬਾਰਤਾ (frequency) ਤੱਕ ਜਾ ਸਕਦੀ ਹੈ। 

 

ਐੱਨਸੀਆਰ ਵਿੱਚ ਵਿਕਸਿਤ ਕਰਨ ਲਈ ਕੁੱਲ ਅੱਠ ਆਰਆਰਟੀਐੱਸ ਗਲਿਆਰਿਆਂ ਦੀ ਪਹਿਚਾਣ ਕੀਤੀ ਗਈ ਹੈ, ਜਿਨ੍ਹਾਂ ਵਿੱਚੋਂ ਤਿੰਨ ਕੌਰੀਡੋਰਾਂ ਨੂੰ ਪੜਾਅ-1 ਵਿੱਚ ਲਾਗੂ ਕਰਨ ਲਈ ਤਰਜੀਹ ਦਿੱਤੀ ਗਈ ਹੈ, ਜਿਨ੍ਹਾਂ ਵਿੱਚ ਦਿੱਲੀ - ਗਾਜ਼ੀਆਬਾਦ - ਮੇਰਠ ਕੋਰੀਡੋਰ; ਦਿੱਲੀ-ਗੁਰੂਗ੍ਰਾਮ-ਐੱਸਐੱਨਬੀ-ਅਲਵਰ ਕੋਰੀਡੋਰ; ਅਤੇ ਦਿੱਲੀ-ਪਾਣੀਪਤ ਕੋਰੀਡੋਰ ਸ਼ਾਮਲ ਹਨ। ਦਿੱਲੀ-ਗਾਜ਼ੀਆਬਾਦ-ਮੇਰਠ ਆਰਆਰਟੀਐੱਸ ਨੂੰ 30,000 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ ਅਤੇ ਗਾਜ਼ੀਆਬਾਦ, ਮੁਰਾਦਨਗਰ ਅਤੇ ਮੋਦੀਨਗਰ ਦੇ ਸ਼ਹਿਰੀ ਕੇਂਦਰਾਂ ਤੋਂ ਹੁੰਦੇ ਹੋਏ ਇੱਕ ਘੰਟੇ ਤੋਂ ਵੀ ਘੱਟ ਸਮੇਂ ਵਿੱਚ ਦਿੱਲੀ ਨੂੰ ਮੇਰਠ ਨਾਲ ਜੋੜ ਦੇਵੇਗੀ।

 

ਦੇਸ਼ ਵਿੱਚ ਵਿਕਸਿਤ ਕੀਤਾ ਜਾ ਰਿਹਾ ਆਰਆਰਟੀਐੱਸ, ਇੱਕ ਅਤਿ-ਆਧੁਨਿਕ ਖੇਤਰੀ ਗਤੀਸ਼ੀਲਤਾ ਸਮਾਧਾਨ ਹੈ ਅਤੇ ਦੁਨੀਆ ਵਿੱਚ ਸਰਵਸ੍ਰੇਸ਼ਠ ਨਾਲ ਤੁਲਨਾਯੋਗ ਹੈ। ਇਹ ਦੇਸ਼ ਵਿੱਚ ਸੁਰੱਖਿਅਤ, ਭਰੋਸੇਮੰਦ ਅਤੇ ਆਧੁਨਿਕ ਇੰਟਰਸਿਟੀ ਕਮਿਊਟਿੰਗ ਸਮਾਧਾਨ ਪ੍ਰਦਾਨ ਕਰੇਗਾ। ਪੀਐੱਮ ਗਤੀਸ਼ਕਤੀ ਰਾਸ਼ਟਰੀ ਮਾਸਟਰ ਪਲਾਨ ਦੇ ਅਨੁਸਾਰ, ਆਰਆਰਟੀਐੱਸ ਨੈੱਟਵਰਕ ਦਾ ਰੇਲਵੇ ਸਟੇਸ਼ਨਾਂ, ਮੈਟਰੋ ਸਟੇਸ਼ਨਾਂ, ਬੱਸ ਸੇਵਾਵਾਂ ਆਦਿ ਨਾਲ ਵਿਆਪਕ ਮਲਟੀ-ਮੋਡਲ ਇੰਟੀਗਰੇਸ਼ਨ ਹੋਵੇਗਾ। 

 

ਅਜਿਹੇ ਪਰਿਵਰਤਨਕਾਰੀ ਖੇਤਰੀ ਗਤੀਸ਼ੀਲਤਾ ਸਮਾਧਾਨ ਖੇਤਰ ਵਿੱਚ ਆਰਥਿਕ ਗਤੀਵਿਧੀ ਨੂੰ ਹੁਲਾਰਾ ਦੇਣਗੇ; ਰੋਜ਼ਗਾਰ, ਸਿੱਖਿਆ ਅਤੇ ਸਿਹਤ ਸੰਭਾਲ਼ ਦੇ ਮੌਕਿਆਂ ਤੱਕ ਬਿਹਤਰ ਪਹੁੰਚ ਪ੍ਰਦਾਨ ਕਰਨਗੇ; ਅਤੇ ਵਾਹਨਾਂ ਦੇ ਭੀੜ-ਭੜੱਕੇ ਅਤੇ ਹਵਾ ਪ੍ਰਦੂਸ਼ਣ ਵਿੱਚ ਮਹੱਤਵਪੂਰਨ ਕਮੀ ਕਰਨ ਵਿੱਚ ਮਦਦ ਕਰਨਗੇ। 

 

ਬੰਗਲੁਰੂ ਮੈਟਰੋ

 

ਪ੍ਰਧਾਨ ਮੰਤਰੀ ਦੁਆਰਾ ਰਸਮੀ ਤੌਰ 'ਤੇ ਰਾਸ਼ਟਰ ਨੂੰ ਸਮਰਪਿਤ ਕੀਤੇ ਜਾਣ ਵਾਲੇ ਦੋ ਮੈਟਰੋ ਸਟ੍ਰੈਚ ਬੈਯੱਪਨਹੱਲੀ (Baiyappanahalli) ਨੂੰ ਕ੍ਰਿਸ਼ਨਰਾਜਪੁਰਾ (Krishnarajapura) ਅਤੇ ਕੇਂਗੇਰੀ (Kengeri) ਨੂੰ ਚਲਾਘੱਟਾ (Challaghatta) ਨਾਲ ਜੋੜਦੇ ਹਨ। ਰਸਮੀ ਉਦਘਾਟਨ ਦੀ ਉਡੀਕ ਕੀਤੇ ਬਿਨਾਂ, ਇਸ ਕੌਰੀਡੋਰ 'ਤੇ ਆਮ ਲੋਕਾਂ ਨੂੰ ਆਉਣ-ਜਾਣ ਦੀ ਸੁਵਿਧਾ ਪ੍ਰਦਾਨ ਕਰਨ ਲਈ ਇਹ ਦੋ ਮੈਟਰੋ ਸਟ੍ਰੈਚ 9 ਅਕਤੂਬਰ 2023 ਤੋਂ ਪਬਲਿਕ ਸੇਵਾ ਲਈ ਖੋਲ੍ਹੇ ਗਏ ਸਨ।

 

 

https://x.com/narendramodi/status/1715265904664338570

 

https://x.com/PMOIndia/status/1715267562257441068

 

https://x.com/PMOIndia/status/1715268094913134770

 

https://x.com/PMOIndia/status/1715268396533911900

 

https://x.com/PMOIndia/status/1715269543269224665

 

https://x.com/PMOIndia/status/1715273471276859828

 

https://x.com/PMOIndia/status/1715274003513037071

 

PM Modi inaugurates India's 1st Regional Rapid Transit System Corridor & flags of

f Namo Bharat Train

 

 

  *******

 

ਡੀਐੱਸ/ਟੀਐੱਸ


(Release ID: 1969657) Visitor Counter : 111