ਵਿੱਤ ਮੰਤਰਾਲਾ
ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਨ ਨੇ ਮੋਰੋਕੋ ਦੇ ਮਾਰਾਕੇਚ ਵਿੱਚ ਵਿਸ਼ਵ ਬੈਂਕ ਦੀ ਵਿਕਾਸ ਕਮੇਟੀ ਦੀ 108ਵੀਂ ਪੂਰਨ ਮੀਟਿੰਗ ਵਿੱਚ ਹਿੱਸਾ ਲਿਆ
ਭਾਰਤ ‘ਰਹਿਣ ਯੋਗ ਧਰਤੀ’ ਤੇ ਗ਼ਰੀਬੀ ਤੋਂ ਮੁਕਤ ਸੰਸਾਰ ਬਣਾਉਣ ਦੇ ਵਿਸ਼ਵ ਬੈਂਕ ਦੇ ਨਵੇਂ ਵਿਜ਼ਨ, ਅਤਿਅਧਿਕ ਗ਼ਰੀਬੀ ਨੂੰ ਖਤਮ ਕਰਨ ਅਤੇ ‘ਰਹਿਣ ਯੋਗ ਧਰਤੀ’ ‘ਤੇ ਸਾਂਝੀ ਸਮ੍ਰਿੱਧੀ ਨੂੰ ਹੁਲਾਰਾ ਦੇਣ ਦੇ ਇਸ ਦੇ ਨਵੇਂ ਮਿਸ਼ਨ ਦਾ ਸਮਰਥਨ ਕਰਦਾ ਹੈ ਜਿਸ ਵਿੱਚ ਵਿਸ਼ਵ ਬੈਂਕ ਨੂੰ ਗ਼ਰੀਬੀ ਨਾਲ ਲੜਨ ਦੇ ਨਾਲ-ਨਾਲ ਗਲੋਬਲ ਚੁਣੌਤੀਆਂ ਦਾ ਸਮਾਧਾਨ ਕਰਨ ਦੀ ਵੀ ਕਠਿਨ ਜ਼ਿੰਮੇਵਾਰੀ ਸੌਂਪੀ ਗਈ ਹੈ: ਵਿੱਤ ਮੰਤਰੀ
ਕੇਂਦਰੀ ਵਿੱਤ ਮੰਤਰੀ ਨੇ ਵਿਸ਼ਵ ਬੈਂਕ ਨੂੰ ਹੋਰ ਐੱਮਡੀਬੀ ਦੇ ਨਾਲ ਮਿਲ ਕੇ ਪ੍ਰਕਿਰਿਆਵਾਂ ਅਤੇ ਕਾਰਜ ਵਿਧੀਆਂ ਵਿੱਚ ਤਾਲਮੇਲ ਸਥਾਪਿਤ ਕਰਨ ਵਿੱਚ ਮੋਹਰੀ ਭੂਮਿਕਾ ਨਿਭਾਉਣ ਦੇ ਲਈ ਪ੍ਰੋਤਸਾਹਿਤ ਕੀਤਾ, ਤਾਂ ਜੋ ਕਈ ਐੱਮਡੀਬੀ ਨਾਲ ਲੈਣ-ਦੇਣ ਕਰਨ ਵਾਲੇ ਗ੍ਰਾਹਕ ਦੇਸ਼ਾਂ ਨੂੰ ਸੁਵਿਧਾ ਹੋ ਸਕੇ
Posted On:
12 OCT 2023 5:29PM by PIB Chandigarh
ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਦੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਨ ਨੇ ਅੱਜ ਮੋਰੋਕੋ ਦੇ ਮਾਰਾਕੇਚ ਵਿੱਚ ਵਿਕਾਸ ਕਮੇਟੀ ਦੀ 108ਵੀਂ ਪੂਰਨ ਮੀਟਿੰਗ ਵਿੱਚ ਵਿਸ਼ਵ ਬੈਂਕ ਦੇ ਗਵਰਨਰ ਦੇ ਰੂਪ ਵਿੱਚ ਹਿੱਸਾ ਲਿਆ। ਇਸ ਮੀਟਿੰਗ ਦਾ ਏਜੰਡਾ ਸੀ ‘ਰਹਿਣ ਯੋਗ ਧਰਤੀ ‘ਤੇ ਗ਼ਰੀਬੀ ਨੂੰ ਖਤਮ ਕਰਨਾ-ਵਿਸ਼ਵ ਬੈਂਕ ਦੇ ਵਿਕਾਸ ‘ਤੇ ਗਵਰਨਰਾਂ ਨੂੰ ਰਿਪੋਰਟ ਕਰੋ’।
ਕੇਂਦਰੀ ਵਿੱਤ ਮੰਤਰੀ ਨੇ ਮੋਰੋਕੋ ਅਤੇ ਲੀਬੀਆ ਵਿੱਚ ਕ੍ਰਮਸ਼: ਭੂਚਾਲ ਅਤੇ ਹੜ੍ਹਾਂ ਤੋਂ ਬੇਹੱਦ ਪ੍ਰਭਾਵਿਤ ਪਰਿਵਾਰਾਂ ਦੇ ਪ੍ਤੀ ਗਹਿਰੀ ਸੰਵੇਦਨਾ ਵਿਅਕਤ ਕਰਦੇ ਹੋਏ ਆਪਣਾ ਸੰਬੋਧਨ ਸ਼ੁਰੂ ਕੀਤਾ, ਅਤੇ ਕਿਹਾ ਕਿ ਭਾਰਤ ਮੋਰੋਕੋ ਅਤੇ ਲੀਬੀਆ ਦੇ ਲੋਕਾਂ ਅਤੇ ਅਧਿਕਾਰੀਆਂ ਦੇ ਨਾਲ ਇਕਜੁਟਤਾ ਨਾਲ ਖੜ੍ਹਾ ਹੈ ਕਿਉਂਕਿ ਉਹ ਇਨ੍ਹਾਂ ਆਫ਼ਤਾਂ ਦੇ ਵਿਨਾਸ਼ਕਾਰੀ ਪ੍ਰਭਾਵਾਂ ਨਾਲ ਨਜਿੱਠਣ ਲਈ ਅਣਥਕ ਪ੍ਰਯਾਸ ਕਰ ਰਹੇ ਹਨ।
ਸੈਸ਼ਨ ਦੌਰਾਨ ਇਸ ਏਜੰਡੇ ਦਾ ਜ਼ਿਕਰ ਕਰਦੇ ਹੋਏ ਕੇਂਦਰੀ ਵਿੱਤ ਮੰਤਰੀ ਨੇ ਕਿਹਾ ਕਿ ਵਿਕਾਸਾਤਮਕ ਪ੍ਰਭਾਵ ਨੂੰ ਅਧਿਕਤਮ ਕਰਨ ਲਈ ਰਾਸ਼ਟਰੀ ਅਤੇ ਗਲੋਬਲ ਚੁਣੌਤੀਆਂ ਦਾ ਸਮਾਧਾਨ ਕਰਨ ਲਈ ਇੱਕ ‘ਬਿਹਤਰ, ਦਿੱਗਜ ਅਤੇ ਅਧਿਕ ਪ੍ਰਭਾਵਸ਼ਾਲੀ’ ਵਿਸ਼ਵ ਬੈਂਕ ਬਣਾਉਣ ਦੇ ਜੀ20 ਦੇਸ਼ਾਂ ਦੇ ਸਾਂਝੇ ਟੀਚੇ ਦੀ ਦਿਸ਼ਾ ਵਿੱਚ ਜ਼ਿਕਰਯੋਗ ਪ੍ਰਗਤੀ ਦੇਖਣਾ ਵਾਕਈ ਬਹੁਤ ਉਤਸ਼ਾਹਜਨਕ ਹੈ। ਉਨ੍ਹਾਂ ਨੇ ਕਿਹਾ, ‘ਸਾਡਾ ਮੰਨਣਾ ਹੈ ਕਿ ਵਿਸ਼ਵ ਬੈਂਕ ਦੇ ਵਿਕਾਸ ਦੀ ਦਿਸ਼ਾ ਸਮੁੱਚੇ ਐੱਮਬੀਡੀ ਈਕੋਸਿਸਟਮ ਵਿੱਚ ਸਬੰਧਿਤ ਰੂਪਰੇਖਾ ਤਿਆਰ ਕਰੇਗੀ।’
ਸ਼੍ਰੀਮਤੀ ਸੀਤਾਰਮਨ ਨੇ ਕਿਹਾ ਕਿ ਭਾਰਤ ‘ਰਹਿਣ ਯੋਗ ਧਰਤੀ’ ‘ਤੇ ਗ਼ਰੀਬੀ ਤੋਂ ਮੁਕਤ ਦੁਨੀਆ ਬਣਾਉਣ ਦੇ ਵਿਸ਼ਵ ਬੈਂਕ ਦੇ ਨਵੇਂ ਵਿਜ਼ਨ, ਬਹੁਤ ਗ਼ਰੀਬੀ ਨੂੰ ਖਤਮ ਕਰਨ ਅਤੇ ‘ਰਹਿਣ ਯੋਗ ਧਰਤੀ’ ‘ਤੇ ਸਾਂਝੀ ਸਮ੍ਰਿੱਧੀ ਨੂੰ ਹੁਲਾਰਾ ਦੇਣ ਦੇ ਇਸ ਦੇ ਨਵੇਂ ਮਿਸ਼ਨ ਦਾ ਸਮਰਥਨ ਕਰਦਾ ਹੈ ਜਿਸ ਵਿੱਚ ਵਿਸ਼ਵ ਬੈਂਕ ਨੂੰ ਗ਼ਰੀਬੀ ਨਾਲ ਲੜਨ ਦੇ ਨਾਲ-ਨਾਲ ਗਲੋਬਲ ਚੁਣੌਤੀਆਂ ਦਾ ਸਮਾਧਾਨ ਕਰਨ ਦੀ ਵੀ ਮੁਸ਼ਕਲ ਜ਼ਿੰਮੇਵਾਰੀ ਸੌਂਪੀ ਗਈ ਹੈ।
ਕੇਂਦਰੀ ਵਿੱਤ ਮੰਤਰੀ ਨੇ ਵਿਸ਼ਵ ਬੈਂਕ ਨੂੰ ਹੋਰ ਐੱਮਡੀਬੀ ਦੇ ਨਾਲ ਮਿਲ ਕੇ, ਜਿੱਥੋਂ ਤੱਕ ਸੰਭਵ ਹੋਵੇ, ਪ੍ਰਕਿਰਿਆਵਾਂ ਅਤੇ ਕਾਰਜ ਵਿਧੀਆਂ ਵਿੱਚ ਤਾਲਮੇਲ ਸਥਾਪਿਤ ਕਰਨ ਵਿੱਚ ਮੋਹਰੀ ਭੂਮਿਕਾ ਨਿਭਾਉਣ ਲਈ ਪ੍ਰੋਤਸਾਹਿਤ ਕੀਤਾ। ਇਸ ਨਾਲ ਉਨ੍ਹਾਂ ਗ੍ਰਾਹਕ ਦੇਸ਼ਾਂ ਨੂੰ ਕਾਫੀ ਸੁਵਿਧਾ ਹੋਵੇਗੀ ਜਿਨ੍ਹਾਂ ਨੂੰ ਕਈ ਐੱਮਡੀਬੀ ਤੋਂ ਲੈਣ-ਦੇਣ ਕਰਨਾ ਪੈਂਦਾ ਹੈ।
ਇਹ ਚੰਗੀ ਤਰ੍ਹਾਂ ਮੰਨਦੇ ਹੋਏ ਕਿ ਸਾਡੀ ਵਧੀ ਹੋਈ ਅਭਿਲਾਸ਼ਾ ਨੂੰ ਸਾਕਾਰ ਕਰਨ ਲਈ ਵਿਸ਼ਵ ਬੈਂਕ ਦੀ ਸਮਰੱਥਾ ਵਧਾਉਣ ਲਈ ਮਾਰਾਕੇਚ ਤੋਂ ਅੱਗੇ ਹੋਰ ਕੰਮ ਕਰਨ ਦੀ ਜ਼ਰੂਰਤ ਹੈ, ਸ਼੍ਰੀਮਤੀ ਸੀਤਾਰਮਨ ਨੇ ਕਿਹਾ:
-
ਇਹ ਸੁਨਿਸ਼ਚਿਤ ਕਰਨਾ ਜ਼ਰੂਰੀ ਹੈ ਕਿ ਵਧਿਆ ਹੋਇਆ ਡਬਲਿਊਬੀਜੀ ਦੇਸ਼ ਸ਼ਮੂਲੀਅਤ ਮਾਡਲ ਅਸਲ ਵਿੱਚ ਰਾਸ਼ਟਰੀ ਵਿਕਾਸ ਦੀਆਂ ਪ੍ਰਾਥਮਿਕਤਾਵਾਂ ਵਿੱਚ ਮਜ਼ਬੂਤੀ ਨਾਲ ਨਿਹਿਤ ਰਹੇ। ਇਸ ਤੋਂ ਇਲਾਵਾ, ‘ਆਮ ਪਰ ਵੱਖ-ਵੱਖ ਜ਼ਿੰਮੇਵਾਰੀਆਂ ਅਤੇ ਸਬੰਧਿਤ ਸਮਰੱਥਾਵਾਂ’ ਦੇ ਸਿਧਾਂਤ ਦੇ ਅਨੁਸਾਰ ਜਲਵਾਯੂ ਕਾਰਵਾਈ ਵਿੱਚ ਸ਼ਾਮਲ ਰਹਿੰਦੇ ਹੋਏ ਅਸੀਂ ਵਿਸ਼ਵ ਬੈਂਕ ਨੂੰ ਅਨੁਕੂਲਨ ਵਿੱਤ ਦੇ ਪ੍ਰਤੀ ਆਪਣੀ ਵਚਨਬੱਧਤਾ ਵਿੱਚ ਹੋਰ ਵੀ ਵੱਧ ਅਭਿਲਾਸ਼ੀ ਹੋਣ ਲਈ ਪ੍ਰੋਤਸਾਹਿਤ ਕਰਦੇ ਹਾਂ।
-
ਵੱਡੇ ਪੈਮਾਨੇ ‘ਤੇ ਨਿਜੀ ਪੂੰਜੀ ਨੂੰ ਜੁਟਾਉਣਾ ਸੰਭਵ ਕਰਨ ਲਈ ਇੱਕ ਬਿਹਤਰ ‘ਇੱਕ ਵਿਸ਼ਵ ਬੈਂਕ ਸਮੂਹ’ ਦ੍ਰਿਸ਼ਟੀਕੋਣ ਦੀ ਜ਼ਰੂਰਤ ਹੋਵੇਗੀ। ਇਸ ਦੇ ਨਾਲ ਹੀ ਗਲੋਬਲ ਇਕੌਨਮੀ ਆਉਟਲੁਕ ਨੂੰ ਦੇਖਦੇ ਹੋਏ ਸਾਨੂੰ ਨਿੱਜੀ ਪੂੰਜੀ ਜੁਟਾਉਣ ਦੀ ਸਮਰੱਥਾ ਦੇ ਮੁਲਾਂਕਣ ਵਿੱਚ ਯਥਾਰਥਵਾਦੀ ਹੋਣਾ ਚਾਹੀਦਾ ਹੈ।
-
ਪ੍ਰਸਤਾਵਿਤ ਪਾਇਲਟ ਗਲੋਬਲ ਚੈਲੇਂਜ ਪ੍ਰੋਗਰਾਮ (ਜੀਸੀਪੀ) ਦੀ ਜ਼ਰੂਰਤ ਦਰਅਸਲ ਵੱਖ-ਵੱਖ ਦੇਸ਼ਾਂ ਵੱਲੋਂ ਵਿਆਪਕ ਮੰਗ ਅਤੇ ਮਾਲਕੀ, ਨਵੇਂ ਅਤੇ ਵਾਧੂ ਵਿੱਤ ਤੱਕ ਪਹੁੰਚ ਦੇ ਨਾਲ-ਨਾਲ ਘੱਟ ਆਮਦਨ ਵਾਲੇ ਦੇਸ਼ਾਂ (ਐੱਲਆਈਸੀ) ਅਤੇ ਮੱਧ-ਆਮਦਨ ਵਾਲੇ ਦੇਸ਼ਾਂ (ਐੱਮਆਈਸੀ) ਦੋਵਾਂ ਲਈ ਰਿਆਇਤੀ ਵਿੱਤ ਦੀ ਵਿਵਸਥਾ ਕਰਨ ‘ਤੇ ਨਿਰਭਰ ਕਰੇਗੀ।
-
ਅਸੀਂ ਇਸ ਸਿੱਟੇ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਕਿ ਵਿਸ਼ਵ ਬੈਂਕ ਲਈ ਨਵੇਂ, ਵਾਧੂ ਸੰਸਾਧਨ ਜੁਟਾ ਕੇ , ਵਿਸ਼ੇਸ਼ ਤੌਰ ‘ਤੇ ਗ਼ਰੀਬ ਦੇਸ਼ਾਂ ਦੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਆਈਡੀਏ ਲਈ ਮੁੜ-ਪੂਰਤੀ ਨੂੰ ਵੱਧ ਤੋਂ ਵੱਧ ਕਰਕੇ ਅਤੇ ਆਈਬੀਆਰਡੀ ਲਈ ਆਮ ਪੂੰਜੀ ਵਿੱਚ ਵਾਧਾ ਕਰਕੇ ਗ੍ਰਾਹਕਾਂ ਲਈ ਬਹੁਤ ਕੁਝ ਕੀਤਾ ਜਾ ਸਕਦਾ ਹੈ।
ਕੇਂਦਰੀ ਵਿੱਤ ਮੰਤਰੀ ਨੇ ਇਹ ਦੁਹਰਾਉਂਦੇ ਹੋਏ ਆਪਣੇ ਸੰਬੋਧਨ ਦੀ ਸਮਾਪਤੀ ਕੀਤੀ ਕਿ ਅੱਜ ਦੇ ਚੁਣੌਤੀਪੂਰਨ ਦੌਰ ਵਿੱਚ ਵਸੁਧੈਵ ਕੁਟੁੰਬਕਮ ਜਾਂ ‘ਇੱਕ ਪ੍ਰਿਥਵੀ, ਇੱਕ ਪਰਿਵਾਰ, ਇੱਕ ਭਵਿੱਖ’ (“One Earth, One Family, One Future”) ਦੀ ਸੱਚੀ ਭਾਵਨਾ ਦੇ ਨਾਲ ‘2030 ਟਿਕਾਊ ਵਿਕਾਸ ਟੀਚਿਆਂ (ਐੱਸਡੀਜੀ)’ ਦੀ ਪ੍ਰਾਪਤੀ ਦੀ ਦਿਸ਼ਾ ਵਿੱਚ ਤੇਜ਼ ਪ੍ਰਗਤੀ ਸੁਨਿਸ਼ਚਿਤ ਕਰਨ ਲਈ ਪਰਿਵਰਤਨਸ਼ੀਲ ਦ੍ਰਿਸ਼ਟੀਕੋਣ ਅਪਣਾਉਣ ਦੀ ਜ਼ਰੂਰਤ ਹੈ।
ਪੂਰੇ ਬਿਆਨ ਲਈ ਇਸ ਨੂੰ ਕਲਿੱਕ ਕਰੋ: https://www.devcommittee.org/content/dam/sites/devcommittee/doc/statements/2023/DCS2023-0065%20India.pdf
****
ਐੱਨਬੀ/ਵੀਐੱਮ/ਕੇਐੱਮਐੱਨ
(Release ID: 1967520)
Visitor Counter : 71