ਰੱਖਿਆ ਮੰਤਰਾਲਾ

ਰਕਸ਼ਾ ਮੰਤਰੀ ਰਾਜਨਾਥ ਸਿੰਘ ਅਤੇ ਫਰਾਂਸੀਸੀ ਹਥਿਆਰਬੰਦ ਸੈਨਾਵਾਂ ਦੇ ਮੰਤਰੀ ਨੇ ਪੈਰਿਸ ਵਿੱਚ ਪੰਜਵੀਂ ਸਾਲਾਨਾ ਰੱਖਿਆ ਵਾਰਤਾ ਕੀਤੀ; ਗੱਲਬਾਤ ਦੌਰਾਨ ਰੱਖਿਆ ਦੇ ਖੇਤਰ 'ਚ ਉਦਯੋਗਿਕ ਸਹਿਯੋਗ ਵਧਾਉਣ 'ਤੇ ਜ਼ੋਰ ਦਿੱਤਾ ਗਿਆ


ਪੁਲਾੜ, ਸਾਈਬਰ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਵਰਗੇ ਖਾਸ ਖੇਤਰਾਂ ਵਿੱਚ ਸੰਭਾਵੀ ਸਹਿਯੋਗ ਬਾਰੇ ਵੀ ਚਰਚਾ ਕੀਤੀ ਗਈ

ਸ਼੍ਰੀ ਰਾਜਨਾਥ ਸਿੰਘ ਦੀ ਦੋ ਯੂਰਪੀ ਦੇਸ਼ਾਂ ਦੀ ਯਾਤਰਾ ਸਮਾਪਤ

Posted On: 12 OCT 2023 11:27AM by PIB Chandigarh

ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਆਪਣੇ ਦੋ ਯੂਰਪੀ ਦੇਸ਼ਾਂ ਦੇ ਦੌਰੇ ਦੀ ਸਮਾਪਤੀ ਤੋਂ ਪਹਿਲਾਂ 11 ਅਕਤੂਬਰ, 2023 ਦੀ ਦੇਰ ਰਾਤ ਨੂੰ ਪੈਰਿਸ ਵਿੱਚ ਫਰਾਂਸੀਸੀ ਹਥਿਆਰਬੰਦ ਸੈਨਾਵਾਂ ਦੇ ਮੰਤਰੀ, ਸ਼੍ਰੀ ਸੇਬੇਸਟੀਅਨ ਲੇਕੋਰਨੂ ਨਾਲ ਪੰਜਵੀਂ ਸਾਲਾਨਾ ਰੱਖਿਆ ਵਾਰਤਾ ਕੀਤੀ। ਦੋਵਾਂ ਮੰਤਰੀਆਂ ਨੇ ਰੱਖਿਆ ਖੇਤਰ ਵਿੱਚ ਉਦਯੋਗਿਕ ਸਹਿਯੋਗ ਵਧਾਉਣ 'ਤੇ ਜ਼ੋਰ ਦਿੰਦੇ ਹੋਏ ਖੇਤਰੀ ਸਥਿਤੀ ਦੇ ਮੁਲਾਂਕਣ ਤੋਂ ਲੈ ਕੇ ਦੋਵਾਂ ਦੇਸ਼ਾਂ ਵਿਚਾਲੇ ਚੱਲ ਰਹੇ ਫੌਜੀ ਅਭਿਆਸਾਂ ਤੱਕ ਕਈ ਵਿਸ਼ਿਆਂ 'ਤੇ ਚਰਚਾ ਕੀਤੀ।

ਮੰਤਰੀਆਂ ਨੇ ਮੌਜੂਦਾ ਰੱਖਿਆ ਪ੍ਰੋਜੈਕਟਾਂ ਦੀ ਸਮੀਖਿਆ ਕੀਤੀ ਅਤੇ ਦੋਵਾਂ ਦੇਸ਼ਾਂ ਦੇ ਰੱਖਿਆ ਉਦਯੋਗਾਂ ਵਿਚਕਾਰ ਸਹਿਯੋਗ ਨੂੰ ਹੋਰ ਮਜ਼ਬੂਤ ​​ਕਰਨ ਦੇ ਢੰਗ-ਤਰੀਕਿਆਂ 'ਤੇ ਚਰਚਾ ਕੀਤੀ। ਉਨ੍ਹਾਂ ਨੇ ਪੁਲਾੜ, ਸਾਈਬਰ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਵਰਗੇ ਖਾਸ ਖੇਤਰਾਂ ਵਿੱਚ ਸੰਭਾਵੀ ਸਹਿਯੋਗ ਬਾਰੇ ਵੀ ਚਰਚਾ ਕੀਤੀ। ਇਸ ਮੀਟਿੰਗ ਤੋਂ ਪਹਿਲਾਂ ਫਰਾਂਸ ਦੇ ਰੱਖਿਆ ਮੰਤਰਾਲੇ ਵਿੱਚ ਗਾਰਡ ਆਫ਼ ਆਨਰ ਦਿੱਤਾ ਗਿਆ।

ਇਸ ਤੋਂ ਪਹਿਲਾਂ ਦਿਨ ਵਿੱਚ ਸ਼੍ਰੀ ਰਾਜਨਾਥ ਸਿੰਘ ਨੇ ਪੈਰਿਸ ਦੇ ਨੇੜੇ ਗੇਨੇਵਿਲੀਅਰਸ ਵਿੱਚ ਸਫਰਾਨ ਇੰਜਨ ਡਿਵੀਜ਼ਨ ਦੇ ਖੋਜ ਅਤੇ ਵਿਕਾਸ ਕੇਂਦਰ ਦਾ ਦੌਰਾ ਕੀਤਾ ਅਤੇ ਏਅਰੋ-ਇੰਜਣ ਤਕਨਾਲੋਜੀ ਵਿੱਚ ਨਵੀਨਤਮ ਵਿਕਾਸ ਬਾਰੇ ਜਾਣਿਆ। ਉਨ੍ਹਾਂ ਭਾਰਤ ਨਾਲ ਸਹਿਯੋਗ ਯੋਜਨਾਵਾਂ 'ਤੇ ਧਿਆਨ ਕੇਂਦਰਿਤ ਕਰਦੇ ਹੋਏ ਚੋਟੀ ਦੀਆਂ ਫਰਾਂਸੀਸੀ ਰੱਖਿਆ ਕੰਪਨੀਆਂ ਦੇ ਸੀਈਓਜ਼ ਨਾਲ ਵੀ ਮੁਲਾਕਾਤ ਕੀਤੀ। ਸ਼੍ਰੀ ਰਾਜਨਾਥ ਸਿੰਘ ਨੇ ਦੂਜੇ ਦੇਸ਼ਾਂ ਨੂੰ ਨਿਰਯਾਤ ਸੰਭਾਵਨਾਵਾਂ ਸਮੇਤ ਭਾਰਤ ਵਿੱਚ ਸਹਿ-ਵਿਕਾਸ ਅਤੇ ਸਹਿ-ਉਤਪਾਦਨ ਦੇ ਲਾਭਾਂ 'ਤੇ ਵੀ ਚਾਨਣਾ ਪਾਇਆ। ਉਨ੍ਹਾਂ ਭਾਰਤੀ ਬਾਜ਼ਾਰ ਦੇ ਵਿਸ਼ਾਲ, ਕੁਸ਼ਲ ਮਨੁੱਖੀ ਸਰੋਤ ਅਧਾਰ, ਵਿਸ਼ਵ ਪੱਧਰੀ ਬੁਨਿਆਦੀ ਢਾਂਚਾ ਅਤੇ ਇੱਕ ਮਜ਼ਬੂਤ ​​ਕਾਨੂੰਨੀ ਪ੍ਰਣਾਲੀ ਜਿਹੇ ਅੰਦਰੂਨੀ ਫਾਇਦਿਆਂ ਨੂੰ ਰੇਖਾਂਕਿਤ ਕੀਤਾ। ਰਕਸ਼ਾ ਮੰਤਰੀ ਨੇ 10 ਅਕਤੂਬਰ 2023 ਨੂੰ ਪੈਰਿਸ ਪਹੁੰਚਣ ਤੋਂ ਬਾਅਦ, ਉੱਥੇ ਭਾਰਤੀ ਭਾਈਚਾਰੇ ਦੇ ਲੋਕਾਂ ਨਾਲ ਗੱਲਬਾਤ ਕੀਤੀ।

ਆਪਣੇ ਦੋ ਦੇਸ਼ਾਂ ਦੇ ਯੂਰਪੀ ਦੌਰੇ ਦੇ ਪਹਿਲੇ ਪੜਾਅ ਵਿੱਚ, ਸ਼੍ਰੀ ਰਾਜਨਾਥ ਸਿੰਘ ਨੇ ਰੋਮ ਵਿੱਚ ਇਟਲੀ ਦੇ ਰੱਖਿਆ ਮੰਤਰੀ ਸ਼੍ਰੀ ਗੁਇਡੋ ਕਰੋਸੇਟੋ ਨਾਲ ਗੱਲਬਾਤ ਕੀਤੀ। ਵੱਖ-ਵੱਖ ਰੱਖਿਆ ਖੇਤਰਾਂ ਜਿਵੇਂ ਕਿ ਸੁਰੱਖਿਆ ਅਤੇ ਰੱਖਿਆ ਨੀਤੀ, ਖੋਜ ਅਤੇ ਵਿਕਾਸ, ਫੌਜੀ ਸਿੱਖਿਆ, ਸਮੁੰਦਰੀ ਖੇਤਰ ਜਾਗਰੂਕਤਾ, ਰੱਖਿਆ ਸੂਚਨਾਵਾਂ ਦੀ ਵੰਡ ਅਤੇ ਉਦਯੋਗਿਕ ਸਹਿਯੋਗ, ਸਾਂਝੇ ਉੱਦਮਾਂ ਦੀ ਸਥਾਪਨਾ, ਸਹਿ-ਵਿਕਾਸ, ਸਹਿ-ਉਤਪਾਦਨ ਆਦਿ ਵਿੱਚ ਦੁਵੱਲੇ ਸਹਿਯੋਗ ਬਾਰੇ ਗੱਲਬਾਤ ਤੋਂ ਬਾਅਦ, ਰੱਖਿਆ ਖੇਤਰ ਵਿੱਚ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਸਮਝੌਤੇ 'ਤੇ ਹਸਤਾਖ਼ਰ ਕੀਤੇ ਗਏ। ਆਪਣੀ ਯਾਤਰਾ ਦੌਰਾਨ ਉਨ੍ਹਾਂ ਨੇ ਰੋਮ ਵਿੱਚ ਇਤਾਲਵੀ ਰੱਖਿਆ ਕੰਪਨੀਆਂ ਦੇ ਸੀਈਓ ਅਤੇ ਹੋਰ ਪ੍ਰਮੁੱਖ ਉਦਯੋਗਪਤੀਆਂ ਨਾਲ ਵੀ ਮੁਲਾਕਾਤ ਕੀਤੀ।

****

ਏਬੀਬੀ/ਸੈਵੀ 



(Release ID: 1967108) Visitor Counter : 70