ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਭਾਰਤੀ ਰਾਸ਼ਟਰੀ ਰਾਜ ਮਾਰਗ ਅਥਾਰਿਟੀ ਨੇ ਟੋਲ ਪਲਾਜ਼ਾ ‘ਤੇ ਕਹਾ-ਸੁਣੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਕਦਮ ਉਠਾਏ
ਅਥਾਰਿਟੀ ਟੋਲ ਸੰਚਾਲਨ ਲਈ ਸਟੈਂਡਰਡ ਓਪਰੇਟਿੰਗ ਪ੍ਰਕਿਰਿਆ ਜਾਰੀ ਕਰਦਾ ਹੈ ਅਤੇ ਟ੍ਰੇਨਿੰਗ ਪ੍ਰੋਗਰਾਮ ਆਯੋਜਿਤ ਕਰਦਾ ਹੈ
Posted On:
09 OCT 2023 4:30PM by PIB Chandigarh
ਰਾਸ਼ਟਰੀ ਰਾਜਮਾਰਗ ਟੋਲ ਪਲਾਜ਼ਾ ‘ਤੇ ਕਹਾ-ਸੁਣੀ ਅਤੇ ਮਾਰ-ਕੁਟਾਈ ਦੀਆਂ ਘਟਨਾਵਾਂ ‘ਤੇ ਲਗਾਮ ਲਗਾਉਣ ਅਤੇ ਸੁਰੱਖਿਆ ਮਜ਼ਬੂਤ ਕਰਨ ਲਈ, ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਿਟੀ (ਐੱਨਐੱਚਏਆਈ) ਨੇ ਯਾਤਰੀਆਂ ਅਤੇ ਟੋਲ ਓਪਰੇਟਰਾਂ, ਦੋਵਾਂ ਦੇ ਹਿੱਤਾਂ ਦੀ ਰੱਖਿਆ ਲਈ ਸਟੈਂਡਰਡ ਓਪਰੇਟਿੰਗ ਪ੍ਰਕਿਰਿਆ (ਐੱਸਓਪੀ) ਜਾਰੀ ਕੀਤੀ ਹੈ। ਵਿਸਤ੍ਰਿਤ ਸਟੈਂਡਰਡ ਓਪਰੇਟਿੰਗ ਪ੍ਰਕਿਰਿਆ (ਐੱਸਓਪੀ) ਵਿੱਚ ਅਥਾਰਿਟੀ ਦੇ ਖੇਤਰੀ ਦਫ਼ਤਰਾਂ ਲਈ ਦਿਸ਼ਾ-ਨਿਰਦੇਸ਼ ਸ਼ਾਮਲ ਹਨ, ਤਾਕਿ ਟੋਲ ਸੰਗ੍ਰਹਿ ਏਜੰਸੀਆਂ ਆਪਣੇ ਸਟਾਫ ਦੇ ਵਿਵਹਾਰ ਅਤੇ ਸੜਕਾਂ ਦਾ ਇਸਤੇਮਾਲ ਕਰਨ ਵਾਲਿਆਂ ਦੇ ਸਬੰਧ ਵਿੱਚ ਉਨ੍ਹਾਂ ਦਿਸ਼ਾ-ਨਿਰਦੇਸ਼ਾਂ ਨੂੰ ਸਖ਼ਤੀ ਨਾਲ ਲਾਗੂ ਕਰ ਸਕਣ।
ਇਸ ਤੋਂ ਇਲਾਵਾ, ਟੋਲ ਪਲਾਜ਼ਾ ‘ਤੇ ਐੱਨਐੱਚਏਆਈ ਨੇ ‘ਟੋਲ ‘ਤੇ ਸ਼ਾਂਤੀ’ ਨਾਮਕ ਇੱਕ ਵਿਸ਼ੇਸ਼ ਅਭਿਯਾਨ ਸ਼ੁਰੂ ਕੀਤਾ ਹੈ। ਇਸ ਪਹਿਲ ਦੇ ਤਹਿਤ, ਐੱਨਐੱਚਏਆਈ ਨੇ ਟੋਲ ਪਲਾਜ਼ਾ ਕਰਮਚਾਰੀਆਂ ਦੇ ਗੁੱਸੇ ਦੇ ਪ੍ਰਬੰਧਨ ਅਤੇ ਗ੍ਰਾਹਕਾਂ ਦੀ ਸੰਤੁਸ਼ਟੀ ਦੇ ਬਾਰੇ ਵਿੱਚ ਟ੍ਰੇਨਿੰਗ ਲਈ ਪੇਸ਼ੇਵਰ ਮਨੋਵਿਗਿਆਨੀਆਂ ਦੇ ਨਾਲ ਸਹਿਯੋਗ ਕੀਤਾ ਹੈ। ਪਹਿਲਾ ਟ੍ਰੇਨਿੰਗ ਸੈਸ਼ਨ ਹਰਿਆਣਾ ਦੇ ਮੁਰਥਲ ਟੋਲ ਪਲਾਜ਼ਾ ‘ਤੇ ਆਯੋਜਿਤ ਕੀਤਾ ਗਿਆ ਸੀ। ਇਸ ਤੋਂ ਇਲਾਵਾ ਟ੍ਰੇਨਿੰਗਾਂ ਦੇਸ਼ ਭਰ ਦੇ ਹੋਰ ਟੋਲ ਪਲਾਜ਼ਾ ‘ਤੇ ਵੀ ਆਯੋਜਿਤ ਕੀਤੀਆਂ ਜਾਣਗੀਆਂ।
ਐੱਸਓਪੀ ਦੇ ਅਨੁਸਾਰ, ਐੱਨਐੱਚਏਆਈ ਦੇ ਖੇਤਰੀ ਦਫ਼ਤਰ ਇਹ ਸੁਨਿਸ਼ਚਿਤ ਕਰਨਗੇ ਕਿ ਟੋਲ ਇਕੱਠਾ ਕਰਨ ਵਾਲੀਆਂ ਏਜੰਸੀਆਂ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਆਪਣਾ ਕੰਮ ਕਰਨ। ਟੋਲ ਇਕੱਠਾ ਕਰਨ ਵਾਲੀ ਏਜੰਸੀ ਇਹ ਸੁਨਿਸ਼ਚਿਤ ਕਰੇਗੀ ਕਿ ਟੋਲ ਪਲਾਜ਼ਾ ‘ਤੇ ਕਰਮਚਾਰੀ ਆਪਣੇ ਨਾਮ ਦੇ ਬੈਜ਼ ਨਾਲ ਨਿਰਧਾਰਿਤ ਐੱਨਐੱਚਏਆਈ ਵਰਦੀ ਪਾਉਣ। ਹਿੰਸਾ ਦੀ ਕਿਸੇ ਵੀ ਅਨੁਮਾਨਿਤ ਘਟਨਾ ਨੂੰ ਸਿਰਫ਼ ਟੋਲ ਪਲਾਜ਼ਾ ਪ੍ਰਬੰਧਨ/ਲੇਨ ਸੁਪਰਵਾਈਜ਼ਰਾਂ ਦੁਆਰਾ ਨਿਯੰਤਰਿਤ ਕੀਤਾ ਜਾਣਾ ਚਾਹੀਦਾ ਹੈ, ਜੋ ਟੋਲ ਪਲਾਜ਼ਾ ‘ਤੇ ਹਿੰਸਾ ਦੀਆਂ ਘਟਨਾਵਾਂ ਨੂੰ ਰਿਕਾਰਡ ਕਰਨ ਲਈ ਬਾਡੀ ਕੈਮਰੇ ਦੇ ਨਾਲ ਲੈਸ ਹੋਣਗੇ।
ਸੜਕ ਉਪਯੋਗਕਰਤਾ ਦੁਆਰਾ ਅਨਿਯਤੰਰਿਤ ਵਿਵਹਾਰ ਦੇ ਮਾਮਲੇ ਵਿੱਚ, ਲੇਨ ਸੁਪਰਵਾਈਜ਼ਰ ਦਖ਼ਲਅੰਦਾਜੀ ਕਰੇਗਾ ਅਤੇ ਮੁੱਦੇ ਨੂੰ ਸ਼ਾਂਤੀਪੂਰਵਕ ਹੱਲ ਕਰਨ ਦਾ ਪ੍ਰਯਾਸ ਕਰੇਗਾ। ਕਿਸੇ ਵੀ ਸਥਿਤੀ ਵਿੱਚ, ਟੋਲ ਪਲਾਜ਼ਾ ਕਰਮਚਾਰੀ ਭੜਕਾਉ ਭਾਸ਼ਾ ਦਾ ਪ੍ਰਯੋਗ ਨਹੀਂ ਕਰਨਗੇ ਜਾਂ ਹਿੰਸਾ ਦਾ ਸਹਾਰਾ ਨਹੀਂ ਲੈਣਗੇ। ਜੇਕਰ ਸਮੱਸਿਆ ਬਣੀ ਰਹਿੰਦੀ ਹੈ ਜਾਂ ਵਧਦੀ ਹੈ ਤਾਂ ਟੋਲ ਪਲਾਜ਼ਾ ਅਧਿਕਾਰੀ ਸਥਾਨਕ ਪੁਲਿਸ ਦੀ ਮਦਦ ਲੈ ਸਕਦੇ ਹਨ ਅਤੇ ਐੱਫਆਈਆਰ ਦਰਜ਼ ਕਰ ਸਕਦੇ ਹਨ। ਅਜਿਹੀਆਂ ਘਟਨਾਵਾਂ ਦੀ ਪੁਲਿਸ ਨੂੰ ਰਿਪੋਰਟ ਕਰਨ ਲਈ ਸਬੂਤ ਦੇ ਤੌਰ ‘ਤੇ ਕਰਮਚਾਰੀ ਵੀਡੀਓਗ੍ਰਾਫੀ ਕਰਵਾ ਸਕਦੇ ਹਨ।
ਕੋਈ ਵੀ ਘਟਨਾ ਜਿਸ ਵਿੱਚ ਸੜਕ ਉਪਯੋਗਕਰਤਾ ਦੁਆਰਾ ਸਰੀਰਕ ਹਿੰਸਾ ਜਾਂ ਟੋਲ ਪਲਾਜ਼ਾ ‘ਤੇ ਜਨਤਕ ਸੰਪੱਤੀ ਨੂੰ ਨੁਕਸਾਨ ਸ਼ਾਮਲ ਹੈ, ਟੋਲ ਸੰਗ੍ਰਿਹਣ ਏਜੰਸੀ ਦੁਆਰਾ ਤੁਰੰਤ ਸਾਰੇ ਜ਼ਰੂਰੀ ਦਸਤਾਵੇਜ਼ਾਂ/ਸਬੂਤਾਂ ਦੇ ਨਾਲ ਪੁਲਿਸ ਅਤੇ ਸਬੰਧਿਤ ਐੱਨਐੱਚਏਆਈ ਪ੍ਰੋਜੈਕਟ ਲਾਗੂਕਰਨ ਯੂਨਿਟ ਨੂੰ ਸੂਚਿਤ ਕੀਤਾ ਜਾਣਾ ਚਾਹੀਦਾ ਹੈ।
ਐੱਨਐੱਚਏਆਈ ਦੇ ਖੇਤਰੀ ਦਫ਼ਤਰ ਇਹ ਸੁਨਿਸ਼ਚਿਤ ਕਰਨਗੇ ਕਿ ਟੋਲ ਇਕੱਠਾ ਕਰਨ ਵਾਲੀਆਂ ਏਜੰਸੀਆਂ ਦੇ ਕੋਲ ਟੋਲ ਪਲਾਜ਼ਾ ‘ਤੇ ਤੈਨਾਤ ਹਰੇਕ ਕਰਮਚਾਰੀ ਦੀ ਪੁਲਿਸ ਤਸਦੀਕ ਹੋਵੇ। ਇਸ ਤੋਂ ਇਲਾਵਾ, ਟੋਲ ਇਕੱਠਾ ਕਰਨ ਵਾਲੀ ਏਜੰਸੀ ਨੂੰ ਟੋਲ ਪਲਾਜ਼ਾ ਕਰਮਚਾਰੀਆਂ ਨੂੰ ਸੜਕ ਉਪਯੋਗਕਰਤਾਵਾਂ ਦੇ ਨਾਲ ਨਿਮਰ ਰਹਿਣ ਦਾ ਨਿਰਦੇਸ਼ ਦੇਣਾ ਜ਼ਰੂਰੀ ਹੋਵੇਗਾ।
ਟੋਲ ਸੰਗ੍ਰਹਿ ਏਜੰਸੀ ਨੂੰ ਸਬੰਧਿਤ ਐੱਨਐੱਚਏਆਈ ਪ੍ਰੋਜੈਕਟ ਲਾਗੂਕਰਨ ਯੂਨਿਟ ਨੂੰ ਘਟਨਾਵਾਂ/ਐੱਫਆਈਆਰ ਦਾ ਮਹੀਨਾਵਾਰ ਵੇਰਵਾ ਵੀ ਦੇਣਾ ਹੋਵੇਗਾ, ਤਾਕਿ ਅਧਿਕਾਰੀਆਂ ਦੁਆਰਾ ਅਕਿਰਿਆਸ਼ੀਲਤਾ ਦਿਖਾਉਣ ‘ਤੇ ਐੱਨਐੱਚਏਆਈ ਦੇ ਖੇਤਰੀ ਅਧਿਕਾਰੀਆਂ, ਜ਼ਿਲ੍ਹਾ ਕਲੈਕਟਰ ਨੂੰ ਇਸ ਦੀ ਰਿਪੋਰਟ ਕਰ ਸਕਣ ਅਤੇ ਕਾਰਵਾਈ ਦੀ ਬੇਨਤੀ ਕਰ ਸਕਣ। ਸੰਯੁਕਤ ਰਿਪੋਰਟਾਂ ‘ਤੇ ਐੱਨਐੱਚਏਆਈ ਖੇਤਰੀ ਦਫ਼ਤਰ ਦੁਆਰਾ ਰਾਜ ਪੱਧਰੀ ਮੀਟਿੰਗਾਂ ਵਿੱਚ ਵਿਚਾਰ ਕੀਤਾ ਜਾ ਸਕਦਾ ਹੈ।
ਟੋਲ ਪਲਾਜ਼ਾ ‘ਤੇ ਸੜਕ ਉਪਯੋਗਕਰਤਾਵਾਂ ਅਤੇ ਟੋਲ ਪਲਾਜ਼ਾ ਕਰਮਚਾਰੀਆਂ ਦੇ ਦਰਮਿਆਨ ਟੋਲ ਮੁੱਦਿਆਂ ‘ਤੇ ਵਿਵਾਦ ਦੇਖਣ ਨੂੰ ਮਿਲਦਾ ਹੈ। ਕੁਝ ਮਾਮਲਿਆਂ ਵਿੱਚ ਗਰਮ ਬਹਿਸਾਂ ਸਰੀਰਕ ਹਿੰਸਾ ਵਿੱਚ ਬਦਲ ਜਾਂਦੀਆਂ ਹਨ। ਸਟੈਂਡਰਡ ਉਪਰੇਟਿੰਗ ਪ੍ਰਕਿਰਿਆ ਜਾਰੀ ਹੋਣ ਨਾਲ ਅਜਿਹੇ ਮਾਮਲਿਆਂ ਨੂੰ ਘੱਟ ਕਰਨ ਵਿੱਚ ਮਦਦ ਮਿਲੇਗੀ ਅਤੇ ਰਾਜਮਾਰਗ ਉਪਯੋਗਕਰਤਾਵਾਂ ਅਤੇ ਟੋਲ ਪਲਾਜ਼ਾ ਅਧਿਕਾਰੀਆਂ, ਦੋਵਾਂ ਨੂੰ ਦਿਨ-ਪ੍ਰਤੀਦਿਨ ਦੇ ਸੰਚਾਲਨ ਦੇ ਸੁਚਾਰੂ ਸੰਚਾਲਨ ਵਿੱਚ ਮਦਦ ਮਿਲੇਗੀ।
**********
ਐੱਮਜੇਪੀਐੱਸ
(Release ID: 1966303)
Visitor Counter : 94