ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ

ਵਿਸ਼ਵ ਡਿਸਲੈਕਸੀਆ ਦਿਵਸ 8 ਅਕਤੂਬਰ ਨੂੰ ਮਨਾਇਆ ਜਾਵੇਗਾ

Posted On: 06 OCT 2023 12:19PM by PIB Chandigarh

ਵਿਸ਼ਵ ਡਿਸਲੈਕਸੀਆ ਦਿਵਸ ਹਰ ਸਾਲ 8 ਅਕਤੂਬਰ ਨੂੰ ਮਨਾਇਆ ਜਾਂਦਾ ਹੈ। ਡਿਸਲੈਕਸੀਆ ਇੱਕ ਸਧਾਰਣ ਸਿੱਖਣ ਸਬੰਧੀ ਵਿਕਾਰ ਹੈ, ਜੋ ਕਿਸੇ ਵਿਅਕਤੀ ਦੀ ਸਹੀ ਢੰਗ ਨਾਲ ਪੜ੍ਹਨ ਅਤੇ ਲਿਖਣ ਦੀ ਸਮਰੱਥਾ ਨੂੰ ਪ੍ਰਭਾਵਿਤ ਕਰਦਾ ਹੈ। ਡਿਸਲੈਕਸੀਆ ਨਾਲ ਪੀੜਤ ਵਿਅਕਤੀ ਲਈ ਧਾਰਾ ਪ੍ਰਵਾਹ ਰੂਪ ਵਿੱਚ ਪੜ੍ਹਨਾ ਅਤੇ ਲਿਖਣਾ ਇੱਕ ਚੁਣੌਤੀਪੂਰਨ ਖੇਤਰ ਹੈ। ਡਿਸਲੈਕਸੀਆ ਨਾਲ ਪੀੜਤ ਵਿਅਕਤੀ ਬਿਨਾ ਗਲਤੀ ਕੀਤੇ ਤੇਜ਼ੀ ਨਾਲ ਪੜ੍ਹਨ ਅਤੇ ਲਿਖਣ ਵਿੱਚ ਅਸਮਰੱਥ ਹੁੰਦੇ ਹਨ। ਡਿਸਲੈਕਸੀਆ ਨਾਲ ਪੀੜਤ ਵਿਅਕਤੀਆਂ ਨੂੰ ਪੜ੍ਹਨ, ਲਿਖਣ, ਸ਼ਬਦਾਵਲੀ, ਅਤੇ ਉਨ੍ਹਾਂ ਕੰਮਾਂ ਨੂੰ ਕਰਨ ਵਿੱਚ ਮੁਸ਼ਕਲ ਹੋ ਸਕਦੀ ਹੈ ਜਿਨ੍ਹਾਂ  ਵਿੱਚ  ਹੱਥ ਅਤੇ ਅੱਖਾਂ ਦੇ ਤਾਲਮੇਲ ਦੀ ਜ਼ਰੂਰਤ ਹੁੰਦੀ ਹੈ। ਵਿਸ਼ਵ ਡਿਸਲੈਕਸੀਆ ਦਿਵਸ ਇਨ੍ਹਾਂ ਮੁੱਦਿਆਂ ਬਾਰੇ ਜਾਗਰੂਕਤਾ ਵਧਾਉਂਦਾ ਹੈ ਕਿ ਇਸ ਤਰ੍ਹਾਂ ਦੇ ਵਿਕਾਰ ਦੇ ਪ੍ਰਬੰਧਨ ਲਈ ਕੀ ਕੀਤਾ ਜਾ ਸਕਦਾ ਹੈ। ਇਸ ਦਿਨ ਨੂੰ ਮਨਾਉਣ ਦਾ ਉਦੇਸ਼ ਸ਼ਮੂਲੀਅਤ ਨੂੰ  ਉਤਸ਼ਾਹਿਤ ਕਰਨਾ, ਸਿੱਖਿਆ ਤੱਕ ਪਹੁੰਚ ਅਤੇ ਡਿਸਲੈਕਸੀਆ ਨਾਲ ਪੀੜਤ ਵਿਅਕਤੀਆਂ ਨੂੰ ਉਨ੍ਹਾਂ ਦੇ ਸਿੱਖਣ ਦੇ ਯਤਨਾਂ ਵਿੱਚ ਸਹਾਇਤਾ ਪ੍ਰਦਾਨ ਕਰਨ ਵਿੱਚ ਪ੍ਰਭਾਵਸ਼ਾਲੀ ਰਣਨੀਤੀਆਂ ਨੂੰ ਲਾਗੂ ਕਰਨਾ ਹੈ।

 

ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲੇ ਦੇ ਤਹਿਤ ਦਿਵਿਯਾਂਗ ਵਿਅਕਤੀਆਂ ਦਾ ਸਸ਼ਕਤੀਕਰਣ ਵਿਭਾਗ  ਦੇਸ਼ ਵਿੱਚ ਦਿਵਿਯਾਂਗ ਵਿਅਕਤੀਆਂ ਦੇ ਸਾਰੇ ਵਿਕਾਸਾਤਮਕ ਏਜੰਡਾ ਦੀ ਦੇਖਭਾਲ਼ ਕਰਨ ਵਾਲਾ ਨੋਡਲ ਵਿਭਾਗ ਹੈ। ਜਨਤਾ ਦੇ ਦਰਮਿਆਨ ਡਿਸਲੈਕਸੀਆ ਬਾਰੇ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ, ਇਹ ਵਿਭਾਗ ਦੇਸ਼ ਭਰ ਵਿੱਚ ਵੱਖ-ਵੱਖ ਪ੍ਰੋਗਰਾਮ ਆਯੋਜਿਤ ਕਰਕੇ ਆਪਣੇ ਨਾਲ ਜੁੜੀਆਂ ਸੰਸਥਾਵਾਂ ਦੇ ਮਾਧਿਅਮ ਨਾਲ 8 ਅਕਤੂਬਰ 2023 ਨੂੰ ਵਿਸ਼ਵ ਡਿਸਲੈਕਸੀਆ ਦਿਵਸ ਮਨਾ ਰਿਹਾ ਹੈ। 

 

***​​​​​​​***​​​​​​​***​​​​​​​***

ਐੱਮਜੀ/ਪੀਡੀ/ਐੱਸਡੀ

 



(Release ID: 1965709) Visitor Counter : 73