ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਨੇ ਅਧਿਆਪਕਾਂ ਨੂੰ ਰਾਸ਼ਟਰੀ ਪੁਰਸਕਾਰ ਪ੍ਰਦਾਨ ਕੀਤੇ


ਅਧਿਆਪਕਾਂ ਦੇ ਨਾਲ-ਨਾਲ ਮਾਪਿਆਂ ਦਾ ਭੀ ਇਹ ਕਰਤੱਵ ਹੈ ਕਿ ਉਹ ਹਰੇਕ ਬੱਚੇ ਦੀਆਂ ਅਨੂਠੀਆਂ ਸਮਰੱਥਾਵਾਂ ਨੂੰ ਪਹਿਚਾਣਨ ਅਤੇ ਉਨ੍ਹਾਂ ਸਮਰੱਥਾਵਾਂ ਨੂੰ ਵਿਕਸਿਤ ਕਰਨ ਵਿੱਚ ਬੱਚੇ ਦੀ ਮਦਦ ਕਰਨ: ਰਾਸ਼ਟਰਪਤੀ ਮੁਰਮੂ

Posted On: 05 SEP 2023 8:02PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (5 ਸਤੰਬਰ, 2023) ਅਧਿਆਪਕ ਦਿਵਸ ਦੇ ਮੌਕੇ 'ਤੇ ਵਿਗਿਆਨ ਭਵਨ, ਨਵੀਂ ਦਿੱਲੀ ਵਿਖੇ ਆਯੋਜਿਤ ਇੱਕ ਸਮਾਰੋਹ ਵਿੱਚ ਦੇਸ਼ ਭਰ ਦੇ ਅਧਿਆਪਕਾਂ ਨੂੰ ਰਾਸ਼ਟਰੀ ਪੁਰਸਕਾਰ ਪ੍ਰਦਾਨ ਕੀਤੇ। 

 

ਇਸ ਮੌਕੇ ਰਾਸ਼ਟਰਪਤੀ ਨੇ ਕਿਹਾ ਕਿ ਮੁੱਢਲੀ ਸਿੱਖਿਆ ਦਾ ਕਿਸੇ ਵੀ ਵਿਅਕਤੀ ਦੇ ਜੀਵਨ ਵਿੱਚ ਬੁਨਿਆਦੀ ਮਹੱਤਵ ਹੁੰਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਬਹੁਤ ਸਾਰੇ ਸਿੱਖਿਆ ਸ਼ਾਸਤਰੀ ਬੱਚਿਆਂ ਦੇ ਸੰਤੁਲਿਤ ਵਿਕਾਸ ਲਈ ਥ੍ਰੀ-ਐੱਚ ਫਾਰਮੂਲੇ ਦੀ ਗੱਲ ਕਰਦੇ ਹਨ ਜਿਸ ਵਿੱਚ ਪਹਿਲਾ ਐੱਚ (H) ਹਾਰਟ (ਦਿਲ), ਦੂਸਰਾ ਐੱਚ (H) ਹੈੱਡ (ਸਿਰ) ਅਤੇ ਤੀਸਰਾ ਐੱਚ (H) ਹੈਂਡ (ਹੱਥ) ਹੈ। ਉਨ੍ਹਾਂ ਦੱਸਿਆ ਕਿ ਦਿਲ ਦਾ ਸਬੰਧ ਸੰਵੇਦਨਸ਼ੀਲਤਾ, ਮਾਨਵੀ ਕਦਰਾਂ-ਕੀਮਤਾਂ, ਚਰਿੱਤਰ ਦੀ ਮਜ਼ਬੂਤੀ ਅਤੇ ਨੈਤਿਕਤਾ ਨਾਲ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਸਿਰ ਜਾਂ ਦਿਮਾਗ਼ ਦਾ ਸਬੰਧ ਮਾਨਸਿਕ ਵਿਕਾਸ, ਤਰਕ ਸ਼ਕਤੀ ਅਤੇ ਪੜ੍ਹਨ ਨਾਲ ਹੈ ਅਤੇ ਹੱਥ ਦਾ ਸਬੰਧ ਸਰੀਰਕ ਹੁਨਰ ਅਤੇ ਸਰੀਰਕ ਮਿਹਨਤ ਦੇ ਸਤਿਕਾਰ ਨਾਲ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹੀ ਸਰਬਪੱਖੀ ਪਹੁੰਚ 'ਤੇ ਜ਼ੋਰ ਦੇਣ ਨਾਲ ਹੀ ਬੱਚਿਆਂ ਦਾ ਸਰਬਪੱਖੀ ਵਿਕਾਸ ਸੰਭਵ ਹੋਵੇਗਾ। 

 

ਰਾਸ਼ਟਰਪਤੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਅਧਿਆਪਨ ਕਿੱਤੇ ਵਿੱਚ ਮਹਿਲਾਵਾਂ ਦੀ ਵਧੇਰੇ ਭਾਗੀਦਾਰੀ ਦੇ ਮੱਦੇਨਜ਼ਰ ਅਧਿਆਪਕ ਪੁਰਸਕਾਰ ਪ੍ਰਾਪਤ ਕਰਨ ਵਾਲੀਆਂ ਮਹਿਲਾ ਅਧਿਆਪਕਾਂ ਦੀ ਸੰਖਿਆ ਵੱਧ ਹੋਣੀ ਚਾਹੀਦੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਮਹਿਲਾ ਸਸ਼ਕਤੀਕਰਣ ਲਈ ਮਹਿਲਾ ਵਿਦਿਆਰਥੀਆਂ ਅਤੇ ਮਹਿਲਾ ਅਧਿਆਪਕਾਂ ਨੂੰ ਉਤਸ਼ਾਹਿਤ ਕਰਨਾ ਬਹੁਤ ਮਹੱਤਵਪੂਰਨ ਹੈ। 

 

ਰਾਸ਼ਟਰਪਤੀ ਨੇ ਕਿਹਾ ਕਿ ਅਧਿਆਪਕ ਦੇਸ਼ ਦਾ ਭਵਿੱਖ ਬਣਾਉਂਦੇ ਹਨ। ਉਨ੍ਹਾਂ ਕਿਹਾ ਕਿ ਮਿਆਰੀ ਸਿੱਖਿਆ ਹਰ ਬੱਚੇ ਦਾ ਮੌਲਿਕ ਅਧਿਕਾਰ ਮੰਨਿਆ ਜਾਂਦਾ ਹੈ ਅਤੇ ਇਨ੍ਹਾਂ ਲਕਸ਼ਾਂ ਦੀ ਪ੍ਰਾਪਤੀ ਵਿੱਚ ਅਧਿਆਪਕਾਂ ਦੀ ਭੂਮਿਕਾ ਸਭ ਤੋਂ ਮਹੱਤਵਪੂਰਨ ਹੈ। ਉਨ੍ਹਾਂ ਅੱਗੇ ਕਿਹਾ ਕਿ ਰਾਸ਼ਟਰੀ ਸਿੱਖਿਆ ਨੀਤੀ 2020 ਵਿੱਚ ਰਾਸ਼ਟਰ ਨਿਰਮਾਤਾ ਵਜੋਂ ਅਧਿਆਪਕਾਂ ਦੀ ਮਹੱਤਤਾ ਨੂੰ ਵੀ ਸਪਸ਼ਟ ਤੌਰ 'ਤੇ ਦੱਸਿਆ ਗਿਆ ਹੈ। 

 

ਰਾਸ਼ਟਰਪਤੀ ਨੇ ਕਿਹਾ ਕਿ ਅਧਿਆਪਕਾਂ ਦੇ ਨਾਲ-ਨਾਲ ਮਾਪਿਆਂ ਦਾ ਵੀ ਇਹ ਕਰਤੱਵ ਬਣਦਾ ਹੈ ਕਿ ਉਹ ਹਰੇਕ ਬੱਚੇ ਦੀਆਂ ਅਨੂਠੀਆਂ ਸਮਰੱਥਾਵਾਂ ਨੂੰ ਪਹਿਚਾਣਨ ਅਤੇ ਸੰਵੇਦਨਸ਼ੀਲਤਾ ਨਾਲ ਉਨ੍ਹਾਂ ਸਮਰੱਥਾਵਾਂ ਨੂੰ ਵਿਕਸਿਤ ਕਰਨ ਲਈ ਬੱਚੇ ਦੀ ਮਦਦ ਕਰਨ। ਉਨ੍ਹਾਂ ਨੇ ਕਿਹਾ ਕਿ ਹਰ ਮਾਂ-ਬਾਪ ਚਾਹੁੰਦਾ ਹੈ ਕਿ ਉਨ੍ਹਾਂ ਦੇ ਬੱਚੇ ਦਾ ਵਿਸ਼ੇਸ਼ ਧਿਆਨ ਦਿੱਤਾ ਜਾਵੇ ਅਤੇ ਉਸ ਨਾਲ ਪਿਆਰ ਨਾਲ ਪੇਸ਼ ਆਇਆ ਜਾਵੇ ਅਤੇ ਮਾਪੇ ਆਪਣੇ ਬੱਚਿਆਂ ਨੂੰ ਬੜੇ ਵਿਸ਼ਵਾਸ ਨਾਲ ਅਧਿਆਪਕਾਂ ਨੂੰ ਸੌਂਪਦੇ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਇੱਕ ਜਮਾਤ ਵਿੱਚ 40-50 ਬੱਚਿਆਂ ਵਿੱਚ ਪਿਆਰ ਸਾਂਝਾ ਕਰਨ ਦਾ ਮੌਕਾ ਮਿਲਣਾ ਹਰੇਕ ਅਧਿਆਪਕ ਲਈ ਬੜੀ ਖੁਸ਼ਕਿਸਮਤੀ ਹੈ।

 

ਰਾਸ਼ਟਰਪਤੀ ਨੇ ਕਿਹਾ ਕਿ ਹਰ ਕੋਈ ਆਪਣੇ ਅਧਿਆਪਕਾਂ ਨੂੰ ਯਾਦ ਕਰਦਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਬੱਚਿਆਂ ਨੂੰ ਅਧਿਆਪਕਾਂ ਤੋਂ ਜੋ ਪ੍ਰਸ਼ੰਸਾ, ਉਤਸ਼ਾਹ ਜਾਂ ਸਜ਼ਾ ਮਿਲਦੀ ਹੈ, ਉਹ ਉਨ੍ਹਾਂ ਦੀਆਂ ਯਾਦਾਂ ਵਿੱਚ ਰਹਿੰਦੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਬੱਚਿਆਂ ਵਿੱਚ ਸੁਧਾਰ ਦੀ ਨੀਅਤ ਨਾਲ ਉਨ੍ਹਾਂ ਨੂੰ ਸਜ਼ਾ ਦਿੱਤੀ ਜਾਂਦੀ ਹੈ ਤਾਂ ਉਨ੍ਹਾਂ ਨੂੰ ਇਸ ਦਾ ਅਹਿਸਾਸ ਬਾਅਦ ਵਿੱਚ ਹੁੰਦਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਉਨ੍ਹਾਂ ਨੂੰ ਗਿਆਨ ਦੇਣ ਨਾਲੋਂ ਪਿਆਰ ਅਤੇ ਸਨੇਹ ਦੇਣਾ ਵਧੇਰੇ ਮਹੱਤਵਪੂਰਨ ਹੈ। 

 

ਰਾਸ਼ਟਰਪਤੀ ਦੇ ਭਾਸ਼ਣ ਨੂੰ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ – 

 ********


ਡੀਐੱਸ/ਏਕੇ


(Release ID: 1955202)