ਕਿਰਤ ਤੇ ਰੋਜ਼ਗਾਰ ਮੰਤਰਾਲਾ
azadi ka amrit mahotsav

ਜੀ-20 ਰੋਜ਼ਗਾਰ ਕਾਰਜ ਸਮੂਹ ਅਤੇ ਕਿਰਤ ਅਤੇ ਮੰਤਰੀਆਂ ਦੀ ਚੌਥੀ ਬੈਠਕ ਮੱਧ ਪ੍ਰਦੇਸ਼ ਦੇ ਇੰਦੌਰ (19 ਤੋਂ 21 ਜੁਲਾਈ) ਵਿੱਚ ਸ਼ੁਰੂ ਹੋਈ, ਜਿਸ ਵਿੱਚ ਮੰਤਰੀ ਪੱਧਰੀ ਐਲਾਨਨਾਮੇ ਅਤੇ ਨਤੀਜਾ ਦਸਤਾਵੇਜ਼ਾਂ ਨੂੰ ਅੰਤਿਮ ਰੂਪ ਦੇਣ 'ਤੇ ਧਿਆਨ ਕੇਂਦਰਿਤ ਕੀਤਾ ਗਿਆ

Posted On: 18 JUL 2023 8:30PM by PIB Chandigarh

ਰੋਜ਼ਗਾਰ ਕਾਰਜ ਸਮੂਹ (ਈਡਬਲਿਊਜੀ) ਦੀ ਚੌਥੀ ਬੈਠਕ ਮੰਤਰੀ ਪੱਧਰੀ ਐਲਾਨਨਾਮੇ ਅਤੇ ਨਤੀਜਾ ਦਸਤਾਵੇਜ਼ਾਂ ਨੂੰ ਅੰਤਿਮ ਰੂਪ ਦੇਣ 'ਤੇ ਧਿਆਨ ਕੇਂਦਰਿਤ ਕਰੇਗੀ। ਇਸ ਸਬੰਧੀ ਇਸ ਬੈਠਕ ਵਿੱਚ ਤਿੰਨੋਂ ਧਿਰਾਂ ਦੇ ਯਤਨਾਂ ਨੂੰ ਇੱਕ ਰੂਪ ਦਿੱਤਾ ਜਾਵੇਗਾ। ਈਡਬਲਿਊਜੀ ਡੈਲੀਗੇਟ ਦੇ ਵਿਚਾਰ-ਵਟਾਂਦਰੇ ਜੀ -20 ਕਿਰਤ ਮੰਤਰੀਆਂ ਦੀ ਬੈਠਕ (ਐੱਲਈਐੱਮ) ਨਾਲ ਖਤਮ ਹੋਣਗੇ, ਜਿੱਥੇ ਉਹ ਇਨ੍ਹਾਂ ਨਤੀਜਿਆਂ 'ਤੇ ਚਰਚਾ ਕਰਨ ਅਤੇ ਇਨ੍ਹਾਂ ਨੂੰ ਅਪਣਾਉਣ ਲਈ ਇਕੱਠੇ ਹੋਣਗੇ। ਇਹ ਜਾਣਕਾਰੀ ਕਿਰਤ ਅਤੇ ਰੋਜ਼ਗਾਰ ਮੰਤਰਾਲੇ ਦੀ ਸਕੱਤਰ ਸ੍ਰੀਮਤੀ ਆਰਤੀ ਆਹੂਜਾ ਨੇ ਅੱਜ ਇੰਦੌਰ ਵਿੱਚ ਹੋਣ ਵਾਲੀ ਜੀ-20 ਰੋਜ਼ਗਾਰ ਕਾਰਜ ਸਮੂਹ ਅਤੇ ਕਿਰਤ ਅਤੇ ਰੋਜ਼ਗਾਰ ਮੰਤਰੀਆਂ ਦੀ ਚੌਥੀ ਮੀਟਿੰਗ ਦੀ ਪੂਰਵ ਸੰਧਿਆ ਮੌਕੇ ਆਯੋਜਿਤ ਇੱਕ ਪ੍ਰੈਸ ਕਾਨਫਰੰਸ ਵਿੱਚ ਦਿੱਤੀ।

ਉਨ੍ਹਾਂ ਕਿਹਾ ਕਿ ਇਸ ਮੀਟਿੰਗ ਦੀ ਪ੍ਰਧਾਨਗੀ ਕੇਂਦਰੀ ਕਿਰਤ ਅਤੇ ਰੋਜ਼ਗਾਰ ਮੰਤਰੀ ਸ਼੍ਰੀ ਭੂਪੇਂਦਰ ਯਾਦਵ ਕਰਨਗੇ ਅਤੇ ਵੱਖ-ਵੱਖ ਦੇਸ਼ਾਂ ਦੇ 24 ਮੰਤਰੀ ਇਸ ਮੀਟਿੰਗ ਵਿੱਚ ਸ਼ਾਮਲ ਹੋਣਗੇ। ਇਸ ਦੌਰਾਨ ਜੀ-20 ਦੇ ਮੈਂਬਰ ਅਤੇ ਮਹਿਮਾਨ ਦੇਸ਼ਾਂ, ਅੰਤਰਰਾਸ਼ਟਰੀ ਅਤੇ ਖੇਤਰੀ ਸੰਗਠਨਾਂ ਅਤੇ ਬਿਜ਼ਨਸ-20, ਲੇਬਰ-20, ਸਟਾਰਟਅੱਪ-20, ਥਿੰਕ-20 ਅਤੇ ਯੂਥ-20 ਵਰਗੇ ਸਮੂਹਾਂ ਦੇ ਪ੍ਰਤੀਨਿਧੀ ਹਿੱਸਾ ਲੈਣਗੇ।

ਪ੍ਰੈਸ ਕਾਨਫਰੰਸ ਵਿੱਚ ਸ੍ਰੀਮਤੀ ਆਹੂਜਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਭਾਰਤ ਵਰਕਿੰਗ ਗਰੁੱਪ ਦੀਆਂ ਮੀਟਿੰਗਾਂ ਤੋਂ ਪਹਿਲਾਂ ਈ-ਸ਼੍ਰਮ ਪੋਰਟਲ ਵਰਗੀਆਂ ਨਵੀਨਤਾਵਾਂ ਵੀ ਪੇਸ਼ ਕਰ ਰਿਹਾ ਹੈ। ਇਸ ਪੋਰਟਲ ਰਾਹੀਂ ਸਰਕਾਰ ਕੋਲ ਗੈਰ-ਸੰਗਠਿਤ ਖੇਤਰਾਂ ਦੇ ਮਜ਼ਦੂਰਾਂ ਬਾਰੇ ਪੂਰੀ ਜਾਣਕਾਰੀ ਉਪਲਬਧ ਹੈ, ਜੋ ਉਨ੍ਹਾਂ ਦੇ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਹਿੱਤਾਂ ਲਈ ਕਦਮ ਚੁੱਕਣ ਲਈ ਮਦਦਗਾਰ ਸਾਬਤ ਹੁੰਦੀ ਹੈ।

ਇਸ ਤੋਂ ਪਹਿਲਾਂ ਕਿਰਤ ਅਤੇ ਰੋਜ਼ਗਾਰ ਮੰਤਰਾਲੇ ਦੇ ਸੰਯੁਕਤ ਸਕੱਤਰ ਸ਼੍ਰੀ ਰੁਪੇਸ਼ ਕੁਮਾਰ ਠਾਕੁਰ ਨੇ ਇੱਕ ਪੇਸ਼ਕਾਰੀ ਰਾਹੀਂ ਦੱਸਿਆ ਕਿ ਚੌਥੀ ਈਡਬਲਿਊਜੀ ਮੀਟਿੰਗ ਵਿੱਚ 86 ਪ੍ਰਤਿਨਿਧ, 24 ਮੰਤਰੀਆਂ ਸਮੇਤ 165 ਡੈਲੀਗੇਟ ਐੱਲਈਐੱਮ ਮੀਟਿੰਗ ਵਿੱਚ ਹਿੱਸਾ ਲੈਣਗੇ। ਆਈਐੱਲਓ, ਓਈਸੀਡੀ ਅਤੇ ਵਿਸ਼ਵ ਬੈਂਕ ਸਮੇਤ ਅੰਤਰਰਾਸ਼ਟਰੀ ਸੰਸਥਾਵਾਂ ਅਤੇ ਰੋਜ਼ਗਾਰਦਾਤਾ ਐਸੋਸੀਏਸ਼ਨਾਂ ਦੇ ਮੁਖੀ ਵੀ ਮੀਟਿੰਗ ਵਿੱਚ ਸ਼ਾਮਲ ਹੋਣਗੇ।

ਉਨ੍ਹਾਂ ਕਿਹਾ ਕਿ ਸਮਾਗਮ ਦੌਰਾਨ ਇੰਦੌਰ ਅਤੇ ਮੱਧ ਪ੍ਰਦੇਸ਼ ਦੀ ਸ਼ਾਨਦਾਰ ਕੁਦਰਤੀ, ਸੱਭਿਆਚਾਰਕ ਅਤੇ ਇਤਿਹਾਸਕ ਸੁੰਦਰਤਾ ਨੂੰ ਦਿਖਾਉਣ ਦੀ ਯੋਜਨਾ ਬਣਾਈ ਗਈ ਹੈ। ਇਨ੍ਹਾਂ ਵਿੱਚ ਡੈਲੀਗੇਟਾਂ ਲਈ ਇੰਦੌਰ ਦੇ ਮਸ਼ਹੂਰ ਫੂਡ ਸਟ੍ਰੀਟ, ਮੰਡੂ ਕਿਲ੍ਹੇ ਅਤੇ ਛੱਪਨ ਦੁਕਾਨ ਦੇ ਦੌਰੇ ਦੀ ਯੋਜਨਾ ਬਣਾਈ ਗਈ ਹੈ। ਇਸ ਤੋਂ ਇਲਾਵਾ ਇੰਦੌਰ ਸ਼ਹਿਰ ਦੇ ਮਹੱਤਵਪੂਰਨ ਇਤਿਹਾਸਕ ਸਥਾਨਾਂ ਨੂੰ ਦੇਖਣ ਲਈ ਵਿਰਾਸਤੀ ਸੈਰ ਅਤੇ ਸਾਈਕਲ ਸਵਾਰੀ ਵੀ ਹੋਵੇਗੀ। ਉਨ੍ਹਾਂ ਦੱਸਿਆ ਕਿ ਮਹਿਮਾਨਾਂ ਲਈ ਰਵਾਇਤੀ ਲੋਕ ਕਲਾਵਾਂ (ਸੰਗੀਤ ਅਤੇ ਨਾਚ) ਅਤੇ ਦਸਤਕਾਰੀ ਵੀ ਪ੍ਰਦਰਸ਼ਿਤ ਕੀਤੀ ਜਾਵੇਗੀ।

ਪ੍ਰੈੱਸ ਕਾਨਫਰੰਸ ਵਿੱਚ ਇੰਦੌਰ ਦੇ ਡਿਵੀਜ਼ਨਲ ਕਮਿਸ਼ਨਰ ਡਾ. ਪਵਨ ਕੁਮਾਰ ਸ਼ਰਮਾ ਨੇ ਦੱਸਿਆ ਕਿ ਸਮਾਗਮ ਨੂੰ ਸ਼ਾਨਦਾਰ ਢੰਗ ਨਾਲ ਸਫ਼ਲ ਬਣਾਉਣ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਇਸ ਤੋਂ ਇਲਾਵਾ ਸੰਚਾਰ ਯੋਜਨਾ ਵੀ ਬਣਾਈ ਗਈ ਹੈ। ਉਨ੍ਹਾਂ ਮੀਟਿੰਗ ਦੇ ਆਯੋਜਨ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਰਾਜ ਸਰਕਾਰ ਵੱਲੋਂ ਕੀਤੇ ਗਏ ਉਪਰਾਲਿਆਂ ਦੀ ਰੂਪ ਰੇਖਾ ਦੱਸੀ।

****

ਐੱਮਜੇਪੀਐੱਸ/ਐੱਨਐੱਸਕੇ


(Release ID: 1941971) Visitor Counter : 128