ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
azadi ka amrit mahotsav

ਦਿੱਲੀ ਦੇ ਉਪ ਰਾਜਪਾਲ ਨੇ 'ਗ੍ਰਾਮੋਦਯੋਗ ਵਿਕਾਸ ਯੋਜਨਾ' ਤਹਿਤ 130 ਲਾਭਪਾਤਰੀਆਂ ਨੂੰ ਮਧੂ ਮੱਖੀਆਂ ਦੇ ਬਕਸੇ ਅਤੇ ਟੂਲਕਿੱਟਾਂ ਵੰਡੀਆਂ

Posted On: 05 JUL 2023 2:52PM by PIB Chandigarh

ਦਿੱਲੀ ਦੇ ਉਪ ਰਾਜਪਾਲ ਸ਼੍ਰੀ ਵਿਨੈ ਕੁਮਾਰ ਸਕਸੈਨਾ ਨੇ 4 ਜੁਲਾਈ, 2023 ਨੂੰ 130 ਲਾਭਪਾਤਰੀਆਂ ਨੂੰ ਮਧੂ-ਮੱਖੀਆਂ ਦੇ ਬਕਸੇ ਅਤੇ ਟੂਲਕਿੱਟਾਂ ਵੰਡੀਆਂ। ਇਹ ਪ੍ਰੋਗਰਾਮ ਭਾਰਤ ਸਰਕਾਰ ਦੇ ਸੂਖਮ, ਲਘੂ ਅਤੇ ਦਰਮਿਆਨੇ ਉਦਯੋਗ ਮੰਤਰਾਲੇ ਦੀ 'ਗ੍ਰਾਮੋਦਯੋਗ ਵਿਕਾਸ ਯੋਜਨਾ' ਦੇ ਤਹਿਤ ਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨ (ਕੇਵੀਆਈਸੀ) ਵਲੋਂ ਆਯੋਜਿਤ ਕੀਤਾ ਗਿਆ ਸੀ। 

ਇਹ ਸਮਾਰੋਹ ਚੇਨਸੁਖ ਵਾਟਿਕਾ, ਯਮੁਨਾ ਪੁਸਤਾ ਰੋਡ, ਜਗਤਪੁਰ ਪਿੰਡ ਵਿਖੇ ਹੋਇਆ ਅਤੇ ਇਸ ਵਿੱਚ ਦਿੱਲੀ ਦੇ ਉਪ ਰਾਜਪਾਲ ਸ਼੍ਰੀ ਵਿਨੈ ਕੁਮਾਰ ਸਕਸੈਨਾ, ਉੱਤਰ-ਪੂਰਬੀ ਦਿੱਲੀ ਤੋਂ ਸੰਸਦ ਮੈਂਬਰ ਸ਼੍ਰੀ ਮਨੋਜ ਤਿਵਾੜੀ, ਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨ ਦੇ ਚੇਅਰਮੈਨ ਸ਼੍ਰੀ ਮਨੋਜ ਕੁਮਾਰ, ਕੇਵੀਆਈਸੀ ਉੱਤਰੀ ਜ਼ੋਨ ਦੇ ਮੈਂਬਰ ਸ਼੍ਰੀ ਨਗੇਂਦਰ ਰਘੂਵੰਸ਼ੀ, ਕੇਵੀਆਈਸੀ ਦੇ ਸੀਈਓ ਸ਼੍ਰੀ ਵਿਨੀਤ ਕੁਮਾਰ, ਡਿਪਟੀ ਸੀਈਓ ਅਤੇ ਦਿੱਲੀ ਕੇਵੀਆਈਸੀ ਸਟੇਟ ਆਫਿਸ ਦੇ ਡਾਇਰੈਕਟਰ ਸਮੇਤ ਕਈ ਪਤਵੰਤੇ ਸੱਜਣਾਂ ਨੇ ਸ਼ਿਰਕਤ ਕੀਤੀ। 

ਇਸ ਮੌਕੇ ਮੰਚ 'ਤੇ ਸੰਬੋਧਨ ਕਰਦਿਆਂ ਸ਼੍ਰੀ ਵਿਨੈ ਕੁਮਾਰ ਸਕਸੈਨਾ ਨੇ ਪੇਂਡੂ ਭਾਰਤ ਵਿੱਚ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਵਿੱਚ ਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨ ਦੁਆਰਾ ਨਿਭਾਈ ਗਈ ਮਹੱਤਵਪੂਰਨ ਭੂਮਿਕਾ 'ਤੇ ਜ਼ੋਰ ਦਿੱਤਾ। ਉਨ੍ਹਾਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸਮਰਥਨ ਨਾਲ, 2017 ਵਿੱਚ ਕੇਵੀਆਈਸੀ ਵਲੋਂ ਸ਼ੁਰੂ ਕੀਤੇ ਹਨੀ ਮਿਸ਼ਨ ਦੀ ਸਫਲਤਾ ਨੂੰ ਉਜਾਗਰ ਕੀਤਾ। ਹੁਣ ਤੱਕ 20 ਹਜ਼ਾਰ ਕਿਸਾਨਾਂ ਅਤੇ ਮਧੂ ਮੱਖੀ ਪਾਲਕਾਂ ਨੂੰ 2 ਲੱਖ ਤੋਂ ਵੱਧ ਮਧੂ ਮੱਖੀਆਂ ਦੇ ਬਕਸੇ ਅਤੇ ਸ਼ਹਿਦ ਦੀਆਂ ਬਸਤੀਆਂ ਵੰਡੀਆਂ ਜਾ ਚੁੱਕੀਆਂ ਹਨ, ਜਿਸ ਨਾਲ ਪੇਂਡੂ ਖੇਤਰਾਂ ਵਿੱਚ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਏ ਹਨ ਅਤੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੋਇਆ ਹੈ। ਸ਼੍ਰੀ ਸਕਸੈਨਾ ਨੇ ਕੇਵੀਆਈਸੀ ਰਾਹੀਂ ਦਿੱਲੀ ਦੇ ਪਿੰਡਾਂ ਵਿੱਚ ਖਾਦੀ ਅਤੇ ਗ੍ਰਾਮ ਉਦਯੋਗ ਵਿਕਾਸ ਪ੍ਰੋਗਰਾਮਾਂ ਨੂੰ ਉਤਸ਼ਾਹਿਤ ਕਰਕੇ 'ਆਤਮ-ਨਿਰਭਰ ਭਾਰਤ' ਮੁਹਿੰਮ ਨੂੰ ਮਜ਼ਬੂਤ ਕਰਨ ਦੀ ਆਪਣੀ ਵਚਨਬੱਧਤਾ ਪ੍ਰਗਟਾਈ।

ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਸੰਸਦ ਮੈਂਬਰ ਸ੍ਰੀ ਮਨੋਜ ਤਿਵਾੜੀ ਨੇ ਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨ ਨਾਲ ਮਿਲ ਕੇ ਆਪਣੇ ਹਲਕੇ ਦੇ ਨੌਜਵਾਨਾਂ ਨੂੰ ਲਘੂ ਅਤੇ ਕੁਟੀਰ ਉਦਯੋਗ ਸਥਾਪਤ ਕਰਨ ਲਈ ਉਤਸ਼ਾਹਿਤ ਕਰਨ ਦਾ ਇਰਾਦਾ ਪ੍ਰਗਟਾਇਆ। ਉਨ੍ਹਾਂ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਕਮਿਸ਼ਨ ਵੱਲੋਂ ਪੇਂਡੂ ਵਿਕਾਸ ਦੇ ਖੇਤਰ ਵਿੱਚ ਕੀਤੇ ਜਾ ਰਹੇ ਇਤਿਹਾਸਕ ਕਾਰਜਾਂ ਦੀ ਸ਼ਲਾਘਾ ਕੀਤੀ। ਸ਼੍ਰੀ ਤਿਵਾੜੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਨ੍ਹਾਂ ਪਹਿਲਕਦਮੀਆਂ ਨਾਲ ਜੁੜ ਕੇ, ਨੌਜਵਾਨ ਸਵੈ-ਰੋਜ਼ਗਾਰ ਕਰ ਸਕਦੇ ਹਨ ਅਤੇ ਦੂਜਿਆਂ ਲਈ ਰੋਜ਼ਗਾਰ ਦੇ ਮੌਕੇ ਵੀ ਪੈਦਾ ਕਰ ਸਕਦੇ ਹਨ।

ਆਪਣੇ ਭਾਸ਼ਣ ਵਿੱਚ ਕੇਵੀਆਈਸੀ ਦੇ ਚੇਅਰਮੈਨ ਸ਼੍ਰੀ ਮਨੋਜ ਕੁਮਾਰ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਭਾਰਤ ਦੇ ਇੱਕ ਮਜ਼ਬੂਤ, ਸਮਰੱਥ ਅਤੇ ਆਤਮ-ਨਿਰਭਰ ਰਾਸ਼ਟਰ ਬਣਨ ਦੀ ਦਿਸ਼ਾ ਵਿੱਚ ਕੀਤੀ ਤਰੱਕੀ ਦੀ ਸ਼ਲਾਘਾ ਕੀਤੀ। ਉਨ੍ਹਾਂ "ਮੇਕ ਇਨ ਇੰਡੀਆ" ਅਤੇ "ਮੇਕ ਫਾਰ ਵਰਲਡ" ਦੇ ਸਿਧਾਂਤਾਂ ਦੇ ਨਾਲ-ਨਾਲ ਸ਼੍ਰੀ ਨਰੇਂਦਰ ਮੋਦੀ ਵਲੋਂ ਅਪਣਾਏ ਗਏ "ਲੋਕਲ ਟੂ ਗਲੋਬਲ" ਦੇ ਦ੍ਰਿਸ਼ਟੀਕੋਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਸ਼੍ਰੀ ਕੁਮਾਰ ਨੇ ਅੱਗੇ ਕਿਹਾ ਕਿ ਕੇਵੀਆਈਸੀ, "ਆਤਮ-ਨਿਰਭਰ ਭਾਰਤ" ਮੁਹਿੰਮ ਦੇ ਤਹਿਤ, ਪੇਂਡੂ ਭਾਰਤ ਵਿੱਚ ਰੋਜ਼ਗਾਰ ਦੇ ਨਵੇਂ ਮੌਕੇ ਪ੍ਰਦਾਨ ਕਰਨ ਲਈ ਲਗਾਤਾਰ ਯਤਨਸ਼ੀਲ ਹੈ। ਵਿੱਤੀ ਸਾਲ 2022-23 ਵਿੱਚ ਕੇਵੀਆਈਸੀ ਨੇ ਕਮਾਲ ਦੀਆਂ ਪ੍ਰਾਪਤੀਆਂ ਕੀਤੀਆਂ, ਜਿਸ ਦਾ ਟਰਨਓਵਰ 1.34 ਲੱਖ ਕਰੋੜ ਰੁਪਏ ਤੋਂ ਵੱਧ ਸੀ, ਜੋ ਕਿ ਇਸਦੇ 66 ਸਾਲਾਂ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਹੈ।

ਪ੍ਰੋਗਰਾਮ ਦੌਰਾਨ 10 ਲਾਭਪਾਤਰੀਆਂ ਨੂੰ ਮਧੂ-ਮੱਖੀਆਂ ਦੇ 100 ਬਕਸੇ ਅਤੇ ਮਧੂ-ਮੱਖੀਆਂ ਦੀਆਂ ਕਾਲੋਨੀਆਂ ਵੰਡੀਆਂ ਗਈਆਂ, ਜਦ ਕਿ ਗ੍ਰਾਮੋਦਯੋਗ ਵਿਕਾਸ ਯੋਜਨਾ (ਜੀਵੀਵਾਈ) ਅਧੀਨ 20 ਸਿਖਲਾਈ ਪ੍ਰਾਪਤ ਲਾਭਪਾਤਰੀਆਂ ਨੂੰ ਪਲੰਬਰ ਟੂਲਕਿੱਟ ਅਤੇ 50 ਲਾਭਪਾਤਰੀਆਂ ਨੂੰ ਫੁੱਟਵੀਅਰ ਰਿਪੇਅਰਿੰਗ ਟੂਲ ਕਿੱਟਾਂ ਪ੍ਰਦਾਨ ਕੀਤੀਆਂ ਗਈਆਂ। ਇਸ ਦਾ ਲਾਭ ਦਿੱਲੀ ਦੇ ਪਿੰਡ ਜਗਤਪੁਰ ਦੇ 35 ਲਾਭਪਾਤਰੀਆਂ ਨੂੰ ਮਿਲਿਆ। ਇਸ ਤੋਂ ਇਲਾਵਾ, ਚਮੜਾ ਉਦਯੋਗ ਦੇ ਅਧੀਨ ਇੱਕ ਸਵੈ-ਸਹਾਇਤਾ ਸਮੂਹ ਨੂੰ ਇੱਕ ਚਮੜਾ ਫੁੱਟਵੀਅਰ ਨਿਰਮਾਣ ਮਸ਼ੀਨ ਅਤੇ ਟੂਲ ਕਿੱਟਾਂ ਪ੍ਰਦਾਨ ਕੀਤੀਆਂ ਗਈਆਂ, ਜਿਸ ਨਾਲ 10 ਲਾਭਪਾਤਰੀਆਂ ਨੂੰ ਲਾਭ ਹੋਇਆ। ਇਸਦੇ ਨਾਲ ਹੀ, ਬਹੁ-ਅਨੁਸ਼ਾਸਨੀ ਸਿਖਲਾਈ ਕੇਂਦਰ (ਐੱਮਡੀਟੀਸੀ), ਕੇਵੀਆਈਸੀ ਨਵੀਂ ਦਿੱਲੀ ਵਿਖੇ ਸਿਖਲਾਈ ਪ੍ਰਾਪਤ ਲੈਦਰ ਫੁਟਵੀਅਰ ਦੇ ਵਾਧੂ 40 ਸਿਖਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਗਏ। ਇਸ ਸਮਾਗਮ ਵਿੱਚ ਦਿੱਲੀ ਸਰਕਾਰ ਅਤੇ ਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨ ਦੇ ਕਰਮਚਾਰੀ ਅਤੇ ਅਧਿਕਾਰੀ ਸ਼ਾਮਲ ਹੋਏ।

***

ਐੱਮਜੇਪੀਐੱਸ/ਐੱਨਐੱਸਕੇ 


(Release ID: 1938847) Visitor Counter : 132


Read this release in: English , Urdu , Hindi , Tamil , Telugu