ਨਵੀਂਨ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ
ਕੇਂਦਰੀ ਊਰਜਾ ਅਤੇ ਐੱਨਆਰਈ ਮੰਤਰੀ ਸ਼੍ਰੀ ਆਰ ਕੇ ਸਿੰਘ ਨੇ ਮਹਿਲਾਵਾਂ ਨੂੰ ਅਖੁੱਟ ਊਰਜਾ ਖੇਤਰ ਵਿੱਚ ਭਾਗੀਦਾਰੀ ਵਧਾਉਣ ਅਤੇ ਭਾਰਤ ਦੇ ਊਰਜਾ ਪਰਿਵਰਤਨ ਨੂੰ ਨੈੱਟ ਜ਼ੀਰੋ ਵੱਲ ਲਿਜਾਣ ਦਾ ਸੱਦਾ ਦਿੱਤਾ
ਨਵੀਂ ਅਤੇ ਅਖੁੱਟ ਊਰਜਾ ਮੰਤਰਾਲੇ ਨੇ ਖੇਤਰ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਨੂੰ ਵਧਾਉਣ 'ਤੇ ਕੇਂਦਰਿਤ "ਅਖੁੱਟ ਊਰਜਾ ਵਿੱਚ ਮਹਿਲਾਵਾਂ" ਵਿਸ਼ੇ 'ਤੇ ਸਮਾਗਮ ਦਾ ਆਯੋਜਨ ਕੀਤਾ
Posted On:
07 JUN 2023 10:30AM by PIB Chandigarh
ਵਿਸ਼ਵ ਵਾਤਾਵਰਣ ਦਿਵਸ ਦੇ ਮੌਕੇ 'ਤੇ 5 ਜੂਨ, 2023 ਨੂੰ ਨਵੀਂ ਅਤੇ ਅਖੁੱਟ ਊਰਜਾ ਮੰਤਰਾਲੇ ਨੇ ਨਵੀਂ ਦਿੱਲੀ ਵਿੱਚ "ਅਖੁੱਟ ਊਰਜਾ ਵਿੱਚ ਮਹਿਲਾਵਾਂ: ਨੀਤੀ, ਤਕਨਾਲੋਜੀ, ਹੁਨਰ ਅਤੇ ਵਿੱਤ 'ਤੇ ਇੱਕ ਸੰਵਾਦ" ਵਿਸ਼ੇ 'ਤੇ ਇੱਕ ਸਮਾਗਮ ਆਯੋਜਿਤ ਕੀਤਾ।
ਇਸ ਸਮਾਗਮ ਵਿੱਚ ਬੋਲਦਿਆਂ, ਕੇਂਦਰੀ ਊਰਜਾ ਅਤੇ ਅਖੁੱਟ ਊਰਜਾ ਮੰਤਰੀ ਆਰ ਕੇ ਸਿੰਘ ਨੇ ਅਖੁੱਟ ਊਰਜਾ ਖੇਤਰ ਵਿੱਚ ਭਾਰਤ ਦੀਆਂ ਅਹਿਮ ਪ੍ਰਾਪਤੀਆਂ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਭਾਰਤ ਦੀਆਂ ਕਾਰਵਾਈਆਂ ਪੈਰਿਸ ਸਮਝੌਤੇ ਵਿੱਚ ਤਾਪਮਾਨ ਵਿੱਚ ਵਾਧੇ ਨੂੰ ਪੂਰਵ-ਉਦਯੋਗਿਕ ਪੱਧਰ ਤੋਂ ਉੱਪਰ 2 ਡਿਗਰੀ ਤੋਂ ਘੱਟ ਤੱਕ ਸੀਮਤ ਕਰਨ ਲਈ ਕੀਤੀਆਂ ਗਈਆਂ ਵਚਨਬੱਧਤਾਵਾਂ ਦੇ ਅਨੁਸਾਰ ਹਨ। ਉਨ੍ਹਾਂ ਮਹਿਲਾਵਾਂ ਨੂੰ ਅਖੁੱਟ ਊਰਜਾ ਖੇਤਰ ਵਿੱਚ ਭਾਗੀਦਾਰੀ ਵਧਾਉਣ ਅਤੇ ਨੈੱਟ ਜ਼ੀਰੋ ਵੱਲ ਭਾਰਤ ਦੇ ਊਰਜਾ ਪਰਿਵਰਤਨ ਨੂੰ ਅੱਗੇ ਵਧਾਉਣ ਦਾ ਸੱਦਾ ਦਿੱਤਾ।
ਜਲਵਾਯੂ ਪਰਿਵਰਤਨ ਨਾਲ ਨਜਿੱਠਣ ਵਿੱਚ ਮਹਿਲਾਵਾਂ ਦੀ ਭੂਮਿਕਾ ਨੂੰ ਉਜਾਗਰ ਕਰਦੇ ਹੋਏ, ਮੰਤਰੀ ਨੇ ਅਖੁੱਟ ਊਰਜਾ ਖੇਤਰ ਵਿੱਚ ਮਹਿਲਾ-ਕੇਂਦ੍ਰਿਤ ਨੀਤੀਆਂ ਅਤੇ ਲਾਗੂ ਢਾਂਚੇ ਦੇ ਵਿਕਾਸ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਚਿੰਨ੍ਹਤ ਕੀਤਾ ਕਿ ਕਿਵੇਂ ਮਹਿਲਾਵਾਂ ਕਮਿਊਨਿਟੀ ਭਾਗੀਦਾਰੀ ਅਤੇ ਘਰੇਲੂ ਪੱਧਰ ਦੀ ਕਾਰਵਾਈ ਰਾਹੀਂ ਜ਼ਮੀਨੀ ਪੱਧਰ 'ਤੇ ਬਦਲਾਅ ਲਿਆਉਣ ਲਈ ਵਧੇਰੇ ਪ੍ਰਭਾਵਸ਼ਾਲੀ ਹਨ। ਉਨ੍ਹਾਂ ਨੋਟ ਕੀਤਾ ਕਿ ਮਹਿਲਾਵਾਂ, ਖਾਸ ਕਰਕੇ ਪੇਂਡੂ ਖੇਤਰਾਂ ਵਿੱਚ, ਵਿਕੇਂਦਰੀਕ੍ਰਿਤ ਅਖੁੱਟ ਊਰਜਾ (ਡੀਆਰਈ) ਤੋਂ ਲਾਭ ਉਠਾ ਸਕਦੀਆਂ ਹਨ ਅਤੇ ਭਰੋਸੇਯੋਗ ਆਜੀਵਿਕਾ ਦੇ ਮੌਕੇ ਹਾਸਲ ਕਰ ਸਕਦੀਆਂ ਹਨ। ਉਨ੍ਹਾਂ ਇਹ ਵੀ ਉਜਾਗਰ ਕੀਤਾ ਕਿ ਮਹਿਲਾਵਾਂ ਗ੍ਰੀਨ ਕੁਕਿੰਗ ਵਿੱਚ ਤਬਾਦਲੇ ਵਿੱਚ ਇੱਕ ਵੱਡੀ ਭੂਮਿਕਾ ਨਿਭਾ ਸਕਦੀਆਂ ਹਨ, ਜੋ ਨੈੱਟ ਜ਼ੀਰੋ ਨੂੰ ਪ੍ਰਾਪਤ ਕਰਨ ਵਿੱਚ ਇੱਕ ਹੋਰ ਵੱਡਾ ਕਦਮ ਹੋ ਸਕਦਾ ਹੈ।
ਐੱਮਐੱਨਆਰਈ ਸਕੱਤਰ ਬੀਐੱਸ ਭੱਲਾ ਨੇ ਅਖੁੱਟ ਊਰਜਾ ਖੇਤਰ ਵਿੱਚ ਮਹਿਲਾਵਾਂ ਲਈ ਵੱਧ ਰਹੇ ਮੌਕਿਆਂ ਅਤੇ ਅਖੁੱਟ ਊਰਜਾ ਸਰੋਤਾਂ ਨਾਲ ਸਬੰਧਤ ਸਿੱਖਿਆ, ਸਿਖਲਾਈ ਅਤੇ ਸਮਰੱਥਾ ਨਿਰਮਾਣ ਲਈ ਕੋਰਸਾਂ ਵਿੱਚ ਦਾਖਲੇ ਦੀ ਲੋੜ ਨੂੰ ਉਜਾਗਰ ਕੀਤਾ।
ਇਸ ਮੌਕੇ 'ਤੇ, ਨਵੀਂ ਅਤੇ ਅਖੁੱਟ ਊਰਜਾ ਮੰਤਰਾਲੇ ਨੇ ਅਖੁੱਟ ਊਰਜਾ ਖੇਤਰ ਵਿੱਚ ਮਹਿਲਾਵਾਂ ਦੇ ਕੰਮ ਨੂੰ ਹੇਠ ਲਿਖੀਆਂ ਸ਼੍ਰੇਣੀਆਂ ਤਹਿਤ ਮਾਨਤਾ ਦੇਣ ਦਾ ਐਲਾਨ ਕੀਤਾ:
-
ਇੱਕ ਲਿੰਗ-ਵਿਭਿੰਨ ਕੰਮਕਾਜ ਵਾਲੇ ਸਥਾਨ ਨੂੰ ਉਤਸ਼ਾਹਿਤ ਕਰਨਾ
-
ਉੱਤਮ ਮਹਿਲਾ ਉੱਦਮੀ (ਸਟਾਰਟ ਅੱਪ ਅਤੇ ਪੇਂਡੂ ਖੇਤਰਾਂ ਨੂੰ ਛੱਡ ਕੇ)
-
ਪੇਂਡੂ ਮਹਿਲਾ ਉੱਦਮੀ
-
ਅਖੁੱਟ ਊਰਜਾ ਦੀ ਵਰਤੋਂ ਲਈ ਮਹਿਲਾਵਾਂ ਨੂੰ ਉਤਸ਼ਾਹਿਤ ਕਰਨ ਵਾਲੀਆਂ ਗੈਰ-ਸਰਕਾਰੀ ਸੰਸਥਾਵਾਂ ਜਾਂ ਸਿਵਲ ਸੁਸਾਇਟੀ ਸੰਸਥਾਵਾਂ
-
ਸ਼ਹਿਰੀ ਖੇਤਰਾਂ ਅਤੇ ਪੇਂਡੂ ਖੇਤਰਾਂ ਵਿੱਚ ਵੱਖ-ਵੱਖ ਤੌਰ 'ਤੇ ਅਖੁੱਟ ਊਰਜਾ ਲਈ ਤਬਦੀਲੀ ਦੀ ਅਗਵਾਈ ਕਰ ਰਹੀਆਂ ਮਹਿਲਾਵਾਂ
ਇਹ ਸਮਾਗਮ ਐੱਨਆਰਡੀਸੀ ਇੰਡੀਆ (ਭਾਰਤੀ ਕੁਦਰਤੀ ਸਰੋਤ ਰੱਖਿਆ ਕੌਂਸਲ) ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ ਸੀ ਜਿਸ ਦਾ ਉਦੇਸ਼ ਹੈ:
-
ਜ਼ਮੀਨੀ ਪੱਧਰ 'ਤੇ ਅਮਲ ਅਤੇ ਅਖੁੱਟ ਊਰਜਾ ਤਕਨਾਲੋਜੀਆਂ ਦੀ ਵਰਤੋਂ ਬਾਰੇ ਮਹਿਲਾ ਆਗੂਆਂ ਦੇ ਅਨੁਭਵ ਤੋਂ ਸਿੱਖਣਾ
-
ਅਖੁੱਟ ਊਰਜਾ ਮੁੱਲ ਲੜੀ ਵਿੱਚ ਮਹਿਲਾਵਾਂ ਦੀ ਮੁੱਖ ਭੂਮਿਕਾ ਨੂੰ ਸਮਝਣਾ ਅਤੇ ਕਿਵੇਂ ਸਹਾਇਕ ਨੀਤੀਆਂ, ਨਵੀਨਤਾਕਾਰੀ ਵਿੱਤੀ ਵਿਧੀਆਂ ਅਤੇ ਸਮਰੱਥਾ ਨਿਰਮਾਣ ਦੁਆਰਾ ਉਨ੍ਹਾਂ ਦੀ ਵਧੀ ਹੋਈ ਭਾਗੀਦਾਰੀ ਦੇਸ਼ ਵਿੱਚ ਲੰਬੇ ਸਮੇਂ ਦੀ ਊਰਜਾ ਸੁਰੱਖਿਆ ਨੂੰ ਪ੍ਰਭਾਵਤ ਕਰ ਸਕਦੀ ਹੈ।
-
ਵਿੱਤ, ਤਕਨਾਲੋਜੀ ਅਤੇ ਹੁਨਰ ਨਾਲ ਸਬੰਧਤ ਚੁਣੌਤੀਆਂ ਅਤੇ ਸੰਭਾਵੀ ਦਖਲਅੰਦਾਜ਼ੀ ਦੀ ਪਛਾਣ ਕਰਨਾ, ਜੋ ਮਹਿਲਾਵਾਂ ਦੀ ਅਗਵਾਈ ਵਾਲੇ ਜਲਵਾਯੂ-ਅਨੁਕੂਲ ਹੱਲਾਂ ਨੂੰ ਲਾਗੂ ਕਰਨ ਨੂੰ ਵਧਾ ਸਕਦੇ ਹਨ।
ਇਸ ਸਮਾਗਮ ਵਿੱਚ ਕੇਂਦਰੀ ਮੰਤਰਾਲਿਆਂ, ਰਾਜ ਵਿਭਾਗਾਂ, ਬਹੁਪੱਖੀ ਸੰਸਥਾਵਾਂ, ਫਾਇਨਾਂਸਰਾਂ, ਤਕਨਾਲੋਜੀ ਸਪਲਾਇਰਾਂ, ਥਿੰਕ ਟੈਂਕਾਂ ਅਤੇ ਲਾਭਪਾਤਰੀਆਂ ਸਮੇਤ ਮੁੱਲ ਲੜੀ ਵਿੱਚ ਹਿੱਸੇਦਾਰਾਂ ਸਮੇਤ 180 ਤੋਂ ਵੱਧ ਭਾਗੀਦਾਰਾਂ ਨੇ ਭਾਗ ਲਿਆ।
***
ਪੀਆਈਬੀ ਦਿੱਲੀ | ਏਐੱਮ/ਡੀਜੇਐੱਮ
(Release ID: 1938403)
Visitor Counter : 114