ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਡਾ. ਜਿਤੇਂਦਰ ਸਿੰਘ ਨੇ ਲੰਡਨ ਸਾਇੰਸ ਮਿਊਜ਼ੀਅਮ ਦਾ ਦੌਰਾ ਕੀਤਾ ਅਤੇ ਵੈਕਸੀਨ ਦੀਆਂ ਸਫਲ ਪਹਿਲਾਂ ਵਿੱਚ ਭਾਰਤ ਦੇ ਤਜਰਬੇ ਨੂੰ ਸਾਂਝਾ ਕੀਤਾ


ਭਾਰਤੀ ਟੀਕਾ ਬਜ਼ਾਰ 2025 ਤੱਕ 252 ਬਿਲੀਅਨ ਰੁਪਏ ਤੱਕ ਪਹੁੰਚਣ ਦੀ ਉਮੀਦ ਹੈ: ਡਾ. ਜਿਤੇਂਦਰ ਸਿੰਘ

Posted On: 30 APR 2023 3:10PM by PIB Chandigarh

ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਵਿਗਿਆਨ ਅਤੇ ਟੈਕਨੋਲੋਜੀ;  ਰਾਜ ਮੰਤਰੀ (ਸੁਤੰਤਰ ਚਾਰਜ) ਪ੍ਰਿਥਵੀ ਵਿਗਿਆਨ;  ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਪਬਲਿਕ ਸ਼ਿਕਾਇਤਾਂ, ਪੈਨਸ਼ਨਾਂ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ, ਡਾਕਟਰ ਜਿਤੇਂਦਰ ਸਿੰਘ ਨੇ ਅੱਜ ਲੰਡਨ ਦੇ 175 ਸਾਲ ਪੁਰਾਣੇ ਸਾਇੰਸ ਮਿਊਜ਼ੀਅਮ ਦਾ ਦੌਰਾ ਕੀਤਾ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਭਾਰਤ ਵਿੱਚ ਸ਼ੁਰੂ ਕੀਤੇ ਇਹੋ ਜਿਹੇ ਵਿਗਿਆਨ ਅਜਾਇਬ ਘਰ (ਸਾਇੰਸ ਮਿਊਜ਼ੀਅਮ) ਸਥਾਪਿਤ ਕਰਨ ਦੀ ਪਹਿਲ ਦਾ ਤਜਰਬਾ ਸਾਂਝਾ ਕੀਤਾ।

 

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਇਹ ਅਜਾਇਬ ਘਰ ਸਥਾਪਿਤ ਕਰਨ ਦਾ ਵਿਚਾਰ ਆਮ ਨਾਗਰਿਕਾਂ ਖਾਸ ਕਰਕੇ ਨੌਜਵਾਨਾਂ ਨੂੰ ਉਨ੍ਹਾਂ ਦੀਆਂ ਛੁਪੀਆਂ ਸੰਭਾਵਨਾਵਾਂ ਨੂੰ ਸਮਝਣ ਅਤੇ ਕਈ ਵਾਰ ਉਨ੍ਹਾਂ ਦੀਆਂ ਅੰਦਰੂਨੀ ਯੋਗਤਾਵਾਂ ਦਾ ਪਤਾ ਲਗਾਉਣ ਵਿੱਚ ਮਦਦ ਕਰਨਾ ਹੈ ਜਿਸ ਬਾਰੇ ਉਹ ਖੁਦ ਵੀ ਨਹੀਂ ਜਾਣਦੇ ਹਨ। ਇਹ ਉਨ੍ਹਾਂ ਵਿੱਚ ਉਤਸੁਕਤਾ ਨੂੰ ਵੀ ਜਗਾਉਂਦਾ ਹੈ ਜੋ ਉਨ੍ਹਾਂ ਦੇ ਵਿਗਿਆਨਕ ਸੁਭਾਅ ਨੂੰ ਤਿੱਖਾ ਕਰਨ ਅਤੇ ਰਚਨਾਤਮਕ ਇਨੋਵੇਸ਼ਨ ਨੂੰ ਪ੍ਰੇਰਿਤ ਕਰਨ ਵਿੱਚ ਮਦਦ ਕਰ ਸਕਦਾ ਹੈ।


 ਵਿਗਿਆਨ ਅਜਾਇਬ ਘਰ ਦੱਖਣੀ ਕੇਨਸਿੰਗਟਨ, ਲੰਡਨ ਵਿੱਚ ਪ੍ਰਦਰਸ਼ਨੀ ਰੋਡ 'ਤੇ ਇੱਕ ਪ੍ਰਮੁੱਖ ਅਜਾਇਬ ਘਰ ਹੈ। ਇਸਦੀ ਸਥਾਪਨਾ 1857 ਵਿੱਚ ਕੀਤੀ ਗਈ ਸੀ। ਅਜਾਇਬ ਘਰ ਦਾ ਮੈਨੇਜਮੈਂਟ ਭਾਰਤ ਦੀ ਕੋਵਿਡ ਸਫਲਤਾ ਦੀ ਕਹਾਣੀ ਤੋਂ ਵਿਸ਼ੇਸ਼ ਤੌਰ 'ਤੇ ਪ੍ਰਭਾਵਿਤ ਸੀ।

 

ਇਹ ਟੂਰ ਮੁੱਖ ਤੌਰ 'ਤੇ ਊਰਜਾ ਕ੍ਰਾਂਤੀ, ਵੈਕਸੀਨ ਅਤੇ ਪੁਲਾੜ ਗੈਲਰੀ ਦੇ ਖੇਤਰਾਂ 'ਤੇ ਕੇਂਦਰਿਤ ਸੀ।

ਮੰਤਰੀ ਨੂੰ ਕੋਵਿਡ ਮਹਾਮਾਰੀ ਦੇ ਇਤਿਹਾਸ ਦਾ ਪਤਾ ਲਗਾਉਣ ਲਈ ਬਣਾਏ ਗਏ ਨਿਵੇਕਲੇ ਪਵੇਲੀਅਨ ਦੇ ਦੁਆਲੇ ਲੈ ਜਾਇਆ ਗਿਆ, ਜਿੱਥੇ ਕਿ ਸਾਹਮਣੇ ਆਏ ਪਹਿਲੇ ਕੋਵਿਡ ਕੇਸ ਤੋਂ ਲੈ ਕੇ ਟੀਕਾਕਰਣ ਕਰਵਾਉਣ ਵਾਲੇ ਪਹਿਲੇ ਵਿਅਕਤੀ ਤੱਕ ਦੀ ਜਾਣਕਾਰੀ ਦਿੱਤੀ ਗਈ ਹੈ। ਲੋਕਾਂ ਦੀ ਜਾਗਰੂਕਤਾ ਅਤੇ ਸਿੱਖਿਆ ਲਈ ਇਤਿਹਾਸ ਨੂੰ ਕਾਲਕ੍ਰਮਿਕ ਕ੍ਰਮ ਵਿੱਚ ਦਰਜ ਕੀਤਾ ਗਿਆ ਹੈ।  ਕੋਵਿਡ ਦੇ ਪ੍ਰਬੰਧਨ ਅਤੇ ਰੋਕਥਾਮ ਵਿੱਚ ਭਾਰਤ ਦੀ ਮੁੱਖ ਭੂਮਿਕਾ ਨੂੰ ਪਵੇਲੀਅਨ ਵਿੱਚ ਮਾਨਤਾ ਦਿੱਤੀ ਗਈ ਹੈ। 

 

ਮੰਤਰੀ ਭਾਰਤੀ ਉਪ-ਮਹਾਂਦੀਪ ਵਿੱਚ ਪ੍ਰਚਲਿਤ ਗਰਮ ਖੰਡੀ ਬਿਮਾਰੀਆਂ ਨੂੰ ਸਮਰਪਿਤ ਇੱਕ ਹੋਰ ਪਵੇਲੀਅਨ ਅਤੇ ਭਾਰਤ ਦੀ ਅਗਵਾਈ ਵਿੱਚ ਪੋਲੀਓ ਖਾਤਮਾ ਪ੍ਰੋਗਰਾਮ ਨੂੰ ਸਮਰਪਿਤ ਹਿੰਦੀ ਭਾਸ਼ਾ ਵਿੱਚ ਲਿਖੇ ਬੈਨਰਾਂ ਵਾਲੀ ਪ੍ਰਦਰਸ਼ਨੀ ਦੇ ਵਿਸ਼ੇਸ਼ ਭਾਗ ਤੋਂ ਪ੍ਰਭਾਵਿਤ ਹੋਏ, ਜੋ ਕਿ ਨਿਵਾਰਕ ਸਿਹਤ ਸੰਭਾਲ਼ ਦੇ ਖੇਤਰ ਵਿੱਚ ਬਾਕੀ ਦੁਨੀਆ ਲਈ ਇੱਕ ਪ੍ਰਤੀਕ ਰੋਲ ਮਾਡਲ ਰਿਹਾ ਹੈ।

 

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਭਾਰਤ ਤੇਜ਼ੀ ਨਾਲ ਦੁਨੀਆ ਦੀ ਇੱਕ ਪ੍ਰਮੁੱਖ ਜੈਵ-ਅਰਥਵਿਵਸਥਾ ਵਜੋਂ ਉੱਭਰ ਰਿਹਾ ਹੈ ਅਤੇ ਪਿਛਲੇ ਕੁਝ ਸਾਲਾਂ ਵਿੱਚ, ਜਦੋਂ ਇਨੋਵੇਸ਼ਨ ਅਤੇ ਟੈਕਨੋਲੋਜੀ ਦੀ ਗੱਲ ਆਉਂਦੀ ਹੈ ਤਾਂ ਇਸ ਵਿੱਚ ਕਈ ਗੁਣਾ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਭਾਰਤ ਨੇ ਸਿਰਫ਼ ਦੋ ਸਾਲਾਂ ਵਿੱਚ ਚਾਰ ਸਵਦੇਸ਼ੀ ਟੀਕੇ ਵਿਕਸਿਤ ਕੀਤੇ ਹਨ।

 

ਮੰਤਰੀ ਨੇ ਅੱਗੇ ਕਿਹਾ ਕਿ ਵਿਗਿਆਨ ਅਤੇ ਟੈਕਨੋਲੋਜੀ ਮੰਤਰਾਲੇ ਦੇ ਬਾਇਓਟੈਕਨੋਲੋਜੀ ਵਿਭਾਗ (ਡੀਬੀਟੀ) ਨੇ “ਮਿਸ਼ਨ ਕੋਵਿਡ ਸੁਰੱਖਿਆ” ਰਾਹੀਂ, ਚਾਰ ਟੀਕੇ ਪ੍ਰਦਾਨ ਕੀਤੇ ਹਨ, ਕੋਵੈਕਸੀਨ ਦੇ ਨਿਰਮਾਣ ਨੂੰ ਵਧਾਇਆ ਹੈ, ਅਤੇ ਭਵਿੱਖ ਦੇ ਟੀਕਿਆਂ ਦੇ ਸੁਚਾਰੂ ਵਿਕਾਸ ਲਈ ਲੋੜੀਂਦਾ ਬੁਨਿਆਦੀ ਢਾਂਚਾ ਤਿਆਰ ਕੀਤਾ ਹੈ, ਤਾਂ ਜੋ ਸਾਡਾ ਦੇਸ਼ ਮਹਾਮਾਰੀ ਲਈ ਤਿਆਰ ਹੋਵੇ। 


 ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਦੁਨੀਆ ਹੁਣ ਨਿਵਾਰਕ ਸਿਹਤ ਸੰਭਾਲ਼ ਵਿੱਚ ਭਾਰਤ ਦੀ ਉੱਤਮ ਸਮਰੱਥਾ ਨੂੰ ਸਮਝ ਰਿਹਾ ਹੈ ਅਤੇ ਅਸੀਂ ਹੁਣ ਇਸ ਲੜੀ ਵਿੱਚ ਕਈ ਹੋਰ ਟੀਕੇ ਵਿਕਸਿਤ ਕਰਨ ਦੀ ਪ੍ਰਕਿਰਿਆ ਵਿੱਚ ਹਾਂ। ਹਾਲ ਹੀ ਵਿੱਚ ਪਹਿਲੀ ਡੀਐੱਨਏ ਵੈਕਸੀਨ ਤੋਂ ਬਾਅਦ, ਪਹਿਲੀ ਨੱਕ ਰਾਹੀਂ ਦਿੱਤੀ ਜਾਣ ਵਾਲੀ ਵੈਕਸੀਨ (nasal vaccine) ਵੀ ਸਫਲਤਾਪੂਰਵਕ ਤਿਆਰ ਕੀਤੀ ਗਈ ਹੈ ਅਤੇ ਹਿਊਮਨ ਪੈਪੀਲੋਮਾਵਾਇਰਸ (ਐੱਚਪੀਵੀ) ਨਾਲ ਸਬੰਧਿਤ ਇੱਕ ਹੋਰ ਵੈਕਸੀਨ ਵੀ ਵਿਕਸਿਤ ਕੀਤੀ ਗਈ ਹੈ ਜੋ ਸਰਵਾਈਕਲ ਕੈਂਸਰ ਦੀ ਰੋਕਥਾਮ ਵਿੱਚ ਮਦਦ ਕਰਦਾ ਹੈ।

ਡਾ. ਜਿਤੇਂਦਰ ਸਿੰਘ ਨੇ ਰੇਖਾਂਕਿਤ ਕੀਤਾ ਕਿ ਭਾਰਤੀ ਵੈਕਸੀਨ ਮਾਰਕੀਟ, ਜਿਸ ਨੇ ਆਲਮੀ ਪੱਧਰ 'ਤੇ ਆਪਣਾ ਸਥਾਨ ਬਣਾ ਲਿਆ ਹੈ, ਦੇ 2025 ਤੱਕ 252 ਬਿਲੀਅਨ ਰੁਪਏ ਦੇ ਮੁੱਲ ਤੱਕ ਪਹੁੰਚਣ ਦੀ ਉਮੀਦ ਹੈ। ਉਨ੍ਹਾਂ ਨੇ ਭਾਰਤ ਅਤੇ ਯੂਨਾਈਟਿਡ ਕਿੰਗਡਮ ਦਰਮਿਆਨ ਬਾਇਓਟੈਕ ਸਟਾਰਟਅੱਪਸ ਅਤੇ ਵੈਕਸੀਨ ਵਿਕਾਸ ਵਿੱਚ ਵਿਸਤ੍ਰਿਤ ਸਹਿਯੋਗ ਦੀ ਮੰਗ ਵੀ ਕੀਤੀ। 

 

 ਡਾ. ਜਿਤੇਂਦਰ ਸਿੰਘ ਯੂਨਾਈਟਿਡ ਕਿੰਗਡਮ ਦੇ 6 ਦਿਨਾਂ ਦੌਰੇ 'ਤੇ ਵਿਗਿਆਨ ਅਤੇ ਟੈਕਨੋਲੋਜੀ ਮੰਤਰਾਲੇ ਦੇ ਉੱਚ ਪੱਧਰੀ ਸਰਕਾਰੀ ਭਾਰਤੀ ਵਫ਼ਦ ਦੀ ਅਗਵਾਈ ਕਰ ਰਹੇ ਹਨ


 

 **********

 

ਐੱਸਐੱਨਸੀ/ਐੱਸਐੱਮ



(Release ID: 1921156) Visitor Counter : 84