ਸੱਭਿਆਚਾਰ ਮੰਤਰਾਲਾ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੰਤਰਰਾਸ਼ਟਰੀ ਬੋਧੀ ਪਰਿਸੰਘ ਦੇ ਸਹਿਯੋਗ ਨਾਲ ਸੱਭਿਆਚਾਰਕ ਮੰਤਰਾਲੇ ਵਲੋਂ ਆਯੋਜਿਤ ਪਹਿਲੇ ਆਲਮੀ ਬੋਧੀ ਸੰਮੇਲਨ ਦਾ ਉਦਘਾਟਨ ਕੀਤਾ
"ਬੁੱਧ ਚੇਤਨਾ ਸਦੀਵੀ ਹੈ": ਪ੍ਰਧਾਨ ਮੰਤਰੀ ਮੋਦੀ
"ਆਈਬੀਸੀ ਵਰਗੇ ਪਲੈਟਫਾਰਮ ਬੁੱਧ ਧੰਮ ਅਤੇ ਸ਼ਾਂਤੀ ਦਾ ਪ੍ਰਚਾਰ ਕਰਨ ਲਈ ਸਮਾਨ ਸੋਚ ਵਾਲੇ ਅਤੇ ਇੱਕ ਅਹਿਸਾਸ ਵਾਲੇ ਦੇਸ਼ਾਂ ਨੂੰ ਮੌਕਾ ਦੇ ਰਹੇ ਹਨ": ਪ੍ਰਧਾਨ ਮੰਤਰੀ ਮੋਦੀ
ਆਲਮੀ ਬੋਧੀ ਸੰਮੇਲਨ ਵਿਸ਼ਵ ਨਾਲ ਸਾਡੇ ਸੱਭਿਆਚਾਰਕ ਅਤੇ ਕੂਟਨੀਤਕ ਸਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰੇਗਾ: ਸ਼੍ਰੀ ਜੀ ਕੇ ਰੈੱਡੀ
ਬੁੱਧ ਧੰਮ ਕੇਵਲ ਇੱਕ ਧਰਮ ਨਹੀਂ ਹੈ; ਇਹ ਜੀਵਨ ਜਾਚ ਦਾ ਇੱਕ ਢੰਗ ਹੈ, ਜੋ ਸਾਰੇ ਜੀਵਾਂ ਪ੍ਰਤੀ ਦਇਆ 'ਤੇ ਜ਼ੋਰ ਦਿੰਦਾ ਹੈ: ਸ਼੍ਰੀ ਕਿਰੇਨ ਰਿਜਿਜੂ
Posted On:
20 APR 2023 7:28PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਹੋਟਲ ਅਸ਼ੋਕ ਵਿੱਚ ਆਲਮੀ ਬੋਧੀ ਸੰਮੇਲਨ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਫੋਟੋ ਪ੍ਰਦਰਸ਼ਨੀ ਰਾਹੀਂ ਲੰਘ ਕੇ ਬੁੱਧ ਦੀ ਪ੍ਰਤਿਮਾ 'ਤੇ ਫੁੱਲ ਭੇਟ ਕੀਤੇ। ਉਨ੍ਹਾਂ 19 ਉੱਘੇ ਭਿਕਸ਼ੂਆਂ ਨੂੰ ਭਿਕਸ਼ੂ ਬਸਤਰ (ਚਿਵਰ ਦਾਨ) ਵੀ ਭੇਟ ਕੀਤੇ। ਇਸ ਮੌਕੇ ਕੇਂਦਰੀ ਸੱਭਿਆਚਾਰਕ ਮੰਤਰੀ ਸ਼੍ਰੀ ਜੀ ਕਿਸ਼ਨ ਰੈੱਡੀ, ਕੇਂਦਰੀ ਕਾਨੂੰਨ ਅਤੇ ਨਿਆਂ ਮੰਤਰੀ ਸ਼੍ਰੀ ਕਿਰੇਨ ਰਿਜਿਜੂ, ਕੇਂਦਰੀ ਸੱਭਿਆਚਾਰਕ ਰਾਜ ਮੰਤਰੀ ਸ਼੍ਰੀ ਅਰਜੁਨ ਰਾਮ ਮੇਘਵਾਲ ਅਤੇ ਸ਼੍ਰੀਮਤੀ ਮੀਨਾਕਸ਼ੀ ਲੇਖੀ ਅਤੇ ਅੰਤਰਰਾਸ਼ਟਰੀ ਬੁੱਧ ਪਰਿਸੰਘ ਦੇ ਸਕੱਤਰ ਜਨਰਲ ਡਾ. ਧੰਮਪੀਆ ਮੌਜੂਦ ਸਨ।
ਸੱਭਿਆਚਾਰਕ ਮੰਤਰਾਲੇ ਵੱਲੋਂ ਅੰਤਰਰਾਸ਼ਟਰੀ ਬੋਧੀ ਪਰਿਸੰਘ ਦੇ ਸਹਿਯੋਗ ਨਾਲ 20-21 ਅਪ੍ਰੈਲ ਨੂੰ ਦੋ ਦਿਨਾਂ ਸੰਮੇਲਨ ਦੀ ਮੇਜ਼ਬਾਨੀ ਕੀਤੀ ਜਾ ਰਹੀ ਹੈ। ਆਲਮੀ ਬੋਧੀ ਸੰਮੇਲਨ ਦਾ ਵਿਸ਼ਾ ਹੈ "ਸਮਕਾਲੀ ਚੁਣੌਤੀਆਂ ਦੇ ਪ੍ਰਤੀਕਰਮ: ਫ਼ਲਸਫ਼ੇ ਤੋਂ ਅਭਿਆਸ"। ਇਹ ਬੋਧੀ ਅਤੇ ਆਲਮੀ ਸਰੋਕਾਰਾਂ ਦੇ ਮਾਮਲਿਆਂ 'ਤੇ ਵਿਸ਼ਵਵਿਆਪੀ ਬੋਧੀ ਧੰਮ ਦੀ ਅਗਵਾਈ ਅਤੇ ਵਿਦਵਾਨਾਂ ਨੂੰ ਸ਼ਾਮਲ ਕਰਨ ਅਤੇ ਉਨ੍ਹਾਂ ਨੂੰ ਸਮੂਹਿਕ ਤੌਰ 'ਤੇ ਹੱਲ ਕਰਨ ਲਈ ਨੀਤੀਗਤ ਜਾਣਕਾਰੀਆਂ ਨਾਲ ਸ਼ਾਮਲ ਕਰਨ ਦੀ ਇੱਕ ਕੋਸ਼ਿਸ਼ ਹੈ। ਸਿਖਰ ਸੰਮੇਲਨ ਵਿੱਚ ਹੋਈ ਚਰਚਾ ਦੌਰਾਨ ਪਤਾ ਲੱਗਿਆ ਹੈ ਕਿ ਕਿਵੇਂ ਬੁੱਧ ਧੰਮ ਦੀਆਂ ਬੁਨਿਆਦੀ ਕਦਰਾਂ-ਕੀਮਤਾਂ ਸਮਕਾਲੀ ਸਥਿਤੀਆਂ ਵਿੱਚ ਪ੍ਰੇਰਨਾ ਅਤੇ ਮਾਰਗਦਰਸ਼ਨ ਪ੍ਰਦਾਨ ਕਰ ਸਕਦੀਆਂ ਹਨ।
ਸਭਾ ਨੂੰ ਸੰਬੋਧਿਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਵਿਸ਼ਵ ਦੇ ਵੱਖ-ਵੱਖ ਕੋਨਿਆਂ ਤੋਂ ਆਏ ਸਾਰਿਆਂ ਦਾ ਆਲਮੀ ਬੋਧੀ ਸੰਮੇਲਨ ਦੇ ਉਦਘਾਟਨੀ ਸੈਸ਼ਨ ਵਿੱਚ ਸਵਾਗਤ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ, "ਬੁੱਧ ਵਿਅਕਤੀ ਤੋਂ ਪਰ੍ਹੇ ਹੈ, ਇਹ ਇੱਕ ਧਾਰਨਾ ਹੈ ਅਤੇ ਬੁੱਧ ਇੱਕ ਸੰਵੇਦਨਾ ਹੈ, ਜੋ ਵਿਅਕਤੀ ਤੋਂ ਪਰ੍ਹੇ ਹੈ, ਉਹ ਇੱਕ ਵਿਚਾਰ ਹੈ ਜੋ ਰੂਪ ਤੋਂ ਪਰ੍ਹੇ ਹੈ ਅਤੇ ਬੁੱਧ ਇੱਕ ਚੇਤਨਾ ਹੈ ਜੋ ਪ੍ਰਗਟਾਵੇ ਤੋਂ ਪਰ੍ਹੇ ਹੈ, ਇਹ ਬੁੱਧ ਚੇਤਨਾ ਸਦੀਵੀ ਹੈ"। ਇਸ ਮੌਕੇ 'ਤੇ ਧਿਆਨ ਦਿੰਦੇ ਹੋਏ, ਉਨ੍ਹਾਂ ਨੇ ਭਰੋਸਾ ਪ੍ਰਗਟਾਇਆ ਕਿ ਉਦਘਾਟਨ ਆਲਮੀ ਬੋਧੀ ਸੰਮੇਲਨ ਸਾਰੇ ਦੇਸ਼ਾਂ ਦੇ ਯਤਨਾਂ ਲਈ ਇੱਕ ਪ੍ਰਭਾਵਸ਼ਾਲੀ ਪਲੈਟਫਾਰਮ ਤਿਆਰ ਕਰੇਗਾ ਅਤੇ ਇਸ ਮਹੱਤਵਪੂਰਨ ਸਮਾਗਮ ਲਈ ਸੱਭਿਆਚਾਰ ਮੰਤਰਾਲੇ ਅਤੇ ਅੰਤਰਰਾਸ਼ਟਰੀ ਬੋਧੀ ਪਰਿਸੰਘ ਦਾ ਧੰਨਵਾਦ ਕੀਤਾ।
ਪ੍ਰਧਾਨ ਮੰਤਰੀ ਨੇ ਮਨੁੱਖਤਾ ਦੇ ਮੁੱਦਿਆਂ ਲਈ ਭਾਰਤ ਵਿੱਚ ਅੰਦਰੂਨੀ ਹਮਦਰਦੀ ਲਈ ਭਗਵਾਨ ਬੁੱਧ ਦੀਆਂ ਸਿੱਖਿਆਵਾਂ ਨੂੰ ਸਿਹਰਾ ਦਿੱਤਾ। ਉਨ੍ਹਾਂ ਤੁਰਕੀ ਵਿੱਚ ਭੂਚਾਲ ਵਰਗੀਆਂ ਆਫ਼ਤਾਂ ਲਈ ਬਚਾਅ ਕਾਰਜਾਂ ਵਿੱਚ ਸ਼ਾਂਤੀ ਮਿਸ਼ਨਾਂ ਅਤੇ ਭਾਰਤ ਵਲੋਂ ਪੂਰੇ ਦਿਲ ਨਾਲ ਕੀਤੇ ਯਤਨਾਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ 140 ਕਰੋੜ ਭਾਰਤੀਆਂ ਦੇ ਇਸ ਜਜ਼ਬੇ ਨੂੰ ਦੁਨੀਆ ਦੇਖ, ਸਮਝ ਅਤੇ ਸਵੀਕਾਰ ਕਰ ਰਹੀ ਹੈ। ਉਸ ਨੇ ਅੱਗੇ ਕਿਹਾ, ਆਈਬੀਸੀ ਵਰਗੇ ਪਲੈਟਫਾਰਮ ਬੁੱਧ ਧੰਮ ਅਤੇ ਸ਼ਾਂਤੀ ਦਾ ਪ੍ਰਚਾਰ ਕਰਨ ਲਈ ਸਮਾਨ ਵਿਚਾਰਧਾਰਾ ਵਾਲੇ ਅਤੇ ਇੱਕੋ ਜਿਹੇ ਅਹਿਸਾਸ ਵਾਲੇ ਦੇਸ਼ਾਂ ਨੂੰ ਮੌਕਾ ਦੇ ਰਹੇ ਹਨ।
ਪ੍ਰਧਾਨ ਮੰਤਰੀ ਦੇ ਭਾਸ਼ਣ ਦੇ ਪੂਰੇ ਪਾਠ ਲਈ ਇੱਥੇ ਕਲਿੱਕ ਕਰੋ।
ਇਸ ਮੌਕੇ 'ਤੇ ਉੱਤਰ-ਪੂਰਬੀ ਖੇਤਰ ਦੇ ਸੱਭਿਆਚਾਰ, ਸੈਰ-ਸਪਾਟਾ ਅਤੇ ਵਿਕਾਸ ਮੰਤਰੀ ਸ਼੍ਰੀ ਜੀ ਕਿਸ਼ਨ ਰੈੱਡੀ ਨੇ ਕਿਹਾ ਕਿ ਸਾਡੇ ਸਾਰਿਆਂ ਲਈ ਇਹ ਮਾਣ ਵਾਲੀ ਗੱਲ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵੱਲੋਂ ਆਲਮੀ ਬੋਧੀ ਸੰਮੇਲਨ ਦਾ ਉਦਘਾਟਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਦੋ-ਰੋਜ਼ਾ ਆਲਮੀ ਬੋਧੀ ਸੰਮੇਲਨ ਦਾ ਵਿਸ਼ਾ ‘ਸਮਕਾਲੀ ਚੁਣੌਤੀਆਂ ਦੇ ਪ੍ਰਤੀਕਰਮ- ਫਲਸਫੇ ਤੋਂ ਅਭਿਆਸ’ ਹੈ। ਇਸ ਆਲਮੀ ਬੋਧੀ ਸੰਮੇਲਨ ਵਿੱਚ ਦੁਨੀਆ ਦੇ 30 ਤੋਂ ਵੱਧ ਵੱਖ-ਵੱਖ ਦੇਸ਼ਾਂ ਦੇ ਲਗਭਗ 170 ਅੰਤਰਰਾਸ਼ਟਰੀ ਡੈਲੀਗੇਟ ਹਿੱਸਾ ਲੈ ਰਹੇ ਹਨ। ਦੋ ਦਿਨਾ ਆਲਮੀ ਬੋਧੀ ਸੰਮੇਲਨ ਵਿੱਚ ਸ਼ਾਂਤੀ, ਵਾਤਾਵਰਣ, ਨੈਤਿਕਤਾ, ਸਿਹਤ, ਟਿਕਾਊ ਵਿਕਾਸ ਅਤੇ ਬੁੱਧ ਪਰਿਸੰਘ ਦੇ ਵਿਸ਼ਿਆਂ 'ਤੇ ਚਰਚਾ ਹੋਵੇਗੀ। ਮੰਤਰੀ ਨੇ ਕਿਹਾ ਕਿ ਆਲਮੀ ਬੋਧੀ ਸੰਮੇਲਨ ਮੋਦੀ ਸਰਕਾਰ ਦੀ ਇੱਕ ਪਹਿਲਕਦਮੀ ਹੈ ਅਤੇ ਇਹ ਵਿਸ਼ਵ ਨਾਲ ਸਾਡੇ ਸੱਭਿਆਚਾਰ ਅਤੇ ਕੂਟਨੀਤਕ ਸਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰੇਗਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਦੁਨੀਆ ਦੀਆਂ ਵੱਡੀਆਂ ਚੁਣੌਤੀਆਂ ਦਾ ਬੋਧੀ ਜੀਵਨ ਦੇ ਫਲਸਫੇ ਨਾਲ ਹੱਲ ਕੀਤਾ ਜਾ ਸਕਦਾ ਹੈ ਅਤੇ ਮੈਨੂੰ ਲੱਗਦਾ ਹੈ ਕਿ ਆਲਮੀ ਬੋਧੀ ਸੰਮੇਲਨ ਉਸ ਦਿਸ਼ਾ ਵਿੱਚ ਇੱਕ ਸਫਲ ਯਤਨ ਹੋਵੇਗਾ।
ਇਸ ਮੌਕੇ 'ਤੇ ਕੇਂਦਰੀ ਕਾਨੂੰਨ ਅਤੇ ਨਿਆਂ ਮੰਤਰੀ ਸ਼੍ਰੀ ਕਿਰੇਨ ਰਿਜਿਜੂ ਨੇ ਕਿਹਾ ਕਿ ਮਹਾਸੰਘ, ਵਿਸ਼ਵ ਭਰ ਦੇ ਮਹਾਂਸੰਘ ਅਤੇ ਆਦਰਯੋਗ ਸਖਸ਼ੀਅਤਾਂ, ਸੰਘ ਨਾਇਕਾਂ, ਧਿਆਨ ਮਾਸਟਰਾਂ, ਵੱਖ-ਵੱਖ ਬੋਧੀ ਐਸੋਸੀਏਸ਼ਨਾਂ, ਮੱਠਵਰਤੀ ਸੰਸਥਾਵਾਂ, ਬੁੱਧੀਜੀਵੀ ਵਿਦਵਾਨਾਂ ਦੇ ਸਮਰਥਨ ਨੇ ਸਾਨੂੰ ਇਸ ਇਤਿਹਾਸਕ ਦਿਨ ਤੱਕ ਪਹੁੰਚਾਇਆ ਹੈ ਜਿਸ ਸ਼ੁਭ ਦਿਹਾੜੇ ਦੇ ਅਸੀਂ ਗਵਾਹ ਬਣੇ ਹਾਂ। ਮੈਨੂੰ ਇਹ ਜਾਣ ਕੇ ਖੁਸ਼ੀ ਹੋਈ ਹੈ ਕਿ ਇਸ ਆਲਮੀ ਬੋਧੀ ਸੰਮੇਲਨ ਦਾ ਵਿਸ਼ਾ 'ਸਮਕਾਲੀ ਚੁਣੌਤੀਆਂ ਦੇ ਪ੍ਰਤੀਕਰਮ- ਫਲਸਫੇ ਤੋਂ ਅਭਿਆਸ' ਹੈ ਅਤੇ ਸੰਮੇਲਨ ਨੂੰ ਦੋ ਵੱਖ-ਵੱਖ ਸਮਾਨਾਂਤਰ ਸੈਸ਼ਨਾਂ - ਇੱਕ ਸੰਘ ਸੈਸ਼ਨ ਅਤੇ ਇੱਕ ਅਕਾਦਮਿਕ ਸੈਸ਼ਨ ਵਿੱਚ ਵੰਡਿਆ ਗਿਆ ਹੈ। ਜਿਸ ਵਿੱਚ ਕਈ ਵੱਖ-ਵੱਖ ਉਪ-ਵਿਸ਼ੇ ਹਨ, ਜਿਵੇਂ ਕਿ, ਬੁੱਧ ਧੰਮ ਅਤੇ ਸ਼ਾਂਤੀ, ਵਾਤਾਵਰਣ ਸੰਕਟ, ਸਿਹਤ ਅਤੇ ਸਥਿਰਤਾ, ਨਾਲੰਦਾ ਬੋਧੀ ਪਰੰਪਰਾ ਦੀ ਸੰਭਾਲ, ਬੁੱਧ ਧੰਮ ਤੀਰਥ ਯਾਤਰਾ, ਜੀਵਤ ਵਿਰਾਸਤ ਅਤੇ ਬੁੱਧ ਦੇ ਅਵਸ਼ੇਸ਼ ਆਦਿ। ਉਨ੍ਹਾਂ ਨੇ ਅੰਤਰਰਾਸ਼ਟਰੀ ਬੁੱਧ ਪਰਿਸੰਘ ਦੇ ਸਾਰੇ ਮੈਂਬਰਾਂ ਨੂੰ ਵੀ ਇਸ ਨੂੰ ਸਫਲ ਬਣਾਉਣ ਲਈ ਵਧਾਈ ਦਿੱਤੀ।
ਉਨ੍ਹਾਂ ਇਹ ਵੀ ਕਿਹਾ, "ਬੁੱਧ ਧੰਮ ਕੇਵਲ ਇੱਕ ਧਰਮ ਨਹੀਂ ਹੈ, ਇਹ ਜੀਵਨ ਜਾਚ ਦਾ ਇੱਕ ਤਰੀਕਾ ਹੈ ਜੋ ਸਾਰੇ ਜੀਵਾਂ ਪ੍ਰਤੀ ਦਇਆ 'ਤੇ ਜ਼ੋਰ ਦਿੰਦਾ ਹੈ। ਅਸਥਾਈਤਾ ਅਤੇ ਅੰਤਰ-ਨਿਰਭਰਤਾ ਦੀਆਂ ਸਿੱਖਿਆਵਾਂ ਸਾਨੂੰ ਯਾਦ ਦਿਵਾਉਂਦੀਆਂ ਹਨ ਕਿ ਸੰਸਾਰ ਵਿੱਚ ਸਭ ਕੁਝ ਬਦਲ ਰਿਹਾ ਹੈ ਅਤੇ ਆਪਸ ਵਿੱਚ ਜੁੜਿਆ ਹੋਇਆ ਹੈ ਅਤੇ ਸਾਨੂੰ ਅਜਿਹੇ ਤਰੀਕੇ ਨਾਲ ਜੋ ਧਰਤੀ ਅਤੇ ਇਸ ਦੇ ਸਰੋਤਾਂ ਲਈ ਟਿਕਾਊ ਅਤੇ ਸਤਿਕਾਰਯੋਗ ਹੈ, ਅਨੁਸਾਰ ਜਿਊਣਾ ਸਿੱਖਣਾ ਚਾਹੀਦਾ ਹੈ।"
ਇਸ ਮੌਕੇ 'ਤੇ, "ਸਮਕਾਲੀ ਚੁਣੌਤੀਆਂ ਦੇ ਪ੍ਰਤੀਕਰਮ: ਫਲਸਫੇ ਤੋਂ ਅਭਿਆਸ" ਵਿਸ਼ੇ 'ਤੇ ਦੋ-ਰੋਜ਼ਾ ਆਲਮੀ ਬੋਧੀ ਸੰਮੇਲਨ ਦੇ ਹਿੱਸੇ ਵਜੋਂ ਪੰਜ ਪ੍ਰਦਰਸ਼ਨੀਆਂ ਦੇ ਪੰਚ ਪ੍ਰਦਰਸ਼ਨ ਦਾ ਆਯੋਜਨ ਕੀਤਾ ਗਿਆ।
ਇਨ੍ਹਾਂ ਵਿੱਚ ਆਈਬੀਸੀ ਦੀ 10 ਸਾਲਾਂ ਦੀ ਯਾਤਰਾ, ਗੁਜਰਾਤ ਦੇ ਵਡਨਗਰ ਸ਼ਹਿਰ ਦੀ ਵਿਰਾਸਤ ਵਿੱਚ ਪ੍ਰਗਟ ਹੋਣ ਵਾਲੀ ਬੁੱਧ ਦੀ ਅਮੀਰ ਸੱਭਿਆਚਾਰਕ ਵਿਰਾਸਤ, ਬੋਧੀ ਤੀਰਥ ਯਾਤਰੀ ਜ਼ੁਆਨਜ਼ਾਂਗ ਦੇ ਯਾਤਰਾ ਬਿਰਤਾਂਤ, ਬੋਧੀ ਧਾਰਮਿਕ ਆਗੂ ਅਤੇ ਮਾਸਟਰ ਅਤੀਸਾ ਦੀਪਾਂਕਰਾ ਸ੍ਰੀਜਨਾ ਦੇ ਕੰਮ ਅਤੇ ਅਜੰਤਾ ਪੇਂਟਿੰਗਾਂ ਦੀ ਡਿਜੀਟਲ ਬਹਾਲੀ ਨੂੰ ਦਰਸਾਇਆ ਗਿਆ ਹੈ। ਪਦਮਪਾਨੀ (ਅਜੰਤਾ ਏਲੋਰਾ) ਦੀ ਗੁਫਾ ਪੇਂਟਿੰਗ ਦੀ ਡਿਜੀਟਲ ਬਹਾਲੀ ਦੀ ਉਦਾਹਰਣ ਰਾਹੀਂ ਸੱਭਿਆਚਾਰਕ ਕਲਾਕ੍ਰਿਤੀਆਂ ਦੇ ਡਿਜੀਟਲ ਰੂਪ ਵਿੱਚ ਬਹਾਲੀ ਵਿੱਚ ਸ਼ਾਮਲ ਪ੍ਰਕਿਰਿਆ ਨੂੰ ਦਰਸਾਉਂਦਾ ਹੈ।
ਮੰਗਲਾਚਰਣ ਪਾਠ ਦੌਰਾਨ ਪ੍ਰਧਾਨ ਮੰਤਰੀ ਵੱਲੋਂ ਬੁੱਧ ਦੀ ਪ੍ਰਤਿਮਾ ਨੂੰ ਫੁੱਲ ਭੇਟ ਕਰਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ। ਡਾ. ਸੁਭਦਰਾ ਦੇਸਾਈ ਨੇ ਰਤਨ ਸੁਤਾ ਦੀ ਕਲਾਸੀਕਲ ਪੇਸ਼ਕਾਰੀ ਕੀਤੀ।
ਸੰਮੇਲਨ ਵਿੱਚ ਵਿਸ਼ਵ ਭਰ ਦੇ ਉੱਘੇ ਵਿਦਵਾਨਾਂ, ਸੰਘ ਨੇਤਾਵਾਂ ਅਤੇ ਧਰਮ ਅਭਿਆਸੀਆਂ ਦੀ ਭਾਗੀਦਾਰੀ ਦੇਖੀ ਗਈ, ਜੋ ਆਲਮੀ ਮੁੱਦਿਆਂ 'ਤੇ ਚਰਚਾ ਕਰਨਗੇ ਅਤੇ ਵਿਸ਼ਵਵਿਆਪੀ ਕਦਰਾਂ-ਕੀਮਤਾਂ 'ਤੇ ਅਧਾਰਤ ਬੁੱਧ ਧੰਮ ਵਿੱਚ ਜਵਾਬ ਲੱਭਣਗੇ। ਬੁੱਧ ਧੰਮ ਅਤੇ ਸ਼ਾਂਤੀ; ਬੁੱਧ ਧੰਮ: ਵਾਤਾਵਰਣ ਸੰਕਟ, ਸਿਹਤ ਅਤੇ ਸਥਿਰਤਾ; ਨਾਲੰਦਾ ਬੋਧੀ ਪਰੰਪਰਾ ਦੀ ਸੰਭਾਲ; ਬੁੱਧ ਧੰਮ ਤੀਰਥ ਯਾਤਰਾ, ਜੀਵਤ ਵਿਰਾਸਤ ਅਤੇ ਬੁੱਧ ਅਵਸ਼ੇਸ਼: ਦੱਖਣ, ਦੱਖਣ-ਪੂਰਬੀ ਅਤੇ ਪੂਰਬੀ ਏਸ਼ੀਆ ਦੇ ਦੇਸ਼ਾਂ ਨਾਲ ਭਾਰਤ ਦੇ ਸਦੀਆਂ ਪੁਰਾਣੇ ਸੱਭਿਆਚਾਰਕ ਸਬੰਧਾਂ ਲਈ ਇੱਕ ਲਚਕਦਾਰ ਬੁਨਿਆਦ ਦੇ ਚਾਰ ਵਿਸ਼ਿਆਂ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ।
******
ਐੱਨਬੀ/ਐੱਸਕੇ
(Release ID: 1918576)
Visitor Counter : 139