ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ ਨੇ ਰਾਜ ਭਵਨ ਸ਼ਿਮਲਾ ਵਿਖੇ ਨਾਗਰਿਕ ਸਵਾਗਤ ਸਮਾਰੋਹ ਵਿੱਚ ਸ਼ਿਰਕਤ ਕੀਤੀ
ਸਾਡੇ ਦੇਸ਼ ਦੇ ਸੁੰਦਰ ਅਤੇ ਸ਼ਾਨਦਾਰ ਸੈਰ-ਸਪਾਟਾ ਸਥਾਨਾਂ ਨੂੰ ਸਾਫ਼-ਸੁਥਰਾ, ਖੂਬਸੂਰਤ ਅਤੇ ਆਕਰਸ਼ਕ ਬਣਾਈ ਰੱਖਣ ਵਿੱਚ ਲੋਕਾਂ ਨੂੰ ਸਹਿਯੋਗ ਕਰਨਾ ਚਾਹੀਦਾ ਹੈ: ਰਾਸ਼ਟਰਪਤੀ ਮੁਰਮੂ
Posted On:
18 APR 2023 8:04PM by PIB Chandigarh
ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ ਸ਼ਾਮ (18 ਅਪ੍ਰੈਲ, 2023) ਰਾਜ ਭਵਨ, ਸ਼ਿਮਲਾ ਵਿਖੇ ਹਿਮਾਚਲ ਪ੍ਰਦੇਸ਼ ਸਰਕਾਰ ਵਲੋਂ ਉਨ੍ਹਾਂ ਦੇ ਸਨਮਾਨ ਵਿੱਚ ਆਯੋਜਿਤ ਨਾਗਰਿਕ ਸਵਾਗਤ ਸਮਾਰੋਹ ਵਿੱਚ ਸ਼ਿਰਕਤ ਕੀਤੀ।
ਇਸ ਮੌਕੇ ਬੋਲਦਿਆਂ ਰਾਸ਼ਟਰਪਤੀ ਨੇ ਭਾਰਤ ਦੇ ਰਾਸ਼ਟਰਪਤੀ ਵਜੋਂ ਰਾਜ ਦੀ ਆਪਣੀ ਪਹਿਲੀ ਫੇਰੀ ਦੌਰਾਨ ਨਿੱਘਾ ਸਵਾਗਤ ਕਰਨ ਲਈ ਹਿਮਾਚਲ ਪ੍ਰਦੇਸ਼ ਦੀ ਸਰਕਾਰ ਅਤੇ ਲੋਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਉਹ ਪਹਿਲਾਂ ਵੀ ਹਿਮਾਚਲ ਪ੍ਰਦੇਸ਼ ਦਾ ਦੌਰਾ ਕਰ ਚੁੱਕੇ ਹਨ। ਉਨ੍ਹਾਂ ਸੂਬੇ ਦੇ ਦੋਸਤਾਨਾ ਅਤੇ ਸਧਾਰਨ ਲੋਕਾਂ ਨੂੰ ਮਿਲਣ ਦੇ ਆਪਣੇ ਸੁਹਾਵਣੇ ਅਨੁਭਵ ਨੂੰ ਯਾਦ ਕੀਤਾ।
ਰਾਸ਼ਟਰਪਤੀ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਨੇ ਹਮੇਸ਼ਾ ਹੀ ਆਪਣੀ ਕੁਦਰਤੀ ਸੁੰਦਰਤਾ ਅਤੇ ਅਧਿਆਤਮਿਕ ਪਰੰਪਰਾਵਾਂ ਰਾਹੀਂ ਲੋਕਾਂ ਨੂੰ ਆਕਰਸ਼ਿਤ ਕੀਤਾ ਹੈ। ਬਰਫ਼ ਨਾਲ ਢੱਕੀਆਂ ਚੋਟੀਆਂ ਤੋਂ ਲੈ ਕੇ ਵਾਦੀਆਂ ਤੱਕ, ਫੁੱਲਾਂ ਨਾਲ ਭਰੇ ਬਗੀਚੇ, ਜੰਗਲੀ ਜੀਵ-ਜੰਤੂਆਂ ਨਾਲ ਭਰਪੂਰ ਜੰਗਲ ਅਤੇ ਤੀਰਥ ਸਥਾਨਾਂ ਤੱਕ, ਹਿਮਾਚਲ ਪ੍ਰਦੇਸ਼ ਵਿੱਚ ਕਈ ਥਾਵਾਂ ਹਨ, ਜੋ ਦੁਨੀਆ ਭਰ ਦੇ ਸੈਲਾਨੀਆਂ ਨੂੰ ਆਕਰਸ਼ਿਤ ਕਰਦੀਆਂ ਹਨ। ਉਨ੍ਹਾਂ ਨੇ ਸਾਰੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਾਡੇ ਦੇਸ਼ ਦੇ ਸੁੰਦਰ ਅਤੇ ਸ਼ਾਨਦਾਰ ਸੈਰ-ਸਪਾਟਾ ਸਥਾਨਾਂ ਨੂੰ ਸਾਫ਼-ਸੁਥਰਾ, ਖੂਬਸੂਰਤ ਅਤੇ ਆਕਰਸ਼ਕ ਬਣਾਈ ਰੱਖਣ ਅਤੇ ਈਕੋ-ਟੂਰਿਜ਼ਮ ਨੂੰ ਉਤਸ਼ਾਹਿਤ ਕਰਨ ਲਈ ਸਹਿਯੋਗ ਕਰਨ।
ਰਾਸ਼ਟਰਪਤੀ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਤਕਨੀਕੀ ਤਰੱਕੀ ਦੇ ਜ਼ਰੀਏ ਬਹੁਤ ਬਦਲ ਗਿਆ ਹੈ। ਇਸ ਨੇ ਆਪਣੀ ਵਿਕਾਸ ਯਾਤਰਾ ਵਿੱਚ ਹੁਣ ਤੱਕ ਕਈ ਮੀਲ ਪੱਥਰ ਸਥਾਪਿਤ ਕੀਤੇ ਹਨ। ਹਿਮਾਚਲ ਪ੍ਰਦੇਸ਼ ਦੇ ਸਮੂਹ ਨਿਵਾਸੀਆਂ ਲਈ ਇਹ ਮਾਣ ਵਾਲੀ ਗੱਲ ਹੈ ਕਿ ਸਿੱਖਿਆ, ਸਿਹਤ ਸੰਭਾਲ, ਸੜਕੀ ਢਾਂਚੇ ਅਤੇ ਉਦਯੋਗਿਕ ਵਿਕਾਸ ਵਰਗੇ ਖੇਤਰਾਂ ਵਿੱਚ ਉਨ੍ਹਾਂ ਦੇ ਰਾਜ ਦੀਆਂ ਪ੍ਰਾਪਤੀਆਂ ਨੂੰ ਰਾਸ਼ਟਰੀ ਪੱਧਰ 'ਤੇ ਪ੍ਰਸ਼ੰਸਾ ਮਿਲੀ। ਉਨ੍ਹਾਂ ਨੂੰ ਇਹ ਦੇਖ ਕੇ ਖੁਸ਼ੀ ਹੋਈ ਕਿ ਹਿਮਾਚਲ ਪ੍ਰਦੇਸ਼ ਨੇ ਕਈ ਖੇਤਰਾਂ ਵਿੱਚ ਦੂਜੇ ਰਾਜਾਂ ਨੂੰ ਰਾਹ ਦਿਖਾਇਆ ਹੈ। ਉਨ੍ਹਾਂ ਕਿਹਾ ਕਿ ਇਸ ਦਾ ਸਿਹਰਾ ਹਿਮਾਚਲ ਪ੍ਰਦੇਸ਼ ਦੇ ਮਿਹਨਤੀ ਅਤੇ ਇਮਾਨਦਾਰ ਲੋਕਾਂ ਦੇ ਦ੍ਰਿੜ ਇਰਾਦੇ, ਇੱਛਾ ਸ਼ਕਤੀ ਅਤੇ ਯਤਨਾਂ ਨੂੰ ਜਾਂਦਾ ਹੈ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਹਿਮਾਚਲ ਪ੍ਰਦੇਸ਼ ਦੇ ਲੋਕ ਆਪਣੀ ਸੰਸਕ੍ਰਿਤੀ ਅਤੇ ਕੁਦਰਤੀ ਵਿਰਾਸਤ ਨੂੰ ਸੰਭਾਲਦੇ ਹੋਏ ਵਿਕਾਸ ਦੇ ਰਾਹ 'ਤੇ ਅੱਗੇ ਵਧਦੇ ਰਹਿਣਗੇ।
ਰਾਸ਼ਟਰਪਤੀ ਦੇ ਭਾਸ਼ਣ ਨੂੰ ਦੇਖਣ ਲਈ ਇੱਥੇ ਕਲਿੱਕ ਕਰੋ
******
ਡੀਐੱਸ/ਐੱਸਐੱਚ
(Release ID: 1917836)
Visitor Counter : 111