ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰੀ ਡਾ. ਵਰਿੰਦਰ ਕੁਮਾਰ ਨੇ ਮੱਧ ਪ੍ਰਦੇਸ਼ ਵਿੱਚ ਦਿੱਵਿਯਾਂਗ ਵਿਅਕਤੀਆਂ ਦੇ ਹੁਨਰ ਵਿਕਾਸ, ਪੁਨਰਵਾਸ ਅਤੇ ਸਸ਼ਕਤੀਕਰਣ ਲਈ ਦੂਜੇ ਵਿਆਪਕ ਪੁਨਰਵਾਸ ਕੇਂਦਰ (ਸੀਆਰਸੀ) ਦੀਆਂ ਸੇਵਾਵਾਂ ਦਾ ਉਦਘਾਟਨ ਕੀਤਾ ਅਤੇ ਉਨ੍ਹਾਂ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ
Posted On:
08 APR 2023 11:30PM by PIB Chandigarh
ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰੀ, ਡਾ. ਵਰਿੰਦਰ ਕੁਮਾਰ ਨੇ ਸ਼ਾਮ 5 ਵਜੇ ਪੁਰਾਣੀ ਤਹਿਸੀਲ ਭਵਨ, ਮਹਾਲਾਂਗੇਟ, ਛਤਰਪੁਰ, ਮੱਧ ਪ੍ਰਦੇਸ਼ ਵਿਖੇ ਦਿੱਵਿਯਾਂਗ ਵਿਅਕਤੀਆਂ ਦੇ ਹੁਨਰ ਵਿਕਾਸ, ਪੁਨਰਵਾਸ ਅਤੇ ਸਸ਼ਕਤੀਕਰਣ ਲਈ ਕੰਪੋਜ਼ਿਟ ਰੀਜਨਲ ਸੈਂਟਰ (ਸੀ.ਆਰ.ਸੀ.) ਦੀਆਂ ਸੇਵਾਵਾਂ ਦਾ ਉਦਘਾਟਨ ਕੀਤਾ ਅਤੇ ਰਾਸ਼ਟਰ ਨੂੰ ਸਮਰਪਿਤ ਕੀਤਾ। ਉਦਘਾਟਨੀ ਪ੍ਰੋਗਰਾਮ ਵਿੱਚ ਕੇਂਦਰ ਅਤੇ ਰਾਜ ਸਰਕਾਰਾਂ ਦੇ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ। ਡਾ. ਵਰਿੰਦਰ ਕੁਮਾਰ ਨੇ ਵੱਖ-ਵੱਖ ਖੇਤਰਾਂ ਵਿੱਚ ਦਿੱਵਿਯਾਂਗ ਵਿਅਕਤੀਆਂ ਦੇ ਹੁਨਰ ਵਿਕਾਸ ਨੂੰ ਯਕੀਨੀ ਬਣਾਉਂਦੇ ਹੋਏ ਨਿਰੰਤਰ ਅਤੇ ਯੋਜਨਾਬੱਧ ਸੇਵਾਵਾਂ ਪ੍ਰਦਾਨ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਇਮਾਰਤਾਂ ਅਤੇ ਜਨਤਕ ਥਾਵਾਂ 'ਤੇ ਦਿੱਵਿਯਾਂਗ ਵਿਅਕਤੀਆਂ ਲਈ ਪਹੁੰਚਯੋਗ ਮਾਹੌਲ ਬਣਾਉਣ ਲਈ ਮੰਤਰਾਲੇ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਇਹ ਸੀਆਰਸੀ ਨਵੀਨਤਾ ਅਤੇ ਸਿੱਖਿਆ ਦਾ ਕੇਂਦਰ ਬਣ ਜਾਵੇਗਾ ਅਤੇ ਦਿਵਯਾਂਗਾ ਲਈ ਬਿਹਤਰ ਅਤੇ ਮਿਆਰੀ ਜੀਵਨ ਸੰਭਵ ਬਣਾਉਣ ਲਈ ਮਨੁੱਖੀ ਸ਼ਕਤੀ ਅਤੇ ਖੋਜ ਦੀਆਂ ਜ਼ਰੂਰਤਾਂ ਨੂੰ ਪੂਰਾ ਕਰੇਗਾ ਤਾਂ ਜੋ ਦਿੱਵਿਯਾਂਗ ਵਿਅਕਤੀ ਸਮਾਜ ਦੇ ਵਿਕਾਸ ਵਿੱਚ ਯੋਗਦਾਨ ਪਾ ਸਕਣ।
ਦਿੱਵਿਯਾਂਗ ਵਿਅਕਤੀਆਂ ਦੇ ਮੁੜ ਵਸੇਬੇ ਨਾਲ ਸਬੰਧਿਤ ਵੱਖ-ਵੱਖ ਖੇਤਰਾਂ ਦੇ ਮਾਹਿਰਾਂ ਨੂੰ ਇੱਕ ਛੱਤ ਹੇਠ ਇਕੱਠਾ ਕਰਕੇ ਅਤੇ ਸਹਾਇਕ ਸੇਵਾਵਾਂ ਦੀ ਤੁਰੰਤ ਸਪਲਾਈ ਨੂੰ ਯਕੀਨੀ ਬਣਾ ਕੇ, ਛਤਰਪੁਰ ਅਤੇ ਇਸ ਦੇ ਆਸ-ਪਾਸ ਦੇ ਖੇਤਰਾਂ ਵਿੱਚ ਅੱਜ ਸਮਾਜ ਵਿੱਚ ਬਹੁ-ਦਿੱਵਿਯਾਂਗਤਾ ਵਾਲੇ ਵਿਅਕਤੀਆਂ ਨੂੰ ਦਰਪੇਸ਼ ਆ ਰਹੀਆਂ ਔਖੀਆਂ ਚੁਣੌਤੀਆਂ ਨਾਲ ਨਜਿੱਠਣ ਦੀ ਇੱਕ ਯੋਜਨਾ ਹੈ। ਇਸ ਪ੍ਰੋਗਰਾਮ ਵਿੱਚ ਮੱਧ ਪ੍ਰਦੇਸ਼ ਸਰਕਾਰ ਦੇ ਵਿਗਿਆਨ ਅਤੇ ਟੈਕਨੋਲੋਜੀ, ਦਰਮਿਆਨੇ ਲਘੂ ਉਦਯੋਗ ਮੰਤਰੀ ਅਤੇ ਛਤਰਪੁਰ ਜ਼ਿਲ੍ਹੇ ਦੇ ਇੰਚਾਰਜ ਮੰਤਰੀ ਸ਼੍ਰੀ ਓਮ ਪ੍ਰਕਾਸ਼ ਸਖਲੇਚਾ ਨੇ ਵੀ ਸ਼ਿਰਕਤ ਕੀਤੀ। ਸਮਾਗਮ ਵਿੱਚ ਬੋਲਦਿਆਂ ਸ਼੍ਰੀ ਓਮ ਪ੍ਰਕਾਸ਼ ਸਖਲੇਚਾ ਨੇ ਕਿਹਾ ਕਿ “ਆਤਮਨਿਰਭਰ ਭਾਰਤ” ਵਿੱਚ ਦਿੱਵਿਯਾਂਗਜਨਾਂ ਦੀ ਸ਼ਮੂਲੀਅਤ ਨਾਲ ਸਬੰਧਤ ਮੰਗਾਂ ਨੂੰ ਪੂਰਾ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਨੇ ਮੱਧ ਪ੍ਰਦੇਸ਼ ਵਿੱਚ ਸੀਆਰਸੀ-ਛਤਰਪੁਰ ਸ਼ੁਰੂ ਕਰਨ ਦੇ ਯਤਨਾਂ ਲਈ ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤਰੀਕਰਣ ਮੰਤਰੀ ਡਾ. ਵਰਿੰਦਰ ਕੁਮਾਰ ਦਾ ਧੰਨਵਾਦ ਕੀਤਾ। ਇਸ ਮੌਕੇ ਵਿਸ਼ੇਸ਼ ਮਹਿਮਾਨ ਸ਼੍ਰੀ ਪ੍ਰਦਿਊਮਨ ਸਿੰਘ ਐਮ.ਐਲ.ਏ. ਬੜਾਮਲਹੇੜਾ, ਸਿਵਲ ਸਪਲਾਈ ਕਾਰਪੋਰੇਸ਼ਨ ਸ਼੍ਰੀ ਰਾਜੇਸ਼ ਪ੍ਰਜਾਪਤੀ, ਵਿਧਾਇਕ ਚੰਦਲਾ, ਸ੍ਰੀ ਰਾਜੇਸ਼ ਸ਼ੁਕਲਾ, ਵਿਧਾਇਕ ਭਿਜਵਾੜ ਵੀ ਹਾਜ਼ਰ ਸਨ।
ਇਸ ਸਮਾਗਮ ਵਿੱਚ ਬੋਲਦਿਆਂ, ਸ਼੍ਰੀ ਰਾਜੇਸ਼ ਅਗਰਵਾਲ, ਆਈਏਐਸ, ਸਕੱਤਰ, ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲੇ, ਭਾਰਤ ਸਰਕਾਰ ਨੇ ਕਿਹਾ ਕਿ ਇਸ ਸੀਆਰਸੀ ਸੰਸਥਾ ਦੇ ਉਦਘਾਟਨ ਦੇ ਨਾਲ, ਅਸੀਂ ਦਿੱਵਿਯਾਂਗ ਵਿਅਕਤੀਆਂ ਦੇ ਯੋਜਨਾਬੱਧ ਪੁਨਰਵਾਸ ਲਈ ਵਚਨਬੱਧ ਹਾਂ। ਅਸੀਂ ਛਤਰਪੁਰ ਜ਼ਿਲੇ ਵਿਚ ਮੱਧ ਪ੍ਰਦੇਸ਼ ਸਰਕਾਰ ਦੁਆਰਾ ਪ੍ਰਦਾਨ ਕੀਤੀ ਗਈ ਦੋ ਹੈਕਟੇਅਰ ਜ਼ਮੀਨ 'ਤੇ ਜਲਦੀ ਹੀ ਸੀਆਰਸੀ-ਛਤਰਪੁਰ ਇਮਾਰਤ ਦਾ ਨਿਰਮਾਣ ਸ਼ੁਰੂ ਕਰਾਂਗੇ। ਅਸੀਂ ਦਿੱਵਿਯਾਂਗ ਵਿਅਕਤੀਆਂ ਵਿੱਚ ਗੁਣਵੱਤਾ ਨਿਦਾਨ, ਸੇਵਾਵਾਂ ਅਤੇ ਹੁਨਰ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹਾਂ। ਉਨ੍ਹਾਂ ਕਿਹਾ ਕਿ ਇਹ ਨਵਾਂ ਸੀਆਰਸੀ ਦਿੱਵਿਯਾਂਗਜਨਾਂ ਨੂੰ ਜ਼ਰੂਰੀ ਸੇਵਾਵਾਂ ਪ੍ਰਦਾਨ ਕਰੇਗਾ ਅਤੇ ਮੱਧ ਪ੍ਰਦੇਸ਼ ਰਾਜ ਵਿੱਚ ਮਨੁੱਖੀ ਸਰੋਤ ਵਿਕਸਿਤ ਕਰਨ ਵਿੱਚ ਮਦਦ ਕਰੇਗਾ। ਇਹ ਸੀਆਰਸੀ ਦਿੱਵਿਯਾਂਗ ਵਿਅਕਤੀਆਂ ਲਈ ਹੁਨਰ ਵਿਕਾਸ ਟ੍ਰੇਨਿੰਗ ਦੇ ਆਯੋਜਨ ਤੋਂ ਇਲਾਵਾ ਦਿੱਵਿਯਾਂਗਤਾਂ ਦੀਆਂ 21 ਸ਼੍ਰੇਣੀਆਂ ਲਈ ਪੁਨਰਵਾਸ ਸੇਵਾਵਾਂ ਪ੍ਰਦਾਨ ਕਰੇਗਾ ਅਤੇ ਸਮਾਜ ਵਿੱਚ ਉਨ੍ਹਾਂ ਦਾ ਸੁਤੰਤਰ ਜੀਵਨ ਸੰਭਵ ਬਣਾਏਗਾ।
ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲੇ ਦੇ ਦਿੱਵਿਯਾਂਗਜਨ ਸਸ਼ਕਤੀਕਰਨ ਵਿਭਾਗ ਦੇ ਤਹਿਤ ਮੁੰਬਈ ਸਥਿਤ ਅਲੀ ਯਾਵਰ ਜੰਗ ਨੈਸ਼ਨਲ ਇੰਸਟੀਟਿਊਟ ਆਵ੍ ਸਪੀਚ ਐਂਡ ਹੀਅਰਿੰਗ ਡਿਸਏਬਿਲਿਟੀਜ਼ (ਦਿੱਵਿਯਾਂਗਜਨ), AYJNISHD (D), ਦੇ ਨਿਰਦੇਸ਼ਕ ਡਾ. ਰਾਜੂ ਅਰਖ ਨੇ ਉਦਘਾਟਨ ਸਮਾਰੋਹ ਵਿੱਚ ਹਾਜ਼ਰ ਸਾਰੇ ਪਤਵੰਤਿਆਂ ਅਤੇ ਅਧਿਕਾਰੀਆਂ ਦਾ ਸੁਆਗਤ ਕੀਤਾ। ਇੱਥੇ ਇਸ ਤੱਥ ਨੂੰ ਧਿਆਨ ਵਿੱਚ ਰੱਖਿਆ ਜਾ ਸਕਦਾ ਹੈ ਕਿ ਭੋਪਾਲ, ਅਹਿਮਦਾਬਾਦ ਅਤੇ ਨਾਗਪੁਰ ਸਥਿਤ ਸੀਆਰਸੀ ਤੋਂ ਇਲਾਵਾ ਸੀਆਰਸੀ-ਛਤਰਪੁਰ ਦਾ ਪ੍ਰਸ਼ਾਸਕੀ ਨਿਯੰਤਰਣ ਵੀ ਏਵਾਈਜੇਐੱਨਆਈਐੱਸਐੱਚਡੀ (AYJNISHD) ਕੋਲ ਹੈ।
ਇਹ ਨਵਾਂ ਸੀਆਰਸੀ ਦਿੱਵਿਯਾਂਗਜਨਾਂ ਦੇ ਲਈ ਹੁਨਰ ਵਿਕਾਸ ਟ੍ਰੇਨਿੰਗ ਦਾ ਆਯੋਜਨ ਕਰਨ ਤੋਂ ਇਲਾਵਾ ਦਿੱਵਿਯਾਂਗਤਾ ਦੀਆਂ 21 ਸ਼੍ਰੇਣੀਆਂ ਦੇ ਲਈ ਪੁਨਰਵਾਸ ਸੇਵਾਵਾਂ ਪ੍ਰਦਾਨ ਕਰੇਗਾ। ਦਿੱਵਿਯਾਂਗਜਨਾਂ ਲਈ ਸਹਾਇਤਾ ਅਤੇ ਉਪਕਰਨਾਂ ਅਤੇ ਯੂਨੀਵਰਸਲ ਆਈਡੈਂਟਿਟੀ (ਯੂਡੀਆਈਡੀ) ਕਾਰਡਾਂ ਦੀ ਵੰਡ ਲਈ ਕੈਂਪ ਆਯੋਜਿਤ ਕਰਨ ਦੇ ਯਤਨ ਕੀਤੇ ਜਾਣਗੇ। ਇਹ ਕਾਰਡ ਪੂਰੇ ਦੇਸ਼ ਵਿੱਚ ਵੈਧ ਹੋਵੇਗਾ। ਅਸੈਸਿਬਲ ਇੰਡੀਆ ਕੰਪੇਨ ਦੀ ਦਿਸ਼ਾ ਵਿੱਚ ਇੱਕ ਨਵੀਂ ਪਹਿਲ ਕੀਤੀ ਜਾਵੇਗੀ। ਦਿੱਵਿਯਾਂਗਜਨਾਂ ਨੂੰ ਵਿਸ਼ਵਵਿਆਪੀ ਪਹੁੰਚ ਪ੍ਰਦਾਨ ਕਰਨ ਲਈ ਇਹ ਮੁਹਿੰਮ ਦੇਸ਼ ਭਰ ਵਿੱਚ ਚਲ ਰਹੀ ਹੈ। ਸੀਆਰਸੀ-ਛਤਰਪੁਰ ਦਿੱਵਿਯਾਂਗ ਵਿਦਿਆਰਥੀਆਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਆਪਣੀ ਸਿੱਖਿਆ ਜਾਰੀ ਰੱਖਣ ਲਈ ਵਿੱਤੀ ਸਹਾਇਤਾ ਅਤੇ ਵਜ਼ੀਫ਼ਾ ਵੀ ਪ੍ਰਦਾਨ ਕਰੇਗਾ।
*****
ਐੱਮਜੀ/ਆਰਐੱਨਐੱਮ/ਆਰਕੇ
(Release ID: 1915327)
Visitor Counter : 92